ਮਹਾਸ਼ਿਵਰਾਤਰੀ ਦੇ ਮੌਕੇ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
3/8/2021 3:58:46 PM
ਜਲੰਧਰ (ਬਿਊਰੋ) - ਭਗਵਾਨ ਸ਼ਿਵ ਜੀ ਦਾ ਸਭ ਤੋਂ ਵੱਡਾ ਤਿਉਹਾਰ ਮਹਾਸ਼ਿਵਰਾਤਰੀ ਹੁੰਦਾ ਹੈ। ਕਹਿੰਦੇ ਹਨ ਕਿ ਮਹਾਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ੰਕਰ ਧਰਤੀ ਦੀ ਉਸ ਜਗ੍ਹਾ ’ਤੇ ਹੁੰਦੇ ਹਨ, ਜਿੱਥੇ-ਜਿੱਥੇ ਉਨ੍ਹਾਂ ਦੇ ਸ਼ਿਵਲਿੰਗ ਹੁੰਦੇ ਹਨ। ਇਹ ਤਿਉਹਾਰ ਫਾਲਗੁਣ ਕ੍ਰਿਸ਼ਨ ਪਕਸ਼ ਦੀ ਤਿਰੋਸਦੀ ਨੂੰ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ੰਕਰ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ ਅਤੇ ਇਸ ਦਿਨ ਹੀ ਪਹਿਲਾ ਸ਼ਿਵਲਿੰਗ ਪ੍ਰਗਟ ਹੋਇਆ ਸੀ। ਮਹਾਸ਼ਿਵਰਾਤਰੀ ਵਾਲੇ ਦਿਨ ਸ਼ਿਵ ਭਗਵਾਨ ਨੇ ਕਾਲਕੁਟ ਨਾਮ ਦੀ ਵਿਸ਼ ਨੂੰ ਆਪਣੇ ਗਲ਼ੇ ਵਿੱਚ ਰੱਖ ਲਿਆ ਸੀ, ਜੋ ਸਮੁੰਦਰ ਮੰਥਨ ਤੋ ਬਾਅਦ ਬਾਹਰ ਆਇਆ ਸੀ। ਮਹਾਸ਼ਿਵਰਾਤਰੀ ’ਤੇ ਸ਼ਿਵ ਭਗਤਾਂ ਦਾ ਜਮਾਵੜਾ ਸ਼ਿਵ ਮੰਦਿਰਾਂ ਵਿੱਚ ਦੇਖਣ ਨੂੰ ਮਿਲਦਾ ਹੈ। ਭਗਵਾਨ ਭੋਲੇ ਨਾਥ ਜੀ ਉਸ ਸਮੇਂ ਖੁਸ਼ ਹੁੰਦੇ ਹਨ, ਜਦੋ ਉਨ੍ਹਾਂ ਦਾ ਪੂਜਣ ਬੈਲ-ਪੱਤਰ ਆਦਿ ਚੜ੍ਹਾ ਕੇ ਕੀਤਾ ਜਾਂਦਾ ਹੈ।
ਮਹਾਸ਼ਿਵਰਾਤਰੀ ਦੀ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
. ਮਹਾਸ਼ਿਵਰਾਤਰੀ ਦਾ ਵਰਤ ਰੱਖਣ ਵਾਲਿਆਂ ਦਾ ਵਰਤ ਪੂਰਾ ਦਿਨ ਹੁੰਦਾ ਹੈ। ਭਗਵਾਨ ਸ਼ੰਕਰ ਦਾ ਧਿਆਨ ਕਰਨਾ ਚਾਹੀਦਾ ਹੈ। ਇਸ ਦਿਨ ਸਵੇਰੇ ਜਲਦੀ ਇਸ਼ਨਾਨ ਕਰਕੇ ਭਸਮ ਦਾ ਤਿਲਕ ਅਤੇ ਰੁਦਰਾਕਸ਼ ਦੀ ਮਾਲਾ ਪਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਇਸ਼ਾਨ ਕੋਨ ਦਿਸ਼ਾ ਵਿੱਚ ਆਪਣਾ ਮੁਖ ਕਰਕੇ ਧੂਫ, ਪੁਸ਼ਪਾਦੀ ਅਤੇ ਹੋਰ ਪੂਜਾ ਸਮੱਗਰੀ ਨਾਲ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ।
. ਇਸ ਵਰਤ ਵਿੱਚ ਚਾਰ ਪਹਿਰ ਪੂਜਾ ਕੀਤੀ ਜਾਂਦੀ ਹੈ। ਹਰ ਇਕ ਪਹਿਰ ਓਮ ਨਮੋ ਸ਼ਿਵਾਏ ਦਾ ਜਾਪ ਕਰਨਾ ਚਾਹੀਦਾ ਹੈ।
. ਜੇਕਰ ਸ਼ਿਵ ਮੰਦਿਰ ਵਿੱਚ ਜਾਪ ਕਰਨਾ ਸੰਭਵ ਨਾ ਹੋ ਸਕੇ ਤਾਂ ਘਰ ਦੀ ਪੂਰਵ ਦਿਸ਼ਾ ਵਿੱਚ ਕਿਸੇ ਸ਼ਾਂਤ ਸਥਾਨ ’ਤੇ ਜਾਕੇ ਇਸ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
. ਮਹਾਸ਼ਿਵਰਾਤਰੀ ਦੇ ਦਿਨ ਸ਼ਿਵ ਅਭਿਸ਼ੇਕ ਕਰਨ ਲਈ ਸਭ ਤੋਂ ਪਹਿਲਾ ਇਕ ਮਿੱਟੀ ਦਾ ਬਰਤਨ ਲੈ ਕੇ ਉਸ ਵਿੱਚ ਪਾਣੀ ਭਰਕੇ ਅਤੇ ਪਾਣੀ ਵਿੱਚ ਬੈਲਪੱਤਰ, ਚਾਵਲ ਆਦਿ ਸ਼ਿਵਲਿੰਗ ਨੂੰ ਅਰਪਿਤ ਕੀਤੇ ਜਾਂਦੇ ਹਨ।
. ਵਰਤ ਦੌਰਾਨ ਸ਼ਿਵਪੁਰਾਣ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਮਨ ਵਿੱਚ ਗ਼ਲਤ ਵਿਚਾਰਾਂ ਨੂੰ ਆਉਣ ਤੋ ਰੋਕਣਾ ਚਾਹੀਦਾ ਹੈ।