ਅੱਜ ''ਸ਼ਰਦ ਪੁੰਨਿਆ'' ਦੇ ਖ਼ਾਸ ਮੌਕੇ ਰਾਤ ਨੂੰ ਇੰਝ ਕਰੋ ਮਾਂ ਲਕਸ਼ਮੀ ਜੀ ਦੀ ਪੂਜਾ, ਧਨ-ਜਾਇਦਾਦ ਨਾਲ ਹੋਵੋਗੇ ਮਾਲਾਮਾਲ
10/19/2021 11:27:03 AM
ਨਵੀਂ ਦਿੱਲੀ (ਬਿਊਰੋ) : ਅੱਸੂ ਮਹੀਨੇ ਦੀ ਪੁੰਨਿਆ ਨੂੰ 'ਸ਼ਰਦ ਪੁੰਨਿਆ' ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ 19 ਅਕਤੂਬਰ ਯਾਨੀਕਿ 'ਸ਼ਰਦ ਪੁੰਨਿਆ' ਮਨਾਈ ਜਾ ਰਹੀ ਹੈ। ਇਸ ਨੂੰ ਕੋਜਾਗਰੀ ਤੇ ਰਾਜ ਪੁੰਨਿਆ ਵੀ ਕਿਹਾ ਜਾਂਦਾ ਹੈ। ਹਿੰਦੂ ਧਰਮ 'ਚ ਸ਼ਰਦ ਪੁੰਨਿਆ ਦਾ ਕਾਫ਼ੀ ਮਹੱਤਵ ਹੈ।
ਸ਼ਰਦ ਪੁੰਨਿਆ ਵਾਲੇ ਦਿਨ ਧਨ-ਵੈਭਵ ਦੀ ਦੇਵੀ ਮਾਂ ਲਕਸ਼ਮੀ ਦਾ ਜਨਮ ਹੋਇਆ ਸੀ, ਇਸ ਲਈ ਸ਼ਰਦ ਪੁੰਨਿਆ ਵਾਲੇ ਦਿਨ ਮਾਤਾ ਲਕਸ਼ਮੀ ਜੀ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਖ਼ੁਸ਼ ਹੋ ਕੇ ਮਾਤਾ ਲਕਸ਼ਮੀ ਜੀ ਆਪਣੇ ਭਗਤਾਂ ਨੂੰ ਧਨ-ਖੁਸ਼ਹਾਲੀ ਤੇ ਵੈਭਵ ਨਾਲ ਭਰ ਦਿੰਦੀ ਹੈ। ਉਨ੍ਹਾਂ ਨੂੰ ਧਨ ਦੀ ਕਮੀ ਨਹੀਂ ਰਹਿੰਦੀ।
ਧਾਰਮਿਕ ਮਾਨਤਾਵਾਂ ਅਨੁਸਾਰ, ਸ਼ਰਦ ਪੁੰਨਿਆ ਦੀ ਅੱਧੀ ਰਾਤ ਮਾਂ ਲਕਸ਼ਮੀ ਜੀ ਆਪਣੀ ਸਵਾਰੀ ਉੱਲੂ 'ਤੇ ਸਵਾਰ ਹੁੰਦੀ ਹੈ। ਉਹ ਧਰਤੀ ਦਾ ਦੌਰਾ ਕਰਦੀ ਹੈ ਅਤੇ ਚਾਨਣੀ ਰਾਤ 'ਚ ਮਨਹੋਰ ਦ੍ਰਿਸ਼ਾਂ ਦਾ ਆਨੰਦ ਲੈਂਦੀ ਹੈ। ਸੈਰ ਦੌਰਾਨ ਉਹ ਇਹ ਵੀ ਦੇਖਦੀ ਹੈ ਕਿ ਕਿਹੜਾ ਵਿਅਕਤੀ ਰਾਤ ਨੂੰ ਜਗ ਕੇ ਉਸ ਦੀ ਅਰਾਧਨਾ ਕਰ ਰਿਹਾ ਹੈ। ਮਾਤਾ ਲਕਸ਼ਮੀ ਜੀ ਉਸ ਵਿਅਕਤੀ 'ਤੇ ਆਪਣੀ ਕਿਰਪਾ ਕਰਦੀ ਹੈ।
ਸ਼ਰਦ ਪੁੰਨਿਆ ਨੂੰ ਲਕਸ਼ਮੀ ਪੂਜਾ ਦਾ ਮਹੱਤਵ
ਜੋਤੀਸ਼ ਆਚਾਰੀਆ ਦਾ ਕਹਿਣਾ ਹੈ ਕਿ ਸ਼ਰਦ ਪੁੰਨਿਆ ਸਬੰਧੀ ਜੋਤਿਸ਼ੀਆਂ ਦਾ ਮਤ ਇਹ ਹੈ ਕਿ ਜਿਹੜੇ ਵਿਅਕਤੀ ਇਸ ਰਾਤ ਮਾਤਾ ਲਕਸ਼ਮੀ ਜੀ ਦੀ ਵਿਧੀਪੂਰਵਕ ਪੂਜਾ ਕਰਦੇ ਹਨ, ਉਸ ਨੂੰ ਮਾਤਾ ਧਨ-ਜਾਇਦਾਦ ਨਾਲ ਮਾਲਾਮਾਲ ਕਰ ਦਿੰਦੀ ਹੈ, ਭਾਵੇਂ ਉਸ ਵਿਅਕਤੀ ਦੀ ਕੁੰਡਲੀ 'ਚ ਧਨ ਯੋਗ ਹੋਵੇ ਜਾਂ ਨਾ ਹੋਵੇ। ਸ਼ਰਦ ਪੁੰਨਿਆ ਨੂੰ ਕੋਜਾਗਰੀ ਪੁੰਨਿਆ ਵੀ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ ਕਿ ਕਿਹੜਾ ਜਾਗ ਰਿਹਾ ਹੈ। ਜਿਹੜਾ ਰਾਤ ਨੂੰ ਜਾਗ ਕੇ ਮਾਤਾ ਲਕਸ਼ਮੀ ਜੀ ਦੀ ਪੂਜਾ ਕਰਦਾ ਹੈ, ਉਸ ਨੂੰ ਹੀ ਮਾਤਾ ਲਕਸ਼ਮੀ ਜੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਸ਼ਰਦ ਪੁੰਨਿਆ ਨੂੰ ਲਕਸ਼ਮੀ ਪੂਜਾ ਦੀ ਵਿਧੀ
1. ਸ਼ਰਦ ਪੁੰਨਿਆ ਵਾਲੇ ਦਿਨ ਰੂਟੀਨ ਦੇ ਕਾਰਜਾਂ ਤੋਂ ਵਿਹਲੇ ਹੋ ਕੇ ਸਾਫ਼-ਸੁਥਰੇ ਕੱਪੜੇ ਧਾਰਨ ਕਰੋ। ਇਸ ਤੋਂ ਬਾਅਦ ਮਾਂ ਲਕਸ਼ਮੀ ਜੀ ਦੇ ਵਰਤ ਦਾ ਸੰਕਲਪ ਕਰੋ।
2. ਇਸ ਤੋਂ ਬਾਅਦ ਪੂਜਾ ਸਥਾਨ 'ਤੇ ਮਾਤਾ ਲਕਸ਼ਮੀ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰੋ। ਫਿਰ ਉਨ੍ਹਾਂ ਦੀ ਵਿਧੀ-ਵਿਧਾਨ ਨਾਲ ਪੂਜਾ ਕਰੋ। ਮਾਤਾ ਲਕਸ਼ਮੀ ਨੂੰ ਅਕਸ਼ਤ, ਦੂਰਵਾ, ਲਾਲ ਧਾਗਾ, ਸੁਪਾਰੀ, ਚੰਦਨ, ਫੁੱਲਾਂ ਦੀ ਮਾਲਾ, ਨਾਰੀਅਲ, ਫਲ਼, ਮਠਿਆਈ ਆਦਿ ਭੇਟ ਕਰੋ।
3. ਇਸ ਤੋਂ ਬਾਅਦ ਘਿਉ ਦੇ ਦੀਵੇ ਜਾਂ ਕਪੂਰ ਨਾਲ ਮਾਤਾ ਲਕਸ਼ਮੀ ਜੀ ਦੀ ਆਰਤੀ ਕਰੋ। ਇਸ ਤੋਂ ਬਾਅਦ ਰਾਤ ਨੂੰ ਚੰਨ ਨਿਕਲਣ 'ਤੇ ਘਿਉ ਦੇ 100 ਦੀਵੇ ਜਗਾਓ। ਮਾਤਾ ਲਕਸ਼ਮੀ ਜੀ ਸ਼ਰਦ ਪੁੰਨਿਆ ਦੀ ਅੱਧੀ ਰਾਤ ਜਦੋਂ ਸੈਰ 'ਤੇ ਨਿਕਲੇਗੀ ਤਾਂ ਜ਼ਰੂਰ ਆਪਣੀ ਕਿਰਪਾ ਦਾ ਮੀਂਹ ਪਾਵੇਗੀ।
4. ਕੋਜਾਗਰੀ ਵਰਤ ਨਾਲ ਮਾਤਾ ਲਕਸ਼ਮੀ ਜੀ ਸੰਤੁਸ਼ਟ ਹੁੰਦੀ ਹੈ ਅਤੇ ਇਸ ਤੋਂ ਖ਼ੁਸ਼ ਹੋ ਕੇ ਧਨ-ਖੁਸ਼ਹਾਲੀ ਦਿੰਦੀ ਹੈ। ਮੌਤ ਤੋਂ ਬਾਅਦ ਪਰਲੋਕ 'ਚ ਵੀ ਸਦਗਤੀ ਪ੍ਰਦਾਨ ਕਰਦੀ ਹੈ।