ਸੋਮਵਾਰ ਨੂੰ ਇੰਝ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ

5/9/2022 10:52:13 AM

ਜਲੰਧਰ (ਬਿਊਰੋ) - ਹਿੰਦੂ ਧਰਮ ਵਿਚ ਸੋਮਵਾਰ ਵਾਲੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰਨੀ ਸ਼ੁੱਭ ਮੰਨੀ ਜਾਂਦੀ ਹੈ। ਸੋਮਵਾਰ ਨੂੰ ਭੋਲੇਨਾਥ ਜੀ ਦੀ ਪੂਜਾ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਕਈ ਲੋਕ ਸੋਮਵਾਰ ਨੂੰ ਵਰਤ ਵੀ ਰੱਖਦੇ ਹਨ। ਦੱਸ ਦੇਈਏ ਕਿ ਸਾਉਣ ਦਾ ਮਹੀਨਾ ਸ਼ਿਵ ਜੀ ਦੀ ਭਗਤੀ ਦਾ ਮਹੀਨਾ ਮੰਨਿਆ ਜਾਂਦਾ ਹੈ। ਭਗਵਾਨ ਸ਼ਿਵ ਜੀ ਧਰਤੀ ਦੇ ਜੀਵਾਂ ਦੀ ਰੱਖਿਆ ਕਰਦੇ ਹਨ। ਸਾਡੇ ਧਾਰਮਿਕ ਗ੍ਰੰਥਾ 'ਚ ਸ਼ਿਵ ਜੀ ਦੀ ਭਗਤੀ ਬਾਰੇ ਕਾਫ਼ੀ ਕੁਝ ਦੱਸਿਆ ਗਿਆ ਹੈ। ਸ਼ਿਵ ਦਾ ਨਾ ਕੋਈ ਸਵਰੂਪ ਹੈ ਅਤੇ ਨਾ ਕੋਈ ਨਿਸ਼ਾਨ, ਕਿਉਂਕਿ ਪ੍ਰਿਥਵੀ, ਜਲ, ਹਵਾ, ਆਕਾਸ਼, ਸੂਰਜ, ਚੰਦਰਮਾ ਅਤੇ ਆਤਮਾ ਆਦਿ ਸਾਰਿਆਂ 'ਚ ਸ਼ਿਵ ਤੱਤ ਮੌਜ਼ੂਦ ਹਨ। ਇਸੇ ਕਾਰਨ ਕੁਦਰਤ ਦੀ ਪੂਜਾ ਕੀਤੀ ਜਾਂਦੀ ਹੈ।

ਸੋਮਵਾਰ ਨੂੰ ਇੰਝ ਕਰੋ ਭਗਵਾਨ ਸ਼ਿਵ ਜੀ ਦੀ ਖ਼ਾਸ ਪੂਜਾ :-

1. ਸਾਉਣ ਮਹੀਨੇ 'ਚ ਮੀਂਹ ਪੈਂਦਾ ਹੈ। ਜਲ ਪੂਰੀ ਮਾਤਰਾ 'ਚ ਹੁੰਦਾ ਹੈ। ਇਸ ਲਈ ਸ਼ਿਵ ਜੀ ਦਾ ਜਲ ਅਭਿਸ਼ੇਕ ਕੀਤਾ ਜਾਂਦਾ ਹੈ। ਭਗਵਾਨ ਸ਼ੰਕਰ ਜਲ ਦੀਆਂ 4 ਬੂੰਦਾਂ ਚੜ੍ਹਾਉਣ ਨਾਲ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ 'ਤੇ ਆਪਣੀ ਕਿਰਪਾ ਕਰਦੇ ਹਨ। ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਪਰਮ ਸ਼ਕਤੀ ਮਿਲਦੀ ਹੈ।

2. ਦੁੱਧ ਅਤੇ ਦਹੀਂ ਦੀ ਧਾਰਾ ਚੜ੍ਹਾਉਣ ਨਾਲ ਸੰਤਾਨ ਪ੍ਰਾਪਤੀ, ਗੰਨੇ ਦਾ ਰਸ ਚੜ੍ਹਾਉਣ ਨਾਲ ਲਕਸ਼ਮੀ ਦੀ ਪ੍ਰਾਪਤੀ, ਮਧੂ ਧਾਰਾ ਚੜ੍ਹਾਉਣ ਨਾਲ ਧਨ 'ਚ ਵਾਧਾ ਅਤੇ ਘਿਓ ਚੜ੍ਹਾਉਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਿੰਨ ਪੱਤਿਆਂ ਵਾਲੇ ਬੇਲ ਪੱਤਰ ਚੜ੍ਹਾਉਣ ਨਾਲ ਤਿੰਨ ਜਨਮਾਂ ਦੇ ਪਾਪਾਂ ਤੋਂ ਮੁਕਤੀ ਮਿਲਦੀ ਹੈ।

3. ਸਾਉਣ ਮਹੀਨੇ 'ਚ ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਜ਼ਿੰਦਗੀ ਦੇ ਜ਼ਹਿਰ ਯਾਨੀ ਸਮੱਸਿਆਵਾਂ ਦਾ ਅੰਤ ਹੁੰਦਾ ਹੈ। ਜਨਮ ਕੁੰਡਲੀ 'ਚ ਕਾਲ ਸ਼ਰਾਪ ਦੋਸ਼ ਵਾਲੇ ਵਿਅਕਤੀਆਂ ਨੂੰ ਸਾਉਣ ਮਹੀਨੇ 'ਚ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ, ਵਰਤ, ਸ਼ਿਵ ਚਾਲੀਸਾ, ਰੁੱਦਰ ਅਭਿਸ਼ੇਕ ਅਤੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ।

4. ਸਾਉਣ ਦੇ ਮਹੀਨੇ 'ਚ ਸਾਨੂੰ ਸ਼ਿਵ ਜੀ ਦੀ ਅਰਾਧਨਾ ਕਰਦੇ ਹੋਏ ਸ਼ਿਵ ਜੀ ਨੂੰ ਚਾਰ ਬੂੰਦ ਜਲ ਜ਼ਰੂਰ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਸਾਨੂੰ ਧਰਮ, ਅਰਥ, ਕਾਮ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।


rajwinder kaur

Content Editor rajwinder kaur