ਜੋ ਚੀਜ਼ਾਂ ਹਰਾਮ ਹਨ, ਉਨ੍ਹਾਂ ਤੋਂ ਦੂਰ ਰਹੋ

3/24/2018 9:05:05 AM

ਸੰਤ ਅਬੁਲ ਹਸਨ ਖਿਰਕਾਨੀ ਦੀ ਪ੍ਰੀਖਿਆ ਲੈਣ ਲਈ ਮਹਿਮੂਦ ਗਜ਼ਨਵੀ ਆਪਣੇ ਇਕ ਗੁਲਾਮ ਨੂੰ ਵਿਆਹ ਦਾ ਪਹਿਰਾਵਾ ਪੁਆ ਕੇ ਅਤੇ ਖੁਦ ਦਾਸੀ ਦਾ ਭੇਸ ਬਣਾ ਕੇ ਉਨ੍ਹਾਂ ਕੋਲ ਗਿਆ। ਸੰਤ ਨੇ ਸਿਰਫ ਦਾਸੀ ਦੇ ਰੂਪ 'ਚ ਆਏ ਮਹਿਮੂਦ ਵੱਲ ਦੇਖਿਆ। ਇਸ 'ਤੇ ਬਾਦਸ਼ਾਹ ਬਣਿਆ ਗੁਲਾਮ ਬੋਲਿਆ,''ਤੁਸੀਂ ਬਾਦਸ਼ਾਹ ਦਾ ਸਨਮਾਨ ਨਹੀਂ ਕੀਤਾ?''
ਹਸਨ ਬੋਲੇ,''ਸਭ ਰਚਿਆ-ਰਚਾਇਆ ਜਾਲ ਹੈ।''
ਮਹਿਮੂਦ ਜਾਣ ਗਿਆ ਇਹ ਪਹੁੰਚਿਆ ਹੋਇਆ ਮਹਾਤਮਾ ਹੈ। ਉਸ ਨੇ ਪਹਿਰਾਵਾ ਉਤਾਰ ਕੇ ਮੁਆਫੀ ਮੰਗੀ ਅਤੇ ਕੁਝ ਨਸੀਹਤਾਂ ਦੇਣ ਲਈ ਕਿਹਾ। ਅਬੁਲ ਹਸਨ ਨੇ ਦੂਜਿਆਂ ਨੂੰ ਬਾਹਰ ਭੇਜ ਕੇ ਕਿਹਾ,''ਮਹਿਮੂਦ, ਜ਼ਰਾ ਅਦਬ ਦਾ ਲਿਹਾਜ਼ ਰੱਖ। ਜੋ ਚੀਜ਼ਾਂ ਹਰਾਮ ਹਨ, ਉਨ੍ਹਾਂ ਤੋਂ ਦੂਰ ਰਹਿ। ਖੁਦਾ ਦੀ ਬਣਾਈ ਦੁਨੀਆ ਨਾਲ ਪਿਆਰ ਕਰ ਅਤੇ ਆਪਣੇ ਜੀਵਨ ਵਿਚ ਉਦਾਰਤ ਵਰਤ।''
ਇਸ 'ਤੇ ਮਹਿਮੂਦ ਨੇ ਉਨ੍ਹਾਂ ਨੂੰ ਅਸ਼ਰਫੀਆਂ ਦੀ ਥੈਲੀ ਭੇਟ ਕੀਤੀ। ਸੰਤ ਨੇ ਇਕ ਸੁੱਕੀ ਜੌਂ ਦੀ ਟਿੱਕੀ ਉਸ ਨੂੰ ਖਾਣ ਲਈ ਦਿੱਤੀ। ਮਹਿਮੂਦ ਉਸ ਨੂੰ ਚਬਾਉਂਦਾ ਰਿਹਾ ਪਰ ਉਹ ਗਲੇ ਨਾ ਉਤਰੀ। ਉਹ ਬੋਲਿਆ,''ਇਹ ਨਿਵਾਲਾ ਮੇਰੇ ਗਲੇ ਵਿਚ ਅਟਕ ਰਿਹਾ ਹੈ।''
ਇਸ 'ਤੇ ਹਸਨ ਬੋਲੇ,''ਤਾਂ ਕੀ ਤੂੰ ਵੀ ਇਹ ਸੋਚਦਾ ਏਂ ਕਿ ਇਹ ਥੈਲੀ ਮੇਰੇ ਹਲਕ ਵਿਚ ਅਟਕੇ?''
ਮਹਿਮੂਦ ਸ਼ਰਮਿੰਦਾ ਹੋ ਗਿਆ ਅਤੇ ਜਾਂਦਾ-ਜਾਂਦਾ ਬੋਲਿਆ,''ਤੁਹਾਡੀ ਝੌਂਪੜੀ ਬੜੀ ਸ਼ਾਨਦਾਰ ਹੈ।''
ਹਸਨ ਬੋਲੇ,''ਮਹਿਮੂਦ, ਖੁਦਾ ਨੇ ਤੈਨੂੰ ਇੰਨੀ ਵੱਡੀ ਸਲਤਨਤ ਦਿੱਤੀ ਹੈ, ਫਿਰ ਵੀ ਤੇਰਾ ਲਾਲਚ ਨਹੀਂ ਗਿਆ। ਕੀ ਤੂੰ ਇਸ ਝੌਂਪੜੀ ਦਾ ਵੀ ਤਾਲਿਬ ਏਂ?''
ਮਹਿਮੂਦ ਹੋਰ ਵੀ ਸ਼ਰਮਿੰਦਾ ਹੋ ਗਿਆ ਅਤੇ ਜਾਣ ਲਈ ਅੱਗੇ ਵਧਿਆ ਪਰ ਹਸਨ ਖੜ੍ਹੇ ਹੋ ਗਏ। ਉਨ੍ਹਾਂ ਨੂੰ ਖੜ੍ਹੇ ਦੇਖ ਕੇ ਮਹਿਮੂਦ ਬੋਲਿਆ,''ਜਦੋਂ ਮੈਂ ਇਥੇ ਆਇਆ ਤਾਂ ਤੁਸੀਂ ਮੇਰਾ ਸਨਮਾਨ ਨਹੀ ੰਕੀਤਾ ਅਤੇ ਹੁਣ ਕਰ ਰਹੇ ਹੋ।''
ਹਸਨ ਬੋਲੇ,''ਮਹਿਮੂਦ, ਜਦੋਂ ਤੂੰ ਇਥੇ ਆਇਆ ਸੀ ਤਾਂ ਤੇਰੇ ਦਿਲ ਵਿਚ ਸ਼ਾਹੀ ਰੋਅਬ ਭਰਿਆ ਸੀ। ਤੂੰ ਮੇਰਾ ਇਮਤਿਹਾਨ ਲੈਣ ਆਇਆ ਸੀ ਪਰ ਹੁਣ ਇਥੋਂ ਅਦਬ ਦਾ ਖਿਆਲ ਕਰ ਕੇ ਜਾ ਰਿਹਾ ਏਂ ਕਿਉਂਕਿ ਤੇਰੇ ਚਿਹਰੇ 'ਤੇ ਫਕੀਰੀ ਦਾ ਨੂਰ ਚਮਕ ਰਿਹਾ ਹੈ। ਇਸੇ ਕਾਰਨ ਮੈਂ ਉਸ ਵੇਲੇ ਤੇਰਾ ਸਨਮਾਨ ਨਹੀਂ ਕੀਤਾ ਅਤੇ ਹੁਣ ਕਰ ਰਿਹਾ ਹਾਂ।''