ਪਤੀ ਦੇ ਪ੍ਰਤੀ ਸਮਰਪਣ ਅਤੇ ਲੰਮੀ ਉਮਰ ਦੀ ਕਾਮਨਾ ਦਾ ਤਿਉਹਾਰ ‘ਕਰਵਾਚੌਥ’

10/13/2022 8:23:53 AM

ਹਰ ਸਾਲ ਕਰਵਾ ਚੌਥ ਦਾ ਤਿਉਹਾਰ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਹ ਵਰਤ ਪਤੀ-ਪਤਨੀ ਦੇ ਅਟੁੱਟ ਬੰਧਨ ’ਚ ਪਿਆਰ ਅਤੇ ਸਮਰਪਣ ਦੀ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ। ਇਸ ਮੌਕੇ ਚੰਦਰਮਾ ਨੂੰ ਅਰਘ ਦੇਣ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸੰਪੂਰਨ ਭਾਰਤ ਵਿਚ, ਖ਼ਾਸ ਕਰਕੇ ਉੱਤਰ ਭਾਰਤ ਵਿਚ ਸੂਰਜ ਚੜਨ ਤੋਂ ਲੈ ਕੇ ਚੰਦਰਮਾ ਦੇ ਚੜਨ ਤੱਕ ਆਪਣੇ ਪਤੀ ਦੀ ਲੰਮੀ ਉਮਰ ਤੇ ਸਿਹਤਯਾਬੀ ਲਈ ਵਿਆਹੁਤਾਂ ਜਨਾਨੀਆਂ ਇਸ ਵਰਤ ਦਾ ਅਨੁਸ਼ਠਾਨ ਕਰਦੀਆਂ ਹਨ। 

ਇਸ ਦਿਨ ਜਨਾਨੀਆਂ ਸਵੇਰੇ ਇਸ਼ਨਾਨ ਕਰਕੇ ਸਰੀਰਕ ਸ਼ੁੱਧੀ ਅਤੇ ਮਾਨਸਿਕ ਸ਼ੁੱਧੀ ਦੇ ਨਾਲ-ਨਾਲ ਸਰਘੀ ਦਾ ਸੇਵਨ ਕਰਕੇ ਇਸ ਵਰਤ ਦੀ ਸ਼ੁਰੂਆਤ ਕਰਦੀਆਂ ਹਨ। ਜੇਕਰ ਕਿਸੇ ਭਾਰਤੀ ਜਨਾਨੀ ਦੇ ਸਮੁੱਚੇ ਵਿਅਕਤਿਤਵ ਨੂੰ ਸਿਰਫ਼ ਦੋ ਸ਼ਬਦਾਂ ’ਚ ਹੀ ਮਾਪਣਾ ਹੋਵੇ ਤਾਂ ਇਹ ਸ਼ਬਦ ਹੋਣਗੇ ‘ਤਪ ਅਤੇ ਦਇਆ ਭਾਵਨਾ।’ ਸਾਡੇ ਮਹਾਨ ਰਿਸ਼ੀਆਂ-ਮੁਨੀਆਂ ਨੇ ਸਾਨੂੰ ਵਰਤ, ਤਿਉਹਾਰਾਂ ਅਤੇ ਹੋਰ ਸਮਾਗਮਾਂ ਦੀ ਮਹੱਤਤਾ ਦੱਸ ਕੇ ਮੁਕਤੀ ਦਾ ਮਾਰਗ ਦਿਖਾਇਆ।

PunjabKesari
 
ਹਿੰਦੂ ਨਾਰੀਆਂ ਲਈ ਕਰਵਾ ਚੌਥ ਦਾ ਵਰਤ ਅਖੰਡ ਸੁਹਾਗ ਦੇਣ ਵਾਲਾ ਮੰਨਿਆ ਜਾਂਦਾ ਹੈ। ਵਿਆਹੁਤਾ ਜਨਾਨੀਆਂ ਇਸ ਦਿਨ ਆਪਣੇ ਪਤੀ ਦੀ ਲੰਬੀ ਉਮਰ ਅਤੇ ਤੰਦਰੁਸਤੀ ਦੀ ਮੰਗਲ ਕਾਮਨਾ ਕਰਕੇ ਚੰਦਰਮਾ ਨੂੰ ਅਰਘ ਦੇ ਕੇ ਆਪਣੇ ਵਰਤ ਦੀ ਸਮਾਪਤੀ ਕਰਦੀਆਂ ਹਨ। ਇਹ ਤਿਉਹਾਰ ਜਨਾਨੀਆਂ ਨੂੰ ਵਿਆਹ ਦੀ ਵਿਧੀ ਰਾਹੀਂ ਗ੍ਰਹਿਸਥੀ ਦੇ ਆਸ਼ਰਮ ’ਚ ਪ੍ਰਵੇਸ਼ ਕਰਨ ਸਮੇਂ ਕੀਤੇ ਪ੍ਰਣ ਨੂੰ ਮੁੜ ਯਾਦ ਕਰਨ ਅਤੇ ਉਨ੍ਹਾਂ ਨੂੰ ਪ੍ਰਣ ਦੇ ਮਾਰਗ ’ਤੇ ਦ੍ਰਿੜ੍ਹਤਾ ਨਾਲ ਚੱਲਣ ਦੀ ਪ੍ਰੇਰਨਾ ਪ੍ਰਦਾਨ ਕਰਦਾ ਹੈ।

ਇਕ ਵਾਰ ਅਰਜੁਨ ਨੀਲਗਿਰੀ ’ਤੇ ਤਪੱਸਿਆ ਕਰਨ ਗਏ। ਦ੍ਰੌਪਦੀ ਨੇ ਸੋਚਿਆ ਕਿ ਇਥੇ ਹਰ ਸਮੇਂ ਕਈ ਤਰ੍ਹਾਂ ਦੀਆਂ ਵਿਘਨ-ਰੁਕਾਵਟਾਂ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਦੂਰ ਕਰਨ ਲਈ ਅਰਜੁਨ ਤਾਂ ਇਥੇ ਹੈ ਨਹੀਂ, ਇਸ ਲਈ ਕੋਈ ਉਪਾਅ ਕਰਨਾ ਚਾਹੀਦਾ ਹੈ। ਇਹ ਸੋਚ ਕੇ ਉਨ੍ਹਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਧਿਆਨ ਕੀਤਾ। ਭਗਵਾਨ ਉਥੇ ਹਾਜ਼ਰ ਹੋਏ ਤਾਂ ਦ੍ਰੌਪਦੀ ਨੇ ਆਪਣੇ ਕਸ਼ਟਾਂ ਦੇ ਨਿਵਾਰਣ ਲਈ ਕੋਈ ਉਪਾਅ ਦੱਸਣ ਨੂੰ ਕਿਹਾ। ਇਸ ਵਾਰ ਸ਼੍ਰੀ ਕ੍ਰਿਸ਼ਨ ਬੋਲੇ-‘‘ਇਕ ਵਾਰ ਪਾਰਵਤੀ ਜੀ ਨੇ ਵੀ ਸ਼ਿਵ ਜੀ ਨੂੰ ਇਹੀ ਸਵਾਲ ਕੀਤਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਕਰਵਾਚੌਥ ਦਾ ਵਰਤ ਗ੍ਰਹਿਸਥੀ ’ਚ ਆਉਣ ਵਾਲੀਆਂ ਛੋਟੀਆਂ-ਮੋਟੀਆਂ ਰੁਕਾਵਟਾਂ ਨੂੰ ਦੂਰ ਕਰਨ ਵਾਲਾ ਹੈ। ਫਿਰ ਸ਼੍ਰੀ ਕ੍ਰਿਸ਼ਨ ਨੇ ਦ੍ਰੌਪਦੀ ਨੂੰ ਇਕ ਕਥਾ ਸੁਣਾਈ। 

PunjabKesari

ਪੁਰਾਣੇ ਸਮੇਂ ’ਚ ਇਕ ਧਰਮੀ ਬ੍ਰਾਹਮਣ ਦੇ ਸੱਤ ਪੁੱਤਰ ਅਤੇ ਇਕ ਧੀ ਸੀ। ਵੱਡੀ ਹੋਈ ਤਾਂ ਧੀ ਦਾ ਵਿਆਹ ਹੋ ਗਿਆ। ਕਾਰਤਿਕ ਦੀ ਚਤੁਰਥੀ ’ਤੇ ਕੁੜੀ ਨੇ ਕਰਵਾ ਚੌਥ ਦਾ ਵਰਤ ਰੱਖਿਆ। ਸੱਤ ਭਰਾਵਾਂ ਦੀ ਲਾਡਲੀ ਭੈਣ ਚੰਦਰਮਾ ਚੜ੍ਹਨ ਤੋਂ ਪਹਿਲਾਂ ਹੀ ਭੁੱਖ ਮਹਿਸੂਸ ਕਰਨ ਲੱਗੀ। ਭਰਾਵਾਂ ਤੋਂ ਭੈਣ ਦਾ ਇਹ ਦਰਦ ਸਹਿਣ ਨਹੀਂ ਹੋਇਆ। ਇਸ ਲਈ ਉਹ ਕੁਝ ਹੱਲ ਸੋਚਣ ਲੱਗੇ। ਉਨ੍ਹਾਂ ਨੇ ਭੈਣ ਨੂੰ ਚੰਦਰਮਾ ਚੜ੍ਹਣ ਤੋਂ ਪਹਿਲਾਂ ਭੋਜਨ ਕਰਨ ਲਈ ਕਿਹਾ ਪਰ ਭੈਣ ਨਹੀਂ ਮੰਨੀ। ਫਿਰ ਭਰਾਵਾਂ ਨੇ ਪਿੱਪਲ ਦੇ ਦਰੱਖ਼ਤ ਦੀ ਓਟ ਹੇਠ ਪ੍ਰਕਾਸ਼ ਕਰਕੇ ਕਿਹਾ - ਦੇਖੋ ਚੰਦਰਮਾ ਚੜ੍ਹ ਗਿਆ। ਉੱਠੋ, ਅਰਘ ਦੇ ਕੇ ਭੋਜਨ ਕਰੋ। ਭੈਣ ਉੱਠੀ ਅਤੇ ਚੰਦਰਮਾ ਨੂੰ ਅਰਘ ਦੇ ਕੇ ਭੋਜਨ ਕਰ ਲਿਆ। ਭੋਜਨ ਕਰਦੇ ਹੀ ਉਸ ਦਾ ਪਤੀ ਮਰ ਗਿਆ। ਉਹ ਰੋਣ-ਚੀਕਣ ਲੱਗੀ। ਦੇਵਯੋਗ ਤੋਂ ਇੰਦਰਾਣੀ (ਸ਼ਚੀ) ਦੇਵਦਾਸੀਆਂ ਨਾਲ ਉਥੋਂ ਜਾ ਰਹੀ ਸੀ। ਰੋਣ ਦੀ ਆਵਾਜ਼ ਸੁਣ ਉਹ ਉਥੇ ਗਈ ਅਤੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ।

ਬ੍ਰਾਹਮਣ ਕੰਨਿਆ ਨੇ ਸਾਰਾ ਹਾਲ ਸੁਣਾ ਦਿੱਤਾ। ਉਦੋਂ ਇੰਦਰਾਣੀ ਨੇ ਕਿਹਾ ‘ਤੁਸੀਂ ਕਰਵਾ ਚੌਥ ਦੇ ਵਰਤ ’ਚ ਚੰਦਰਮਾ ਚੜ੍ਹਣ ਤੋਂ ਪਹਿਲਾਂ ਹੀ ਅੰਨ-ਪਾਣੀ ਸੇਵਨ ਕਰ ਲਿਆ, ਇਸੇ ਕਰਕੇ ਤੁਹਾਡੇ ਪਤੀ ਦੀ ਮੌਤ ਹੋਈ ਹੈ। ਹੁਣ ਜੇਕਰ ਤੁਸੀਂ ਮ੍ਰਿਤਕ ਪਤੀ ਦੀ ਸੇਵਾ ਕਰਦੇ ਹੋਏ 12 ਮਹੀਨਿਆਂ ਤਕ ਚੌਥ ਦਾ ਵਰਤ ਰੱਖੋ। ਫਿਰ ਕਰਵਾ ਚੌਥ ਨੂੰ ਵਿਧੀਵਤ ਗੌਰੀ, ਸ਼ਿਵ, ਗਣੇਸ਼ ਕਾਰਤੀਕੇਯ ਸਮੇਤ ਚੰਦਰਮਾ ਦੀ ਪੂਜਾ ਕਰੋ ਅਤੇ ਚੰਦਰਮਾ ਚੜ੍ਹਣ ਤੋਂ ਬਾਅਦ ਅਰਘ ਦੇ ਕੇ ਭੋਜਨ ਕਰੋ ਤਾਂ ਤੁਹਾਡੇ ਪਤੀ ਜ਼ਰੂਰ ਜੀਵਤ ਹੋ ਜਾਣਗੇ। ਉਸ ਕੰਨਿਆ ਨੇ ਅਗਲੇ ਸਾਲ 12 ਮਹੀਨੇ ਦੀ ਚੌਥ ਸਮੇਤ ਵਿਧੀਪੂਰਵਕ ਕਰਵਾ ਚੌਥ ਦਾ ਵਰਤ ਕੀਤਾ, ਜਿਸ ਨਾਲ ਉਸ ਦਾ ਮ੍ਰਿਤਕ ਪਤੀ ਜੀਵਤ ਹੋ ਗਿਆ।

PunjabKesari

ਇਸ ਤਰ੍ਹਾਂ ਇਹ ਕਥਾ ਕਹਿ ਕੇ ਸ਼੍ਰੀ ਕ੍ਰਿਸ਼ਨ ਨੇ ਦ੍ਰੌਪਦੀ ਨੂੰ ਕਿਹਾ- ‘ਜੇਕਰ ਤੁਸੀਂ ਵੀ ਸ਼ਰਧਾ ਨਾਲ ਇਸ ਵਰਤ ਨੂੰ ਵਿਧੀ ਪੂਰਵਕ ਕਰੋਗੇ, ਤਾਂ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਅਤੇ ਖੁਸ਼ਹਾਲੀ, ਸੁੱਖ-ਖੁਸ਼ਕਿਸਮਤੀ, ਧਨ ’ਚ ਵਾਧਾ ਹੋਵੇਗਾ। ਫਿਰ ਦ੍ਰੌਪਦੀ ਨੇ ਸ਼੍ਰੀ ਕ੍ਰਿਸ਼ਨ ਦੇ ਬਚਨਾਂ ਅਨੁਸਾਰ ਕਰਵਾ ਚੌਥ ਦਾ ਵਰਤ ਰੱਖਿਆ। ਉਸ ਵਰਤ ਦੇ ਪ੍ਰਭਾਵ ਕਾਰਨ ਮਹਾਭਾਰਤ ਦੇ ਯੁੱਧ ਵਿਚ ਕੌਰਵਾਂ ਦੀ ਹਾਰ ਹੋਈ ਅਤੇ ਯੁੱਧ ਵਿਚ ਪਾਂਡਵਾਂ ਦੀ ਜਿੱਤ ਹੋਈ।                     

ਆਚਾਰੀਆ ਦੀਪ ਚੰਦ ਭਾਰਦਵਾਜ   


rajwinder kaur

Content Editor rajwinder kaur