ਸਰਕਾਰ-ਏ-ਖਾਲਸਾ ਦੇ ਸ਼ਾਸਕੀ ਮਾਡਲ ਦੀ ਪ੍ਰੇਰਨਾ ‘ਮਹਾਰਾਜਾ ਰਣਜੀਤ ਸਿੰਘ’

6/28/2020 11:34:30 AM

ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦਾ ਇਕੋ-ਇਕ ਹਾਕਮ ਹੈ, ਜਿਸ ਨੇ ਚਾਰ ਦਹਾਕੇ ਪੰਜਾਬ ਦੀ ਵਿਸ਼ਾਲ ਧਰਤੀ ਉੱਤੇ ਅਸਲੀ ਰੂਪ ਵਿਚ ਲੋਕਾਂ 'ਚ ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਵਾਲਾ ਰਾਜ ਕੀਤਾ।

1799 ਵਿਚ ਲਾਹੌਰ ਉੱਤੇ ਖਾਲਸਾਈ ਪਰਚਮ ਲਹਿਰਾ ਕੇ ਸਰਕਾਰ-ਏ-ਖਾਲਸਾ ਦੀ ਬੁਨਿਆਦ ਰੱਖਣ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਕੇਵਲ 20 ਸਾਲ ਸੀ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਸੂਬੇ ਨੂੰ ਜਿੱਤ ਕੇ ਗੁਰੂ ਦੇ ਨਾਂ 'ਤੇ ਰਾਜ ਕਰਨ ਦਾ ਸਮਾਂ ਕੇਵਲ ਕੁਝ ਕੁ ਸਾਲ ਹੀ ਸੀ। ਭਾਵੇਂ ਬੰਦਾ ਸਿੰਘ ਬਹਾਦਰ ਨੇ ਇਸ ਰਾਜ ਵਿਚ ਗਰੀਬਾਂ ਅਤੇ ਵਾਹੀਕਾਰ ਕਿਸਾਨਾਂ ਦੀ ਭੂਮੀ ਮਲਕੀਅਤ ਸਬੰਧੀ ਕਈ ਕ੍ਰਾਤੀਕਾਰੀ ਫੈਸਲੇ ਲਏ ਸਨ ਪਰ ਰਣਜੀਤ ਸਿੰਘ ਨੇ ਗੁਰਬਾਣੀ ਦੇ ਸੰਕਲਪ 'ਬੇਗਮਪੁਰੇ' ਅਤੇ 'ਹਲੇਮੀ ਰਾਜ' ਦੀ ਰੌਸ਼ਨੀ ਵਿਚ ਇਕ ਆਦਰਸ਼ਕ ਲੋਕ ਕਲਿਆਣਕਾਰੀ ਰਾਜ ਸਥਾਪਤ ਕੀਤਾ।

ਉਸ ਸਮੇਂ ਦੇ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਕੇਵਲ 12 ਫੀਸਦੀ ਸੀ। ਬਾਕੀ 88 ਫੀਸਦੀ ਮੁਸਲਮਾਨ ਅਤੇ ਹਿੰਦੂ ਰਣਜੀਤ ਸਿੰਘ ਦੀ ਅਗਵਾਈ ਨੂੰ ਦਿਲੋਂ ਕਬੂਲਦੇ ਇਕ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। ਸਰਕਾਰ-ਏ-ਖਾਲਸਾ ਦੀ ਰਾਜਨੀਤੀ, ਸ਼ਾਸਨ ਵਿਵਸਥਾ ਵਿਚ ਮੁਸਲਮਾਨ ਤੇ ਹਿੰਦੂ ਬਰਾਬਰ ਦੇ ਹਿੱਸੇਦਾਰ ਸਨ।

‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ 

ਮਹਾਰਾਜਾ ਰਣਜੀਤ ਸਿੰਘ ਇਕ ਸਮਰਪਿਤ ਸਿੱਖ ਸੀ। ਉਸ ਸਮੇਂ ਸਰਕਾਰ-ਏ-ਖਾਲਸਾ ਵਿਚ ਮੁੱਖ ਤੌਰ 'ਤੇ 4000 ਹਿੰਦੂ, ਸਿੱਖ ਅਤੇ ਮੁਸਲਮਾਨ ਧਾਰਮਿਕ ਕੇਂਦਰਾਂ ਨੂੰ 300 ਰੁਪਏ ਸਾਲਾਨਾ ਮਦਦ ਦਿੱਤੀ ਜਾਂਦੀ ਸੀ। ਉਸ ਦੇ ਦਿਲ ਵਿਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨਾਲ-ਨਾਲ ਦੂਜੇ  ਲੋਕਾਂ ਦੇ ਧਾਰਮਿਕ ਤੀਰਥਾਂ ਦਾ ਬਹੁਤ ਸਤਿਕਾਰ ਸੀ। ਉਸ ਸਮੇਂ ਜਦੋਂ ਬਾਕੀ ਭਾਰਤ ਅਤੇ ਵਿਸ਼ਵ ਵਿਚ  ਜਾਤ-ਪਾਤ, ਭੇਦ-ਭਾਵ, ਗੁਲਾਮੀ ਅਤੇ ਸਮਾਜਿਕ ਨਫ਼ਰਤ ਦਾ ਬੋਲ-ਬਾਲਾ ਸੀ। ਰਣਜੀਤ ਸਿੰਘ ਦੀ ਅਗਵਾਈ ਹੇਠਲੇ ਸਰਕਾਰ-ਏ-ਖਾਲਸਾ ਵਿਚ ਬਰਾਬਰੀ, ਭਾਈਚਾਰਕ ਪਿਆਰ ਅਤੇ ਆਪਸੀ ਸਹਿਹੋਂਦ ਨਾਲ ਨਾਗਰਿਕ ਖੁਸ਼, ਵਿਸਮਾਦੀ ਅਤੇ ਸੁਰੱਖਿਅਤ ਜੀਵਨ ਬਤੀਤ ਕਰਦੇ ਸਨ।

ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਦੇ ਨੈਪੋਲੀਅਨ ਵਰਗੇ ਮਹਾਨ ਯੂਰਪੀ ਸ਼ਾਸਕਾਂ ਦਾ ਸਮਕਾਲੀ ਸੀ। ਨਾ ਸਿਰਫ ਫਰਾਂਸ ਸਗੋਂ ਇਟਲੀ ਅਤੇ ਜਰਮਨੀ ਦੇ ਕਈ ਫੌਜੀ ਜਰਨੈਲਾਂ ਨੇ ਖਾਲਸਾ ਫੌਜਾਂ ਨੂੰ ਜੰਗ ਦੀਆਂ ਆਧੁਨਿਕ ਤਕਨੀਕਾਂ ਅਨੁਸਾਰ ਸਿੱਖਿਅਤ ਕੀਤਾ ਸੀ। ਲੋਕ ਭਲਾਈ ਅਤੇ ਸਰਬੱਤ ਦੇ ਭਲੇ ਹਿੱਤ ਉਨ੍ਹਾਂ ਮੁਸ਼ਕਲ ਹਾਲਾਤ ਵਿਚ ਸਫ਼ਲ ਰਾਜ ਕਰਨ ਦਾ ਮਾਣ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਕੁਦਰਤ ਦੀ ਵੰਨ-ਸੁਵੰਨਤਾ ਦੀ ਇਕਸੁਰਤਾ ਦੀਆਂ ਲੀਹਾਂ 'ਤੇ ਅਪਨਾਏ ਗਏ ਆਪਸੀ ਭਾਈਚਾਰਕ ਸਾਂਝ ਅਤੇ ਸਹਿਹੋਂਦ ਵਾਲਾ ਰਾਜ ਮਾਡਲ ਵਰਤਮਾਨ ਵਿਸ਼ਵ ਦੇਸ਼ਾਂ ਲਈ ਪ੍ਰੇਰਨਾ ਦਾ ਵੱਡਾ ਸਰੋਤ ਹੈ। ਇੰਗਲੈਂਡ ਦੀ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਵੱਲੋਂ ਪਿਛਲੀਆਂ ਸਦੀਆਂ ਵਿਚ ਹੋਏ ਵਿਸ਼ਵ ਦੇ ਮਹਾਨ 10 ਹਾਕਮਾਂ ਦੇ ਰਾਜ ਮਾਡਲਾਂ ਬਾਰੇ ਕਰਵਾਏ ਗਏ ਸਰਵੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਵਿਸ਼ਵ ਦਾ ਚੋਟੀ ਦਾ ਹਾਕਮ ਸੀ।

ਇਨਸਾਨੀ ਜ਼ਿੰਦਗੀ ਅੰਦਰ 70 ਫੀਸਦੀ ਰੋਗ ਜਾਨਵਰਾਂ ਤੋਂ ਹੀ ਆਏ ਹਨ (ਵੀਡੀਓ)

ਪੰਜਾਬ ਦੀ ਸਰਕਾਰ-ਏ-ਖਾਲਸਾ ਨਾ ਸਿਰਫ ਉਤਰੀ ਭਾਰਤ, ਸਗੋਂ ਏਸ਼ੀਆ, ਯੂਰਪ ਅਤੇ ਵਿਸ਼ਵ ਦੀ ਇਕ ਸਿੱਖ ਦੀ ਅਗਵਾਈ ਹੇਠ ਸਥਾਪਤ ਰਾਜ ਸੱਤਾ ਸੀ। ਜਿਨ੍ਹਾਂ ਵੀ ਹਾਲਾਤਾਂ ਵਿਚ ਸੰਘਰਸ਼ ਲੜਦਿਆਂ ਮਿਸਲਾਂ ਦੀ ਆਪਸੀ ਫੁੱਟ ਦੇ ਚਲਦਿਆਂ ਮੁਗ਼ਲ ਸਲਤਨਤ ਅਤੇ ਮੁਸਲਿਮ ਵਿਦੇਸ਼ੀ ਹਮਲਾਵਰਾਂ ਦੀ ਕਮਜ਼ੋਰ ਸਥਿਤੀ ਅਤੇ ਕੂਟਨੀਤੀ ਵਾਲੇ ਦਾਅਪੇਚ ਵਰਤਦਿਆਂ ਰਣਜੀਤ ਸਿੰਘ ਨੇ ਵਿਸ਼ਾਲ ਹਕੂਮਤ ਸਥਾਪਤ ਕੀਤੀ ਸੀ, ਉਨ੍ਹਾਂ ਹਾਲਾਤਾਂ ਵਿਚ ਇਹ ਰਾਜ ਗੁਰੂ ਗ੍ਰੰਥ ਸਾਹਿਬ ਦੇ ਵਿਚਾਰਧਾਰਕ ਗੁਰੂ ਸੁਪਨਿਆਂ ਦਾ ਰਾਜ ਸੀ।

ਸਰਕਾਰ-ਏ-ਖਾਲਸਾ ਨੇ ਆਪਣੀ ਸਥਾਪਨਾ ਤੋਂ ਬਾਅਦ ਆਪਣੀਆਂ ਹੱਦਾਂ ਵਧਾਉਣ ਸਮੇਤ ਜੋ ਵੀ ਤਰਜੀਹਾਂ ਨੀਯਤ ਕੀਤੀਆਂ ਸਨ, ਉਨ੍ਹਾਂ ਵਿਚ ਰਾਜ ਦੇ ਸਮਾਜਿਕ ਭਾਈਚਾਰੇ ਨੂੰ ਸਿੱਖੀ ਦੀਆਂ ਅੰਤਰ-ਦ੍ਰਿਸ਼ਟੀਆਂ ਅਨੁਸਾਰ ਆਪਸੀ ਸਹਿਹੋਂਦ ਵਾਲਾ ਸਮਾਜ ਸਿਰਜਣਾ ਇਕ ਵੱਡੀ ਤਰਜੀਹ ਸੀ। ਮੁਗ਼ਲ ਭਾਰਤ, ਏਸ਼ੀਆ, ਯੂਰਪ, ਅਫ਼ਰੀਕਾ, ਅਮਰੀਕਾ ਅਤੇ ਲਾਤੀਨੀ ਅਮਰੀਕਾ ਆਦਿ ਮਹਾਂਦੀਪਾਂ ਵਿਚ ਜਦੋਂ ਸਮਾਜ ਵਿਚ ਗੁਲਾਮ ਪ੍ਰਥਾ, ਹੋਰ ਮਨੁੱਖੀ ਭੇਦਭਾਵ, ਹਾਕਮਾਂ ਦੇ ਜ਼ਾਲਮਾਨਾ ਜਬਰ ਆਦਿ ਕਾਰਨ ਲੋਕਾਈ ਡਾਹਢੇ ਕਸ਼ਟਾਂ ਵਿਚ ਰਹਿ ਰਹੀ ਸੀ ਤਾਂ ਆਪਸੀ ਸਹਿਹੋਂਦ ਵਾਲਾ ਸਮਾਜ ਅਤੇ ਰਾਜ ਸਿਰਜਣਾ ਆਪਣੇ ਆਪ ਵਿਚ ਇਕ ਚਮਤਕਾਰ ਵਾਂਗ ਸੀ। 

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਜਾਹਿਰ ਹੈ ਕਿ ਬੀ.ਬੀ.ਸੀ. ਵੱਲੋਂ ਸਭ ਤੋਂ ਵਧੀਆ ਹਾਕਮ ਬਾਰੇ ਕਰਵਾਏ ਗਏ ਸਰਵੇ ਵਿਚ ਇਹ ਗੱਲ ਪ੍ਰਮੁੱਖ ਸਥਾਨ ਹਾਸਲ ਰੱਖਦੀ ਸੀ। ਵਿਸ਼ਵ ਪੱਧਰ ਦੇ ਜਿਨ੍ਹਾਂ ਇਤਿਹਾਸਕਾਰਾਂ ਨੇ ਸਰਕਾਰ-ਏ-ਖਾਲਸਾ ਦੇ ਹਾਕਮ ਰਣਜੀਤ ਸਿੰਘ ਨੂੰ ਜਾਨ-ਆਫ਼-ਆਰਕ, ਮੁਗ਼ਲ ਹਾਕਮ ਅਕਬਰ, ਰੂਸੀ ਰਾਜਕੁਮਾਰੀ ਕੈਥਰੀਨ ਦੀ ਗ੍ਰੇਟ ਅਤੇ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ ਅਤੇ ਹੋਰ ਹਾਕਮਾਂ ਦੇ ਮੁਕਾਬਲੇ ਜੋ 38 ਫੀਸਦੀ ਵੋਟਾਂ ਪਾਈਆ ਸਨ, ਉਨ੍ਹਾਂ ਦਾ ਪਹਿਲਾ ਨੁਕਤਾ ਇਤਿਹਾਸ ਵਿਚ ਆਪਸੀ ਸਹਿਹੋਂਦ ਵਾਲਾ ਰਾਜ ਕਿਸ ਹਾਕਮ ਨੇ ਸਥਾਪਿਤ ਕੀਤਾ ਸੀ, ਇਸ ਬਾਰੇ ਰਾਏ ਦੇਣਾ ਸੀ।

ਸਰਕਾਰ-ਏ-ਖਾਲਸਾ ਦੇ ਹੱਕ ਵਿਚ ਵੋਟਿੰਗ ਦਾ ਇਕ ਕਾਰਨ ਅੱਜ ਦੇ ਵਿਸ਼ਵ ਦੇਸ਼ਾਂ ਵਿਚ ਕੁਝ ਕੁ ਦੇਸ਼ਾਂ ਨੂੰ ਛੱਡ ਕੇ ਆਪਸੀ ਟਕਰਾਓ ਕਾਰਨ ਮਨੁੱਖੀ ਵਿਯੋਗ ਦਾ ਵਧਣਾ ਹੈ। ਇਸ ਖੰਡਿਤ ਵਿਸ਼ਵ ਦਾ ਇਕ ਹੋਰ ਵੱਡਾ ਕਾਰਨ ਪ੍ਰਚੱਲਿਤ ਸਮਾਜਿਕ ਪ੍ਰਬੰਧਾਂ ਦੀ ਅਸਫ਼ਲਤਾ ਵੀ ਹੈ। ਜ਼ਾਹਿਰ ਹੈ ਕਿ ਅੱਜ ਵਿਸ਼ਵ ਨੂੰ ਸਹਿਹੋਂਦ ਅਤੇ ਵਿਸਮਾਦੀ ਭਾਈਚਾਰੇ ਵਾਲੀ ਸਮਾਜਿਕ ਬਣਤਰ ਦੀ ਲੋੜ ਹੈ। ਬੀ.ਬੀ.ਸੀ. ਦਾ ਇਹ ਸਰਵੇ ਨਾ ਕੇਵਲ ਵਿਸ਼ਵ ਦੇ ਦੇਸ਼ਾਂ, ਸਗੋਂ ਭਾਰਤ ਅਤੇ ਪੰਜਾਬ ਦੀ ਸੱਤਾ ਲਈ ਇਕ ਚਾਨਣ ਮੁਨਾਰੇ ਦਾ ਕੰਮ ਕਰੇਗਾ। ਸਿੱਖ ਪੰਥ ਲਈ ਇਹ ਇਕ ਵੱਡੇ ਮਾਣ ਦੀ ਗੱਲ ਹੈ। ਭਵਿੱਖ ਵਿਚ ਪੰਜਾਬ ਉੱਤੇ ਜਿਸ ਵੀ ਮਾਡਲ ਦੀ ਸੱਤਾ ਸਥਾਪਤ ਹੋਏਗੀ, ਉਸ ਲਈ ਸਰਕਾਰ-ਏ-ਖਾਲਸਾ ਦਾ ਉਪਰੋਕਤ ਸਮਾਜਿਕ ਪ੍ਰਬੰਧ ਅਪਨਾਉਣਾ ਜਰੂਰੀ ਹੋਵੇਗਾ, ਤਦ ਹੀ ਇਕ ਖੁਸ਼ਹਾਲ ਪੰਜਾਬ ਸਿਰਜਿਆ ਜਾ ਸਕੇਗਾ। 

ਭਾਈ ਹਰਿਸਿਮਰਨ ਸਿੰਘ
ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ।
ਮੋ. 98725-91713   


rajwinder kaur

Content Editor rajwinder kaur