14 ਜਨਵਰੀ ਤੱਕ ਵਿਆਹ ਹੋਏ ਬੰਦ, ਨਹੀਂ ਵੱਜਣਗੀਆਂ ਸ਼ਹਿਨਾਈਆਂ
12/16/2020 9:27:24 AM
ਜੈਤੋ (ਪਰਾਸ਼ਰ) : ਅੱਜ ਤੋਂ ਮਲਮਾਸ ਸ਼ੁਰੂ ਹੋ ਗਿਆ ਹੈ ਜੋ 14 ਜਨਵਰੀ ਤੱਕ ਜਾਰੀ ਰਹੇਗਾ, ਜਿਸ ਦੌਰਾਨ ਭਾਰਤ 'ਚ ਲੱਖਾਂ ਸਨਾਤਨ ਧਰਮੀ ਲੋਕ ਆਪਣੇ ਬੱਚਿਆਂ ਦਾ ਵਿਆਹ ਨਹੀਂ ਕਰਵਾ ਸਕਣਗੇ। ਇਹ ਜਾਣਕਾਰੀ ਉੱਘੇ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਅੱਜ ਜੈਤੋ ਵਿਖੇ ਦਿੰਦਿਆਂ ਕਿਹਾ ਕਿ ਹਿੰਦੂ ਸ਼ਾਸਤਰਾਂ ਅਨੁਸਾਰ ਮਲਮਾਸ 'ਚ ਕਿਸੇ ਵੀ ਸ਼ੁੱਭ ਕੰਮ ਦੀ ਸ਼ੁਰੂਆਤ ਕਰਨ ਦੀ ਮਨਾਹੀ ਹੈ । ਖਾਸ ਕਰਕੇ ਵਿਆਹ ਸੰਸਕਾਰਾਂ 'ਤੇ ਇਕ ਮਹੀਨੇ ਲਈ ਰੋਕ ਲੱਗ ਗਈ ਹੈ। ਇਸ ਤੋਂ ਇਲਾਵਾ ਜਨੇਊ ਸੰਸਕਾਰ, ਮੁੰਡਨ, ਨਵਾਂ ਘਰ ਪ੍ਰਵੇਸ਼, ਨਵਾਂ ਵਾਹਨ ਅਤੇ ਜ਼ਮੀਨ, ਪਹਿਲੀ ਵਾਰ ਕਿਸੇ ਦੇਵਤਾ ਜਾਂ ਤੀਰਥ ਦੇ ਦਰਸ਼ਨ, ਰਾਜ ਅਭਿਸ਼ੇਕ, ਯਾਤਰਾ, ਤਲਾਬ, ਖੂਹ ਅਤੇ ਮੂਰਤੀ ਸਥਾਪਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਹਿੰਦੂ ਸ਼ਾਸਤਰਾਂ ਅਨੁਸਾਰ ਨਿਸ਼ੇਧ ਹੈ।
ਉਨ੍ਹਾਂ ਕਿਹਾ ਕਿ ਲੱਖਾਂ ਸਨਾਤਨ ਧਰਮੀਆਂ ਅਤੇ ਹੋਰ ਵਰਗਾਂ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਸਿਰਫ ਸ਼ੁੱਭ ਸਮੇਂ ਵਿਚ ਕਰਵਾਉਣਾ ਚਾਹੁੰਦੇ ਹਨ। ਮਲਮਾਸ ਲੱਗਣ ਕਾਰਣ ਹੁਣ ਲੱਖਾਂ ਕੁਆਰਿਆਂ ਨੂੰ ਤਕਰੀਬਨ 1 ਮਹੀਨੇ ਤੱਕ ਇੰਤਜ਼ਾਰ ਆਪਣੇ ਵਿਆਹ ਦੀਆਂ ਸ਼ਹਿਨਾਈਆਂ ਦਾ ਇੰਤਜ਼ਾਰ ਕਰਨ ਪਵੇਗਾ। ਪੰਡਿਤ ਸ਼ਿਵ ਕੁਮਾਰ ਨੇ ਦੱਸਿਆ ਕਿ ਜਦੋਂ ਗੁਰੂ ਦੀ ਰਾਸ਼ੀ ਧਨੂ 'ਚ ਸੂਰਜ ਆਉਂਦੇ ਹਨ ਤਾਂ ਮਲਮਾਸ ਦਾ ਯੋਗ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਮਲਮਾਸ ਮਹੀਨੇ ਦੌਰਾਨ ਪੂਜਾ- ਪਾਠ, ਵਰਤ, ਦਾਨ ਦਾ ਬਹੁਤ ਹੀ ਮਹੱਤਵ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਰਾਮਾਇਣ, ਗੀਤਾ ਅਤੇ ਹੋਰਨਾਂ ਧਾਰਮਿਕ ਅਤੇ ਪੌਰਾਣਕ ਗ੍ਰੰਥਾਂ ਦੇ ਦਾਨ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ। ਇਸ ਵਿਸ਼ਵਾਸ ਨੂੰ ਲੈਕੇ ਸ਼ਰਧਾਲੂਆਂ ਵੱਲੋਂ ਇਕ ਮਹੀਨਾ ਮਲਮਾਸ ਦੌਰਾਨ ਵਿਸ਼ੇਸ਼ ਪੂਜਾ-ਅਰਚਨਾ ਅਤੇ ਦਾਨ ਕਰਦੇ ਹਨ।