ਜਾਣੋ ਕਿਉਂ ਮਨਾਈ ਜਾਂਦੀ ਹੈ ਲੋਹੜੀ

1/13/2020 9:48:19 AM

ਜਲੰਧਰ(ਬਿਊਰੋ)- ਹਰ ਸਾਲ ਲੋਹੜੀ ਦਾ ਤਿਉਹਾਰ ਜਨਵਰੀ ਦੀ 13 ਤਾਰੀਕ ਨੂੰ ਮਨਾਇਆ ਜਾਂਦਾ ਹੈ।  ਲੋਹੜੀ ਉੱਤਰੀ ਭਾਰਤ ਦਾ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦਾ ਖੇਤੀਬਾੜੀ ਨਾਲ ਸਬੰਧਤ ਇਕ ਮਸ਼ਹੂਰ ਤਿਉਹਾਰ ਹੈ। ਇਸ ਤਿਉਹਾਰ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਤਿਲ, ਗੁੜ, ਗੱਚਕ, ਰਿਓੜੀਆਂ ਤੇ ਮੂੰਗਫਲੀ ਅਗਨੀ ਨੂੰ ਭੇਟ ਕੀਤੇ ਜਾਂਦੇ ਹਨ। ਇਸ ਦਿਨ ਅੱਗ ਦੇ ਚੁਫੇਰੇ ਸਜ-ਵਿਆਹੇ ਜੋੜੇ ਆਹੂਤੀ ਦਿੰਦੇ ਹੋਏ ਚੱਕਰ ਕੱਢ ਕੇ ਆਪਣੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੇ ਹਨ।

ਲੋਹੜੀ  ਮਨਾਉਣ ਸਬੰਧੀ  ਕਈ ਧਾਰਨਾਵਾਂ ਪ੍ਰਚੱਲਿਤ

ਲੋਹੜੀ  ਮਨਾਉਣ ਸਬੰਧੀ  ਕਈ ਧਾਰਨਾਵਾਂ ਪ੍ਰਚੱਲਿਤ ਹਨ। ਕਿਹਾ ਜਾਂਦਾ ਹੈ ਕਿ ਹੋਲਿਕਾ ਅਤੇ ਲੋਹੜੀ ਹਰਨਾਕਸ਼ ਦੀਆਂ ਦੋ ਭੈਣਾਂ ਸਨ। ਇਨ੍ਹਾਂ ਨੂੰ ਵਰ ਮਿਲਿਆ ਹੋਇਆ ਸੀ ਕਿ ਅੱਗ ਉਨ੍ਹਾਂ ਨੂੰ ਸਾੜ ਨਹੀਂ ਸੀ ਸਕਦੀ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਰੱਬ ਦਾ ਭਗਤ ਸੀ। ਉਹ ਆਪਣੇ ਪਿਤਾ ਦੀ ਥਾਂ ਰੱਬ ਨੂੰ ਪੂਜਦਾ ਸੀ, ਜਿਸ ਕਰਕੇ ਹਰਨਾਕਸ਼ ਉਸ ਨੂੰ ਘ੍ਰਿਣਾ ਕਰਦਾ ਸੀ ਅਤੇ ਮਰਵਾਉਣਾ ਚਾਹੁੰਦਾ ਸੀ। ਇਕ ਦਿਨ ਹਰਨਾਕਸ਼ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਬਲਦੀ ਚਿਖਾ ਵਿਚ ਬੈਠ ਜਾਵੇ। ਉਹ ਬਲਦੀ ਹੋਈ ਚਿਖਾ ਵਿਚ ਬੈਠ ਗਈ। ਵਰ ਦੇ ਬਾਵਜੂਦ ਵੀ ਉਹ ਤਾਂ ਸੜ ਗਈ ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ। ਇਸ ਮਗਰੋਂ ਹਰਨਾਕਸ਼ ਨੇ ਲੋਹੜੀ ਨੂੰ ਵੀ ਅਜਿਹਾ ਹੀ ਕਰਨ ਨੂੰ ਕਿਹਾ। ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਚਿਖਾ ਵਿਚ ਜਾ ਬੈਠੀ ਪਰ ਲੋਹੜੀ ਆਪ ਸੜ ਗਈ ਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਲੋਕ ਆਪਣੀ ਲੰਮੇਰੀ ਉਮਰ ਦੀ ਕਾਮਨਾ ਲਈ ਲੋਹੜੀ ਬਾਲਣ ਲੱਗੇ ਤਾਂ ਜੋ ਸਾਰਿਆਂ ਦੀ ਉਮਰ ਪ੍ਰਹਿਲਾਦ ਵਾਂਗ ਲੰਬੀ ਹੋਵੇ। ਇਸ ਦਿਨ ਭੈਣਾਂ ਅਤੇ ਭਰਾਵਾਂ ਤੇ ਮਾਪੇ ਆਪਣੇ ਬੱਚਿਆਂ ਦੀ ਲਮੇਰੀ ਉਮਰ ਲਈ ਪ੍ਰਾਰਥਨਾਵਾਂ ਕਰਦੇ ਹਨ। ਕਈ ਕਹਿੰਦੇ ਹਨ ਕਿ ਲੋਹੜੀ ਦੀ ਕਹਾਣੀ ਉਸ ਲੋਹਨੀ ਦੇਵੀ ਨਾਲ ਸਬੰਧ ਰੱਖਦੀ ਹੈ, ਜਿਸ ਨੇ ਇਕ ਭੈੜੇ ਦੈਂਤ ਨੂੰ ਸਾੜ ਕੇ ਸਵਾਹ ਕਰ ਦਿੱਤਾ ਸੀ। ਉਦੋਂ ਤੋਂ ਲੋਕ ਉਹਦੀ ਯਾਦ ਨੂੰ ਸੁਲਗਾ-ਸੁਲਗਾ ਕੇ ਯਾਦ ਕਰਦੇ ਹਨ।

ਕਈ ਹੋਰ ਪ੍ਰੰਪਰਾਵਾਂ

ਕਈ ਸਾਲ ਪਹਿਲਾਂ ਫਸਲ ਦੀ ਬਿਜੀਆਈ ਤੇ ਉਸ ਦੀ ਵਾਢੀ ਨਾਲ ਇਸ ਤਿਉਹਾਰ ਨੂੰ ਜੋੜ ਕੇ ਮਨਾਉਣ ਦੀ ਸ਼ੁਰੂਆਤ ਹੋਈ। ਇਸ ਉਤਸਵ 'ਤੇ ਪੰਜਾਬ 'ਚ ਨਵੀਂ ਫ਼ਸਲ ਦੀ ਪੂਜਾ ਕਰਨ ਦੀ ਪਰੰਪਰਾ ਹੈ। ਇਸ ਤੋਂ ਇਲਾਵਾ ਅੱਗ ਬਾਲ਼ ਕੇ ਲੋਕ ਇਸ ਦੇ ਆਲੇ-ਦੁਆਲੇ ਨੱਚਦੇ ਹਨ। ਅੱਜ ਵੀ ਵਿਆਹ ਜਾਂ ਬੱਚੇ ਦੇ ਜਨਮ ਤੋਂ ਬਾਅਦ ਤਿਉਹਾਰ ਨੂੰ ਖ਼ਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ।

ਕਿਵੇਂ ਮਨਾਈ ਜਾਂਦੀ ਹੈ ਲੋਹੜੀ

ਇਸ ਦਿਨ ਚੌਂਕਾਂ 'ਤੇ ਲੋਹੜੀ ਬਾਲੀ ਜਾਂਦੀ ਹੈ। ਇਸ ਦਿਨ ਲੜਕੇ ਅੱਗੇ ਦੇ ਆਲੇ-ਦੁਆਲੇ ਭੰਗੜਾ ਪਾਉਂਦੇ ਹਨ, ਉੱਥੇ ਹੀ ਕੁੜੀਆਂ ਤੇ ਔਰਤਾਂ ਗਿੱਧਾ ਪਾਉਂਦੀਆਂ ਹਨ। ਸਾਰੇ ਰਿਸ਼ਤੇਦਾਰ ਇਕੱਠੇ ਮਿਲ ਕੇ ਡਾਂਸ ਕਰਦੇ ਹੋਏ ਬੜੀ ਧੂਮਧਾਮ ਨਾਲ ਲੋਹੜੀ ਦਾ ਜਸ਼ਨ ਮਨਾਉਂਦੇ ਹਨ। ਇਸ ਦਿਨ ਤਿਲ, ਗੁੜ, ਗੱਚਕ, ਰਿਉੜੀਆਂ ਤੇ ਮੂੰਗਫਲੀ ਦਾ ਵੀ ਖਾਸ ਮਹੱਤਵ ਹੁੰਦਾ ਹੈ। ਕਈ ਥਾਈਂ ਲੋਹੜੀ ਨੂੰ ਤਿਲੋੜੀ ਵੀ ਕਿਹਾ ਜਾਂਦਾ ਹੈ।

ਪਤੰਗ ਮੁਕਾਬਲੇ


ਪਤੰਗਾਂ ਨੂੰ ਉਡਾਉਣ ਲਈ ਲੋਹੜੀ ਅਤੇ ਬਸੰਤ ਦਾ ਤਿਉਹਾਰ ਬਹੁਤ ਢੁੱਕਵਾ ਮੰਨਿਆ ਜਾਂਦਾ ਹੈ। ਲੋਹੜੀ ਮੌਕੇ ਪਤੰਗ ਮੁਕਾਬਲੇ ਹੁੰਦੇ ਹਨ, ਇਕ-ਦੂਜੇ ਦੀਆਂ ਪਤੰਗਾਂ ਕੱਟੀਆਂ ਜਾਂਦੀਆਂ ਹਨ। ਪੰਜਾਬ ਦੇ ਅਮ੍ਰਿੰਤਸਰ ਅਤੇ ਫਿਰੋਜਪੁਰ ਵਿਚ ਪਤੰਗਾਂ ਦੇ ਵੱਡੇ ਮੁਕਾਬਲੇ ਹੁੰਦੇ ਹਨ। ਪਾਕਿਸਤਾਨ ਵਾਲੇ ਪੰਜਾਬ ਵਿਚ ਪਤੰਗਾਂ ਉਡਾਈਆਂ ਜਾਂਦੀਆਂ ਹਨ। ਅੱਜਕਲ ਚੀਨ ਦੀ ਡੋਰ ਚਲ ਰਹੀ ਹੈ, ਜਿਸ ਤੋਂ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ।

ਲੋਹੜੀ ਬਾਲਣ ਦਾ ਮਹੱਤਵ


ਲੋਹੜੀ ਤੋਂ ਕਈ ਦਿਨ ਪਹਿਲਾਂ ਕਈ ਤਰ੍ਹਾਂ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਖੁੱਲ੍ਹੇ ਥਾਂ ’ਤੇ ਰੱਖਿਆ ਜਾਂਦਾ ਹੈ ਅਤੇ ਲੋਹੜੀ ਵਾਲੀ ਰਾਤ ਨੂੰ ਸਾਰੇ ਆਪਣਿਆਂ ਨਾਲ ਮਿਲ ਕੇ ਇਨ੍ਹਾਂ ਲੜਕਾਂ ਨੂੰ ਬਾਲ ਕੇ ਇਸ ਦੇ ਆਲੇ-ਦੁਆਲੇ ਬੈਠਦੇ ਹਨ। ਕਈ ਲੋਕ ਗੀਤ ਗਾਉਂਦੇ ਹਨ, ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ, ਆਪਸੀ ਗਿਲੇ-ਸ਼ਿਕਵੇ ਭੁੱਲ ਕੇ ਇਕ-ਦੂਜੇ ਨੂੰ ਗਲੇ ਲਾਇਆ ਜਾਂਦਾ ਹੈ ਅਤੇ ਲੋਹੜੀ ਦੀ ਵਧਾਈ ਦਿੱਤੀ ਜਾਂਦੀ ਹੈ। ਇਸ ਲੱਕੜਾਂ ਦੇ ਢੇਰ ਨੂੰ ਅੱਗ ਵਿਖਾ ਕੇ ਇਸ ਦੇ ਚਾਰੇ ਪਾਸੇ ਪਰਿਕਰਮਾ ਕੀਤੀ ਜਾਂਦੀ ਹੈ ਅਤੇ ਆਪਣੇ ਅਤੇ ਆਪਣਿਆਂ ਲਈ ਦੁਆਵਾਂ ਮੰਗੀਆਂ ਜਾਂਦੀਆਂ ਹਨ। ਇਸ ਅੱਗ ਦੇ ਆਲੇ-ਦੁਆਲੇ ਬੈਠ ਕੇ ਮੂੰਗਫਲੀ, ਰਿਓੜੀਆਂ, ਰੋਹ, ਗੱਚਕ ਆਦਿ ਦਾ ਸੇਵਨ ਕੀਤਾ ਜਾਂਦਾ ਹੈ। ਲੋਕ ਢੋਲ ਦੀ ਥਾਪ ’ਤੇ ਨੱਚ ਗਾ ਕੇ ਇਸ ਤਿਉਹਾਰ ਨੂੰ ਖੁਸ਼ੀ ਖੁਸ਼ੀ ਮਨਾਉਂਦੇ ਹਨ।


manju bala

Edited By manju bala