56 ਭੋਗ ਦੀ ਜਗ੍ਹਾ ਸ਼੍ਰੀ ਕ੍ਰਿਸ਼ਨ ਜੀ ਨੂੰ ਲਗਾਓ 1 ਭੋਗ, ਪੂਰੀਆਂ ਹੋਣਗੀਆਂ ਮਨੋਕਾਮਨਾਵਾਂ
8/22/2019 1:11:14 PM

ਜਲੰਧਰ (ਬਿਊਰੋ)— ਹਿੰਦੂਆਂ ਲਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਪਾਲਣਹਾਰ ਸ਼੍ਰੀ ਹਰਿ ਵਿਸ਼ਣੂ ਨੇ ਸ਼੍ਰੀ ਕ੍ਰਿਸ਼ਨ ਦੇ ਰੂਪ 'ਚ ਅੱਠਵਾਂ ਅਵਤਾਰ ਧਾਰਨ ਕੀਤਾ ਸੀ। ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਹਿੰਦੂ ਗ੍ਰੰਥਾਂ ਮੁਤਾਬਕ, ਹਰ ਸਾਲ ਭਾਦਰਪਦ ਦੀ ਅਸ਼ਟਮੀ 'ਤੇ ਕਾਨ੍ਹਾ ਦਾ ਜਨਮਦਿਨ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਦੀ ਧੂੰਮ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਦੇਖਣ ਨੂੰ ਮਿਲਦੀ ਹੈ। ਜੋਤਿਸ਼ ਸ਼ਾਸਤਰਾਂ ਅਨੁਸਾਰ ਜਨਮ ਅਸ਼ਟਮੀ ਦੇ ਦਿਨ ਸ਼੍ਰੀ ਕ੍ਰਿਸ਼ਨ ਨੂੰ ਤਰ੍ਹਾਂ-ਤਰ੍ਹਾਂ ਦਾ ਭੋਗ ਲਗਾਇਆ ਜਾਂਦਾ ਹੈ। ਮਾਨਤਾ ਹੈ ਇਸ ਦਿਨ ਮੁਰਲੀ ਮਨੋਹਰ ਨੂੰ 56 ਭੋਗ ਲਗਾਉਣ ਨਾਲ ਉਨ੍ਹਾਂ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ ਪਰ ਕੁਝ ਅਜਿਹੇ ਲੋਕ ਹੀ ਹੁੰਦੇ ਹਨ ਜਿਨ੍ਹਾਂ ਲਈ 56 ਭੋਗ ਲਗਾਉਣਾ ਆਸਾਨ ਨਹੀਂ ਹੁੰਦਾ। ਜੇਕਰ ਤੁਸੀਂ ਵੀ 56 ਭੋਗ ਲਗਾਉਣ 'ਚ ਅਸਮੱਰਥ ਹੋ ਤਾਂ ਅੱਜ ਅਸੀਂ ਤੁਹਾਨੂੰ ਸ਼੍ਰੀ ਕ੍ਰਿਸ਼ਨ ਦੇ ਅਜਿਹੇ ਮਨਪਸੰਦੀ ਭੋਗ ਬਾਰੇ ਦੱਸਣ ਜਾ ਰਹੇ ਹਾਂ ਜੋ 56 ਭੋਗ ਤੋਂ ਵੀ ਉੱਪਰ ਮੰਨਿਆ ਜਾਂਦਾ ਹੈ। ਤੁਸੀਂ ਇਸ ਭੋਗ ਨਾਲ ਵੀ ਸ਼੍ਰੀ ਕ੍ਰਿਸ਼ਨ ਨੂੰ ਖੁਸ਼ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਜਨਮ ਅਸ਼ਟਮੀ ਵਾਲੇ ਦਿਨ ਲਗਾਏ ਜਾਣ ਵਾਲੇ ਇਸ ਖਾਸ ਭੋਗ ਬਾਰੇ।
ਮੱਖਣ ਮਿਸ਼ਰੀ ਦਾ ਭੋਗ
ਪੁਰਾਣੇ ਸਮੇਂ ਦੀ ਮਾਨਤਾ ਅਨੁਸਾਰ ਨਟਖਟ ਬਾਲ ਗੋਪਾਲ ਨੂੰ ਮੱਖਣ ਬਹੁਤ ਪਸੰਦ ਹੈ। ਹਿੰਦੂ ਧਰਮ ਦੇ ਗੰ੍ਰਥਾਂ 'ਚ ਕ੍ਰਿਸ਼ਨ ਜੀ ਦੀਆਂ ਗਵਾਲਿਆਂ ਨਾਲ ਮਿਲ ਕੇ ਮੱਖਣ ਚੋਰੀ ਕਰਨ ਦੀਆਂ ਕਈ ਕਥਾਵਾਂ ਮਿਲਦੀਆਂ ਹਨ। ਇਸ ਲਈ ਇਨ੍ਹਾਂ ਨੂੰ 'ਮਾਖਨ ਚੋਰ' ਵੀ ਕਿਹਾ ਜਾਂਦਾ ਹੈ। ਕਹਿੰਦੇ ਹਨ ਕਿ ਖੁਦ ਮਇਆ ਯਸ਼ੋਦਾ ਆਪਣੇ ਹੱਥਾਂ ਨਾਲ ਮੱਖਣ ਮਿਸ਼ਰੀ ਬਣਾ ਕੇ ਕ੍ਰਿਸ਼ਨ ਜੀ ਨੂੰ ਖਿਲਾਉਂਦੀ ਸੀ।
ਇੰਝ ਕਰੋ ਮੱਖਣ ਮਿਸ਼ਰੀ ਤਿਆਰ
- ਸਭ ਤੋਂ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਹਲਕਾ ਕੋਸਾ ਕਰ ਲਓ।
- ਫਿਰ ਦੁੱਧ 'ਚ ਇਕ ਚਮਚ ਦਹੀ ਨੂੰ ਚੰਗੀ ਤਰ੍ਹਾਂ ਘੋਲ ਲਓ।
- ਇਸ ਤੋਂ ਬਾਅਦ ਦੁੱਧ ਨੂੰ ਕਿਸੇ ਗਰਮ ਥਾਂ 'ਤੇ ਰੱਖ ਕੇ ਉੱਪਰੋ ਪਲੇਟ ਨਾਲ ਢੱਕ ਕੇ 6 ਘੰਟਿਆਂ ਲਈ ਰੱਖ ਦਿਓ।
- ਜਦੋਂ ਦਹੀ ਜੰਮ ਜਾਵੇ ਤਾਂ ਉਸ ਨੂੰ ਦੋ ਘੰਟਿਆਂ ਲਈ ਫਰਿੱਜ 'ਚ ਰੱਖ ਦਿਓ ਫਿਰ ਦਹੀ ਇਕ ਮਿਕਸਰ ਜਾਰ 'ਚ ਪਾ ਕੇ ਇਕ ਗਿਲਾਸ ਠੰਡਾ ਪਾਣੀ ਜਾਂ ਬਰਫ ਦੇ ਕੁਝ ਟੁੱਕੜੇ ਪਾ ਲਓ। ਇਸ ਨਾਲ ਮੱਟਾ ਅਤੇ ਮੱਖਣ ਵੱਖ-ਵੱਖ ਹੋ ਜਾਵੇਗਾ।
- ਮੱਖਣ ਨੂੰ ਇਕ ਗਿਲਾਸ ਪਾਣੀ ਪਾ ਕੇ ਧੋ ਲਓ, ਇਸ ਤੋਂ ਬਾਅਦ ਮੱਖਣ 'ਚ ਤੁਲਸੀ ਦੇ ਪੱਤੇ ਤੇ ਮਿਸ਼ਰੀ ਪਾ ਦਿਓ।