ਨਾਨਕ ਦਾ ਧਰਮ
8/6/2019 9:28:18 AM

ਨਾਨਕ ਦਾ ਧਰਮ
ਨਾਨਕ, ਬਾਬਾ ਨਾਨਕ ਅਤੇ ਗੁਰੂ ਨਾਨਕ ਦੇਵ ਜੀ ਇਕੋ ਹੀ ਹਨ।ਇਨ੍ਹਾਂ ਤਿੰਨਾਂ ਦੇ ਇਕ ਹੋਣ ਦਾ ਕਾਰਣ ਉਨ੍ਹਾਂ ਦੀ ਬਾਣੀ ਹੈ। ਨਾਨਕ-ਬਾਣੀ ਸਾਰਿਆਂ ਵਾਸਤੇ ਸੀ ਅਤੇ ਏਸੇ ਕਰਕੇ ਹੀ ਉਹ ਗੁਰੂ ਦੇ ਨਾਲ ਨਾਲ "ਜਗਤ ਗੁਰ ਬਾਬਾ" ਹੋ ਗਏ ਸਨ।ਸਿੱਖ-ਧਰਮ ਦੇ ਮੋਢੀ ਹੋਣ ਦੇ ਬਾਵਜੂਦ ਉਹ ਸਾਰਿਆਂ ਧਰਮਾਂ ਨੂੰ ਨਾਲ ਲੈਕੇ ਤੁਰਨ ਦੀ ਕੋਸ਼ਿਸ਼ ਕਰਦੇ ਰਹੇ ਸਨ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਦੀ ਬਾਣੀ ਸ਼ਾਮਲ ਹੈ।ਪਰ ਇਸ ਨਾਲੋਂ ਵੱਧ ਗਿਣਤੀ ਵਿਚ ਉਨ੍ਹਾਂ ਸੰਤਾਂ ਭਗਤਾਂ ਦੀ ਬਾਣੀ ਸ਼ਾਮਲ ਹੈ, ਜਿਹੜੇ ਸਿੱਖ-ਧਰਮ ਦੇ ਸਿੱਧੇ ਤੌਰ ਤੇ ਮੁਦਈ ਨਹੀਂ ਸਨ।ਪਰ ਉਹ ਸਾਰੇ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੋ ਗਏ ਹਨ, ਉਸੇ ਤਰ੍ਹਾਂ ਸ਼ਬਦ-ਗੁਰੂ ਦੀ ਧੁਰੋਹਰ ਜਾਗਤ ਜੋਤਿ ਅਤੇ ਜ਼ਾਹਰਾ ਜ਼ਹੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰ ਵਿਚ ਸਾਰੇ ਬਾਣੀਕਾਰ ਸ਼ਾਮਲ ਹੋ ਗਏ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੋ ਜਾਣ ਤੋਂ ਪਹਿਲਾਂ ਸਾਰੇ ਬਾਣੀਕਾਰ ਆਪਣੇ ਆਪਣੇ ਪੈਰੋਕਾਰਾਂ ਦੇ ਧਾਰਮਿਕ ਨੇਤਾ ਸਨ।ਅੱਜ ਦੁਨੀਆਂ ਨੇ ਇਹ ਪਰਵਾਨ ਕਰ ਲਿਆ ਹੈ ਕਿ ਬੰਦੇ ਨੂੰ ਅਮਨ ਦੇ ਰਾਹ ਤੇ ਤੋਰਨ ਲਈ ਪ੍ਰਾਪਤ ਧਰਮਾਂ ਵਿਚਕਾਰ ਅਮਨ ਸਥਾਪਤ ਕਰਣਾ ਜ਼ਰੂਰੀ ਹੈ।ਏਸੇ ਦਿਸ਼ਾ ਵਿਚ ਗੁਰੂ ਨਾਨਕ ਦੇਵ ਜੀ ਨੇ ਨ ਕੇਵਲ ਚੇਤਨਾ ਮੁਹਿੰਮ ਚਲਾਈ ਸੀ, ਸਗੋਂ ਹਰ ਰੰਗ ਦੇ ਧਰਮੀਆਂ ਤੱਕ ਇਸ ਕਰਕੇ ਚੱਲਕੇ ਗਏ ਸਨ, ਤਾਂ ਕਿ ਧਰਮਾਂ ਵਿਚਕਾਰ ਘਟੋ ਘਟ ਸਹਿਮਤੀ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ।ਉਹ ਹਿੰਦੂ ਨੂੰ ਸੱਚਾ ਹਿੰਦੂ ਅਤੇ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਨਣ ਦਾ ਸੰਦੇਸ਼ ਲੈਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਾਰਮਿਕ ਕੇਂਦਰਾਂ ਤੇ ਜਾਂਦੇ ਰਹੇ ਸਨ। ਬਾਬਾ ਨਾਨਕ, ਧਰਮ ਦੇ ਨਾਮ ਤੇ ਕਿਸੇ ਕਿਸਮ ਦੀ ਦੁਕਾਨਦਾਰੀ ਚਲਾਏ ਜਾਣ ਦੇ ਵਿਰੁਧ ਸਨ।ਉਹ ਨਹੀਂ ਚਾਹੁੰਦੇ ਸਨ ਕਿ ਬੰਦੇ ਨੂੰ ਬੰਦੇ ਦੀ ਕਿਸੇ ਕਿਸਮ ਦੀ ਮੁਥਾਜੀ ਦਾ ਸ਼ਿਕਾਰ ਹੋਣਾ ਪਵੇ।ਬੰਦਾ ਜਦੋਂ ਜਗਿਆਸਾ ਦੇ ਰੋਹੜ ਵਿਚ ਸੌਖੀਆਂ ਪ੍ਰਾਪਤੀਆਂ ਦੇ ਲਾਲਚ ਵਿਚ ਫਸਦਾ ਹੈ ਤਾਂ ਉਹ ਬਿਨਾ ਜਾਣੇ ਆਪਣੇ ਖਿਲਾਫ ਆਪ ਹੀ ਭੁਗਤਣਾ ਸ਼ੁਰੂ ਕਰ ਦਿੰਦਾ ਹੈ।ਏਸੇ ਵਿਚੋਂ ਧਾਰਮਿਕ ਡੇਰੇਦਾਰੀਆਂ ਪੈਦਾ ਹੁੰਦੀਆਂ ਰਹੀਆਂ ਹਨ।ਇਹੀ ਅੱਜ ਕਲ ਸਿਆਸੀ ਡੇਰੇਦਾਰੀਆਂ ਹੋ ਗਈਆਂ ਹਨ।ਧਰਮ ਦੇ ਨਾਮ ਤੇ ਵੰਡੀਆਂ ਕਿਸੇ ਵੀ ਕਿਸਮ ਦੀ ਡੇਰੇਦਾਰੀ ਦੀ ਲੋੜ ਹੁੰਦੀਆਂ ਹਨ।ਸਿੱਖਿਆ ਦੀ ਥਾਂ, ਕਿਸੇ ਵਿਅਕਤੀ ਵਿਸ਼ੇਸ਼ ਦੇ ਚਰਨਾਂ ਨਾਲ ਜੁੜਣ ਦਾ ਸੁਭਾ ਇਥੋਂ ਹੀ ਸ਼ੁਰੂ ਹੁੰਦਾ ਹੈ।ਇਹਦੇ ਨਾਲ ਧਰਮ ਵਿਚ ਪੱਕਾ ਹੋਣ ਦਾ ਬਦਲ, ਧਾਰਮਿਕ ਕੱਟੜਤਾ ਹੋ ਜਾਂਦੀ ਹੈ।ਏਸੇ ਵਿਚੋਂ ਨਿਕਲਕੇ ਜਿਊਣ ਦਾ ਰਾਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ।ਇਸ ਦੀ ਪਾਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਨ ਹੋਣ ਕਰਕੇ ਸਿੱਖ-ਧਰਮ ਵੀ ਆਮ ਧਰਮਾਂ ਵਰਗਾ ਇਕ ਧਰਮ ਹੁੰਦਾ ਜਾ ਰਿਹਾ ਹੈ।੫੫੦ਵੀਂ ਸ਼ਤਾਬਦੀ ਨੂੰ ਜੇ "ਚੜ੍ਹਿਆ ਸੋਧਨ ਧਰਤ ਲੋਕਾਈ" ਵਾਲੀ ਭਾਵਨਾ ਨਾਲ ਜੋੜਣਾ ਹੈ ਤਾਂ ਬਾਬਾ ਨਾਨਕ ਦੀ ਵਿਰਾਸਤ ਨੂੰ ਮਾਲਕਾਂ ਵਾਂਗ ਨਹੀਂ, ਵਾਰਸਾਂ ਵਾਂਗ ਲੈਕੇ ਤੁਰਨਾ ਪਵੇਗਾ।
ਬਹੁਤ ਸਾਰੀਆਂ ਸਿਧਾਂਤਕੀਆਂ ਸਾਹਮਣੇ ਆ ਜਾਣ ਦੇ ਬਾਵਜੂਦ ਆਮ ਬੰਦੇ ਨੂੰ ਜਿਸ ਤਰ੍ਹਾਂ ਧਰਮ ਦੀ ਲੋੜ ਮਹਿਸੂਸ ਹੋ ਰਹੀ ਹੈ, ਉਸ ਨੂੰ ਧਿਆਨ ਵਿਚ ਰੱਖੀਏ ਤਾਂ ਬਾਬਾ ਨਾਨਕ ਦੀ ਬਾਣੀ ਵਿਚ ਪ੍ਰਾਪਤ ਸਦਾ ਸੱਚੀਆਂ ਅਤੇ ਸਭ ਨੂੰ ਲੋੜੀਂਦੀਆਂ ਸਿੱਖਿਆਵਾਂ ਵੱਖ ਵੱਖ ਰੰਗ ਦੇ ਧਰਮੀਆਂ ਵਿਚਕਾਰ ਸਿਰ ਜੋੜਣ ਦੀ ਓਸੇ ਤਰ੍ਹਾਂ ਭੂਮਿਕਾ ਨਿਭਾ ਸਕਦੀਆਂ ਹਨ, ਜਿਵੇਂ ਉਨ੍ਹਾਂ ਨੇ ਆਪਣੇ ਸਮਕਾਲ ਵਿਚ ਧਰਮੀਆਂ ਨਾਲ ਸੰਬਾਦ ਰਚਾਕੇ ਖੁਦ ਭੂਮਿਕਾ ਨਿਭਾਈ ਸੀ।ਸਿੱਖ-ਧਰਮ ਦੀ ਨੀਂਹ ਉਨ੍ਹਾਂ ਨੇ ਇਸ ਸਿਧਾਂਤ ਤੇ ਰੱਖੀ ਸੀ ਕਿ ਮਾਰਗ ਅਤੇ ਮੰਜ਼ਲ ਵਿਚ ਇਹ ਫਰਕ ਹੈ ਕਿ ਮਾਰਗ ਅਨੇਕ ਹੋ ਸਕਦੇ ਹਨ ਅਤੇ ਮਾਰਗ ਜੇ ਕੁਦਰਤੀ ਵਹਿਣ ਵਾਂਗ ਹੋਣ ਤਾਂ ਉਨ੍ਹਾਂ ਦੀ ਮੰਜ਼ਲ ਉਸੇ ਤਰ੍ਹਾਂ ਇਕ ਹੋ ਸਕਦੀ ਹੈ, ਜਿਵੇਂ ਨਦੀਆਂ ਅਤੇ ਦਰਿਆਵਾਂ ਦੀ ਮੰਜ਼ਲ ਇਕ ਹੁੰਦੀ ਹੈ।ਧਰਮਾਂ ਨੂੰ ਆਪਣੇ ਆਪਣੇ ਰਾਹ ਤੁਰਦਿਆਂ ਕਿਸ ਸਾਂਝੀ ਮੰਜ਼ਲ ਵੱਲ ਸੇਧਤ ਰਹਿਣਾ ਚਾਹੀਦਾ ਹੈ, ਇਸ ਦੀ ਸਿਧਾਂਤਕ ਧਰਾਤਲ ਗੁਰੂ ਜੀ ਇਸ ਤਰ੍ਹਾਂ ਸਾਹਮਣੇ ਲਿਆਉਂਦੇ ਹਨ:
ਛਿਅ ਘਰ ਛਿਅ ਗੁਰ ਛਿਅ ਉਪਦੇਸ॥ਗੁਰੁ ਗੁਰੁ ਏਕੋ ਵੇਸ ਅਨੇਕ॥੧॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ਸੋ ਘਰੁ ਰਾਖੁ ਵਡਾਈ ਤੋਇ॥ਰਹਾਉ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥
ਸੂਰਜੁ ਏਕੋ ਰੁਤਿ ਅਨੇਕ॥ਨਾਨਕ ਕਰਤੇ ਕੇਤੇ ਵੇਸ॥੨॥
ਧਰਮ, ਜਿਵੇਂ ਆਸਥਾ ਦੀ ਧੁਰੋਹਰ ਹੈ, ਉਵੇਂ ਹੀ ਧਰਮ ਦੀ ਧੁਰੋਹਰ ਅਧਿਆਤਮਿਕਤਾ ਹੈ।ਏਥੇ ਅਧਿਆਤਮਿਕਤਾ ਦਾ ਬਿੰਬ ਸੂਰਜ ਹੈ ਅਤੇ ਧਰਮਾਂ ਦਾ ਬਿੰਬ ਰੁੱਤਾਂ ਹਨ।ਕੁਦਰਤ ਨੂੰ ਵੀ ਮੁਕਤ-ਵਿਚਰਨ ਦੇ ਬਿੰਬ ਵਜੋਂ ਲਿਆ ਜਾ ਸਕਦਾ ਹੈ।ਇਸ ਨੂੰ "ਜਿਨੀ ਆਤਮੁ ਚੀਨਿਆ ਪਰਮਾਤਮ ਸੋਈ" ਦੁਆਰਾ ਵੀ ਸਮਝਿਆ ਜਾ ਸਕਦਾ ਹੈ।
ਬਾਬਾ ਨਾਨਕ ਦਾ ਸਮਕਾਲ ਸਾਡੇ ਸਮਕਾਲ ਨਾਲੋਂ ਬਹੁਤ ਵੱਖਰਾ ਸੀ ਕਿਉਂਕਿ ਉਸ ਵੇਲੇ ਸੂਚਨਾ ਦਾ ਇਹੋ ਜਿਹਾ ਹੜ੍ਹ ਨਹੀਂ ਆਇਆ ਹੋਇਆ ਸੀ, ਜਿਹੋ ਜਿਹਾ ਇਸ ਵੇਲੇ ਬਿਜਲਈ ਮੀਡੀਆ ਨੇ ਲੈ ਆਂਦਾ ਹੈ।ਉਸ ਸਮੇਂ ਤਾਂ ਸਭ ਕੁਝ ਇਕ ਦੂਜੇ ਨਾਲ ਜੁੜਿਆ ਹੋਇਆ ਵੀ ਸੀ ਅਤੇ ਇਕ ਦੂਜੇ ਦੀ ਨਿਰੰਤਰਤਾ ਵਿਚ ਵੀ ਚੱਲ ਰਿਹਾ ਸੀ।ਇਸ ਦੇ ਬਾਵਜੂਦ ਬਾਬਾ ਨਾਨਕ ਦੀਆਂ ਸਿੱਖਿਆਵਾਂ ਜਿਵੇ ਉਨ੍ਹਾਂ ਦੇ ਸਮਕਾਲ ਨੂੰ ਸੇਧ ਦਿੰਦੀਆਂ ਸਨ, ਉਸੇ ਤਰ੍ਹਾਂ ਹਰ ਸਮਕਾਲ ਨੂੰ ਸੇਧ ਦੇਣ ਦੀ ਸਮਰਥਾ ਰੱਖਦੀਆਂ ਹਨ। ਸਿੱਖਆ ਨੂੰ ਸਮਕਾਲ ਦੀਆਂ ਲੋੜਾਂ ਮੁਤਾਬਿਕ ਢਾਲਕੇ ਸਾਹਮਣੇ ਲਿਆਉਣ ਦੀ ਸਮਰਥਾ ਬੇਸ਼ਕ ਸਾਰਿਆਂ ਕੋਲ ਨਹੀਂ ਹੁੰਦੀ।ਇਸ ਦਾ ਹੱਲ ਬਾਣੀ ਨਾਲ ਸਿੱਧਿਆਂ ਜੁੜਕੇ ਲੱਭਿਆ ਜਾ ਸਕਦਾ ਹੈ।ਇਹ ਨਹੀ ਭੁਲਣਾ ਚਾਹੀਦਾ ਕਿ ਲਹੂ ਵਿਚ ਪਈਆਂ ਹੋਈਆਂ ਗੱਲਾਂ ਨੂੰ ਚੇਤਨਾ ਦੁਆਰਾ ਮਾਨਸਿਕਤਾ ਵਿਚ ਢਾਲ ਸਕਣ ਦੀ ਸਮਰਥਾ ਕੇਵਲ ਇਨਸਾਨੀ ਵਜੂਦ ਵਿਚ ਹੀ ਹੈ।ਅਜਿਹਾ ਜੇ ਕੁਦਰਤੀ ਪਰਵਾਹ ਵਾਂਗ ਨਹੀਂ ਵਾਪਰਦਾ ਤਾਂ ਜਿਹੋ ਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਉਨ੍ਹਾਂ ਨੂੰ ਹੀ ਦੀਰਘ ਰੋਗ ਕਿਹਾ ਹੋਇਆ ਹੈ। ਆਸਥਾ ਜੇ ਉਲਾਰ ਹੋ ਜਾਏ ਤਾਂ ਮੁਹੱਬਤ ਵੀ ਹਉਮੈ ਦੇ ਰੰਗ ਵਿਚ ਰੰਗੀਚਣੀ ਸ਼ੁਰੂ ਹੋ ਜਾਂਦੀ ਹੈ।ਇਸ ਹਾਲਤ ਵਿਚ ਸੋਚਣ, ਸਮਝਣ, ਸੁਨਣ ਅਤੇ ਮੰਨਣ ਦਾ ਸਲੀਕਾ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ।ਸੋਚ ਦੇ ਬੌਣੇਪਨ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਵਰਤਾਰਾ ਧਰਮ ਨੂੰ ਪਹਿਲਾਂ ਅਧਿਆਤਮਿਕਤਾ ਨਾਲੋਂ ਤੋੜਦਾ ਹੈ ਅਤੇ ਫਿਰ ਹੌਲੀ ਹੌਲੀ ਧਰਮ ਦੀ ਸਿਆਸਤ ਨਾਲ ਸੰਤੁਸ਼ਟ ਹੋ ਜਾਂਦਾ ਹੈ। ਇਸ ਹਾਲਤ ਵਿਚ ਧਰਮ ਨੂੰ ਬਾਣੀ ਦੁਆਰਾ ਸਮਝਣ ਦੀ ਥਾਂ, ਧਰਮੀ ਦੁਆਰਾ ਸਮਝਣ ਦਾ ਬੋਲਬਾਲਾ ਹੋ ਜਾਂਦਾ ਹੈ।ਧਰਮੀ ਦੀ ਅਸਫਲਤਾ ਨੂੰ ਧਰਮ ਦੀ ਅਸਫਲਤਾ ਸਮਝਣ ਨੂੰ ਧਰਮ ਦੀ ਸਿਆਸਤ ਕਹਿ ਰਿਹਾ ਹਾਂ।ਇਸ ਹਾਲਤ ਵਿਚ ਗੁਰਪੁਰਬ, ਇਕ ਪਾਸੇ ਜਨਮ ਦਿਨ ਵਾਂਗ ਮਨਾਏ ਜਾਣ ਲੱਗ ਪੈਂਦੇ ਹਨ ਅਤੇ ਦੂਜੇ ਪਾਸੇ ਮੇਲਿਆਂ ਵਾਂਗ ਮਨਾਏ ਜਾਣ ਲੱਗ ਪੈਂਦੇ ਹਨ।ਇਸ ਨਾਲ ਅਨਰੰਗੇ ਮਨਾ ਵਾਲਿਆਂ ਦੀ ਭੀੜ ਜਿਹੋ ਜਿਹੇ ਧਰਮ ਦਾ ਪ੍ਰਗਟਾਵਾ ਕਰਦੀ ਹੈ, ਉਸੇ ਤੋਂ ਮੁਕਤੀ ਦਿਵਾਉਣ ਦੀ ਤਕਨਾਲੋਜੀ ਦੀਆਂ ਮੁਦਈ ਹਨ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ।ਨਹੀਂ ਸਮਝਾਂਗੇ ਤਾਂ ਪਿੱਛਲਪੈਰੀਂ ਤੁਰਨ ਨਾਲ ਸੰਤੁਸ਼ਟ ਹੋਣ ਦਾ ਭਰਮ ਪਾਲ ਰਹੇ ਹੋਵਾਂਗੇ।
ਬਲਕਾਰ ਸਿੰਘ
੯੩੧੬੩-੦੧੩੨੮