ਵਿਸ਼ਵ ਪ੍ਰਸਿੱਧ ‘ਦੁਰਗਾ ਪੂਜਾ’ ਦੀ ਜਾਣੋ ਕਿਵੇਂ ਹੋਈ ਸੀ ਸ਼ੁਰੂਆਤ
9/27/2022 5:10:33 PM
ਦੁਰਗਾ ਪੂਜਾ ਵਿਸ਼ਵ ਪ੍ਰਸਿੱਧ ਹੈ, ਇਹ ਤਾਂ ਸਾਰੇ ਜਾਣਦੇ ਹਨ ਪਰ ਇਸ ਉਤਸਵ ਦੀ ਸ਼ੁਰੂਆਤ ਕਦੋਂ ਹੋਈ, ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਤਿਹਾਸ ’ਚ ਜਾਓ ਅਤੇ ਪੰਨੇ ਦਰ ਪੰਨੇ ਪਲਟਣ ’ਤੇ ਇਹ ਪਤਾ ਲੱਗਦਾ ਹੈ ਕਿ ਪੱਛਮੀ ਬੰਗਾਲ ’ਚ ਦੁਰਗਾ ਪੂਜਾ ਦੀ ਸ਼ੁਰੂਆਤ 16ਵੀਂ ਸ਼ਤਾਬਦੀ ਦੇ ਆਖਿਰ ’ਚ ਹੋਈ ਸੀ। 1576 ’ਚ ਪਹਿਲੀ ਵਾਰ ਦੁਰਗਾ ਪੂਜਾ ਹੋਈ ਸੀ। ਉਸ ਸਮੇਂ ਬੰਗਾਲ ਅਣਵੰਡਿਆ ਸੀ, ਜੋ ਮੌਜੂਦਾ ਸਮੇਂ ’ਚ ਬੰਗਲਾਦੇਸ਼ ਹੈ। ਬੰਗਲਾਦੇਸ਼ ਦੇ ਤਾਹਿਰਪੁਰ ’ਚ ਇਕ ਰਾਜਾ ਕੰਸ ਨਾਰਾਇਣ ਹੋਇਆ ਕਰਦੇ ਸਨ। ਕਿਹਾ ਜਾਂਦਾ ਹੈ ਕਿ 1576 ਈ. ’ਚ ਉਨ੍ਹਾਂ ਨੇ ਆਪਣੇ ਪਿੰਡ ’ਚ ਦੇਵੀ ਦੁਰਗਾ ਦੀ ਪੂਜਾ ਦੀ ਸ਼ੁਰੂਆਤ ਕੀਤੀ ਸੀ।
ਉਦੋਂ ਕੋਲਕਾਤਾ ’ਚ ਦੁਰਗਾ ਪੂਜਾ ਪਹਿਲੀ ਵਾਰ 1610 ’ਚ ਬੜਿਸ਼ਾ (ਬੇਹਲਾ ਸਾਖੇਰ ਦਾ ਬਾਜ਼ਾਰ ਖੇਤਰ) ਦੇ ਰਾਏ ਚੌਧਰੀ ਪਰਿਵਾਰ ਨੇ ਆਯੋਜਿਤ ਕੀਤੀ ਸੀ। ਉਦੋਂ ਕੋਲਕਾਤਾ ਸ਼ਹਿਰ ਨਹੀਂ ਸੀ। ਉਦੋਂ ਕਲਕੱਤਾ ਇਕ ਪਿੰਡ ਸੀ, ਜਿਸ ਦਾ ਨਾਂ ਸੀ ਕੋਲਿਕਾਤਾ। ਇਸ ਦੇ ਕੁਝ ਸਾਲਾਂ ਬਾਅਦ ਕੋਲਕਾਤਾ ਦੇ ਉਸ ਇਲਾਕੇ ’ਚ ਦੇਵੀ ਦੁਰਗਾ ਦੀ ਅਰਾਧਨਾ ਅਤੇ ਪੂਜਾ ਕੀਤੀ ਗਈ, ਜਿਸ ਨੂੰ ਅੱਜ ਸ਼ੋਭਾ ਬਾਜ਼ਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਤਿਹਾਸਕਾਰਾਂ ਦਾ ਮਤ ਹੈ ਕਿ ਕੋਲਕਾਤਾ ਦੇ ਸ਼ੋਭਾ ਬਾਜ਼ਾਰ ਰਾਜਬਾੜੀ ’ਚ ਸਭ ਤੋਂ ਪਹਿਲਾਂ ਅੱਸੂ ਸ਼ੁਕਲ ਪੱਖ ਨੂੰ ਨਰਾਤਿਆਂ ’ਤੇ ਦੁਰਗਾ ਪੂਜਾ ਆਯੋਜਿਤ ਕੀਤੀ ਗਈ। ਇਸ ਤੋਂ ਬਾਅਦ ਬਾਂਕੁੜਾ ਜ਼ਿਲ੍ਹੇ ਦੇ ਵਿਸ਼ਣੂਪੁਰ ਦੇ ਪ੍ਰਸਿੱਧ ਰਾਜ ਪਰਿਵਾਰ ਦੀ ਦੁਰਗਾ ਦੀ ਸ਼ੁਰੂਆਤ ਹੋਈ। ਉਦੋਂ ਸਾਲ-ਦਰ-ਸਾਲ ਦੁਰਗਾ ਪੂਜਾ ਆਯੋਜਕਾਂ ਦੀ ਗਿਣਤੀ ’ਚ ਵਾਧਾ ਹੁੰਦਾ ਗਿਆ। ਕਾਲਕ੍ਰਮ ’ਚ ਦੁਰਗਾ ਪੂਜਾ ਦੀ ਸ਼ੋਭਾ ਵਧਦੀ ਗਈ, ਜਿਸ ਦਾ ਨਤੀਜਾ ਹੈ ਕਿ ਬੀਤੇ ਸਾਲ ਯੂਨੈਸਕੋ ਵੱਲੋਂ ਬੰਗਾਲ ਦੀ ਦੁਰਗਾ ਪੂਜਾ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ।
ਇਤਿਹਾਸਕਾਰਾਂ ਅਨੁਸਾਰ ਰਾਜਾ ਕੰਸ ਨਾਰਾਇਣ ਨੇ ਆਪਣੀ ਪ੍ਰਜਾ ਦੀ ਖੁਸ਼ਹਾਲੀ ਅਤੇ ਆਪਣੇ ਰਾਜ ਵਿਸਥਾਰ ਲਈ ਅਸ਼ਵਮੇਘ ਯੱਗ ਬਾਰੇ ਸੋਚਿਆ ਅਤੇ ਇਸ ਗੱਲ ਦੀ ਚਰਚਾ ਆਪਣੇ ਕੁਲ ਪੁਰੋਹਿਤਾਂ ਨਾਲ ਕੀਤੀ। ਕਿਹਾ ਜਾਂਦਾ ਹੈ ਕਿ ਅਸ਼ਵਮੇਧ ਯੱਗ ਦੀ ਗੱਲ ਸੁਣ ਕੇ ਰਾਜਾ ਕੰਸ ਨਾਰਾਇਣ ਦੇ ਪੁਰੋਹਿਤਾਂ ਨੇ ਕਿਹਾ ਕਿ ਅਸ਼ਵਮੇਘ ਯੱਗ ਕਲਯੁਗ ’ਚ ਨਹੀਂ ਕੀਤਾ ਜਾ ਸਕਦਾ। ਇਸ ਨੂੰ ਭਗਵਾਨ ਰਾਮ ਨੇ ਸਤਿਯੁਗ ’ਚ ਕੀਤਾ ਸੀ। ਕਲਯੁੱਗ ’ਚ ਅਸ਼ਵਮੇਧ ਯੱਗ ਦੀ ਜਗ੍ਹਾ ਦੁਰਗਾ ਪੂਜਾ ਕੀਤੀ ਜਾ ਸਕਦੀ ਹੈ। ਉਦੋਂ ਪੁਰੋਹਿਤਾਂ ਨੇ ਉਨ੍ਹਾਂ ਨੂੰ ਦੁਰਗਾ ਪੂਜਾ ਦੇ ਮਹਾਤਮ ਬਾਰੇ ਦੱਸਿਆ।
ਪੁਰੋਹਿਤਾਂ ਨੇ ਦੱਸਿਆ ਕਿ ਕਲਯੁੱਗ ’ਚ ਸ਼ਕਤੀ ਦੀ ਦੇਵੀ ਮਹਿਸ਼ਾਸੁਰ ਮਰਦਿਨੀ ਮਾਂ ਦੁਰਗਾ ਦੀ ਪੂਜਾ ਕਰੇ, ਜੋ ਸਾਰਿਆਂ ਨੂੰ ਸੁੱਖ-ਸ਼ਾਂਤੀ, ਗਿਆਨ ਅਤੇ ਸ਼ਕਤੀ ਪ੍ਰਦਾਨ ਕਰਦੀ ਹੈ। ਇਸ ਤੋਂ ਬਾਅਦ ਰਾਜਾ ਨੇ ਧੂਮਧਾਮ ਨਾਲ ਮਾਂ ਦੁਰਗਾ ਦੀ ਪੂਜਾ ਕੀਤੀ। ਉਦੋਂ ਤੋਂ ਅੱਜ ਤੱਕ ਬੰਗਾਲ ’ਚ ਦੁਰਗਾ ਪੂਜਾ ਦਾ ਸਿਲਸਿਲਾ ਚੱਲ ਪਿਆ। ਨਰਾਤੇ ਮਹਾਛੱਠੀ ਦੇ ਦਿਨ ਮਾਂ ਦੁਰਗਾ ਦਾ ਬੋਧਨ ਹੁੰਦਾ ਹੈ। ਇਸ ’ਚ ਮਾਂ ਦੁਰਗਾ ਨੂੰ ਯਾਦ ਕੀਤਾ ਜਾਂਦਾ ਹੈ।
ਮਹਾਸਪਤਮੀ ਦੇ ਦਿਨ ਨਵਪਤਰਿਕਾ ਪੂਜਾ ਹੁੰਦੀ ਹੈ। ਇਸ ਨਵਪਤਰਿਕਾ ਪੂਜਾ ’ਚ ਧਾਨ, ਮਾਨ ਅਰਵੀ, ਹਲਦੀ ਦਾ ਰੁੱਖ, ਜਯੰਤੀ, ਅਸ਼ੋਕ, ਅਨਾਰ ਦੀ ਜਾਲੀ ਅਤੇ ਬੇਲ ਦੀ ਡਾਲੀ ਨੂੰ ਕੇਲੇ ਦੇ ਦਰੱਖ਼ਤ ਨਾਲ ਬੰਨ੍ਹ ਕੇ ਪੂਜਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਗੰਗਾ ’ਚ ਇਸ਼ਨਾਨ ਕਰਵਾਇਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਨਵਪਤਰਿਕਾ ਪੂਜਾ ਮਾਂ ਦੁਰਗਾ ਦੇ 9 ਰੂਪਾਂ ਦੀ ਕੁਦਰਤ ਦੀ ਸ਼ਕਤੀ ਸਰੂਪ ਪੂਜਾ ਹੈ। ਉਸ ਤੋਂ ਬਾਅਦ ਮਹਾਅਸ਼ਟਮੀ ਅਤੇ ਮਹਾਨੌਮੀ ਦੀ ਪੂਜਾ ਹੁੰਦੀ ਹੈ। ਦਸ਼ਮੀ ਦੇ ਦਿਨ ਰਵਾਇਤੀ ਰੂਪ ’ਚ ਮਾਤਾ ਦੁਰਗਾ ਦਾ ਵਿਸਰਜਨ ਹੁੰਦਾ ਹੈ।
ਸ਼ੰਕਰ ਜਾਲਾਨ