ਮਹਿਮਾ ‘ਬਾਬਾ ਬਾਲਕ ਨਾਥ ਜੀ’ ਦੀ
3/15/2022 3:21:49 PM
ਨਵੀਂ ਦਿੱਲੀ - ਹਿਮਾਚਲ ਪ੍ਰਦੇਸ਼ ’ਚ ਕਈ ਮੰਨੇ-ਪ੍ਰਮੰਨੇ ਧਾਰਮਿਕ ਅਸਥਾਨ ਹਨ, ਜਿਨ੍ਹਾਂ ’ਚੋਂ ਬਾਬਾ ਬਾਲਕ ਨਾਥ ਧਾਮ, ਦਿਓਟ ਸਿੱਧ ਉੱਤਰੀ ਭਾਰਤ ’ਚ ਇਕ ਸਿੱਧਪੀਠ ਹੈ। ਇਹ ਪੀਠ ਹਮੀਰਪੁਰ ਤੋਂ 45 ਕਿਲੋਮੀਟਰ ਦੂਰ ਦਿਓਟ ਸਿੰਘ ਨਾਂ ਦੀ ਪਹਾੜੀ ’ਤੇ ਹੈ। ਇਸ ਦਾ ਪ੍ਰਬੰਧ ਹਿਮਾਚਲ ਸਰਕਾਰ ਅਧੀਨ ਹੈ।
ਸਾਡੇ ਦੇਸ਼ ’ਚ ਕਈ ਦੇਵੀ-ਦੇਵਤਾਵਾਂ ਤੋਂ ਇਲਾਵਾ ਨੌ ਨਾਥ ਅਤੇ ਚੌਰਾਸੀ ਸਿੰਘ ਵੀ ਹੋਏ ਹਨ ਜੋ ਹਜ਼ਾਰਾਂ ਸਾਲਾਂ ਤਕ ਜਿਊਂਦੇ ਰਹਿੰਦੇ ਹਨ ਅਤੇ ਅੱਜ ਵੀ ਆਪਣੇ ਸੂਖਮ ਰੂਪ ’ਚ ਉਹ ਲੋਕ ’ਚ ਵਿਚਰਦੇ ਹਨ।
ਭਗਵਤ ਪੁਰਾਣ ਦੇ ਛੇਵੇਂ ਸਕੰਦ ਦੇ ਸੱਤਵੇਂ ਅਧਿਆਏ ’ਚ ਵਰਣਨ ਆਉਦਾ ਹੈ ਕਿ ਦੇਵਰਾਜ ਇੰਦਰ ਦੀ ਸੇਵਾ ’ਚ ਜਿਥੇ ਦੇਵਗਣ ਅਤੇ ਹੋਰ ਸਹਾਇਕਗਣ ਸਨ, ਉਥੇ ਸਿੱਧ ਵੀ ਸ਼ਾਮਲ ਸਨ। 84 ਸਿੱਧਾਂ ’ਚ ਬਾਬਾ ਬਾਲਕ ਨਾਥ ਦਾ ਨਾਂ ਆਉਦਾ ਹੈ।
ਨਾਥਾਂ ’ਚ ਗੁਰੂ ਗੋਰਖ ਨਾਥ ਦਾ ਨਾਂ ਆਉਦਾ ਹੈ। ਬਾਬਾ ਬਾਲਕ ਨਾਥ ਜੀ ਦੇ ਬਾਰੇ ’ਚ ਪ੍ਰਸਿੱਧ ਹੈ ਕਿ ਇਨ੍ਹਾਂ ਦਾ ਜਨਮ ਯੁੱਗਾਂ-ਯੱੁਗਾਂ ’ਚ ਹੁੰਦਾ ਰਿਹਾ ਹੈ। ਪ੍ਰਾਚੀਨ ਮਾਨਤਾ ਅਨੁਸਾਰ ਬਾਬਾ ਬਾਲਕ ਨਾਥ ਜੀ ਨੂੰ ਭਗਵਾਨ ਸ਼ਿਵ ਦਾ ਅੰਸ਼ ਅਵਤਾਰ ਹੀ ਮੰਨਿਆ ਜਾਂਦਾ ਹੈ।
ਸ਼ਰਧਾਲੂਆਂ ’ਚ ਅਜਿਹੀ ਧਾਰਨਾ ਹੈ ਕਿ ਬਾਬਾ ਬਾਲਕ ਨਾਥ 3 ਸਾਲ ਦੀ ਛੋਟੀ ਉਮਰ ’ਚ ਹੀ ਆਪਣਾ ਘਰ ਛੱਡ ਕੇ ਚਾਰ ਧਾਮ ਦੀ ਯਾਤਰਾ ਕਰਦੇ-ਕਰਦੇ ਸ਼ਾਹਤਲਾਈ (ਜ਼ਿਲਾ ਬਿਲਾਸਪੁਰ) ਨਾਂ ਦੀ ਥਾਂ ’ਤੇ ਪਹੁੰਚੇ ਸਨ। ਸ਼ਾਹਤਲਾਈ ’ਚ ਹੀ ਰਹਿਣ ਵਾਲੀ ਮਾਈ ਰਤਨੋ ਨਾਂ ਦੀ ਨਿਰਸੰਤਾਨ ਮਹਿਲਾ ਨੇ ਬਾਬਾ ਜੀ ਨੂੰ ਆਪਣਾ ਪੁੱਤਰ ਬਣਾਇਆ। ਬਾਬਾ ਜੀ ਨੇ12 ਸਾਲ ਮਾਈ ਰਤਨੋ ਦੀਆਂ ਗਊਆਂ ਚਰਾਈਆਂ। ਇਕ ਦਿਨ ਮਾਤਾ ਰਤਨੋ ਦੇ ਤਾਅਨੇ ਮਾਰਨ ’ਤੇ ਬਾਬਾ ਜੀ ਨੇ ਆਪਣੇ ਚਮਤਕਾਰ ਤੋਂ 12 ਸਾਲਾਂ ਦੀ ਲੱਸੀ ਅਤੇ ਰੋਟੀਆਂ ਇਕ ਪਲ ’ਚ ਵਾਪਸ ਕਰ ਦਿੱਤੀਆਂ। ਗੁਰੂ ਗੋਰਖ ਨਾਥ ਨੇ ਬਾਬਾ ਜੀ ਨੂੰ ਆਪਣਾ ਚੇਲਾ ਬਣਾਉਣਾ ਚਾਹਿਆ ਪਰ ਬਾਬਾ ਜੀ ਨੇ ਇਨਕਾਰ ਕਰਕੇ ਸ਼ਾਹਤਲਾਈ ਤੋਂ ਉਡਾਰੀ ਮਾਰ ਕੇ ਧੌਲੀਗਿਰੀ ਪਹਾੜੀ ’ਤੇ ਪਹੁੰਚ ਗਏ ਜਿਥੇ ਅੱਜਕਲ ਬਾਬਾ ਜੀ ਦੀ ਪਵਿੱਤਰ ਸੁੰਦਰ ਗੁਫਾ ਹੈ।
ਮੰਦਿਰ ਦੇ ਮੁੱਖ ਦੁਆਰ ਤੋਂ ਪ੍ਰਵੇਸ਼ ਕਰਦੇ ਹੀ ਅਖੰਡ ਧੂਣਾ ਸਾਰਿਆਂ ਨੂੰ ਆਕਰਸ਼ਿਤ ਕਰਦਾ ਹੈ। ਧੂਣੇ ਕੋਲ ਹੀ ਬਾਬਾ ਜੀ ਦਾ ਪੁਰਾਤਨ ਚਿਮਟਾ ਹੈ। ਜਦੋਂ ਬਾਬਾ ਜੀ ਗੁਫਾ ’ਚ ਅਲੋਪ ਹੋਏ ਤਾਂ ਉਹ ਇਕ (ਦਿਓਟ) ਦੀਵਾ ਜਗਦਾ ਰਹਿੰਦਾ ਸੀ, ਜਿਸ ਦੀ ਰੋਸ਼ਨੀ ਰਾਤ ਨੂੰ ਦੂਰ-ਦੂਰ ਤਕ ਜਾਂਦੀ ਸੀ। ਇਸਲਈ ਲੋਕ ਬਾਬਾ ਜੀ ਨੂੰ ਦਿਓਟ ਸਿੱਧ ਦੇ ਨਾਂ ਨਾਲ ਵੀ ਜਾਣਦੇ ਸਨ।
ਮੌਜੂਦਾ ਸਮੇਂ ’ਚ ਮਹੰਤ ਰਾਜਿੰਦਰ ਗਿਰੀ ਜੀ ਮਹਾਰਾਜ ਦਿਨ-ਰਾਤ ਸੇਵਾ ਕਰ ਰਹੇ ਹਨ। 14 ਮਾਰਚ ਤੋਂ ਇਥੇ ਸਾਲਾਨ ਮੇਲਾ ਸ਼ੁਰੂ ਹੋ ਰਿਹਾ ਹੈ ਜੋ ਕਿ ਤਿੰਨ ਮਹੀਨਿਆਂ ਤੱਕ ਚੱਲੇਗਾ ਜਿਥੋਂ ਲੱਖਾਂ-ਕਰੋੜਾਂ ਲੋਕ ਪਹੁੰਚ ਕੇ ਬਾਬਾ ਬਾਲਕ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਬਾਬਾ ਕੈਲਾਸ਼ ਨਾਥ, ਜਲੰਧਰ