ਜਨਮ ਸਾਖੀ ਸਾਹਿਤ : ਸਾਖੀ ਰਾਇ ਬੁਲਾਰ ਖਾਨ ਸਾਹਿਬ ਜੀ ਦੀ

6/23/2019 11:31:44 AM

ਪ੍ਰੋ.ਹਰਪਾਲ ਸਿੰਘ ਪੰਨੂ
9464251454


ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖੁਸ਼ ਕਿ ਦਾਅਵਤ ਦਿੱਤੀ ਬੜੀ ਵੱਡੀ। ਜੀ ਨਵਾਬ ਸਾਹਿਬ ਖੁਦ ਆਏ ਸਨ ਦੌਲਤ ਖਾਨ ਸਾਹਿਬ, ਇਸ ਜਸ਼ਨ 'ਚ ਸ਼ਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਸੋ ਉਦੋਂ ਸਾਢੇ ਸੱਤ ਸੌ ਮੁਰੱਬੇ ਬਾਬਾ ਜੀ ਦੇ ਨਾਂ ਹੋਏ ਜੋ ਹੁਣ ਤਕ ਤੁਰੇ ਆਂਵਦੇ ਹਨ। ਪੰਦਰਾਂ ਕੁ ਸਾਲ ਪਹਿਲਾਂ ਸਾਡੇ ਖਿਆਲ 'ਚ ਇਹ ਗੱਲ ਆਈ ਪਈ ਮਾਲਕ ਅਸੀਂ, ਕਾਬਜ਼ ਅਸੀਂ, ਕਾਸ਼ਤਕਾਰ ਅਸੀਂ ਪਰ ਨਾਂ ਸਾਡਾ ਮਾਲ ਰਿਕਾਰਡ 'ਚ ਬੋਲਦਾ ਨਹੀਂ। ਅਸੀਂ ਇਸ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਪੁਸ਼ਤਾਂ ਤੋਂ ਕੀਤੇ ਹੋਏ ਹਨ। ਦੋ ਕੁ ਸੌ ਕਿੱਲੇ ਜ਼ਮੀਨ ਬਚੀ ਹੋਈ ਹੈ ਗੁਰਦਵਾਰੇ ਦੇ ਕਬਜ਼ੇ ਵਿਚ। ਬਾਕੀ ਦੀ ਭੱਟੀ ਵਾਹੁੰਦੇ ਬੀਜਦੇ ਹਨ। ਅਸੀਂ ਸ਼ੇਖਪੁਰੇ ਅਦਾਲਤ 'ਚ ਮੁਕੱਦਮਾ ਦਾਇਰ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਇਬੁਲਾਰ ਸਾਹਿਬ ਦਾ ਦਿਮਾਗ ਹਿੱਲ ਗਿਆ ਸੀ। ਉਸ ਨੇ ਅੱਧੀ ਜ਼ਮੀਨ ਇਕ ਫਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ। ਕਾਬਜ਼ ਕਾਸ਼ਤਕਾਰ ਵੀ ਖੁਦ ਹਾਂ। ਸਾਡੇ ਨਾਮ ਇੰਤਕਾਲ ਤਬਦੀਲ ਹੋਵੇ। ਲਉ ਜੀ ਤਲਬੀਆਂ ਇਤਲਾਹਾਂ, ਰਿਕਾਰਡ, ਬਹਿਸਾਂ ਸਭ ਹੋ ਗਈਆਂ। ਚਾਰ ਸਾਲ ਮੁਕੱਦਮੇ ਦੀ ਕਾਰਵਾਈ ਚੱਲੀ। ਫੈਸਲੇ ਦੀ ਤਰੀਕ ਆਈ ਤਾਂ ਫ਼ੈਸਲਾ ਸਾਡੇ ਖਿਲਾਫ। ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਸੀਂ ਲਾਹੌਰ ਹਾਈਕੋਰਟ 'ਚ ਅਪੀਲ ਦਾਇਰ ਕਰ ਦਿੱਤੀ। ਤਿੰਨ ਚਾਰ ਸਾਲ ਉਥੇ ਸੁਣਵਾਈ ਹੁੰਦੀ ਰਹੀ। ਜੱਜਮੈਂਟ ਹੋਈ, ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਪੀਲ ਖਾਰਜ, ਦਾਖ਼ਲ ਦਫਤਰ। ਅਸੀਂ ਜੀ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ। ਤਿੰਨ ਸਾਲ ਸੁਣਵਾਈ ਹੋਈ। ਅਖੀਰ ਜਦੋਂ ਫ਼ੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ- ਆਪਣੇ ਪੰਜ ਚਾਰ ਮੁਹਤਬਰ ਬੰਦੇ ਲੈ ਕੇ ਆਉਣਾ। ਵਕੀਲਾਂ ਨੂੰ ਨਹੀਂ ਲਿਆਉਣਾ। ਕੋਈ ਜਰੂਰੀ ਗੱਲ ਕਰਨੀ ਹੈ। ਅਸੀਂ ਪੁੱਛਿਆ ਜੀ ਕੀ ਗੱਲ ਕਰਨੀ ਹੈ, ਰਤਾ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ। ਆਪਸ 'ਚ ਸਲਾਹ ਜੋ ਕਰਨੀ ਹੋਈ। ਸਾਂਝਾ ਕੰਮ ਹੈ। ਜੱਜਾਂ ਨੇ ਕਿਹਾ-ਤੁਸੀਂ ਇਹ ਮੁਕੱਦਮਾ ਦਾਇਰ ਕਰਕੇ ਚੰਗਾ ਕੰਮ ਨਹੀਂ ਕੀਤਾ। ਇਹ ਦੱਸਣਾ ਹੈ। ਮਹੀਨਾ ਤਾਰੀਕ ਪਾ ਦਿੱਤੀ।  

ਪਿੰਡਾਂ ਦੇ ਆਪਣੇ ਆਪਣੇ ਇਕੱਠ ਹੋਏ। ਫਿਰ ਸਾਂਝੇ ਇਕੱਠ ਹੋਏ। ਅੱਠ ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲ ਕਰਨ ਅਦਾਲਤ ਜਾਣਗੇ। ਤਰੀਕ ਆ ਗਈ। ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ। ਸਾਡੀ ਵਾਰੀ ਆਈ ਤਾਂ ਅੰਦਰ ਦਾਖਲ ਹੋਏ। ਇਕ ਮੈਂ ਵੀ ਸਾਂ। ਜੱਜਾਂ ਨੇ ਇਕ ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ। ਸਾਨੂੰ ਪਿਛਲੇ ਕਮਰੇ 'ਚ ਲੈ ਗਏ। ਚਾਹ ਪਾਣੀ ਮੰਗਵਾ ਲਿਆ। ਫਿਰ ਗੱਲ ਤੋਰੀ। ਜੱਜ ਸਾਹਿਬਾਨ ਨੇ ਕਿਹਾ- ਅਸੀਂ ਬੜੀ ਬਾਰੀਕੀ ਨਾਲ ਇਹ ਕੇਸ ਦੇਖਿਆ ਹੈ। ਤੁਸੀਂ ਗਲਤ ਕੰਮ ਛੇੜ ਬੈਠੇ। ਜਿਨ੍ਹਾਂ ਫਕੀਰਾਂ 'ਤੇ ਮੁਕੱਦਮੇ ਦਾਇਰ ਕੀਤੇ ਉਨ੍ਹਾਂ ਤੋਂ ਮੁਰਾਦਾਂ ਮੰਗਦੇ ਤਾਂ ਠੀਕ ਸੀ। ਉਹ ਨੇਕਬਖ਼ਤ ਇਨਸਾਨ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆਂ ਦੀ ਰੋਸ਼ਨੀ ਦੇਖੀ, ਤੁਸੀਂ ਉਨ੍ਹਾਂ 'ਤੇ ਮੁਕੱਦਮੇ ਕੀਤੇ। ਦਿਮਾਗ ਹਿੱਲ ਜਾਣ ਵਰਗੇ ਬਦ ਇਲਜ਼ਾਮ ਲਾਏ। ਸਰਦਾਰ ਰਾਇ ਬੁਲਾਰ ਖਾਨ ਸਾਹਿਬ ਦਾ ਦਿਮਾਗ ਅੱਧਾ ਤਾਂ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ, ਜਿਸ ਫਕੀਰ ਦੇ ਨਾਂ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ ਉਸ ਦਾ ਦਿਮਾਗ ਤਾਂ ਪੂਰਾ ਹਿੱਲ ਗਿਆ ਸੀ, ਕਿਉਂਕਿ ਉਸ ਨੇ ਕਦੇ ਇਸ ਜ਼ਮੀਨ ਵਲ ਦੇਖਿਆ ਭੀ ਨਹੀਂ। ਉਸ ਦੀ ਔਲਾਦ ਨੇ ਇਸ ਉਪਰ ਹੱਕ ਨਹੀਂ ਜਮਾਇਆ। ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ, ਨਾ ਦਾਅਵੇ ਅਦਾਲਤਾਂ 'ਚ ਕੀਤੇ। ਤੁਸੀਂ ਇਸ 'ਤੇ ਪੁਸ਼ਤਾਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਹੁਣ ਅਦਾਲਤਾਂ 'ਚ ਦਾਅਵੇ ਕੀਤੇ। ਦਸ ਬਾਰਾਂ ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ, ਕਿਸੇ ਨੇ ਅਕਲ ਨਹੀਂ ਦਿੱਤੀ ਕਿ ਬੇਅਦਬੀ ਨਾ ਕਰੋ? ਜ਼ਮੀਨ ਤੋਂ ਵਧੀਕ ਉਹ ਤੁਹਾਨੂੰ ਪਿਆਰ ਕਰਦੇ ਸਨ। ਤੁਸੀਂ ਉਨ੍ਹਾਂ ਦਰਵੇਸਾਂ ਨੂੰ ਨਫ਼ਰਤ ਕਰਦੇ ਹੋ ਅਤੇ ਜ਼ਮੀਨ ਨਾਲ ਪਿਆਰ ਪਾ ਲਿਆ। ਤੁਹਾਡੇ ਕੋਲ ਹੀ ਰਹੇਗੀ ਜ਼ਮੀਨ। ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ। 

ਅਸੀਂ ਕਿਹਾ-ਜੀ ਜ਼ਮੀਨ ਸਾਡੇ ਈ ਕਬਜ਼ੇ 'ਚ ਹੈ ਪਰ ਰਿਕਾਰਡ ਮਾਲ 'ਚ ਸਾਡਾ ਨਾਂ ਨਹੀਂ। ਜੱਜਾਂ ਨੇ ਕਿਹਾ-ਨਾਂ ਨਹੀਂ ਰਹੇਗਾ। ਨਾ ਤੁਹਾਡਾ ਨਾ ਸਾਡਾ। ਨਾਮ ਰਹੇਗਾ ਅੱਲਾਹ ਪਰਵਰਦਗਾਰ ਦਾ। ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲਿਆ ਦਰਵੇਸਾਂ ਦਾ। ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ, ਹੋਰ ਨਹੀਂ ਰਹੇਗਾ ਕੋਈ। ਸਾਡੀ ਤੁਹਾਨੂੰ ਇਹ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਉ। ਅਸੀਂ ਕਿਹਾ- ਜੀ ਬਾਹਰ ਸਾਡਾ ਭਾਈਚਾਰਾ ਖਲੋਤਾ ਹੈ। ਉਸ ਨਾਲ ਸਲਾਹ ਕਰ ਲਈਏ। ਜੱਜਾਂ ਨੇ ਕਿਹਾ- ਜ਼ਰੂਰ ਕਰੋ। ਹੁਣ ਸਾਢੇ ਗਿਆਰਾਂ ਵੱਜੇ ਹਨ। ਸ਼ਾਂਮੀ ਚਾਰ ਵਜੇ ਤਕ ਸਲਾਹ ਕਰ ਲਉ। ਜੇ ਮੁਕੱਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫ਼ੈਸਲਾ ਸੁਣਾ ਦਿਆਂਗੇ। ਅਦਾਲਤ ਤੋਂ ਬਾਹਰ ਤੁਹਾਨੂੰ ਅਸੀਂ ਇਹ ਇਕ ਸਲਾਹ ਦਿੱਤੀ ਹੈ। ਇਹ ਸਲਾਹ ਮੰਨਣ ਦੇ ਤੁਸੀਂ ਪਾਬੰਦ ਨਹੀਂ। ਫ਼ੈਸਲਾ ਸ਼ਾਮੀ ਸੁਣਾਵਾਂਗੇ। ਅਸੀਂ ਬਾਹਰ ਆ ਗਏ। ਭਾਈਚਾਰਾ ਉਡੀਕ ਰਿਹਾ ਸੀ। ਸਾਰੀ ਗੱਲ ਦੱਸੀ। ਸੋਚਣ ਵਿਚਾਰਨ ਲੱਗੇ। ਦਿਮਾਗ ਰਿੜਕੇ। ਅਖੀਰ 'ਚ ਫ਼ੈਸਲਾ ਹੋਇਆ ਕਿ ਦੋਹਾਂ ਵਿਚੋਂ ਇਕ ਦੀ ਚੋਣ ਕਰਨੀ ਹੈ। ਅਪੀਲ ਵਾਪਸ ਲੈਣੀ ਹੈ ਕਿ ਮੁਕੱਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ। ਜੱਜਾਂ ਦੀਆਂ ਗੱਲਾਂ ਤੋਂ ਦਿੱਸ ਗਿਆ ਸੀ ਕਿ ਜਿੱਤਣ ਦਾ ਸਵਾਲ ਈ ਨਹੀਂ ਪੈਦਾ ਹੁੰਦਾ। ਅਸਾਂ ਸਾਰਿਆਂ ਨੇ ਮੁਕੱਦਮਾ ਵਾਪਸ ਲੈਣ ਦਾ ਫ਼ੈਸਲਾ ਕੀਤਾ। ਸ਼ਾਮੀ ਚਾਰ ਵਜੇ ਵਕੀਲਾਂ ਸਣੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ। ਅਸੀਂ ਬਚ ਗਏ ਸਰਦਾਰ ਜੀ। ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ।

ਦੁਨੀਆਂ ਵੀ ਜਾਣੀ ਸੀ ਦੀਨ ਵੀ। ਹੁਣ ਦੋਵੇਂ ਬਚ ਗਏ। ਅਗਲੀ ਦਰਗਾਹ ਵਿਚ ਇਨ੍ਹਾਂ ਦਰਵੇਸਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮੁਆਫੀ ਮੰਗਣ ਜੋਗੇ ਰਹਿ ਗਏ। ਉਹ ਬੜੇ ਰਹਿਮ-ਦਿਲ ਹਨ ਜੀ। ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਹਨ। ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜ਼ਰਤ ਬਾਬਾ ਨਾਨਕ। ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜ਼ਰੀਏ ਪੁਚਾ ਰਹੇ ਹਨ। ਸੁਪਰੀਮ ਕੋਰਟ ਨੂੰ ਕਿਹਾ ਕਿ ਇਨ੍ਹਾਂ ਨੂੰ ਗਲਤ ਰਸਤੇ ਭਟਕਣ ਤੋਂ ਰੋਕ। ਸੁਪਰੀਮ ਕੋਰਟ ਨੇ ਰੋਕਿਆ। ਬਾਬਾ ਜੀ ਨੇ ਸੁਪਰੀਮ ਕੋਰਟ ਰਾਹੀਂ ਸਾਡੀ ਹੱਤਕ ਨਹੀਂ ਕਰਵਾਈ। ਵਰਜਿਆ ਵੀ। ਇੱਜ਼ਤ ਵੀ ਰੱਖੀ। ਉਸ ਦੇ ਨਾਮ ਨੂੰ ਲੱਖ ਸਲਾਮ। ਅੱਜ ਵੀ ਮਾਲ ਰਿਕਾਰਡ ਅਨੁਸਾਰ ਇਹਨਾਂ ਮੁਰੱਬਿਆਂ ਵਿਚ ਗੁਰੂ ਬਾਬਾ ਨਾਨਕ ਖੇਤੀ ਕਰਦਾ ਹੈ।

(ਚਲਦਾ)


rajwinder kaur

Edited By rajwinder kaur