ਭਗਵਾਨ ਵਿਸ਼ਣੂ ਦੇ ਦਸਵੇਂ ਅਵਤਾਰ ''ਕਲਕਿ''

9/16/2021 12:07:37 PM

ਪ੍ਰਭੂ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਅਵਤਾਰ ਵੀ ਆਪਣੇ-ਆਪਣੇ ਯੁੱਗਾਂ ਦੇ ਅੰਤ ਵਿਚ ਹੋਏ ਸਨ, ਇਸ ਲਈ ਜਦੋਂ ਕਲਯੁਗ ਦਾ ਅੰਤ ਨੇੜੇ ਆਵੇਗਾ ਉਦੋਂ ਸ਼੍ਰੀ ਕਲਕਿ ਭਗਵਾਨ ਅਵਤਾਰ ਲੈਣਗੇ। ਭਗਵਾਨ ਵਿਸ਼ਣੂ ਦਾ ਇਹ ਪਹਿਲਾ ਅਵਤਾਰ ਹੈ ਜਿਨ੍ਹਾਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਪੂਜਿਆ ਜਾਣ ਲੱਗਾ ਹੈ। ਸ਼੍ਰੀ ਕਲਿਕ ਅਵਤਾਰ ਦੇ ਦੇਸ਼ ਵਿਚ ਕਈ ਮੰਦਰ ਹਨ। ਭਗਵਾਨ ਵਿਸ਼ਣੂ ਦਸਵੇਂ ਅਵਤਾਰ ਵਿਚ ਕਲਕਿ ਭਗਵਾਨ ਦੇ ਰੂਪ ਵਿਚ ਇਸ ਧਰਤੀ 'ਤੇ ਜਨਮ ਲੈਣਗੇ। ਕਲਕਿ ਪੁਰਾਣ ਅਨੁਸਾਰ, ਸ਼੍ਰੀ ਕਲਕਿ ਭਗਵਾਨ ਦਾ ਅਵਤਾਰ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਸ਼ਾਮ ਵਿਆਪਿਨੀ ਮਿਤੀ ਵਿਚ ਜਦੋਂ ਗੁਰੂ, ਸੂਰਜ ਅਤੇ ਚੰਦਰਮਾ ਇਕੱਠੇ ਪੁਸ਼ਪ ਨਕਛੱਤਰ ਵਿਚ ਪ੍ਰਵੇਸ਼ ਕਰਨਗੇ ਉਦੋਂ ਹੋਵੇਗਾ।

ਕਥਾਵਾਂ ਅਨੁਸਾਰ, ਕਲਯੁਗ ਵਿਚ ਪਾਪ, ਅੱਤਿਆਚਾਰਾਂ ਦੇ ਵਧੇਰੇ ਹੋਣ ਕਾਰਨ ਦੁਸ਼ਟਾਂ ਦੇ ਸੰਹਾਰ ਕਰਨ ਲਈ ਸ਼੍ਰੀ ਕਲਕਿ ਅਵਤਾਰ ਹੋਵੇਗਾ- ਜਦੋਂ ਰਾਜਾ ਹੋਣ ਦਾ ਕੋਈ ਨਿਯਮ ਨਹੀਂ ਰਹੇਗਾ, ਰਾਜਾ ਅਤਿਅੰਤ ਨਿਰਦਈ ਅਤੇ ਕਰੂਰ ਹੋਣਗੇ, ਉਸ ਸਮੇਂ ਭਿਆਨਕ ਅਕਾਲ ਪੈ ਜਾਵੇਗਾ, ਲੋਕ ਭੁੱਖ-ਪਿਆਸ ਅਤੇ ਕਈ ਪ੍ਰਕਾਰ ਦੀਆਂ ਚਿੰਤਾਵਾਂ ਤੋਂ ਦੁਖੀ ਹੋਣਗੇ, ਪੱਤਿਆਂ ਨੂੰ ਖਾ ਕੇ ਢਿੱਡ ਭਰਨਗੇ, ਮਨੁੱਖ ਚੋਰੀ, ਹਿੰਸਾ ਆਦਿ ਕਈ ਤਰ੍ਹਾਂ ਦੇ ਕੁਕਰਮਾਂ ਨਾਲ ਰੋਜ਼ੀ-ਰੋਟੀ ਚਲਾਉਣ ਲੱਗਣਗੇ।

ਸ਼੍ਰੀ ਕਲਕਿ ਦਾ ਵਾਹਨ ਦੇਵਦੱਤ ਨਾਂ ਦਾ ਸਫੈਦ ਘੋੜਾ ਹੋਵੇਗਾ। ਹੱਥ ਵਿਚ ਤਲਵਾਰ ਲੈ ਕੇ ਕਲਕਿ ਭਗਵਾਨ ਪਾਪੀਆਂ ਦਾ ਸੰਹਾਰ ਕਰਨਗੇ ਅਤੇ ਸਾਧੂ-ਸੰਤਾਂ ਤੇ ਸ਼ੁੱਧ ਮਨ ਵਾਲੇ ਲੋਕਾਂ ਦੀ ਰੱਖਿਆ ਕਰਨਗੇ। ਪੁਰਾਣਾਂ ਅਨੁਸਾਰ, ਸ਼੍ਰੀ ਕਲਕਿ ਅਵਤਾਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਸੰਭਲ ਗ੍ਰਾਮ ਵਿਚ ਜਨਮ ਲੈਣਗੇ ਅਤੇ ਧਰਮ ਦੀ ਸਥਾਪਨਾ ਵਿਚ ਸਹਿਯੋਗ ਕਰਨਗੇ। ਸ਼੍ਰੀ ਕਲਕਿ ਭਗਵਾਨ ਦੇ ਜਨਮ ਲੈਂਦਿਆਂ ਹੀ ਸਤਿਯੁਗ ਦੀ ਸ਼ੁਰੂਆਤ ਹੋਵੇਗੀ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪ੍ਰਸਥਾਨ ਨਾਲ ਕਲਯੁੱਗ ਦੀ ਸ਼ੁਰੂਆਤ ਹੋਈ। ਨੰਦ ਵੰਸ਼ ਦੇ ਰਾਜ ਨਾਲ ਕਲਯੁੱਗ ਵਿਚ ਵਾਧਾ ਹੋਇਆ, ਜਦਕਿ ਸ਼੍ਰੀ ਕਲਕਿ ਦੇ ਅਵਤਾਰ ਨਾਲ ਕਲਯੁੱਗ ਦਾ ਅੰਤ ਹੋਵੇਗਾ। ਕਲਯੁੱਗ ਦੀ ਮਿਆਦ 4,32,000 ਸਾਲ ਦੱਸੀ ਜਾਂਦੀ ਹੈ। ਮੌਜੂਦਾ ਵਿਚ ਕਲਯੁੱਗ 5119 ਸਾਲ ਪੂਰੇ ਕਰ ਚੁੱਕਾ ਹੈ। ਲਗਭਗ 300 ਸਾਲਾਂ ਤੋਂ ਸ਼੍ਰੀ ਕਲਕਿ ਭਗਵਾਨ ਦੀ ਪੂਜਾ ਅਰਚਨਾ ਸ਼ੁਰੂ ਹੋ ਚੁੱਕੀ ਹੈ। ਰਾਮ ਅਵਤਾਰ ਵਾਂਗ ਹੀ ਕਲਕਿ ਭਗਵਾਨ ਦੇ ਵੀ ਤਿੰਨ ਹੋਰ ਭਰਾ ਹੋਣਗੇ। ਉਨ੍ਹਾਂ ਦੇ ਨਾਂ ਸੁਮੰਤ, ਪ੍ਰਾਗਿਆ ਅਤੇ ਕਵੀ ਹੋਣਗੇ। ਇਨ੍ਹਾਂ ਭਰਾਵਾਂ ਨਾਲ ਮਿਲ ਕੇ ਉਹ ਧਰਮ ਦੀ ਸਥਾਪਨਾ ਕਰਨਗੇ। ਭਗਵਾਨ ਕਲਕਿ ਦੇ ਯਾਗਯਵਲਕਯ ਜੀ ਪੁਰੋਹਿਤ ਅਤੇ ਪਰਸ਼ੂਰਾਮ ਉਨ੍ਹਾਂ ਦੇ ਗੁਰੂ ਹੋਣਗੇ। ਉਨ੍ਹਾਂ ਦੇ ਚਾਰ ਪੁੱਤਰ ਜੈ, ਵਿਜੇ, ਮੇਘਮਾਲ, ਬਲਾਹਕਾ ਹੋਣਗੇ। ਸ਼੍ਰੀ ਕਲਕਿ ਅਵਤਾਰ ਲੋਕਾਂ ਲਈ ਅੱਜ ਵੀ ਰਹੱਸ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਭਗਵਾਨ ਵਿਸ਼ਣੂ ਆਪਣਾ ਕਲਕਿ ਅਵਤਾਰ ਕਦੋਂ ਲੈਣਗੇ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਸ਼੍ਰੀ ਮਦਭਗਵਤ ਗੀਤਾ ਵਿਚ ਮੌਜੂਦ ਹਨ। - ਕ੍ਰਿਸ਼ਣ ਪਾਲ ਛਾਬੜਾ
 


Sanjeev

Content Editor Sanjeev