ਚੇਤ ਨੌਰਾਤੇ 2019: ਅੱਜ ਇਸ ਵਿਧੀ ਨਾਲ ਕਰੋ ਮਾਂ ਸ਼ੈਲਪੁੱਤਰੀ ਦੀ ਪੂਜਾ
4/6/2019 12:18:24 PM

6 ਅਪ੍ਰੈਲ ਯਾਨੀ ਅੱਜ ਤੋਂ ਨੌਰਾਤੇ ਸ਼ੁਰੂ ਹੋ ਗਏ ਹਨ। ਹਿੰਦੂ ਧਰਮ ਦਾ ਇਹ ਪ੍ਰਮੁੱਖ ਤਿਉਹਾਰ ਇਸ ਮਹੀਨੇ ਦੀ 14 ਤਾਰੀਕ ਤੱਕ ਚੱਲੇਗਾ। ਇਸ ਦੌਰਾਨ ਨਵਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਵੇਗੀ, ਜੋ ਹਨ ਸ਼ੈਲਪੁੱਤਰੀ, ਬ੍ਰਹਮਾਚਾਰਿਨੀ, ਚੰਦਰਘੰਟਾ, ਕੁਸ਼ਮਾਂਡਾ, ਸਕੰਦਮਾਤਾ, ਕਾਤਿਆਯਿਨੀ, ਕਾਲਰਾਤਰੀ, ਮਹਾਗੌਰੀ ਅਤੇ ਸਿੱਧਦਾਤਰੀ ਹਨ। ਮਾਨਤਾ ਹੈ ਕਿ ਮਾਂ ਸ਼ੈਲਪੁੱਤਰੀ ਕਿਸਮਤ ਦਾ ਪ੍ਰਤੀਕ ਹੈ। ਜੋ ਵੀ ਇਨ੍ਹਾਂ ਦੀ ਸੱਚੇ ਮਨ ਨਾਲ ਪੂਜਾ ਕਰਦਾ ਹੈ, ਉਨ੍ਹਾਂ ਨੂੰ ਕਿਸਮਤ ਦੀ ਪ੍ਰਾਪਤੀ ਹੁੰਦੀ ਹੈ। ਸ਼ਾਸਤਰਾਂ 'ਚ ਇਨ੍ਹਾਂ ਦੇ ਰੂਪ ਨੂੰ ਕੁਝ ਇਸ ਤਰ੍ਹਾਂ ਦੱਸਿਆ ਗਿਆ ਹੈ- ਮਾਂ ਸ਼ੈਲਪੁੱਤਰੀ ਬੈਲ 'ਤੇ ਸਵਾਰੀ ਕਰਦੀ ਹੈ, ਇਨ੍ਹਾਂ ਦੇ ਇਕ ਹੱਥ 'ਚ ਤ੍ਰਿਸ਼ੂਲ ਅਤੇ ਖੱਬੇ ਹੱਥ 'ਚ ਕਮਲ ਦਾ ਫੁੱਲ ਹੁੰਦਾ ਹੈ।
ਪਹਿਲੇ ਦਿਨ ਦੀ ਪੂਜਾ ਵਿਧੀ
1- ਕੁਝ ਮਾਨਤਾਵਾਂ ਅਨੁਸਾਰ ਨੌਰਾਤੇ ਦੇ ਪਹਿਲੇ ਦਿਨ ਕਲਸ਼ ਸਥਾਪਨਾ ਕੀਤੀ ਜਾਂਦੀ ਹੈ। ਜੋਤਿਸ਼ ਅਨੁਸਾਰ ਜਿਸ ਸਥਾਨ 'ਤੇ ਕਲਸ਼ ਸਥਾਪਨਾ ਕੀਤੀ ਜਾਂਦੀ ਹੈ, ਉਸ ਨੂੰ ਗੰਗਾਜਲ ਆਦਿ ਨਾਲ ਪਵਿੱਤਰ ਕਰ ਲਵੋ।
2- ਇਸ ਤੋਂ ਬਾਅਦ ਮਿੱਟੀ ਦੀ ਹਾਂਡੀ 'ਚ ਜੌਂ ਪਾਓ। ਫਿਰ ਇਸ ਮਿੱਟੀ ਦੇ ਭਾਂਡੇ ਨੂੰ ਪੂਜਾ ਸਥਾਨ 'ਤੇ ਰੱਖ ਲਵੋ।
3- ਹੁਣ ਕਲਸ਼ ਲੈ ਕੇ ਉਸ 'ਚ ਸਵੱਛ ਪਾਣੀ ਭਰੋ, ਫਿਰ ਇਸ 'ਚ ਇਕ ਸੁਪਾਰੀ, ਇਕ ਸਿੱਕਾ ਪਾ ਦਿਓ। ਫਿਰ ਕਲਸ਼ ਦੇ ਉੱਪਰ ਨਾਰੀਅਲ ਰੱਖੋ।
ਧਿਆਨ ਰਹੇ ਕਿ ਕਲਸ਼ 'ਤੇ ਨਾਰੀਅਲ ਨੂੰ ਸਥਾਪਤ ਕਰਨ ਤੋਂ ਪਹਿਲਾਂ ਉਸ 'ਤੇ ਮੋਲੀ ਅਤੇ ਲਾਲ ਰੰਗ ਦੀ ਚੁੰਨੀ ਜ਼ਰੂਰੀ ਬੰਨ੍ਹ ਲਵੋ। ਹੁਣ ਇਸ ਕਲਸ਼ ਨੂੰ ਪੂਜਾ ਵਾਲੇ ਸਥਾਨ 'ਤੇ ਸਥਾਪਤ ਕਰ ਸਕਦੇ ਹਨ।
ਜੋਤਿਸ਼ ਅਨੁਸਾਰ ਕਲਸ਼ ਦੇ ਹੇਠਾਂ ਥੋੜ੍ਹੇ ਕਣਕ ਦੇ ਦਾਣੇ ਵੀ ਰੱਖ ਸਕਦੇ ਹਨ। ਆਖਰ 'ਚ ਸਾਰੇ ਦੇਵੀ-ਦੇਵਤਿਆਂ ਨੂੰ ਯਾਦ ਕਰੋ। ਹੁਣ ਕਲਸ਼ ਦੇ ਅੱਗੇ ਘਿਓ ਦਾ ਦੀਪਕ ਅਤੇ ਧੂਫ਼ ਜਗਾਓ।
ਮਾਂ ਦੁਰਗਾ ਦੀ ਚੌਕੀ ਦੀ ਸਥਾਪਨਾ ਵਿਧੀ
ਚੇਤ ਨੌਰਾਤੇ ਦੇ ਪਹਿਲੇ ਦਿਨ ਇਕ ਲੱਕੜ ਦੀ ਚੌਕੀ (ਪੀੜ੍ਹੀ) ਲਵੋ। ਇਸ ਨੂੰ ਗੰਗਾਜਲ ਨਾਲ ਸਾਫ਼ ਕਰੋ। ਫਿਰ ਇਸ ਪੀੜ੍ਹੀ 'ਤੇ ਇਕ ਲਾਲ ਰੰਗ ਦਾ ਕੱਪੜਾ ਵਿਛਾਓ। ਧਿਆਨ ਰਹੇ ਕਿ ਮਾਤਾ ਦੀ ਪੀੜ੍ਹੀ ਨੂੰ ਕਲਸ਼ ਦੇ ਸੱਜੇ ਪਾਸੇ ਰੱਖੋ। ਹੁਣ ਪੀੜ੍ਹੀ 'ਤੇ ਮਾਂ ਦੁਰਗਾ ਦੀ ਤਸਵੀਰ ਜਾਂ ਮੂਰਤੀ ਸਥਾਪਤ ਕਰੋ। ਇਸ ਨੂੰ ਸਥਾਪਤ ਕਰਨ ਤੋਂ ਬਾਅਦ ਦੇਵੀ ਨੂੰ ਸਿੰਦੂਰ ਦਾ ਤਿਲਕ ਲਗਾਓ ਅਤੇ ਦੇਵੀ ਨੂੰ ਲਾਲ ਰੰਗ ਦੀ ਚੁੰਨੀ ਚੜ੍ਹਾਓ ਅਤੇ ਫੁੱਲਾਂ ਦੀ ਮਾਲਾ ਚੜ੍ਹਾਓ।