ਮਹਾਸ਼ਿਵਰਾਤਰੀ: ਇਸ ਸ਼ੁੱਭ ਮਹੂਰਤ ’ਚ ਕਰੋ ਸ਼ਿਵ ਪੂਜਾ, ਮਿਲੇਗਾ ਲਾਭ
2/21/2020 9:34:17 AM
ਜਲੰਧਰ(ਬਿਊਰੋ)- ਮਹਾਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ੰਕਰ ਜੀ ਦਾ ਪਿਆਰਾ ਅਤੇ ਸਭ ਤੋਂ ਵਧੀਆ ਦਿਨ ਮੰਨਿਆ ਜਾਂਦਾ ਹੈ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ਼ ਨੂੰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ 'ਤੇ ਸ਼ਿਵ ਮੰਦਰਾਂ ਵਿਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਾਗਰਣ ਕਰਕੇ ਸਤਿਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।
ਮਹੂਰਤ
ਸ਼ੁੱਭ ਮਹੂਰਤ ਵਿਚ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਮਨਚਾਹਿਆ ਫਲ ਪ੍ਰਾਪਤ ਹੁੰਦਾ ਹੈ। 21 ਫਰਵਰੀ ਸ਼ਾਮ ਨੂੰ 5: 20 ਤੋਂ ਮਹਾਸ਼ਿਵਰਾਤਰੀ ਦੇ ਤਿਉਹਾਰ ਦਾ ਮਹੂਰਤ ਸ਼ੁਰੂ ਹੋ ਕੇ ਅਗਲੇ ਦਿਨ 22 ਫਰਵਰੀ ਸ਼ਨੀਵਾਰ ਸ਼ਾਮ 7:02 ਮਿੰਟ ਤੱਕ ਰਹੇਗਾ।
ਸ਼ਿਵ ਪੂਜਾ ਵਿਚ ਨਾ ਕਰੋ ਇਹ ਕੰਮ
- ਇਸ ਦਿਨ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ।
- ਭਗਵਾਨ ਸ਼ਿਵ ਨੂੰ ਸਫੈਦ ਫੁੱਲ ਬਹੁਤ ਪਿਆਰੇ ਹਨ ਪਰ ਕੇਤਕੀ ਦਾ ਫੁੱਲ ਸਫੈਦ ਹੋਣ ਦੇ ਬਾਵਜੂਦ ਭੋਲੇਨਾਥ ਦੀ ਪੂਜਾ ਵਿਚ ਨਹੀਂ ਚੜ੍ਹਾਉਣਾ ਚਾਹੀਦਾ।
- ਭਗਵਾਨ ਸ਼ਿਵ ਦੀ ਪੂਜਾ ਕਰਦੇ ਸਮਾਂ ਸ਼ੰਖ ਨਾਲ ਪਾਣੀ ਅਰਪਿਤ ਨਹੀਂ ਕਰਨਾ ਚਾਹੀਦਾ।
- ਭਗਵਾਨ ਸ਼ਿਵ ਦੀ ਪੂਜਾ ਵਿਚ ਤੁਲਸੀ ਦਾ ਪ੍ਰਯੋਗ ਵਰਜਿਤ ਹੈ।
- ਸ਼ਿਵ ਦੀ ਪੂਜਾ ਵਿਚ ਤਿੱਲ ਨਾ ਚੜ੍ਹਾਓ। ਤਿੱਲ ਭਗਵਾਨ ਵਿਸ਼ਣੂ ਦੇ ਮੈਲ ਤੋਂ ਪੈਦਾ ਹੋਏ ਮੰਨੇ ਜਾਂਦੇ ਹਨ, ਇਸ ਲਈ ਭਗਵਾਨ ਵਿਸ਼ਣੂ ਨੂੰ ਤਿੱਲ ਅਰਪਿਤ ਕੀਤੇ ਜਾਂਦੇ ਹਨ ਪਰ ਸ਼ਿਵ ਜੀ ਨੂੰ ਨਹੀਂ ਚੜ੍ਹਦੇ
- ਸ਼ਿਵ ਪ੍ਰਤੀਮਾ ’ਤੇ ਨਾਰੀਅਲ ਚੜ੍ਹਾ ਸਕਦੇ ਹੋ ਪਰ ਨਾਰੀਅਲ ਦਾ ਪਾਣੀ ਨਹੀਂ।
- ਚੌਲ ਸਫੈਦ ਰੰਗ ਦੇ ਸਾਬੂਤ ਹੋਣੇ ਚਾਹੀਦੇ ਹਨ, ਟੁੱਟੇ ਹੋਏ ਚੌਲਾਂ ਦਾ ਇਸਤੇਮਾਲ ਪੂਜਾ ਵਿਚ ਨਹੀਂ ਕੀਤਾ ਜਾਂਦਾ।
- ਫੁੱਲ ਮੁਰਝਾਏ ਹੋਏ ਨਹੀਂ ਹੋਣੇ ਚਾਹੀਦੇ।