ਜੇਬ 'ਚ ਨਹੀਂ ਟਿਕ ਰਿਹੈ ਪੈਸਾ ਤਾਂ ਇਸ ਦੁਸਹਿਰੇ 'ਤੇ ਕਰੋ ਇਹ ਖ਼ਾਸ ਉਪਾਅ
10/12/2024 9:07:20 AM
ਨਵੀਂ ਦਿੱਲੀ : ਦੁਸਹਿਰੇ ਦਾ ਤਿਉਹਾਰ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹੈ। ਇਸ ਨੂੰ 'ਵਿਜੈਦਸ਼ਮੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਨਰਾਤਿਆਂ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦੁਸਹਿਰਾ 12 ਅਕਤੂਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦਾ ਤਿਉਹਾਰ ਸਿੱਧੀ ਪ੍ਰਦਾਨ ਕਰਨ ਵਾਲਾ ਤਿਉਹਾਰ ਹੈ, ਜੋ ਮਨਚਾਹਿਆ ਫਲ ਦਿੰਦਾ ਹੈ। ਇਸ ਦਿਨ ਸ਼ੁਰੂ ਕੀਤੇ ਗਏ ਕੰਮ ਨੂੰ ਸਫ਼ਲਤਾ ਜ਼ਰੂਰ ਮਿਲਦੀ ਹੈ। ਸੰਸਾਰਿਕ ਪ੍ਰੇਸ਼ਾਨੀਆਂ ਦੂਰ ਕਰਨ ਲਈ ਇਸ ਦਿਨ ਕੀਤੇ ਗਏ ਯਤਨ ਕਦੀਂ ਵੀ ਅਸਫ਼ਲ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਹਾਨੀ ਹੁੰਦੀ ਹੈ।
1. ਦੁਸਹਿਰੇ ਵਾਲੇ ਦਿਨ ਦੀ ਯਾਤਰਾ ਬਹੁਤ ਹੀ ਲਾਭਕਾਰੀ ਹੁੰਦੀ ਹੈ। ਛੋਟੀ ਜਿਹੀ ਹੀ ਸਹੀ ਇਸ ਦਿਨ ਯਾਤਰਾ ਜ਼ਰੂਰ ਕਰੋ।
2. ਸ਼ੰਮੀ ਦੇ ਬੂਟੇ ਦੀ ਪੂਜਾ ਕਰਕੇ ਉਸ ਦੇ ਪੱਤੇ ਤਿਜੌਰੀ ਵਿਚ ਰੱਖਣ ਨਾਲ ਜੇਬ 'ਚ ਕਦੀ ਵੀ ਧਨ ਦੀ ਕਮੀ ਨਹੀਂ ਹੁੰਦੀ।
3. ਦੁਸਹਿਰੇ ਵਾਲੇ ਦਿਨ ਕਲਸ਼ ਨੂੰ ਕੁਝ ਸਮੇਂ ਲਈ ਸਿਰ 'ਤੇ ਰੱਖਣ ਨਾਲ ਭਗਵਤੀ ਦੇਵੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ।
4. ਚੰਗੀ ਕਿਸਮਤ, ਸੁੱਖ ਸ਼ਾਂਤੀ ਅਤੇ ਸ਼ਕਤੀ ਲਈ ਸਾਫ ਕੱਪੜੇ ਨੂੰ ਪਾਣੀ ਵਿਚ ਭਿਓਂ ਕੇ ਚੰਗੀ ਤਰ੍ਹਾਂ ਨਾਲ ਨਿਚੋੜ ਕੇ ਮਾਂ ਦੇ ਚਰਨ ਸਾਫ ਕਰੋ, ਫਿਰ ਉਸ ਕੱਪੜੇ ਨੂੰ ਆਪਣੇ ਘਰ ਜਾਂ ਦੁਕਾਨ ਦੀ ਤਿਜੌਰੀ ਵਿਚ ਰੱਖੋ।
5. ਧਨ ਦੀ ਕਮੀ ਨੂੰ ਹਮੇਸ਼ਾ ਲਈ ਦੂਰ ਕਰਨ ਲਈ ਦਸ ਸਾਲ ਤੋਂ ਘੱਟ ਉਮਰ ਦੀ ਕੰਨਿਆ ਨੂੰ ਉਸ ਦੀ ਮਨਪਸੰਦ ਦੀ ਚੀਜ਼ ਭੇਟ ਕਰੋ। ਫਿਰ ਉਸ ਦੇ ਹੱਥੋਂ ਕੁਝ ਪੈਸੇ ਆਪਣੇ ਘਰ ਜਾਂ ਦੁਕਾਨ ਦੀ ਤਿਜੌਰੀ ਵਿਚ ਰੱਖਵਾਓ।
6. ਮੰਦਰ ਜਾ ਕੇ ਮਾਤਾ ਦੁਰਗਾ ਦੇ ਚਰਨਾਂ ਵਿਚ ਲੱਗੇ ਸੰਦੂਰ ਦਾ ਟਿੱਕਾ ਲਗਾਓ। ਸੁਹਾਗਣ ਔਰਤਾਂ ਆਪਣੀ ਮਾਂਗ ਭਰਨ। ਇਕ ਚੁਟਕੀ ਸੰਦੂਰ ਘਰ ਲਿਆ ਕੇ ਰੱਖੋ, ਇਸ ਨਾਲ ਯਸ਼ ਅਤੇ ਖੁਸ਼ਹਾਲੀ ਬਣੀ ਰਹੇਗੀ।
ਇਹ ਵੀ ਪੜ੍ਹੋ- ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ 'ਦੁਸਹਿਰਾ’ ਦਾ ਤਿਉਹਾਰ
ਦੁਸਹਿਰਾ ਮਨਾਉਣ ਪਿੱਛੇ 2 ਕਹਾਣੀਆਂ
ਇਸ ਤਿਉਹਾਰ ਨੂੰ ਮਨਾਉਣ ਪਿੱਛੇ ਦੋ ਕਹਾਣੀਆਂ ਹਨ। ਭਗਵਾਨ ਰਾਮ ਨੇ ਇਸੇ ਦਿਨ ਰਾਵਣ ਨੂੰ ਮਾਰ ਕੇ ਲੰਕਾ 'ਤੇ ਜਿੱਤ ਹਾਸਲ ਕੀਤੀ ਸੀ ਤੇ ਮਾਤਾ ਸੀਤਾ ਨੂੰ ਵਾਪਸ ਲਿਆਏ ਸਨ। ਉੱਥੇ ਹੀ ਦੂਸਰੀ ਕਹਾਣੀ ਅਨੁਸਾਰ ਮਾਂ ਦੁਰਗਾ ਨੇ ਇਸੇ ਦਿਨ ਰਾਕਸ਼ਸ ਮਹਿਸ਼ਾਸੁਰ ਨੂੰ ਮਾਰ ਕੇ ਦੇਵਤਿਆਂ ਦੀ ਰੱਖਿਆ ਕੀਤੀ ਸੀ। ਇਸ ਦਿਨ 'ਸ਼ਮੀ ਦੇ ਬੂਟੇ ਦੀ ਪੂਜਾ', ਅਪਰਾਜਿਤਾ ਪੂਜਾ ਤੇ ਸੀਮਾ ਹਿਮਸਖਲਨ ਕੁਝ ਅਜਿਹੇ ਯੱਗ ਹਨ, ਜਿਹੜੇ ਦੁਪਹਿਰੋਂ ਬਾਅਦ ਕੀਤੇ ਜਾਂਦੇ ਹਨ।
ਦੁਸਹਿਰੇ ਦੀ ਪੂਜਾ ਵਿਧੀ
ਦੁਸਹਿਰੇ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ, ਨਹਾ-ਧੋ ਕੇ ਸਾਫ਼ ਕੱਪੜੇ ਪਾ ਕੇ ਅਤੇ ਕਣਕ ਜਾਂ ਚੂਨੇ ਨਾਲ ਦੁਸਹਿਰੇ ਦੀ ਪ੍ਰਤਿਮਾ ਬਣਾਓ। ਗਾਂ ਦੇ ਗੋਹੇ ਨਾਲ 9 ਗੋਲੇ ਤੇ 2 ਕਟੋਰੀਆ ਬਣਾ ਕੇ, ਇਕ ਕਟੋਰੀ 'ਚ ਸਿੱਕੇ ਅਤੇ ਦੂਸਰੀ ਕਟੋਰੀ 'ਚ ਮੌਲੀ, ਚੌਲ, ਜੌਂ ਤੇ ਫਲ ਰੱਖੋ। ਹੁਣ ਮੂਰਤੀ ਨੂੰ ਕੇਲੇ, ਜੌਂ, ਗੁੜ ਤੇ ਮੂਲੀ ਚੜ੍ਹਾਓ। ਜੇਕਰ ਬਹੀਖਾਤਿਆਂ ਜਾਂ ਸ਼ਸਤਰਾਂ ਦੀ ਪੂਜਾ ਕਰ ਰਹੇ ਹੋ ਤਾਂ ਉਨ੍ਹਾਂ 'ਤੇ ਵੀ ਇਹ ਸਮੱਗਰੀ ਜ਼ਰੂਰ ਚੜ੍ਹਾਓ। ਇਸ ਤੋਂ ਬਾਅਦ ਆਪਣੀ ਸਮਰੱਥਾ ਅਨੁਸਾਰ ਦਾਨ-ਦਕਸ਼ਿਣਾ ਕਰੋ ਤੇ ਗ਼ਰੀਬਾਂ ਨੂੰ ਭੋਜਨ ਕਰਵਾਓ। ਰਾਵਣ ਦਹਿਨ ਤੋਂ ਬਾਅਦ ਸ਼ਮੀ ਦਰੱਖਤ ਦੀਆਂ ਪੱਤੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਉ। ਅਖੀਰ ਵਿਚ ਵੱਡੇ-ਬਜ਼ੁਰਗਾਂ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ