ਹਰ ਸੁਹਾਗਣ ਲਈ ਜ਼ਰੂਰੀ ਹੁੰਦੈ 'ਕਰਵਾਚੌਥ' ਦਾ ਵਰਤ, ਜਾਣੋ ਇਸ ਨਾਲ ਜੁੜੀ ਖ਼ਾਸ ਪ੍ਰਥਾ
10/13/2022 9:05:14 AM
ਜਲੰਧਰ (ਬਿਊਰੋ) - ਕਰਵਾਚੌਥ ਦੇ ਵਰਤ ਦਾ ਹਿੰਦੂ ਧਰਮ ਵਿਚ ਖ਼ਾਸ ਮਹੱਤਵ ਹੈ। ਪੰਚਾਂਗ ਅਨੁਸਾਰ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਅੱਜ ਦੁਨੀਆ ਭਰ 'ਚ ਕਰਵਾਚੌਥ ਦਾ ਵਰਤ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਅਟੁੱਟ ਪਿਆਰ ਦਾ ਤਿਉਹਾਰ ਹੁੰਦਾ ਹੈ। ਇਸ ਦਿਨ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਲਈ ਸਾਰਾ ਦਿਨ ਵਰਤ ਰੱਖਦੀ ਹੈ। ਪਤਨੀ ਸਾਰਾ ਦਿਨ ਪਾਠ ਪੂਜਾ ਕਰਦੀ ਹੈ ਅਤੇ ਰੱਬ ਤੋਂ ਆਪਣੇ ਪਤੀ ਦੀ ਸਲਾਮਤੀ ਦੀ ਦੁਆਵਾਂ ਮੰਗਦੀ ਹੈ।
ਸੁਹਾਗਣਾਂ ਇਸ ਦਿਨ ਸੂਰਜ ਨਿਕਲਣ ਤੋਂ ਪਹਿਲਾਂ ਸਵੇਰੇ 4 ਵਜੇ ਦੇ ਕਰੀਬ ਸ਼ਿਵ-ਪਰਿਵਾਰ ਦੀ ਪੂਜਾ ਕਰਕੇ ਵਰਤ ਦਾ ਸੰਕਲਪ ਲੈਂਦੀਆਂ ਹਨ। ਉਹ ਨਹਾ-ਧੋ ਕੇ ਸਾਰਿਆਂ ਤੋਂ ਪਹਿਲਾਂ ਆਪਣੀ ਸੱਸ ਲਈ ਬੈਆ ਕੱਢਦੀਆਂ ਹਨ। 'ਬੈਆ' ਦਾ ਮਤਲਬ ਇਕ ਥਾਲੀ 'ਚ ਫਲ, ਮਠਿਆਈ, ਨਾਰੀਅਲ, ਕੱਪੜੇ ਅਤੇ ਸੁਹਾਗ ਦਾ ਸਾਮਾਨ ਜਿਵੇਂ ਰਿਬਨ, ਚੂੜੀਆਂ, ਮਹਿੰਦੀ, ਸੰਧੂਰ, ਬਿੰਦੀ ਆਦਿ ਰੱਖ ਕੇ ਆਪਣੀ ਸੱਸ ਨੂੰ ਦਿੰਦੀਆਂ ਹਨ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦੀਆਂ ਹਨ। ਇਸ ਤੋਂ ਬਾਅਦ ਔਰਤਾਂ 'ਸਰਘੀ' ਖਾਂਦੀਆਂ ਹਨ। ਸਰਘੀ ਦੇ ਫਲ, ਮਠਿਆਈ ਆਦਿ ਸੱਸ ਮਾਂ ਵਲੋਂ ਅਤੇ ਕੁੜੀ ਦੇ ਪੇਕਿਆਂ ਵੱਲੋਂ ਵੀ ਭੇਜੇ ਜਾਂਦੇ ਹਨ। ਸਰਘੀ ਖਾਣ ਤੋਂ ਬਾਅਦ ਪੂਰਾ ਦਿਨ ਜਦੋਂ ਤੱਕ ਰਾਤ ਨੂੰ ਚੰਦਰਮਾ ਨਹੀਂ ਨਿਕਲਦਾ ਉਦੋਂ ਤੱਕ ਨਿਰਜਲ ਰਹਿ ਕੇ ਔਰਤਾਂ ਵਰਤ ਰੱਖਦੀਆਂ ਹੈ। ਜਦੋਂ ਰਾਤ ਨੂੰ ਚੰਦਰਮਾ ਨਿਕਲਦਾ ਹੈ ਤਾਂ ਉਹ ਅਰਘ ਦੇ ਕੇ ਪਤੀ ਦੇ ਹੱਥਾਂ ਦਾ ਪਾਣੀ ਪੀਦੀਆਂ ਹਨ। ਉਦੋਂ ਉਨ੍ਹਾਂ ਦਾ ਵਰਤ ਪੂਰਾ ਹੁੰਦਾ ਹੈ।
ਤਾਰਿਆਂ ਦੀ ਲੋਅ 'ਚ ਖਾਣੀ ਹੁੰਦੀ ਹੈ ਸਰਘੀ
ਵਰਤ ਰੱਖਣ ਵਾਲੀਆਂ ਔਰਤਾਂ ਨੂੰ ਉਨ੍ਹਾਂ ਦੀ ਸੱਸ ਸੂਰਜ ਨਿਕਲਣ ਤੋਂ ਪਹਿਲਾ ਸਰਘੀ 'ਹਮੇਸ਼ਾ ਸੁਹਾਗਣ ਰਹੋ' ਦੇ ਆਸ਼ੀਰਵਾਦ ਨਾਲ ਦਿੰਦੀਆਂ ਹਨ, ਜਿਸ 'ਚ ਫਲ, ਮਠਿਆਈ, ਮੇਵੇ, ਮੱਠੀਆਂ, ਫੈਨੀਆਂ, ਆਲੂ ਨਾਲ ਬਣੀ ਕੋਈ ਸਬਜ਼ੀ ਅਤੇ ਪੂੜੀਆਂ ਆਦਿ ਹੁੰਦੀਆਂ ਹਨ। ਇਹ ਖਾਧ ਸਮੱਗਰੀ ਸਰੀਰ ਨੂੰ ਪੂਰਾ ਦਿਨ ਨਿਰਜਲ ਰਹਿਣ ਅਤੇ ਸਰੀਰਕ ਲੋੜ ਨੂੰ ਸਮਰੱਥ ਊਰਜਾ ਪ੍ਰਦਾਨ ਕਰਨ 'ਚ ਸਮਰੱਥਾਵਾਨ ਹੁੰਦੀ ਹੈ। ਫਲਾਂ 'ਚ ਲੁਕਿਆ ਵਿਟਾਮਿਨ ਯੁਕਤ ਤਰਲ ਦਿਨ 'ਚ ਪਿਆਸ ਤੋਂ ਬਚਾਉਂਦਾ ਹੈ। ਫਿੱਕੀ ਮੱਠੀ ਊਰਜਾ ਪ੍ਰਦਾਨ ਕਰਦੀ ਹੈ ਅਤੇ ਬਲੱਡ ਪ੍ਰੈਸ਼ਰ ਵੱਧਣ ਨਹੀਂ ਦਿੰਦੀ।
ਸੰਕਲਪ ਲੈ ਕੇ ਰੱਖੋ ਨਿਰਜਲ ਵਰਤ
ਪਤੀ, ਪੁੱਤਰ ਅਤੇ ਪੋਤੇ ਦੇ ਸੁੱਖ ਦੀ ਕਾਮਨਾ ਦੀ ਇੱਛਾ ਦਾ ਸੰਕਲਪ ਲੈ ਕੇ ਨਿਰਜਲ ਵਰਤ ਰੱਖੋ। ਭਗਵਾਨ ਸ਼ਿਵ, ਪਾਰਵਤੀ, ਗਣੇਸ਼ ਦੀ ਪ੍ਰਤਿਮਾ ਜਾਂ ਚਿੱਤਰ ਦੀ ਪੂਜਾ ਕਰੋ। ਬਾਜ਼ਾਰ 'ਚ ਮਿਲਣ ਵਾਲਾ ਕਰਵਾਚੌਥ ਦਾ ਚਿੱਤਰ ਜਾਂ ਕੈਲੇਂਡਰ ਪੂਜਾ ਸਥਾਨ 'ਤੇ ਲਗਾ ਲਵੋ। ਚੰਦਰਮਾ ਨੂੰ ਅਰਘ ਦਿਓ। ਪੂਜਾ ਤੋਂ ਬਾਅਦ ਤਾਂਬੇ ਜਾਂ ਮਿੱਟੀ ਦੇ ਕਰਵੇ 'ਚ ਚਾਵਲ, ਉੜਦ ਦੀ ਦਾਲ ਭਰੋ। ਸੁਹਾਗ ਦੀ ਸਮੱਗਰੀ 'ਚ ਕੰਘੀ, ਸੰਧੂਰ, ਚੂੜੀਆਂ, ਰਿਬਨ ਅਤੇ ਰੁਪਏ ਆਦਿ ਰੱਖ ਕੇ ਦਾਨ ਕਰੋ। ਸੱਸ ਦੇ ਪੈਰਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲਵੋਂ ਅਤੇ ਫਲ, ਫੁੱਲ, ਮੇਵੇ, ਸੁਹਾਗ ਦਾ ਸਮਾਨ, 14 ਪੂੜੀਆਂ ਅਤੇ ਖੀਰ ਆਦਿ ਉਨ੍ਹਾਂ ਨੂੰ ਦਿਓ। ਵਿਆਹ ਤੋਂ ਪਹਿਲੇ ਸਾਲ ਤਾਂ ਇਹ ਪਰੰਪਰਾ ਸੱਸ ਲਈ ਜ਼ਰੂਰ ਨਿਭਾਈ ਜਾਂਦੀ ਹੈ। ਇਸ ਨਾਲ ਸੱਸ-ਨੂੰਹ ਦਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ।
ਕਰਵਾ ਖੇਡਣਾ
ਕਰਵਾਚੌਥ ਦੇ ਦਿਨ ਸ਼ਾਮ ਨੂੰ ਸਾਰੀਆਂ ਸੁਹਾਗਣਾਂ ਨਵ ਵਿਆਹੀ ਵਾਂਗ ਸਜ ਕੇ ਇਕ ਮਿੱਥੀ ਥਾਂ 'ਤੇ ਇਕੱਠੀਆਂ ਹੁੰਦੀਆਂ ਹਨ ਅਤੇ ਗੋਲ ਘੇਰੇ 'ਚ ਬੈਠ ਕੇ ਆਪਣੀ ਪੂਜਾ ਦੀ ਥਾਲੀ ਇਕ-ਦੂਜੇ ਨਾਲ ਵਟਾਉਂਦੀਆਂ ਹੋਈਆਂ ਕਰਵੇ ਦੇ ਗੀਤ ਗਾਉਂਦੀਆਂ ਹਨ। ਇਸ ਦੌਰਾਨ ਪੰਡਤ ਔਰਤਾਂ ਨੂੰ ਕਰਵਾਚੌਥ ਦੀ ਕਥਾ ਸੁਣਾਉਂਦੇ ਹਨ।
ਚੰਦਰਮਾ ਨੂੰ ਅਰਘ ਦੇਣ ਦਾ ਮਹੱਤਵ
ਕਰਵਾ ਚੌਥ ਦੇ ਦਿਨ ਚੰਦਰਮਾ ਦੀ ਪੂਜਾ ਦੀ ਧਾਰਮਿਕ ਅਤੇ ਵਿਗਿਆਨਕ ਮਹੱਤਤਾ ਹੈ। ਹਿੰਦੂ ਧਰਮ ਅਨੁਸਾਰ ਚੰਦਰਮਾ ਨੂੰ ਪਿਆਰ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਲਈ ਆਪਣੇ ਪਿਆਰੇ ਦੀ ਲੰਮੀ ਉਮਰ ਦੀ ਦੁਆ ਮੰਗਣ ਅਤੇ ਵਰਤ ਤੋਂ ਬਾਅਦ ਪਿਆਰ ਦੇ ਦੇਵਤਾ ਚੰਦਰਮਾ ਨੂੰ ਅਰਘ ਚੜ੍ਹਾਇਆ ਜਾਂਦਾ ਹੈ। ਚੰਦਰਮਾ ਨੂੰ ਅਰਘ ਚੜ੍ਹਾ ਕੇ ਉਸ ਦੀ ਲੰਮੀ ਉਮਰ ਅਤੇ ਪ੍ਰੇਮ ਦੀ ਸਥਿਰਤਾ ਲਈ ਕਾਮਨਾ ਕੀਤੀ ਜਾਂਦੀ ਹੈ ਤਾਂ ਕਿ ਮਨ ਆਪਣੇ ਪ੍ਰੀਤਮ ਪਿਆਰੇ ਨਾਲ ਜੁੜਿਆ ਰਹੇ ਅਤੇ ਆਪਸੀ ਪਿਆਰ ਵਧਦਾ ਰਹੇ |
ਵਰਤ ਦੀ ਕਥਾ ਦਾ ਮਹੱਤਵ
ਤ੍ਰਿਕਾਲਾਂ (ਸ਼ਾਮ) ਤੋਂ ਪਹਿਲਾਂ ਸੁਹਾਗਣ ਹਾਰ- ਸ਼ਿੰਗਾਰ ਕਰਨ ਉਪਰੰਤ ਨੇੜੇ ਦੇ ਮੰਦਰ 'ਚ ਜਾਂ ਕਿਸੇ ਵਡੇਰੀ ਪਾਸੋਂ ਕਰਵਾਚੌਥ ਦੀ ਕਥਾ ਸੁਣਦੀਆਂ ਹਨ, ਜੋ ਪੰਜਾਬ ਪ੍ਰਾਂਤ 'ਚ ਥੋੜ੍ਹੇ ਬਹੁਤੇ ਪਾਠ ਭੇਦ ਨਾਲ ਇਸ ਪ੍ਰਕਾਰ ਹੈ :-
ਪ੍ਰਾਚੀਨ ਸਮੇਂ ਇੰਦਰਪ੍ਰਸਥ ਨਗਰ 'ਚ ਇਕ ਵਿਅਕਤੀ ਦੇ ਸੱਤ ਪੁੱਤਰ ਅਤੇ ਇਕ ਵੀਰਾਂ ਵਾਲੀ ਨਾਂ ਦੀ ਲਾਡਲੀ ਧੀ ਰਹਿੰਦੇ ਸਨ। ਭਰਾ-ਭਰਜਾਈਆਂ ਵੀਰਾਂ ਵਾਲੀ ਨੂੰ ਬਹੁਤ ਪਿਆਰ ਕਰਦੇ। ਸਮਾਂ ਪਾ ਕੇ ਵੀਰਾਂ ਵਾਲੀ ਦਾ ਵਿਆਹ ਸੁਦਰਸ਼ਨ ਨਾਂ ਦੇ ਬ੍ਰਾਹਮਣ ਨਾਲ ਕਰ ਦਿੱਤਾ ਗਿਆ। ਵਿਆਹ ਮਗਰੋਂ ਜਦੋਂ ਪਹਿਲੇ ਕਰਵਾਚੌਥ ਦੇ ਵਰਤ ਦਾ ਸਮਾਂ ਆਇਆ ਤਾਂ ਵੀਰਾਂ ਵਾਲੀ ਦੇ ਭਰਾ ਉਸ ਨੂੰ ਪੇਕੇ ਘਰ ਲੈ ਆਏ। ਵੀਰਾਂ ਵਾਲੀ ਨੇ ਵਰਤ ਰੱਖ ਤਾਂ ਲਿਆ ਪਰ ਉਹ ਭੁੱਖ ਅਤੇ ਪਿਆਸ ਨਾਲ ਵਿਆਕੁਲ ਹੋ ਗਈ। ਉਸ ਦੇ ਭਰਾਵਾਂ ਤੋਂ ਜਦੋਂ ਭੈਣ ਦੀ ਹਾਲਤ ਵੇਖੀ ਨਾ ਗਈ ਤਾਂ ਉਨ੍ਹਾਂ ਨੇ ਨਕਲੀ ਚੰਦਰਮਾ ਦੀ ਰੋਸ਼ਨੀ ਵਿਖਾ ਕੇ ਉਸ ਦਾ ਵਰਤ ਖੁੱਲ੍ਹਵਾ ਦਿੱਤਾ ਪਰ ਜਿਉਂ ਹੀ ਵਰਤ ਦੀ ਪਵਿੱਤਰਤਾ ਖੰਡਨ ਹੋਈ, ਕਿਹਾ ਜਾਂਦਾ ਹੈ ਕਿ ਵੀਰਾਂ ਵਾਲੀ ਦੇ ਪਤੀ ਦੇ ਜਿਸਮ 'ਤੇ ਜਿੰਨੇ ਵਾਲ ਸਨ, ਸੂਲਾਂ ਬਣ ਗਏ। ਪੀੜ ਨਾਲ ਬੇ-ਸੁੱਧ ਹੋ ਕੇ ਉਹ ਵਿਲਕਣ ਲੱਗਾ। ਵੀਰਾਂ ਵਾਲੀ ਨੂੰ ਜਿਉਂ ਹੀ ਅਸਲੀਅਤ ਦਾ ਪਤਾ ਲੱਗਾ, ਉਸ ਨੇ ਭਰਾਵਾਂ ਨੂੰ ਬਹੁਤ ਬੁਰਾ ਭਲਾ ਕਿਹਾ। ਵੀਰਾਂ ਵਾਲੀ ਕਈ ਦਿਨ ਤੱਕ ਰੋਂਦੀ ਹੋਈ ਪਤੀ ਦੇ ਜਿਸਮ 'ਚੋਂ ਸੂਲਾਂ ਕੱਢਦੀ ਰਹੀ। ਅਚਾਨਕ ਗੌਰਾਂ (ਪਾਰਬਤੀ) ਮਾਤ ਲੋਕ 'ਚ ਆਈ ਤਾਂ ਉਸ ਤੋਂ ਵੀਰਾਂ ਵਾਲੀ ਦਾ ਦੁੱਖ ਸਹਿਨ ਨਾ ਹੋਇਆ, ਜਿਸ 'ਤੇ ਉਸ ਨੇ ਵੀਰਾਂ ਵਾਲੀ ਨੂੰ ਅਗਲੇ ਵਰ੍ਹੇ ਕਰਵਾ ਚੌਥ ਦਾ ਵਰਤ ਵਿਧੀਵਤ ਢੰਗ ਨਾਲ ਰੱਖਣ ਲਈ ਕਿਹਾ। ਇਉਂ ਉਸ ਦਾ ਪਤੀ ਅਸਹਿ ਪੀੜਾ ਤੋਂ ਮੁਕਤ ਹੋਇਆ।
ਕਥਾ ਸੁਣਨ ਉਪਰੰਤ ਵਰਤ ਦੀ ਧਾਰਨੀ ਹਰ ਇਸਤਰੀ ਚੰਦਰਮਾ ਚੜ੍ਹਨ ਦੀ ਉਡੀਕ ਕਰਦੀ ਹੈ ਅਤੇ ਅਸਮਾਨ 'ਚ ਚੌਥ ਦੇ ਚੰਨ ਦੀ ਕਾਤਰ ਨੂੰ ਦੇਖਣ ਉਪਰੰਤ ਕਰਵੇ 'ਚ ਰੱਖੇ ਜਲ ਦਾ ਚੰਦਰਮਾ ਨੂੰ ਅਰਘ ਦੇ ਕੇ ਲੱਸੀ, ਫ਼ਲ, ਮਿਠਿਆਈ ਆਦਿ ਦਾ ਸੇਵਨ ਕਰਕੇ ਵਰਤ ਖੋਲ੍ਹਦੀ ਹੈ।