ਆਦਿ ਕਵੀ ਅਤੇ ਸੰਸਕ੍ਰਿਤ ਕਾਵਿ ਦੇ ਪਿਤਾਮਾ ਮਹਾਰਿਸ਼ੀ ‘ਵਾਲਮੀਕਿ’ ਭਗਵਾਨ ਜੀ

11/10/2020 1:43:08 PM

ਸੰਪੂਰਨ ਵਿਸ਼ਵ 'ਚ ਮਹਾਕਾਵਿ 'ਰਾਮਾਇਣ' ਦੇ ਰਚਣਹਾਰ, ਭਾਰਤੀ ਸੰਸਕ੍ਰਿਤੀ ਦੇ ਗਿਆਨੀ, ਪਰਮ ਬੁੱਧੀਮਾਨ ਮਹਾਰਿਸ਼ੀ ਵਾਲਮੀਕਿ ਭਗਵਾਨ ਜੀ ਨੂੰ ਆਦਿ ਕਵੀ ਅਤੇ ਸੰਸਕ੍ਰਿਤ ਕਾਵਿ ਦੇ ਪਿਤਾਮਾ ਦੇ ਰੁਪ 'ਚ ਜਾਣਿਆ ਅਤੇ ਮੰਨਿਆ ਜਾਂਦਾ ਹੈ। ਇਸ ਮਹਾਕਾਵਿ ਨੂੰ ਦੁਨੀਆ ਦੇ ਸਰਵਉੱਤਮ ਮਹਾਕਾਵਿ ਦੇ ਰੂਪ 'ਚ ਜਾਣਿਆ ਜਾਂਦਾ ਹੈ।

ਸਾਰੇ ਗੁਣਾਂ ਨਾਲ ਯੁਕਤ ਇਸ ਮਹਾਕਾਵਿ 'ਚ ਭਗਵਾਨ ਵਾਲਮੀਕਿ ਜੀ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਿੱਤਰ ਦੇ ਗੁਣਾਂ ਵਿਸ਼ੇਸ਼ ਦਾ ਵਰਨਣ ਕੀਤਾ ਹੈ, ਜਿਸ 'ਚ ਉਨ੍ਹਾਂ ਨੂੰ ਸੁਹਿਰਦਤਾ ਅਤੇ ਸੱਚ ਦੇ ਪ੍ਰਤੀਕ ਦੇ ਰੂਪ 'ਚ ਦੱਸਿਆ ਹੈ। ਇਕ ਅਜਿਹਾ ਸ਼ਾਨਦਾਰ ਅਤੇ ਅਦਭੁੱਤ ਚਰਿੱਤਰ, ਜੋ ਪ੍ਰਾਚੀਨ ਹੁੰਦੇ ਹੋਏ ਵੀ ਨਵਾਂ ਹੈ, ਮਨੁੱਖ ਹੁੰਦੇ ਹੋਏ ਵੀ ਅਦਭੁੱਤ, ਦਿਵਯ ਅਤੇ ਮਨੁੱਖੀ ਜੀਵਨ ਦੇ ਸਥਾਈ ਮੁੱਲਾਂ ਨਾਲ ਭਰਪੂਰ ਅਤੇ ਸਦੀਆਂ ਤੋਂ ਚਲੀ ਆ ਰਹੀ ਅਖੰਡਤਾ ਦਾ ਪ੍ਰਮਾਣ ਹੈ।

ਅਹਿੰਸਾ ਦਾ ਪਾਠ, ਸ਼ਾਂਤੀ ਦਾ ਸੰਦੇਸ਼
ਦਇਆਵਾਨ ਭਗਵਾਨ ਵਾਲਮੀਕਿ ਜੀ ਨੇ ਪੂਰੀ ਦੁਨੀਆ ਨੂੰ ਸਭ ਤੋਂ ਪਹਿਲਾਂ ਅਹਿੰਸਾ ਦਾ ਪਾਠ ਪੜ੍ਹਾਇਆ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਉਹ ਕਿਸੇ ਦਾ ਵੀ ਦੁੱਖ ਨਹੀਂ ਦੇਖ ਸਕਦੇ ਸਨ। ਇਕ ਦਿਨ ਉਹ ਜਦੋਂ ਨਿਤ ਦੀ ਤਰ੍ਹਾਂ ਤਮਸਾ ਨਦੀ 'ਤੇ ਇਸ਼ਨਾਨ ਕਰ ਰਹੇ ਸਨ ਤਾਂ ਕੋਲ ਕ੍ਰੌਂਚ ਪੰਛੀਆਂ ਦਾ ਇਕ ਜੋੜਾ, ਜੋ ਕਦੇ ਵੀ ਇਕ-ਦੂਜੇ ਤੋਂ ਵੱਖ ਨਹੀਂ ਹੁੰਦਾ ਸੀ, ਵਿਚਰਣ ਕਰ ਰਿਹਾ ਸੀ।

ਉਦੋਂ ਨਿਸ਼ਾਦ ਨੇ ਉਸ ਜੋੜੇ 'ਚੋਂ ਇਕ ਨਰ ਪੰਛੀ ਦਾ ਤੀਰ ਨਾਲ ਵਧ ਕਰ ਦਿੱਤਾ। ਇਹ ਦੇਖ ਕੇ ਰਿਸ਼ੀ ਜੀ ਦਾ ਹਿਰਦੇ ਬਹੁਤ ਦੁਖੀ ਹੋਇਆ ਅਤੇ ਉਨ੍ਹਾਂ ਨੇ ਨਿਸ਼ਾਦ ਨੂੰ ਕਿਹਾ, ''ਇਹ ਅਧਰਮ ਹੋਇਆ ਹੈ। ਨਿਸ਼ਾਦ ਤੈਨੂੰ ਕਦੇ ਵੀ ਸ਼ਾਂਤੀ ਨਾ ਮਿਲੇ ,ਕਿਉਂਕਿ ਤੂੰ ਬਿਨਾਂ ਕਿਸੇ ਅਪਰਾਧ ਦੇ ਇਸ ਦੀ ਹੱਤਿਆ ਕੀਤੀ ਹੈ।''

ਅਜਿਹਾ ਕਹਿ ਕੇ ਜਦੋਂ ਉਨ੍ਹਾਂ ਨੇ ਇਸ ਕਥਨ 'ਤੇ ਵਿਚਾਰ ਕੀਤਾ ਉਦੋਂ ਉਨ੍ਹਾਂ ਦੇ ਮਨ 'ਚ ਵੱਡੀ ਚਿੰਤਾ ਹੋਈ, ਇਸ ਲਈ ਉਸ ਦੇ ਮਨ 'ਚ ਵਿਚਾਰ ਪੈਦਾ ਹੋਇਆ ਹੈ ਕਿ ਮੈਂ ਅਜਿਹੇ ਸ਼ਲੋਕਾਂ 'ਚ ਰਾਮਾਇਣ ਕਾਵਿ ਦੀ ਰਚਨਾ ਕਰਾਂ।

ਕੁਸ਼ ਅਤੇ ਲਵ ਦਾ ਜਨਮ ਅਤੇ ਸਿੱਖਿਆ
ਭਗਵਾਨ ਵਾਲਮੀਕਿ ਜੀ ਦੇ ਆਸ਼ਰਮ 'ਚ ਹੀ ਸੀਤਾ ਜੀ ਨੂੰ ਦੋ ਪੁੱਤਰ ਰਤਨ ਪ੍ਰਾਪਤ ਹੋਏ। ਮਹਾਰਿਸ਼ੀ ਜੀ ਨੇ ਉਨ੍ਹਾਂ ਨੂੰ ਸੀਤਾ ਜੀ ਦੇ ਚਰਿੱਤਰ ਨਾਲ ਯੁਕਤ ਸੰਪੂਰਨ ਰਾਮਾਇਣ ਦਾ ਅਧਿਐਨ ਕਰਵਾਇਆ ਅਤੇ ਇਸ ਦੇ ਨਾਲ-ਨਾਲ ਸੰਗੀਤ ਅਤੇ ਅਸਤਰ-ਸ਼ਸ਼ਤਰ ਦੀ ਵੀ ਸਿੱਖਿਆ ਦਿੱਤੀ।

ਮਨੁੱਖੀ ਜੀਵਨ ਦੇ ਉੱਚ ਨੈਤਿਕ ਮੁੱਲਾਂ ਦਾ ਭੰਡਾਰ ਸ਼੍ਰੀਮਦ ਵਾਲਮੀਕਿ ਰਾਮਾਇਣ ਵਿਸ਼ਵ ਦਾ ਅਜਿਹਾ ਮਹਾਗ੍ਰੰਥ ਹੈ, ਜਿਸ 'ਚ ਮਨੁੱਖੀ ਜੀਵਨ ਦੇ ਪ੍ਰਭਾਵਸ਼ਾਲੀ ਆਦਰਸ਼ ਮਿਲਦੇ ਹਨ। ਇਸ ਮਹਾਕਾਵਿ 'ਚ ਸਮਾਜਿਕ, ਧਾਰਮਿਕ ਅਤੇ ਪਰਿਵਾਰਕ ਖੇਤਰਾਂ 'ਚ ਸਮੂਹ ਸਬੰਧਾਂ ਦਾ ਆਦਰਸ਼ ਰੂਪ ਦਰਸਾਇਆ ਗਿਆ ਹੈ। 

ਸਮਾਜ ਅਤੇ ਰਾਸ਼ਟਰ ਨੂੰ ਉੱਨਤ ਬਣਾਉਣ ਲਈ ਵਿਅਕਤੀ ਦਾ ਚਰਿੱਤਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਚਰਿੱਤਰ ਦੇ ਨਿਰਮਾਣ ਲਈ ਪਰਿਵਾਰ ਦੇ ਮਹਾਨ ਯੋਗਦਾਨ ਨੂੰ ਇਸ 'ਚ ਸਵੀਕਾਰ ਕੀਤਾ ਹੈ। ਪਰਿਵਾਰ ਇਕ ਅਜਿਹਾ ਸਿੱਖਿਆ ਕੇਂਦਰ ਹੈ, ਜਿਥੇ ਵਿਅਕਤੀ ਪਿਆਰ, ਸੁਹਿਰਦਤਾ, ਗੁਰੂਜਨਾਂ ਪ੍ਰਤੀ ਸ਼ਰਧਾ, ਆਸਥਾ ਅਤੇ ਸਮਾਜ ਦੇ ਸਮੂਹਿਕ ਕਲਿਆਣ ਲਈ ਨਿੱਜੀ ਇੱਛਾਵਾਂ ਦੇ ਤਿਆਗ ਦੀ ਸਿੱਖਿਆ ਪਾਉਂਦਾ ਹੈ ਅਤੇ ਇਸ 'ਚ ਪਰਿਵਾਰਕ ਜੀਵਨ ਦੇ ਪ੍ਰਾਚੀਨ ਆਦਰਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ।

ਪਰਮ ਬੁੱਧੀਮਾਨ ਅਤੇ ਮਹਾਗਿਆਨੀ ਭਗਵਾਨ ਵਾਲਮੀਕਿ ਜੀ ਅਨੁਸਾਰ ਸੰਸਾਰ ਦਾ ਮੂਲ ਆਧਾਰ ਗਿਆਨ ਹੀ ਹੈ, ਅਰਥਾਤ ਸਿੱਖਿਆ ਦੇ ਬਿਨਾਂ ਜੀਵਨ ਵਿਅਰਥ ਅਤੇ ਅਰਥਹੀਣ ਹੈ, ਕਿਉਂਕਿ ਜ਼ਿੰਦਗੀ ਦੀਆਂ ਭੁੱਲ-ਭੁਲੱਈਆਂ ਦੇ ਚੱਕਰਵਿਊ ਨਾਲ ਸਿੱਖਿਅਤ ਵਿਅਕਤੀ ਦਾ ਬਾਹਰ ਨਿਕਲਣਾ ਸੰਭਵ ਅਤੇ ਆਸਾਨ ਹੁੰਦਾ ਹੈ।

ਇਨ੍ਹਾਂ ਦੀਆਂ ਸਿੱਖਿਆਵਾਂ 'ਚ ਅਸਤਰ-ਸ਼ਸਤਰ, ਗਿਆਨ-ਵਿਗਿਆਨ, ਸਿਆਸਤ ਅਤੇ ਸੰਗੀਤ ਤੋਂ ਇਲਾਵਾ ਆਦਰਸ਼, ਰਾਜਾ, ਆਦਰਸ਼ ਮਾਤਾ-ਪਿਤਾ, ਆਦਰਸ਼ ਪਤੀ, ਆਦਰਸ਼ ਪਤਨੀ, ਆਦਰਸ਼ ਭਰਾ, ਆਦਰਸ਼ ਸਵਾਮੀ, ਆਦਰਸ਼ ਸੇਵਕ, ਆਦਰਸ਼ ਪ੍ਰਜਾ ਹੀ ਨਹੀਂ ਆਦਰਸ਼ ਦੁਸ਼ਮਣ ਦਾ ਵੀ ਵਰਣਨ ਮਿਲਦਾ ਹੈ। ਅੱਜ ਵੀ ਇਨ੍ਹਾਂ ਦੀਆਂ ਸਿੱਖਿਆਵਾਂ ਪੂਰੀ ਦੁਨੀਆ ਨੂੰ ਮਨੁੱਖਤਾ, ਪ੍ਰੇਮ ਸ਼ਾਂਤੀ ਅਤੇ ਸਹਿਣਸ਼ੀਲਤਾ ਦਾ ਸੰਦੇਸ਼ ਦਿੰਦੀਆਂ ਹਨ ਅਤੇ ਹਿੰਸਾ, ਜੰਗ ਅਤੇ ਦੁਸ਼ਮਣ ਤੋਂ ਹੋਣ ਵਾਲੇ ਭਿਆਨਕ ਵਿਨਾਸ਼ ਦੇ ਨਤੀਜੇ ਤੋਂ ਬਚਣ ਦਾ ਸੰਕੇਤ ਕਰ ਰਹੀਆਂ ਹਨ।


rajwinder kaur

Content Editor rajwinder kaur