ਅਦਭੁੱਤ ਕਲਾਕਾਰੀ ਦੀ ਮਿਸਾਲ ਤੇ ਭਵਨ ਨਿਰਮਾਣ ਕਲਾ ਦਾ ਸ਼ਾਨਦਾਰ ਨਮੂਨਾ ‘ਮੁਰਦੇਸ਼ਵਰ ਮੰਦਿਰ’

8/2/2022 6:16:42 PM

ਨਵੀਂ ਦਿੱਲੀ - ਸ਼ਿਵ ਸ਼ੰਕਰ ਦਾ ਇਹ ਬਹੁਤ ਹੀ ਸੁੰਦਰ ਮੰਦਿਰ ਕਰਨਾਟਕ ਦੇ ਉੱਤਰ ਕੰਨੜ ਜ਼ਿਲੇ੍ਹ ਵਿਚ ਮੁਰਦੇਸ਼ਵਰ ਸ਼ਹਿਰ ਵਿਚ ਹੈ। ਅਦਭੁੱਤ ਕਲਾਕਾਰੀ ਦੀ ਮਿਸਾਲ ਹੋਣ ਤੋਂ ਇਲਾਵਾ ਇਸ ਮੰਦਿਰ ਦੀ ਸਭ ਤੋਂ ਵੱਡੀ ਖਾਸੀਅਤ ਇਥੇ ਸਥਾਪਿਤ ਸ਼ਿਵ ਭਗਵਾਨ ਦੀ ਬਹੁਤ ਹੀ ਵਿਸ਼ਾਲ ਮੂਰਤੀ ਹੈ, ਜਿਸ ਦੀ ਉੱਚਾਈ 112 ਫੁੱਟ ਹੈ ਤੇ ਇਹ ਨੇਪਾਲ ਦੇ ਜ਼ਿਲ੍ਹੇ ਕਾਵਰੇਪਾਲਾਚੋਕ ਦੇ ਪਿੰਡ ਸਾਂਗਾ ਵਿਖੇ  ਸਥਾਪਿਤ ਕੈਲਾਸ਼ਨਾਥ ਮਹਾਦੇਵ ਦੀ ਮੂਰਤੀ (ਉੱਚਾਈ 143 ਫੁੱਟ)  ਤੋਂ ਬਾਅਦ ਸੰਸਾਰ ਦੀ ਸਭ ਤੋਂ ਉੱਚੀ ਸ਼ਿਵ ਭਗਵਾਨ ਦੀ ਮੂਰਤੀ ਹੈ। ਇਸ ਮੂਰਤੀ ਦਾ ਨਿਰਮਾਣ 2008 ਵਿਚ ਇਕ ਦਾਨੀ ਸੇਠ ਰਾਮਾ ਨਾਗੱਪਾ ਸ਼ੈੱਟੀ ਨੇ ਕਰਵਾਇਆ ਸੀ ਤੇ ਇਸ ਨੂੰ ਬਣਾਉਣ ਦੀ ਸੇਵਾ ਦੱਖਣ ਭਾਰਤ ਦੇ ਮਹਾਨ ਸ਼ਿਲਪਕਾਰ ਕਾਸ਼ੀਨਾਥ ਨੇ ਨਿਭਾਈ ਸੀ। ਇਸ ਦੇ ਨਿਰਮਾਣ ਵਿਚ ਦੋ ਸਾਲ ਲੱਗੇ ਸਨ ਤੇ ਕਰੀਬ 5 ਕਰੋੜ ਰੁਪਏ ਦੀ ਲਾਗਤ ਆਈ ਸੀ।

ਇਹ ਵੀ ਪੜ੍ਹੋ :  ਇਹ Vastu Tips ਕਰ ਸਕਦੇ ਹਨ ਤੁਹਾਡੇ Bank Balance ਵਿਚ ਵਾਧਾ

ਇਸ ਦਾ ਡਿਜ਼ਾਈਨ ਇਸ ਪ੍ਰਕਾਰ ਕੀਤਾ ਗਿਆ ਹੈ ਕਿ ਸੂਰਜ ਦੇ ਚੜ੍ਹਨ ਤੇ ਅਸਤ ਹੁੰਦੇ ਸਮੇਂ ਸੂਰਜ ਦੀ ਰੌਸ਼ਨੀ ਮੂਰਤੀ  ਦੇ ਮੁੱਖ ਮੰਡਲ ’ਤੇ ਪੈਂਦੀ ਹੈ, ਜਿਸ ਕਾਰਨ ਸ਼ਿਵ ਜੀ ਦੇ ਚਿਹਰੇ ਵਿਚੋਂ ਅਲੌਕਿਕ ਕਿਰਨਾਂ ਫੁੱਟਦੀਆਂ ਦਿਖਾਈ ਦਿੰਦੀਆਂ ਹਨ। ਇਸ ਨਜ਼ਾਰੇ ਨੂੰ ਵੇਖਣ ਲਈ ਸਵੇਰੇ ਸ਼ਾਮ ਹਜ਼ਾਰਾਂ ਸੈਲਾਨੀ ਇਸ ਮੰਦਰ ਵਿਚ ਪਹੁੰਚਦੇ ਹਨ। ਇਸ ਮੂਰਤੀ ਦੇ ਨਿਰਮਾਣ ਲਈ ਸਟੀਲ, ਸੀਮਿੰਟ, ਜਿੰਕ ਅਤੇ ਤਾਂਬੇ ਆਦਿ ਦੀ ਵਰਤੋਂ ਕੀਤੀ ਗਈ ਹੈ।  ਇਸ ਮੰਦਰ ਦੀ ਉਸਾਰੀ ਦੱਖਣ ਭਾਰਤੀ ਮੰਦਿਰ ਨਿਰਮਾਣ ਕਲਾ ਦੀ ਵਰਤੋਂ ਕਰ ਕੇ ਕੰਡੂਕਾ ਪਹਾੜੀ ’ਤੇ ਕੀਤੀ ਗਈ ਹੈ ਜਿਸ ਦੇ ਤਿੰਨੋ ਪਾਸੇ ਅਰਬ ਸਾਗਰ ਦਾ ਨੀਲਾ ਪਾਣੀ ਮਨਮੋਹਕ ਦਿ੍ਰਸ਼ ਪੈਦਾ ਕਰਦਾ ਹੈ।

ਇਹ ਵੀ ਪੜ੍ਹੋ : ਜਦੋਂ ਸ਼ਿਵ ਜੀ ਨੇ ਧਾਰਿਆ ‘ਰਾਧਾ ਦਾ ਰੂਪ’, ਜਾਣੋ ਇਸ ਅਲੌਕਿਕ ਕਥਾ ਬਾਰੇ

 ਇਸ ਮੰਦਿਰ ਦੀਆਂ 20 ਮੰਜ਼ਿਲਾਂ ਹਨ ਤੇ ਸ਼ਰਧਾਲੂਆਂ ਦੀ ਸਹੂਲਤ ਲਈ ਲਿਫਟ ਲੱਗੀ ਹੋਈ ਹੈ। ਸ਼ਰਧਾਲੂ 20ਵੀਂ ਮੰਜ਼ਲ ’ਤੇ ਜਾ ਕੇ ਭਗਵਾਨ ਸ਼ਿਵ ਦੀ ਮੂਰਤੀ ਅਤੇ ਅਰਬ ਸਾਗਰ ਦਾ ਵਿਸਮਾਦੀ ਨਜ਼ਾਰਾ ਵੇਖ ਸਕਦੇ ਹਨ। ਇਹ ਮੰਦਿਰ ਰਮਾਇਣ ਕਾਲ ਦੇ ਇਕ ਪ੍ਰਾਚੀਨ ਮੰਦਰ ਦੇ ਬਿਲਕੁਲ ਨਜ਼ਦੀਕ ਬਣਿਆ ਹੋਇਆ ਹੈ, ਜਿਸ ਦੇ ਗਰਭ ਗ੍ਰਹਿ ਵਿਖੇ ਸਥਾਪਿਤ ਆਤਮਾ ਲਿੰਗਮ ਉਸ ਸ਼ਿਵ ਲਿੰਗਮ ਦਾ ਅੰਸ਼ ਹੈ, ਜਿਸ ਦੀ ਪੂਜਾ ਸ਼੍ਰੀ ਰਾਮ ਚੰਦਰ ਨੇ ਲੰਕਾ ਜਿੱਤਣ ਤੋਂ ਬਾਅਦ ਕੰਨਿਆਂ ਕੁਮਾਰੀ ਪਹੁੰਚ ਕੇ ਕੀਤੀ ਸੀ। ਗਰਭ ਗ੍ਰਹਿ ਵਿਚ ਸਿਰਫ ਪੁਜਾਰੀਆਂ ਨੂੰ ਜਾਣ ਦੀ ਆਗਿਆ ਹੈ। ਇਸ ਮੰਦਿਰ ਦੇ ਫਰਸ਼, ਛੱਤਾਂ ਅਤੇ ਦੀਵਾਰਾਂ ’ਤੇ ਬਹੁਤ ਹੀ ਸੂਖਮ ਅਤੇ ਕੋਮਲ ਮੀਨਾਕਰੀ ਕੀਤੀ ਹੋਈ ਹੈ ਤੇ ਰਮਾਇਣ, ਮਹਾਭਾਰਤ ਅਤੇ ਧਾਰਮਿਕ ਕਥਾਵਾਂ ਨੂੰ ਦਰਸ਼ਾਉਂਦੀਆਂ ਆਕਿ੍ਰਤੀਆਂ ਉੱਕਰੀਆਂ ਹੋਈਆਂ ਹਨ।  ਇਸ ਤੋਂ ਇਲਾਵਾ ਵਿਸ਼ਣੂੰ, ਬ੍ਰਹਮਾ, ਸ਼ਿਵ ਜੀ, ਲਕਸ਼ਮੀ, ਪਾਰਵਤੀ, ਸਰਸਵਤੀ, ਗਣੇਸ਼ ਅਤੇ ਦੁਰਗਾ ਸਮੇਤ ਅਨੇਕਾਂ ਦੇਵੀ ਦੇਵਤਿਆਂ ਦੀਆਂ ਲਘੂ ਅਤੇ ਵਿਸ਼ਾਲ ਮੂਰਤੀਆਂ ਸਥਾਪਿਤ ਹਨ। ਇਹ ਮੰਦਰ ਸਵੇਰੇ 5 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।                     

             ਬਲਰਾਜ ਸਿੰਘ ਸਿੱਧੂ, ਪੰਡੋਰੀ ਸਿੱਧਵਾਂ       

ਇਹ ਵੀ ਪੜ੍ਹੋ : ਇਸ ਮੰਦਰ 'ਚ ਸ਼ਿਵਲਿੰਗ ਦੀ ਪੂਜਾ ਨਾਲ ਹਰ ਮਨੋਕਾਮਨਾ ਹੋਵੇਗੀ ਪੂਰੀ... ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਹੈ ਖ਼ਾਸ ਰਿਸ਼ਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur