ਜਾਣੋ ਕਿਸ ਦਿਨ ਮਨਾਏ ਜਾਣਗੇ ਧਨਤੇਰਸ, ਦੀਵਾਲੀ, ਭਾਈ ਦੂਜ ਸਣੇ ਹੋਰ ਤਿਉਹਾਰ ਤੇ ਕਦੋਂ ਲੱਗੇਗਾ ਸੂਰਜ ਗ੍ਰਹਿਣ
10/19/2022 5:29:33 PM
ਜਲੰਧਰ (ਬਿਊਰੋ) : ਦੁਸਹਿਰੇ ਦੇ ਤਿਉਹਾਰ ਤੋਂ ਬਾਅਦ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਧਨਤੇਰਸ ਨਾਲ ਹੁੰਦੀ ਹੈ। ਇਸ ਤੋਂ ਬਾਅਦ ਰੂਪ-ਚੌਦਸ, ਦੀਵਾਲੀ, ਗੋਵਰਧਨ ਪੂਜਾ ਤੇ ਅਖੀਰ ਵਿਚ ਭਾਈ-ਦੂਜ (ਟਿੱਕਾ) ਮਨਾਇਆ ਜਾਂਦਾ ਹੈ। ਇਸ ਸਾਲ ਦੀਵਾਲੀ ਦੀ ਸ਼ੁਰੂਆਤ 23 ਅਕਤੂਬਰ ਤੋਂ ਹੋ ਰਹੀ ਹੈ। 23 ਅਕਤੂਬਰ ਨੂੰ ਧਨਤੇਰਸ, 24 ਅਕਤੂਬਰ ਨੂੰ ਦੀਵਾਲੀ, 26 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ ਭਾਈ-ਦੂਜ ਇਕੱਠੀ ਮਨਾਈ ਜਾ ਰਹੀ ਹੈ।
25 ਅਕਤੂਬਰ ਨੂੰ ਲੱਗ ਰਿਹਾ ਅੰਸ਼ਿਕ ਸੂਰਜ ਗ੍ਰਹਿਣ
25 ਅਕਤੂਬਰ ਨੂੰ ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਸੂਰਜ ਗ੍ਰਹਿਣ ਕਾਰਨ 25 ਅਕਤੂਬਰ ਨੂੰ ਕੋਈ ਤਿਉਹਾਰ ਨਹੀਂ ਮਨਾਇਆ ਜਾਵੇਗਾ। ਸੂਤਕ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਸੂਰਜ ਗ੍ਰਹਿਣ ਦੀ ਸਮਾਪਤੀ ਤੋਂ ਬਾਅਦ ਸ਼ਾਮ ਨੂੰ ਦੀਵਾ ਦਾਨ ਕੀਤਾ ਜਾਵੇਗਾ।
ਧਨਤੇਰਸ
ਧਨਤੇਰਸ ਹਰ ਸਾਲ ਕਾਰਤਿਕ ਮਹੀਨੇ ਵਿੱਚ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਧਨਤੇਰਸ ਦਾ ਤਿਉਹਾਰ 23 ਅਕਤੂਬਰ ਯਾਨੀ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਲਕਸ਼ਮੀ ਮਾਂ ਦੀ ਪੂਜਾ ਕਰਨ ਨਾਲ ਘਰ 'ਚ ਧਨ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਦਿਨ ਲੋਕ ਸ਼ੁਭ ਸਮੇਂ ਵਿੱਚ ਸੋਨਾ, ਚਾਂਦੀ ਜਾਂ ਰਸੋਈ ਦੇ ਕੋਈ ਸਾਮਾਨ ਦੀ ਖਰੀਦਦਾਰੀ ਕਰਦੇ ਹਨ।
ਦੀਵਾਲੀ ਦਾ ਤਿਉਹਾਰ
ਇਸ ਵਾਰ ਦੀਵਾਲੀ ਦਾ ਤਿਉਹਾਰ 24 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਸਾਰੇ ਘਰਾਂ ’ਚ ਧਨ ਦੀ ਦੇਵੀ ਮਾਂ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਦੀਵੇ ਜਗਾਏ ਜਾਂਦੇ ਹਨ। ਸੂਤਰਾਂ ਅਨੁਸਾਰ ਇਸ ਵਾਰ ਛੋਟੀ ਦੀਵਾਲੀ ਅਤੇ ਵੱਡੀ ਦੀਵਾਲੀ ਇਕੋ ਦਿਨ ਮਨਾਈ ਜਾ ਰਹੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਹਰੇਕ ਵਿਅਕਤੀ ਦੇ ਘਰ ਆਉਂਦੀ ਹੈ ਅਤੇ ਆਪਣਾ ਆਸ਼ੀਰਵਾਦ ਉਸ ਨੂੰ ਦਿੰਦੀ ਹੈ।
ਵਿਸ਼ਵਕਰਮਾ ਡੇਅ
ਇਸ ਸਾਲ ਵਿਸ਼ਵਕਰਮਾ ਡੇਅ 25 ਅਕਤੂਬਰ ਨੂੰ ਮਨਾਇਆ ਜਾਵੇਗਾ। ਬਾਬਾ ਵਿਸ਼ਵਕਰਮਾ ਨੂੰ ‘ਕਿਰਤ ਦਾ ਦੇਵਤਾ’ ਕਿਹਾ ਜਾਂਦਾ ਹੈ। ਮਹਾਭਾਰਤ ਅਤੇ ਪੁਰਾਣਾਂ ਵਿਚ ਦੇਵਤਿਆਂ ਦਾ ‘ਮੁੱਖ ਇੰਜ਼ੀਨੀਅਰ’ ਵੀ ਦੱਸਿਆ ਹੈ। ਮੰਨਿਆ ਜਾਂਦਾ ਹੈ ਕਿ ‘ਸੋਨੇ ਦੀ ਲੰਕਾ’ ਦਾ ਨਿਰਮਾਣ ਵੀ ਵਿਸ਼ਵਕਰਮਾ ਨੇ ਕੀਤਾ। ਵਿਸ਼ਵਕਰਮਾ ਦੇਵਤਿਆਂ ਦੇ ਮਕਾਨ ਹੀ ਨਹੀ, ਸਗੋਂ ਉਨ੍ਹਾ ਵਲੋਂ ਵਰਤੇ ਜਾਂਦੇ ਸ਼ਸਤਰ ਤੇ ਅਸਤਰ ਵੀ ਇਹੀ ਬਣਾਉਂਦਾ ਹੈ। ਸਥਾਪਤਯ ਉਪਵੇਦ ਜਿਸ ਵਿਚ ਦਸਤਕਾਰੀ ਦੇ ਹੁਨਰ ਦੱਸੇ ਹਨ, ਉਹ ਵਿਸ਼ਵਕਰਮਾ ਦਾ ਹੀ ਰਚਿਆ ਹੋਇਆ ਹੈ।
ਭਾਈ ਦੂਜ
ਭਾਈ ਦੂਜ ਦਾ ਤਿਉਹਾਰ ਇਸ ਵਾਰ 26 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਭਰਾਵਾਂ ਅਤੇ ਭੈਣਾਂ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਕੇਸਰ ਦਾ ਟਿੱਕਾ (ਤਿਲਕ) ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਦੀਆਂ ਕਾਮਨਾ ਕਰਦੀਆਂ ਹਨ। ਮੱਥੇ 'ਤੇ ਭੈਣ ਦੇ ਹੱਥੋਂ ਟਿੱਕਾ (ਤਿਲਕ) ਲਗਾਵਾਉਣਾ ਅਤੇ ਭੈਣ ਦੇ ਹੱਥ ਨਾਲ ਬਣੇ ਖਾਣੇ ਨੂੰ ਖਾਣ ਦੀ ਮਾਨਤਾ ਹੈ।
ਗੋਵਰਧਨ ਪੂਜਾ
ਹਰ ਸਾਲ ਦੀਵਾਲੀ ਦੇ ਅਗਲੇ ਦਿਨ ਗੋਵਰਧਨ ਪੂਜਾ ਕੀਤੀ ਜਾਂਦੀ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਵੇਗਾ। ਇਸ ਵਾਰ ਗੋਵਰਧਨ ਪੂਜਾ 26 ਅਕਤੂਬਰ 2022 ਨੂੰ ਕੀਤੀ ਜਾਵੇਗੀ। ਇਸ ਸਾਲ ਦੀਵਾਲੀ 24 ਅਕਤੂਬਰ ਹੈ ਪਰ ਅਗਲੇ ਦਿਨ ਯਾਨੀ 25 ਅਕਤੂਬਰ 2022 ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ, ਜਿਸ ਕਾਰਨ ਗੋਵਰਧਨ ਪੂਜਾ ਦਾ ਤਿਉਹਾਰ 26 ਅਕਤੂਬਰ ਨੂੰ ਮਨਾਇਆ ਜਾਵੇਗਾ। ਗੋਵਰਧਨ ਪੂਜਾ ਵਾਲੇ ਦਿਨ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਇੰਦਰ ਦੇਵ ਦਾ ਹੰਕਾਰ ਤੋੜਿਆ ਸੀ ਤੇ ਬ੍ਰਜ ਵਾਸੀਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੇਵਰਾਜ ਇੰਦਰ ਦੇ ਕਹਿਰ ਤੋਂ ਬਚਾਇਆ ਸੀ।
ਛਠ ਪੂਜਾ
ਸੂਰਜ ਉਪਾਸਨਾ ਦਾ ਤਿਉਹਾਰ ‘ਛਠ ਪੂਜਾ’ ਦੀਵਾਲੀ ਤੋਂ 6 ਦਿਨ ਬਾਅਦ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 30 ਅਕਤੂਬਰ ਨੂੰ ਆ ਰਿਹਾ ਹੈ। ਇਹ ਤਿਉਹਾਰ ਭਾਰਤ ਦੇ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ’ਚ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਮੁਤਾਬਕ ਕੱਤਕ ਮਹੀਨੇ ਦੇ ਚਾਨਣ ਪੱਖ ਦੀ ਚੌਥ ਤਿਥੀ ਤੋਂ ਸਪਤਮੀ ਤਿਥੀ ਦੇ ਸੂਰਜ ਚੜ੍ਹਨ ਤਕ ਛਠ ਪੂਜਾ ਦਾ ਤਿਉਹਾਰ ਚੱਲਦਾ ਹੈ। ਇਸ ਪੂਜਾ ਨਾਲ ਸੰਤਾਨ ਪ੍ਰਾਪਤੀ, ਸੰਤਾਨ ਦੀ ਰੱਖਿਆ ਅਤੇ ਸੁਖ ਖੁਸ਼ਹਾਲੀ ਦਾ ਵਰਦਾਨ ਹਾਸਲ ਹੁੰਦਾ ਹੈ। ਛਠ ਮਈਆ ਨੂੰ ਸੂਰਜ ਦੇਵਤਾ ਦੀ ਭੈਣ ਮੰਨਿਆ ਜਾਂਦਾ ਹੈ।