ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਲਾਹੌਰ

8/9/2020 11:16:27 AM

ਪਾਕਿਸਤਾਨ ਲਾਹੌਰ ਵਿਖੇ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਅਤੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਨੇੜੇ-ਨੇੜੇ ਹਨ। ਮੀਡੀਆ 'ਚ ਖਬਰਾਂ ਨਸ਼ਟ ਹੋ ਰਹੀਆਂ ਹਨ ਕਿ ਲਾਹੌਰ 'ਚ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਦੇ ਅਹਾਤੇ ਅੰਦਰ ਹਜਰਤ ਸ਼ਾਹ ਕਾਕੂ ਚਿਸ਼ਤੀ ਦੀ ਮਜਾਰ ਵੀ ਬਣਾਈ ਗਈ ਹੈ। ਇਸ ਮਜਾਰ ਬਾਰੇ ਵੰਡ ਤੋਂ ਬਾਅਦ ਸਮੇਂ-ਸਮੇਂ ਮੰਗ ਉਠਦੀ ਰਹੀ ਹੈ ਪਰ ਸਿੱਖਾਂ ਵਲੋਂ ਝਗੜਾ ਨਬੇੜਣ ਦੀ ਨੀਅਤ ਨਾਲ ਮਜਾਰ ਦੀ ਜਗ੍ਹਾ ਛੱਡ ਦਿੱਤੀ ਗਈ, ਜਿਸ ਦੇ ਚਫੇਰੇ ਚਾਰ ਦੀਵਾਰੀ ਕਰਕੇ ਇਕ ਦਰਵਾਜ਼ਾਂ ਵੀ ਲਾ ਦਿੱਤਾ ਗਿਆ ਸੀ। ਹੁਣ ਉਸ ਜਗਾ ’ਤੇ ਕੁਝ ਮੁਸਲਮਾਨ ਦਬਦਬਾ ਬਣਾਉਂਦੇ ਹੋਇਆਂ ਕਬਜ਼ਾ ਕਰਨਾ ਚਾਹੁੰਦੇ ਹਨ। ਮੁਸਲਿਮ ਆਗੂ ਸੋਹੇਲ ਭੱਟ ਦੀਆਂ ਦੋ ਵੀਡੀਓ ਵੀ ਘੁੰਮ ਰਹੀਆਂ ਹਨ, ਜਿਸ 'ਚ ਉਹ ਕਹਿੰਦਾ ਕਿ ਭਾਰਤ ਪਾਕਿਸਤਾਨ ਵੰਡ ਵੇਲੇ ਇਸ ਅਸਥਾਨ ਲਈ ਮੁਸਲਮਾਨਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਇਥੇ ਗੁਰਦੁਆਰਾ ਕਿਉਂ ਬਣਾਏ ਜਾ ਰਹੇ ਹਨ। ਇਹ ਇਸਲਾਮਿਕ ਦੇਸ਼ ਹੈ ਏਥੇ ਸਿੱਖਾਂ ਦਾ ਕੀ ਕੰਮ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਪਾਕਿਸਤਾਨ ਸਰਕਾਰ ਕੋਲ ਆਪਣਾ ਰੋਸ ਪ੍ਰਗਟ ਕੀਤਾ ਗਿਆ ਤਾਂ ਸੁਹੇਲ ਭੱਟ ਤੇ ਉਸ ਦੇ ਸਾਥੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ਹੀਦ ਭਾਈ ਤਾਰੂ ਸਿੰਘ ਸਿੱਖ ਕੌਮ ਦੇ ਸਤਿਕਾਰ ਸ਼ਹੀਦ ਸਖਸ਼ੀਅਤ ਹਨ। 

ਭਾਈ ਤਾਰੂ ਸਿੰਘ ਜੀ ਨੂੰ ਨਵਾਬ ਜ਼ਕਰੀਆ ਖਾਨ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ, ਜਿਥੇ ਭਾਈ ਸਾਹਿਬ ਜੀ ਨੂੰ ਸਿੱਖੀ ਤਿਆਗ ਕੇ ਇਸਲਾਮ ਧਰਮ ਅਖਤਿਆਰ ਕਰਨ ਲਈ ਕਈ ਤਰ੍ਹਾਂ ਦੇ ਲੋਭ-ਲਾਲਚ ਦਿੱਤੇ ਗਏ ਪਰ ਉਹ ਆਪਣੇ ਅਕੀਦੇ 'ਤੇ ਅਟੱਲ ਰਹੇ। ਭਾਈ ਸਾਹਿਬ ਜੀ ਦਾ ਗੁਰਸਿੱਖੀ ਪ੍ਰਤੀ ਦ੍ਰਿੜ ਨਿਸ਼ਚਾ ਵੇਖ ਕੇ ਸੂਬੇ ਨੇ ਭਾਈ ਸਾਹਿਬ ਜੀ ਦੇ ਕੇਸ ਕਤਲ ਕਰਨ ਦਾ ਹੁਕਮ ਸੁਣਾ ਦਿੱਤਾ। ਇਸ 'ਤੇ ਭਾਈ ਸਾਹਿਬ ਜੀ ਨੇ ਬਚਨ ਕੀਤਾ ਕਿ ਕੇਸ ਜੋ ਮੇਰੇ ਗੁਰੂ ਦੀ ਅਮਾਨਤ ਹਨ, ਇਨ੍ਹਾਂ ਨੂੰ ਅਲਹਿਦਾ ਕਰਨ ਦੀ ਥਾਂ ਜੇਕਰ ਆਪ ਮੇਰੀ ਜਾਨ ਵੀ ਲੈਣੀ ਚਾਹੋ ਤਾਂਮੈਂ ਤਿਆਰ ਹਾਂ । ਇਸ 'ਤੇ ਸੂਬੇ ਨੇ ਜੱਲਾਦ ਨੂੰ ਬੁਲਾ ਕੇ ਭਾਈ ਸਾਹਿਬ ਜੀ ਦੀ ਖੋਪਰੀ ਉਤਾਰਨ ਦਾ ਜ਼ਾਲਮਾਨਾ ਹੁਕਮ ਸੁਣਾ ਦਿੱਤਾ। ਭਾਈ ਤਾਰੂ ਸਿੰਘ ਜੀ ਚਾਹੁੰਦੇ ਤਾਂ ਧਰਮ ਛੱਡ ਕੇ ਆਪਣੀ ਜਾਨ ਬਚਾ ਸਕਦੇ ਸਨ ਅਤੇ ਹਕੂਮਤ ਵੱਲੋਂ ਮਿਲਣ ਵਾਲੀਆਂ ਪਦਵੀਆਂ ਨੂੰ ਪ੍ਰਾਪਤ ਕਰ ਸਕਦੇ ਸਨ। ਪਰ ਆਪ ਨੇ ਹੱਸਦੇ ਹੋਏ ਖੋਪਰੀ ਲੁਹਾ ਕੇ ਇਹ ਦਰਸਾ ਦਿੱਤਾ ਕਿ ਸਿੱਖ ਲਈ ਉਸ ਦੇ ਕੇਸ ਜਾਨ ਤੋਂ ਵੀ ਪਿਆਰੇ ਹਨ। ਇਸ ਸ਼ਹੀਦੀ ਨਾਲ ਸਿੱਖਾਂ ਅੰਦਰ ਰੋਸ ਦੀ ਤਿੱਖੀ ਲਹਿਰ ਪੈਦਾ ਹੋਈ। ਜ਼ਕਰੀਆਂ ਖਾਂ ਦਾ ਵੀ ਅੰਤ ਹੋ ਗਿਆ।

ਸ਼ਹੀਦ-ਗੰਜ ਸ਼ਬਦ ਉਸ ਸਥਾਨ ਲਈ ਵਰਤਿਆ ਜਾਂਦਾ ਹੈ, ਜਿਥੇ ਕੋਈ ਸ਼ਹੀਦ ਦੱਬਿਆ ਜਾਂ ਸਸਕਾਰਿਆ ਗਿਆ ਹੋਵੇ ਪਰ ਇਹ ਸ਼ਬਦ ਸਿੱਖ ਸ਼ਹੀਦਾਂ ਦੀਆਂ ਯਾਦਗਾਰਾਂ ਨਾਲ ਵਿਸ਼ੇਸ਼ ਰੂਪ 'ਚ ਜੁੜ ਗਿਆ ਹੈ। ਪੰਜਾਬ ਤੇ ਪੰਜਾਬ ਤੋਂ ਬਾਹਰ ਕਈ ਧਰਮ-ਧਾਮ 'ਸ਼ਹੀਦ-ਗੰਜ' ਦੇ ਨਾਂ ਨਾਲ ਪ੍ਰਸਿੱਧ ਹਨ ਪਰ ਇਹ ਸ਼ਬਦ ਉਸ ਗੁਰਦੁਆਰੇ ਅਥਵਾ ਧਰਮ-ਧਾਮ ਲਈ ਬਹੁਤ ਪ੍ਰਚਲਿਤ ਹੋਇਆ ਹੈ, ਜੋ ਲਾਹੌਰ ਰੇਲਵੇ ਸਟੇਸ਼ਨ ਦੇ ਨੇੜੇ ਲੰਡਾ ਬਾਜ਼ਾਰ 'ਚ ਹੈ। ਜਿਥੇ ਮੀਰ ਮਨੂੰ ਦੇ ਸਮੇਂ ਹਜ਼ਾਰਾਂ ਸਿੰਘਾਂ, ਸਿੰਘਣੀਆਂ ਅਤੇ ਭੁਜੰਗੀਆਂ/ਭੁਜੰਗਣਾਂ ਨੂੰ ਖੂਹ 'ਚ ਸੁੱਟ ਕੇ, ਕੋਠਿਆਂ 'ਚ ਬੰਦ ਕਰਕੇ ਅਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਬਾਅਦ 'ਚ ਉਨ੍ਹਾਂ ਦੇ ਪਿੰਜਰਾਂ ਅਤੇ ਹੱਡੀਆਂ ਨਾਲ ਦੀਵਾਰਾਂ ਉਸਾਰੀਆਂ ਗਈਆਂ ਸਨ। ਉਥੋਂ ਖੁਦਾਈ ਕਰਨ ਤੇ ਹੁਣ ਵੀ ਸਿੱਖਾਂ ਦੇ ਲੋਹੇ ਦੇ ਬਰਤਨ, ਕੜੇ ਅਤੇ ਸ਼ਸਤਰ ਮਿਲ ਜਾਂਦੇ ਹਨ। ਸਿੱਖ ਜਗਤ 'ਚ ਸ਼ਹੀਦਾਂ ਲਈ ਅਪਾਰ ਆਦਰ ਹੈ। ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਅਰਦਾਸ 'ਚ ਸਦਾ ਯਾਦ ਕੀਤਾ ਜਾਂਦਾ ਹੈ।

ਇਸ ਧਰਮ-ਧਾਮ ਨੂੰ ਪ੍ਰਾਪਤ ਕਰਨ ਲਈ ਸਿੱਖ ਕੌਮ ਨੂੰ ਇਕ ਲੰਬਾ ਸੰਘਰਸ਼ ਕਰਨਾ ਪਿਆ, ਜਿਸ ਦਾ ਅੰਤਿਮ ਨਿਪਟਾਰਾ 2 ਮਈ 1940 ਈ. 'ਚ ਹੋਇਆ। ਇਸ ਦਾ ਸੰਬੰਧ ਲਾਹੌਰ ਦੇ ਲੰਡਾ ਬਾਜ਼ਾਰ 'ਚ ਸਥਿਤ ਗੁਰਦੁਆਰਾ 'ਸ਼ਹੀਦ ਗੰਜ' ਨਾਲ ਹੈ। ਇਹ ਉਸ ਥਾਂ ਉਤੇ ਬਣਿਆ ਹੋਇਆ ਹੈ, ਜਿਥੇ ਪਹਿਲਾਂ ਨਖਾਸ ਚੌਕ ਹੁੰਦਾ ਸੀ ਅਤੇ ਜਿਥੇ ਗੁਲਾਮਾਂ ਅਤੇ ਪਸ਼ੂਆਂ ਨੂੰ ਵੇਚਿਆ ਖ਼ਰੀਦਿਆ ਜਾਂਦਾ ਸੀ। ਇਥੇ ਮੀਰ ਮਨੂੰ ਵੇਲੇ ਇਕ ਮਸਜਿਦ ਸ਼ਕਲ ਦੀ ਇਮਾਰਤ ਬਣਾਈ ਗਈ। ਜਿਥੇ ਬੈਠ ਕੇ ਮੁਗਲ ਸਰਕਾਰ ਦੇ ਕਾਜ਼ੀ ਅਤੇ ਮੁਫਤੀ ਉਨ੍ਹਾਂ ਲੋਕਾਂ ਨੂੰ ਮਾਰਨ ਦੀ ਸਜ਼ਾ ਦਿੰਦੇ ਸਨ, ਜੋ ਇਸਲਾਮ ਨੂੰ ਕਬੂਲ ਨਹੀਂ ਕਰਦੇ ਸਨ। ਇਥੇ ਹਜ਼ਾਰਾਂ ਦੀ ਗਿਣਤੀ 'ਚ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਨੂੰ ਕਤਲ ਕੀਤਾ ਗਿਆ ਸੀ। ਭਾਈ ਤਾਰੂ ਸਿੰਘ ਦੀ ਸ਼ਹਾਦਤ ਵੀ ਇਥੇ ਹੀ ਹੋਈ ਸੀ।

ਜਦੋਂ ਪੰਜਾਬ 'ਚ ਦਲ ਖ਼ਾਲਸਾ (ਬੁੱਢਾ ਦਲ) ਨੇ ਸ਼ਕਤੀ ਅਰਜਿਤ ਕੀਤੀ ਤਾਂ ਇਥੇ ਗੁਰਦੁਆਰਾ ਸ਼ਹੀਦ ਗੰਜ ਦੀ ਸਥਾਪਨਾ ਕੀਤੀ ਗਈ, ਕਿਉਂਕਿ ਸਿੱਖ-ਜਗਤ ਲਈ ਇਹ ਬੜਾ ਪਵਿੱਤਰ ਅਤੇ ਯਾਦਗਾਰੀ ਸਥਾਨ ਸੀ। ਸਿੱਖ-ਰਾਜ ਦੀ ਸਮਾਪਤੀ ਤੋਂ ਬਾਅਦ ਮੁਸਲਮਾਨਾਂ ਨੇ ਇਸ ਨੂੰ ਮਸਜਿਦ ਕਹਿ ਕੇ ਆਪਣਾ ਹੱਕ ਜਮਾਉਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਵਲੋਂ ਕੀਤੇ ਸਾਰੇ ਦਾਅਵੇ ਬੇ-ਬੁਨਿਆਦ ਸਾਬਤ ਹੋਏ ਅਤੇ ਇਸ ਸਮਾਰਕ ਨੂੰ ਗੁਰਦੁਆਰਾ ਸਿੱਧ ਕੀਤਾ ਗਿਆ। ਮੁਸਲਮਾਨਾਂ ਵਲੋਂ ਫਿਰ ਹੱਕ ਜਮਾਉਣ ’ਤੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਨੇ 20 ਜਨਵਰੀ 1930 ਈ. ਨੂੰ ਫੈਸਲਾ ਕੀਤਾ ਕਿ ਇਹ ਥਾਂ ਗੁਰਦੁਆਰਾ ਭਾਈ ਤਾਰੂ ਸਿੰਘ ਦੀ ਹੈ। ਇਸ ਦੇ ਵਿਰੋਧ 'ਚ ਮੁਸਲਮਾਨਾਂ ਦੀ ਹਾਈ ਕੋਰਟ 'ਚ ਕੀਤੀ ਅਪੀਲ ਸੰਨ 1934 ਈ. ਵਿਚ ਖ਼ਾਰਜ ਹੋ ਗਈ। ਫਲਸਰੂਪ ਲਾਹੌਰ ਦੀ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਰਚ 1935 ਈ. 'ਚ ਸ਼ਹੀਦ ਗੰਜ ਦਾ ਕਬਜ਼ਾ ਪ੍ਰਾਪਤ ਕਰ ਲਿਆ। 

ਸਿੱਖਾਂ ਨੇ 8 ਜੂਨ 1935 ਈ. ਨੂੰ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਆਰੰਭ ਕਰ ਦਿੱਤਾ। ਲਗਭਗ ਤਿੰਨ ਹਫ਼ਤੇ ਡੇਗਣ ਦਾ ਕੰਮ ਜਾਰੀ ਰਿਹਾ ਪਰ 29 ਜੂਨ 1935 ਈ. ਨੂੰ ਮੁਸਲਮਾਨਾਂ ਦੇ ਹਜੂਮ ਨੇ ਗੁਰਦੁਆਰੇ ਦੇ ਪਰਿਸਰ 'ਚ ਦਾਖਲ ਹੋਣ ਦਾ ਯਤਨ ਕੀਤਾ, ਜੋ ਸਿੱਖਾਂ ਵਲੋਂ ਨਾਕਾਮਯਾਬ ਕਰ ਦਿੱਤਾ ਗਿਆ। ਲਾਹੌਰ ਦੇ ਡਿਪਟੀ ਕਮਿਸ਼ਨਰ ਨੇ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆ ਢੁਆਈ ਦਾ ਕੰਮ ਰੋਕ ਦਿੱਤਾ ਪਰ 8 ਜੁਲਾਈ ਨੂੰ ਮਨਾਹੀ ਦੀ ਪ੍ਰਵਾਹ ਨਾ ਕਰਦੇ ਹੋਇਆਂ ਸਿੱਖਾਂ ਨੇ ਢਾਹਣ ਦਾ ਕੰਮ ਫਿਰ ਸ਼ੁਰੂ ਕਰ ਦਿੱਤਾ। ਪ੍ਰਸ਼ਾਸ਼ਨ ਵਲੋਂ ਕੋਈ ਰੁਕਾਵਟ ਨਾ ਪਾਈ ਗਈ। 30 ਅਕਤੂਬਰ 1935 ਈ. ਨੂੰ ਮੁਸਲਮਾਨਾਂ ਨੇ ਸ਼ਹੀਦ ਗੰਜ ਦਾ ਕਬਜ਼ਾ ਲੈਣ ਲਈ ਫਿਰ ਦਾਅਵਾ ਕਰ ਦਿੱਤਾ, ਜੋ 25 ਮਈ 1936 ਈ. ਨੂੰ ਖਾਰਜ ਕਰ ਦਿੱਤਾ ਪਰ ਮੁਸਲਮਾਨਾਂ ਵੱਲੋਂ ਫਿਰ ਹਾਈ ਕੋਰਟ 'ਚ ਅਪੀਲ ਕਰ ਦਿੱਤੀ ਗਈ, ਜੋ 26 ਜਨਵਰੀ 1938 ਈ: ਨੂੰ ਨਾ ਮਨਜ਼ੂਰ ਹੋ ਗਈ। ਇਸ ਤੋਂ ਬਾਅਦ ਪ੍ਰਿਥੀ ਕੌਸ਼ਲ ਦੀ ਜ਼ੁਡੀਸ਼ੀਅਲ ਕਮੇਟੀ ਪਾਸ ਅਪੀਲ ਕੀਤੀ ਗਈ, ਜੋ 2 ਮਈ 1940 ਈ: ਨੂੰ ਰੱਦ ਹੋ ਗਈ। ਇਸ ਫੈਸਲੇ ਨਾਲ ਸ਼ਹੀਦ ਸੰਘਰਸ਼ ਦੀ ਵੀ ਸਮਾਪਤੀ ਹੋ ਗਈ। ਇਸ ਥਾਂ-ਪੁਰ ਸਿੱਖਾਂ ਨੇ ਸੰਭਾਲ ਲਿਆ ਪਰ 1947 ਦੀ ਵੰਡ ਤੋਂ ਬਾਅਦ ਇਸ ਮਹਾਨ ਅਸਥਾਨ ਦੀ ਜੋ ਸੇਵਾ ਸੰਭਾਲ ਹੋਣੀ ਚਾਹੀਦੀ ਸੀ ਉਹ ਹੋ ਨਹੀਂ ਸਕੀ। ਹੁਣ ਕੁਝ ਮੁਸਲਮਾਨ ਤਾਕਤਾਂ ਹੀ ਮੁੜ ਕਬਜ਼ੇ ਵਾਲੀ ਭਾਵਨਾ ਨਾਲ ਵਿਵਾਦ ਪੈਦਾ ਕਰ ਰਹੀਆਂ ਹਨ।   

ਦਿਲਜੀਤ ਸਿੰਘ ਬੇਦੀ
ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਅੰਮ੍ਰਿਤਸਰ, ਮੋ. 9814898570


rajwinder kaur

Content Editor rajwinder kaur