ਕਰਵਾਚੌਥ ਵਾਲੇ ਦਿਨ ਵਿਆਹੁਤਾ ਜਨਾਨੀਆਂ ਇਸ ਸ਼ੁੱਭ ਮਹੂਰਤ ’ਚ ਕਰਨ ਪੂਜਾ
10/13/2022 4:07:31 PM
ਜਲੰਧਰ (ਬਿਊਰੋ) - ਕਰਵਾ ਚੌਥ ਦਾ ਵਰਤ ਅੱਜ ਯਾਨੀ 13 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਵਿਆਹੁਤਾ ਜਨਾਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਪੂਜਾ ਕਰਦੀਆਂ ਹਨ। ਵਰਤ ਰੱਖਣ ਵਾਲੀਆਂ ਜਨਾਨੀਆਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਭੋਜਨ ਦਾ ਸੇਵਨ ਕਰਨਾ ਹੁੰਦਾ ਹੈ। ਵਰਤ ਰੱਖਣ ਤੋਂ ਬਾਅਦ ਜਨਾਨੀਆਂ ਸ਼ੁੱਭ ਮਹੂਰਤ ’ਚ ਪੂਜਾ ਕਰਦੀਆਂ ਹਨ। ਇਹ ਵਰਤ ਚੰਦਰਮਾ ਚੜ੍ਹਨ ਤੱਕ ਰੱਖਿਆ ਜਾਂਦਾ ਹੈ। ਸੁਹਾਗਣਾਂ ਵਰਤ ਵਾਲੇ ਦਿਨ ਸਾਰਾ ਦਿਨ ਭੁੱਖੇ ਰਹਿ ਕੇ ਪੂਜਾ ਕਰਦੀਆਂ ਹਨ। ਸ਼ਾਮ ਦੇ ਸਮੇਂ ਚੰਦਰਮਾ ਨੂੰ ਅਰਘ ਦੇਣ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀ ਕੇ ਆਪਣਾ ਵਰਤ ਪੂਰਾ ਕਰਦੀਆਂ ਹਨ।
ਬਣ ਰਿਹਾ ਸ਼ੁੱਭ ਸੰਯੋਗ
ਕਰਵਾ ਚੌਥ ਇਸ ਵਾਰ 13 ਅਕਤੂਬਰ ਦੀ ਸ਼ਾਮ 6:41 ਮਿੰਟ 'ਤੇ ਕ੍ਰਿਤਿਕਾ ਨਛੱਤਰ 'ਚ ਰਹਿਣ ਵਾਲਾ ਹੈ। ਇਸ ਮਹੂਰਤ ਤੋਂ ਬਾਅਦ ਰੋਹਿਣੀ ਨਕਸ਼ਤਰ ਸ਼ੁਰੂ ਹੋਵੇਗਾ। ਕਰਵਾ ਚੌਥ ਵਾਲੇ ਦਿਨ ਚੰਦਰ ਦੇਵ ਆਪਣੀ ਉੱਚ ਰਾਸ਼ੀ ਬ੍ਰਿਸ਼ ’ਚ ਸੰਚਾਰ ਕਰੇਗਾ। ਨਾਲ ਹੀ ਦੁਪਹਿਰ 1:55 ਤੱਕ ਸਿੱਧ ਯੋਗ ਦੀ ਸਥਿਤੀ ਬਣੀ ਰਹੇਗੀ। ਗ੍ਰਹਿਆਂ ਦਾ ਇਹ ਯੋਗ ਵਿਆਹੁਤਾ ਜਨਾਨੀਆਂ ਲਈ ਬਹੁਤ ਖ਼ਾਸ ਹੋਵੇਗਾ ਅਤੇ ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਵਿਆਹੁਤਾ ਜਨਾਨੀਆਂ ਇਹ ਵਰਤ ਬਹੁਤ ਚੰਗਾ ਰਹੇਗਾ।
ਕਰਵਾ ਚੌਥ ਦਾ ਬ੍ਰਹਮਾ ਮਹੂਰਤ
ਕਰਵਾ ਚੌਥ ਦੇ ਵਰਤ ਦਾ ਬ੍ਰਹਮਾ ਮਹੂਰਤ ਸਵੇਰੇ 04:54 ਤੋਂ ਸ਼ੁਰੂ ਹੋ ਕੇ 05:43 ਤੱਕ ਰਹੇਗਾ। ਦੂਜੇ ਪਾਸੇ ਜੇਕਰ ਅਭਿਜੀਤ ਮਹੂਰਤ ਦੀ ਗੱਲ ਕੀਤੀ ਜਾਵੇ ਤਾਂ ਇਹ ਦੁਪਹਿਰ 12:01 ਮਿੰਟ ਤੋਂ 12:48 ਤੱਕ ਰਹੇਗਾ। ਅੰਮ੍ਰਿਤ ਕਾਲ ਸ਼ਾਮ 4:08 ਤੋਂ 5:50 ਵਜੇ ਤੱਕ ਰਹੇਗਾ। ਇਸ ਦੇ ਨਾਲ ਹੀ 13 ਅਕਤੂਬਰ ਨੂੰ ਸਵੇਰੇ 05:54 ਤੋਂ 07:09 ਮਿੰਟ ਤੱਕ ਕਰਵਾ ਚੌਥ ਦੀ ਪੂਜਾ ਦਾ ਮਹੂਰਤ ਸ਼ੁਭ ਮੰਨਿਆ ਜਾ ਰਿਹਾ ਹੈ। ਕਰਵਾ ਚੌਥ ਦੇ ਵਰਤ ਦਾ ਸਮਾਂ ਸਵੇਰੇ 06:32 ਤੋਂ 08:48 ਤੱਕ ਰਹੇਗਾ।
ਵਰਤ ਵਾਲੀ ਥਾਲੀ ’ਚ ਰੱਖੋ ਇਹ ਚੀਜ਼ਾਂ
ਕਰਵਾ ਚੌਥ ਵਾਲੇ ਦਿਨ ਵਰਤ ਵਾਲੀ ਥਾਲੀ ਦਾ ਬਹੁਤ ਮਹੱਤਵ ਹੁੰਦਾ ਹੈ। ਵਰਤ ਵਾਲੀ ਥਾਲੀ ’ਚ ਸੁਹਾਗਣਾਂ ਨੂੰ ਉਹ ਸਾਰੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜੋ ਜ਼ਰੂਰੀ ਹਨ। ਥਾਲੀ ’ਚ ਸੁਹਾਗ ਦਾ ਸਾਮਾਨ, ਕਰਵਾ, ਆਟੇ ਦਾ ਦੀਵਾ, ਛਾਨਣੀ, ਕਾਂਸ ਦੀਆਂ ਤੀਲੀਆਂ, ਸਿੰਦੂਰ, ਪਾਣੀ ਦੀ ਗੜਵੀ, ਮਿਠਾਈ, ਫਲ, ਚਾਵਲ, ਮਿੱਟੀ ਦੀਆਂ ਪੰਜ ਡੇਲੀਆਂ ਆਦਿ ਹੁੰਦਾ ਹੈ।
ਕਰਵਾ ਚੌਥ 'ਤੇ ਕਿਵੇਂ ਕਰੀਏ ਪੂਜਾ
ਕਰਵਾ ਚੌਥ ਵਾਲੇ ਦਿਨ ਸਵੇਰੇ ਇਨਸ਼ਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਾਓ ਅਤੇ ਵਰਤ ਦਾ ਸੰਕਲਪ ਲਓ। ਇਸ ਵਰਤ ਵਿਚ ਪਾਣੀ ਪੀਣਾ ਵਰਜਿਤ ਹੁੰਦਾ ਹੈ। ਵਰਤ ਦੀ ਜਦੋਂ ਪੂਜਾ ਕਰਨ ਬੈਠੋ ਤਾਂ ਮੰਤਰ ਦੇ ਜਾਪ ਨਾਲ ਵਰਤ ਦੀ ਸ਼ੁਰੂਆਤ ਕਰੋ। ਇਹ ਮੰਤਰ ਹੈ : 'ਮਮ ਸੁਖਸੌਭਾਗਯਰ ਪੁਤਰਪੌਤਰਾਦਿ ਸੁਸਥਿਰ ਸ਼੍ਰੀ ਪ੍ਰਾਪਤਯ ਕਰਕ ਚਤੁਰਥੀ ਵਰਤਮਹਮ ਕਰੀਸ਼ਯ।' ਇਸ ਤੋਂ ਬਾਅਦ ਮਾਂ ਪਾਰਵਤੀ ਦਾ ਸੁਰਾਗਣ ਵਾਲੀ ਸਮੱਗਰੀ ਆਦਿ ਨਾਲ ਸ਼ਿੰਗਾਰ ਕਰੋ। ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦੀ ਅਰਾਧਨਾ ਕਰੋ ਤੇ ਕੋਰੇ ਕਰਵੇ ਵਿਚ ਪਾਣੀ ਭਰ ਕੇ ਪੂਜਾ ਕਰੋ। ਇੱਥੇ ਕਰਵੇ ਵਿਚ ਪਾਣੀ ਰੱਖਣਾ ਜ਼ਰੂਰੀ ਹੈ। ਪੂਰਾ ਦਿਨ ਵਰਤ ਰੱਖੋ ਅਤੇ ਵਰਤ ਦੀ ਕਥਾ ਸੁਣੋ। ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਪਤੀ ਤੋਂ ਪਾਣੀ ਪੀ ਕੇ ਆਪਣਾ ਵਰਤ ਖੋਲ੍ਹੋ। ਇਸ ਦੌਰਾਨ ਪਤੀ ਹੱਥੋਂ ਅੰਨ ਅਤੇ ਜਲ ਗ੍ਰਹਿਣ ਕਰੋ। ਵਰਤ ਤੋੜਨ ਤੋਂ ਬਾਅਦ ਪਤਨੀ, ਸੱਸ-ਸਹੁਰਾ ਸਭ ਦਾ ਅਸ਼ੀਰਵਾਦ ਲਓ ਤੇ ਵਰਤ ਸਮਾਪਤ ਕਰੋ।