Janmashtami 2021: ਜਾਣੋ ਕਿਉਂ ਮਨਾਇਆ ਜਾਂਦਾ ਹੈ ਦਹੀਂ-ਹਾਂਡੀ ਉਤਸਵ, ਕਿਵੇਂ ਹੋਈ ਇਸ ਦੀ ਸ਼ੁਰੂਆਤ
8/31/2021 10:47:22 AM
ਜਲੰਧਰ (ਬਿਊਰੋ) - ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 30 ਅਗਸਤ, 2021 ਨੂੰ ਮਨਾਈ ਗਈ। ਜਨਮ ਅਸ਼ਟਮੀ ਦੇ ਅਗਲੇ ਦਿਨ ਦਹੀਂ-ਹਾਂਡੀ ਉਤਸਵ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ, ਜੋ ਕਈ ਸਾਲਾਂ ਤੋਂ ਚਲਿਆ ਆ ਰਿਹਾ ਹੈ। ਦਹੀਂ-ਹਾਂਡੀ ਉਤਸਵ ’ਤੇ ਨੌਜਵਾਨ ਪੀੜ੍ਹੀ ਵੱਖ-ਵੱਖ ਟੋਲੀਆਂ ਬਣਾ ਕੇ ਉੱਚਾਈ ’ਤੇ ਲਗਾਈ ਹੋਈ ਦਹੀਂ-ਹਾਂਡੀ ਨੂੰ ਫੋੜਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਤੋਂ ਬਾਅਦ ਦਹੀਂ-ਹਾਂਡੀ ਉਤਸਵ ਕਿਉਂ ਮਨਾਇਆ ਜਾਂਦਾ ਹੈ...
ਦਹੀਂ-ਹਾਂਡੀ ਉਤਸਵ
ਦਹੀਂ-ਹਾਂਡੀ ਉਤਸਵ ਮੁੱਖ ਤੌਰ 'ਤੇ ਮਹਾਰਾਸ਼ਟਰ ਤੇ ਗੁਜਰਾਤ 'ਚ ਮਨਾਇਆ ਜਾਂਦਾ ਹੈ ਪਰ ਇਹ ਦੇਸ਼ ਦੇ ਕੁਝ ਹੋਰ ਹਿੱਸਿਆਂ 'ਚ ਵੀ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਕ੍ਰਿਸ਼ਨ ਦੇ ਧਰਤੀ 'ਤੇ ਜਨਮ ਲੈਣ ਦੀ ਖੁਸ਼ੀ 'ਚ ਚੌਕਾਂ 'ਤੇ ਦਹੀਂ ਤੇ ਮੱਖਣ ਨਾਲ ਭਰੀਆਂ ਮਟਕੀਆਂ ਜਾਂ ਹਾਂਡੀ ਲਟਕਾਈ ਜਾਂਦੀ ਹੈ। ਬੱਚੇ ਤੇ ਨੌਜਵਾਨ ਗੋਵਿੰਦਾ ਬਣ ਕੇ ਇਸ ਉਤਸਵ 'ਚ ਸ਼ਾਮਲ ਹੁੰਦੇ ਹਨ। ਗੋਵਿੰਦਾ ਦੀਆਂ ਅਲੱਗ-ਅਲੱਗ ਟੀਮਾਂ ਇਨ੍ਹਾਂ ਮਟਕੀਆਂ ਨੂੰ ਭੰਨ੍ਹਣ ਦਾ ਯਤਨ ਕਰਦੀਆਂ ਹਨ, ਜੋ ਟੀਮ ਸਫ਼ਲ ਹੁੰਦੀ ਹੈ ਉਸ ਨੂੰ ਪੁਰਸਕਾਰ ਵੀ ਦਿੱਤਾ ਜਾਂਦਾ ਹੈ।
ਦਹੀਂ-ਹਾਂਡੀ ਦਾ ਇਤਿਹਾਸ
ਭਗਵਾਨ ਕ੍ਰਿਸ਼ਨ ਦਾ ਬਚਪਨ ਗੋਕੁਲ ਤੇ ਵਰਿੰਦਾਵਨ 'ਚ ਬਾਲ ਲੀਲ੍ਹਾਵਾਂ ਕਰਦਿਆਂ ਲੰਘਿਆ ਸੀ। ਬਚਪਨ 'ਚ ਸ਼੍ਰੀ ਕ੍ਰਿਸ਼ਨ ਨੂੰ ਦਹੀਂ ਅਤੇ ਮੱਖਣ ਬਹੁਤ ਪਿਆਰਾ ਸੀ, ਅਕਸਰ ਉਹ ਗੋਪੀਆਂ ਦੇ ਘਰੋਂ ਮੱਖਣ ਚੋਰੀ ਕਰ ਕੇ ਖਾਂਦੇ ਸਨ। ਮੱਖਣ ਲਈ ਉਹ ਮਈਆ ਯਸ਼ੋਦਾ ਨੂੰ ਵੀ ਪਰੇਸ਼ਾਨ ਕਰਦੇ ਸਨ। ਕਈ ਵਾਰ ਉਹ ਮੱਖਣ ਚੋਰੀ ਦੇ ਚੱਕਰ 'ਚ ਹਾਂਡੀ ਭੰਨ੍ਹ ਦਿੰਦੇ ਸਨ। ਉਹ ਆਪਣੇ ਘਰ ਦੀਆਂ ਹੀ ਨਹੀਂ, ਗੋਪੀਆਂ ਦੀਆਂ ਵੀ ਉਨ੍ਹਾਂ ਮਟਕੀਆਂ ਨੂੰ ਭੰਨ੍ਹ ਦਿੰਦੇ ਸਨ ਜਿਨ੍ਹਾਂ ਵਿਚ ਮੱਖਣ ਰੱਖਿਆ ਹੁੰਦਾ ਸੀ।
ਦਹੀ ਹਾਂਡੀ ਦੀ ਮਹੱਤਤਾ
ਅਸੀਂ ਸਾਰੇ ਜਾਣਦੇ ਹਾਂ ਕਿ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਇਕ ਦਿਨ ਬਾਅਦ ਦਹੀ ਹਾਂਡੀ ਨੂੰ ਤੋੜਨ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਸ ਦੇ ਪਿੱਛੇ ਮਾਨਤਾ ਇਹ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਮੱਖਣ ਯਾਨੀ ਦਹੀਂ ਬਹੁਤ ਪਸੰਦ ਸੀ। ਜਦੋਂ ਸ਼੍ਰੀ ਕ੍ਰਿਸ਼ਨ ਜੀ ਛੋਟੇ ਜਿਹੇ ਸਨ ਤਾਂ ਉਹ ਗੁਆਂਢੀਆਂ ਦੇ ਘਰ ਜਾ ਕੇ ਮੱਖਣ ਚੋਰੀ ਕਰਦੇ ਸਨ ਅਤੇ ਫਿਰ ਉਸ ਨੂੰ ਬੜੇ ਸੁਆਦ ਨਾਲ ਖਾਂਦੇ ਸਨ। ਇਸੇ ਕਾਰਨ ਸ਼੍ਰੀ ਕ੍ਰਿਸ਼ਨ ਜੀ ਨੂੰ ਮੱਖਣ ਚੋਰ ਕਹਿੰਦੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸਾਰੇ ਲੋਕਾਂ ਦੇ ਘਰ ਜਾ ਕੇ ਮੱਖਣ ਚੋਰੀ ਕਰਕੇ ਖਾਂਦੇ ਸਨ। ਇਸ ਕਾਰਨ ਮਾਂ ਯਸ਼ੋਦਾ ਸ਼੍ਰੀ ਕ੍ਰਿਸ਼ਨ ਜੀ ਤੋਂ ਬਹੁਤ ਪਰੇਸ਼ਾਨ ਹੋ ਗਈ ਸੀ।
ਇਸੇ ਕਰਕੇ ਮਾਂ ਯਸ਼ੋਦਾ ਨੇ ਸਾਰੇ ਗੁਆਂਢੀਆਂ ਨੂੰ ਉੱਚਾਈ 'ਤੇ ਦਹੀ, ਮੱਖਣ ਦੀਆਂ ਹਾਂਡੀਆਂ ਬੰਨ੍ਹਣ ਦੀ ਸਲਾਹ ਦਿੱਤੀ। ਸ਼ਰਾਰਤੀ ਸ਼੍ਰੀ ਕ੍ਰਿਸ਼ਨ ਜੀ ਜੀ ਮੱਖਣ ਖਾਣ ਬਾਜ਼ ਨਹੀਂ ਆਏ। ਚਾਈ 'ਤੇ ਹੈਂਡੀਆਂ ਨੂੰ ਲਟਕਾਉਣ ਤੋਂ ਬਾਅਦ ਵੀ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਮਨੁੱਖੀ ਚੈਨ ਬਣਾ ਲਈ ਅਤੇ ਉਚਾਈ ’ਤੇ ਲਟਕਾਈਆਂ ਦਹੀਂ-ਹਾਂਡੀਆਂ ਤੱਕ ਪਹੁੰਚ ਗਏ। ਹਾਂਡੀ ਤੋੜਨ ਤੋਂ ਬਾਅਦ ਉਹ ਮੱਖਣ ਆਪਸ ’ਚ ਵੰਡ ਲੈਂਦੇ। ਇਸੇ ਕਰਕੇ ਦਹੀ ਹਾਂਡੀ ਦਾ ਤਿਉਹਾਰ ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਯਾਨੀ ਕ੍ਰਿਸ਼ਨ ਜਨਮ ਅਸ਼ਟਮੀ ’ਤੇ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।