ਖੁਸ਼ੀਆਂ ਵੰਡਦੀ ਲੋਹੜੀ

1/13/2020 8:58:31 AM

ਜਲੰਧਰ(ਸੁਖਦੇਵ ਮਾਦਪੁਰੀ)- ਲੋਹੜੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ। ਇਹ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਲੋਕ-ਜੀਵਨ ਵਿਚ ਇਸ ਤਿਉਹਾਰ ਦੀ ਬਹੁਤ ਮਹੱਤਤਾ ਹੈ। ਲੋਹੜੀ  ਮਨਾਉਣ ਸਬੰਧੀ  ਕਈ ਧਾਰਨਾਵਾਂ ਪ੍ਰਚੱਲਿਤ ਹਨ। ਕਿਹਾ ਜਾਂਦਾ ਹੈ ਕਿ ਹੋਲਿਕਾ ਅਤੇ ਲੋਹੜੀ ਹਰਨਾਕਸ਼ ਦੀਆਂ ਦੋ ਭੈਣਾਂ ਸਨ। ਇਨ੍ਹਾਂ ਨੂੰ ਵਰ ਮਿਲਿਆ ਹੋਇਆ ਸੀ ਕਿ ਅੱਗ ਉਨ੍ਹਾਂ ਨੂੰ ਸਾੜ ਨਹੀਂ ਸੀ ਸਕਦੀ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਰੱਬ ਦਾ ਭਗਤ ਸੀ। ਉਹ ਆਪਣੇ ਪਿਤਾ ਦੀ ਥਾਂ ਰੱਬ ਨੂੰ ਪੂਜਦਾ ਸੀ, ਜਿਸ ਕਰਕੇ ਹਰਨਾਕਸ਼ ਉਸ ਨੂੰ ਘ੍ਰਿਣਾ ਕਰਦਾ ਸੀ ਅਤੇ ਮਰਵਾਉਣਾ ਚਾਹੁੰਦਾ ਸੀ। ਇਕ ਦਿਨ ਹਰਨਾਕਸ਼ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਬਲਦੀ ਚਿਖਾ ਵਿਚ ਬੈਠ ਜਾਵੇ। ਉਹ ਬਲਦੀ ਹੋਈ ਚਿਖਾ ਵਿਚ ਬੈਠ ਗਈ। ਵਰ ਦੇ ਬਾਵਜੂਦ ਵੀ ਉਹ ਤਾਂ ਸੜ ਗਈ ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ। ਇਸ ਮਗਰੋਂ ਹਰਨਾਕਸ਼ ਨੇ ਲੋਹੜੀ ਨੂੰ ਵੀ ਅਜਿਹਾ ਹੀ ਕਰਨ ਨੂੰ ਕਿਹਾ। ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਚਿਖਾ ਵਿਚ ਜਾ ਬੈਠੀ ਪਰ ਲੋਹੜੀ ਆਪ ਸੜ ਗਈ ਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਲੋਕ ਆਪਣੀ ਲੰਮੇਰੀ ਉਮਰ ਦੀ ਕਾਮਨਾ ਲਈ ਲੋਹੜੀ ਬਾਲਣ ਲੱਗੇ ਤਾਂ ਜੋ ਸਾਰਿਆਂ ਦੀ ਉਮਰ ਪ੍ਰਹਿਲਾਦ ਵਾਂਗ ਲੰਬੀ ਹੋਵੇ। ਇਸ ਦਿਨ ਭੈਣਾਂ ਅਤੇ ਭਰਾਵਾਂ ਤੇ ਮਾਪੇ ਆਪਣੇ ਬੱਚਿਆਂ ਦੀ ਲਮੇਰੀ ਉਮਰ ਲਈ ਪ੍ਰਾਰਥਨਾਵਾਂ ਕਰਦੇ ਹਨ।
ਕਈ ਕਹਿੰਦੇ ਹਨ ਕਿ ਲੋਹੜੀ ਦੀ ਕਹਾਣੀ ਉਸ ਲੋਹਨੀ ਦੇਵੀ ਨਾਲ ਸਬੰਧ ਰੱਖਦੀ ਹੈ, ਜਿਸ ਨੇ ਇਕ ਭੈੜੇ ਦੈਂਤ ਨੂੰ ਸਾੜ ਕੇ ਸਵਾਹ ਕਰ ਦਿੱਤਾ ਸੀ। ਉਦੋਂ ਤੋਂ ਲੋਕ ਉਹਦੀ ਯਾਦ ਨੂੰ ਸੁਲਗਾ-ਸੁਲਗਾ ਕੇ ਯਾਦ ਕਰਦੇ ਹਨ।
ਪੰਜਾਬ ਵਿਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿਚ 'ਸੁੰਦਰ-ਮੁੰਦਰੀਏ' ਨਾਂ ਦਾ ਗੀਤ ਬੜਾ ਪ੍ਰਸਿੱਧ ਹੈ। ਇਹ ਲੋਹੜੀ ਦੇ ਪਿਛੋਕੜ ਨਾਲ ਜੁੜੀ ਇਕ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਲ ਸਬੰਧਤ ਹੈ :
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਲੋਹੜੀ ਦੇ ਤਿਉਹਾਰ ਨਾਲ ਮਨੁੱਖ ਦੀ ਆਪਣੀ ਵੰਸ਼ ਨੂੰ ਚਾਲੂ ਰੱਖਣ ਦੀ ਭਾਵਨਾ ਜੁੜੀ ਹੋਈ ਹੈ। ਇਹ ਤਿਉਹਾਰ ਨਵੇਂ ਵਿਆਹੇ ਅਤੇ ਨਵ ਜਨਮੇ ਬੱਚਿਆਂ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਬੱਚਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ, ਖ਼ੁਸ਼ੀ ਸਾਰੇ ਰਲ ਕੇ ਮਨਾਉਂਦੇ ਹਨ ਅਤੇ ਨਵ ਜਨਮੇ ਬੱਚੇ ਦੇ ਘਰੋਂ ਵਧਾਈਆਂ ਦਾ ਗੁੜ ਮੰਗ ਕੇ ਲਿਆਉਂਦੇ ਹਨ।
ਦਾਨ ਕਰਨ ਨਾਲ ਸਾਰੇ ਕਾਰਜ ਰਾਸ ਆਉਂਦੇ ਹਨ। ਸਮੁੱਚੇ ਪਰਿਵਾਰ ਲਈ ਸ਼ੁੱਭਕਾਮਨਾਵਾਂ ਕਰਦੀਆਂ ਹੋਈਆਂ ਕੁੜੀਆਂ ਗਾਉਂਦੀਆਂ ਹਨ :—
ਪਾ ਨੀ ਮਾਏਂ ਪਾ,
ਕਾਲੇ ਕੁੱਤੇ ਨੂੰ ਵੀ ਪਾ,
ਕਾਲਾ ਕੁੱਤਾ ਦਏ ਵਧਾਈ
ਤੇਰੀ ਜੀਵੇ ਮੱਝੀ ਗਾਈਂ
ਮੱਝੀ ਗਾਈਂ ਦੇ ਦਿੱਤਾ ਦੁੱਧ
ਤੇਰੇ ਜੀਵਣ ਸੱਤੇ ਪੁੱਤ
ਸੱਤਾਂ ਪੁੱਤਾਂ ਦੀ ਕੁੜਮਾਈ
ਸਾਨੂੰ ਸ਼ੇਰ—ਸ਼ੱਕਰ ਪਾਈ
ਡੋਲ ਛਮ-ਛਮ ਕਰਦੀ ਆਈ।
ਜਿਸ ਘਰ ਬਾਲ ਨਹੀਂ ਹੁੰਦੇ, ਉਨ•ਾਂ ਦੇ ਦਰ ਜਾ ਕੇ ਬੱਚੇ ਲੋਹੜੀ ਮੰਗਦੇ ਹੋਏ ਪ੍ਰਾਰਥਨਾ ਕਰਦੇ ਹਨ :
ਕੋਠੇ ਹੇਠ ਡੱਕਾ
ਥੋਨੂੰ ਰਾਮ ਦਊਗਾ ਬੱਚਾ
ਸਾਡੀ ਲੋਹੜੀ ਮਨਾ ਦੋ
ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਹੋਈਆਂ ਕਲਪਨਾ ਵਿਚ ਹੀ ਨਿੱਕੇ ਕਾਕੇ ਦਾ ਵਿਆਹ ਹੀ ਰਚਾ ਦਿੰਦੀਆਂ ਹਨ। ਅੱਗੋਂ ਮੁੰਡੇ ਦੀ ਮਾਂ ਦਿਲ ਖੋਲ• ਕੇ ਰਿਉੜੀਆਂ ਤੇ ਸ਼ੱਕਰ ਗੁੜ ਦਿੰਦੀ ਹੈ :
ਤਿਲ ਛੱਟੇ ਛੰਡ ਛੰਡਾਏ
ਗੁੜ ਦੇਹ ਮੁੰਡੇ ਦੀਏ ਮਾਏਂ
ਅਸੀਂ ਗੁੜ ਨਹੀਂ ਲੈਣਾ ਥੋੜ•ਾ
ਅਸੀਂ ਲੈਣਾ ਗੁੜ ਦਾ ਰੋੜਾ
ਲੋਹੜੀ ਵਿਚ ਬੱਚੇ ਵਧ-ਚੜ• ਕੇ ਭਾਗ ਲੈਂਦੇ ਹਨ। ਜਿੱਧਰ ਦੇਖੋ ਬੱਚਿਆਂ ਦੀਆਂ ਟੋਲੀਆਂ ਗੀਤ ਗਾਉਂਦੀਆਂ  ਫਿਰਦੀਆਂ ਹਨ। ਵਧਾਈਆਂ ਦੇ ਗੁੜ ਤੋਂ ਬਿਨਾਂ ਬੱਚੇ ਭੂਤ ਪਿੰਨੇ, ਰਿਉੜੀਆਂ, ਤਲੂਏਂ ਬੱਕਲੀਆਂ, ਦਾਣੇ ਤੇ ਪਾਥੀਆਂ ਘਰ-ਘਰ ਜਾ ਕੇ ਗੀਤ ਗਾ ਕੇ ਮੰਗਦੇ ਹਨ। ਦਿਨ ਖੜ•ੇ ਹੀ ਲੋਹੜੀ ਮੰਗ ਰਹੇ ਬੱਚਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ ਹਨ।  ਕੁੜੀਆਂ ਦੀਆਂ ਵੱਖਰੀਆਂ-ਵੱਖਰੀਆਂ ਟੋਲੀਆਂ ਹੁੰਦੀਆਂ ਹਨ। ਵੱਡੀਆਂ ਕੁੜੀਆਂ ਤੇ ਸੁਆਣੀਆਂ ਇਕੱਠੀਆਂ ਹੋ ਕੇ ਵਧਾਈ ਵਾਲੇ ਘਰ ਜਾ ਕੇ ਗੁੜ ਦੀ ਭੇਲੀ ਮੰਗਦੀਆਂ ਹਨ। ਉਹ ਘਰ ਦੇ ਦਲਾਨ ਵਿਚ ਜਾ ਕੇ ਗਿੱਧਾ ਪਾਉਂਦੀਆਂ ਹਨ। ਗਿੱਧੇ ਵਿਚ ਵਧੇਰੇ ਕਰਕੇ ਵੀਰ ਪਿਆਰ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਸੱਥ ਵਿਚ ਸਾਰੀਆਂ ਭੇਲੀਆਂ ਇਕੱਠੀਆਂ ਕਰਕੇ ਗੁੜ ਦੀਆਂ ਰੋੜੀਆਂ ਬਣਾ ਲਈਆਂ ਜਾਂਦੀਆਂ ਹਨ। ਇਸ ਮਗਰੋਂ ਸਭ ਨੂੰ ਸਾਂਝੀਆਂ ਵਧਾਈਆਂ ਦਾ ਗੁੜ ਇਕੋ ਜਿਹਾ ਵਰਤਾ ਦਿੱਤਾ ਜਾਂਦਾ ਹੈ।
ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਲੱਕੜ ਦੇ ਵੱਡੇ-ਵੱਡੇ ਖੁੰਢਾਂ ਨੂੰ ਅੱਗ ਲਾ ਕੇ ਸਾਰੇ ਸੇਕ ਰਹੇ ਹੁੰਦੇ ਹਨ। ਕਿਸੇ ਵਡਾਰੂ ਪਾਸੋਂ ਕੋਈ ਰੌਚਕ ਵਾਰਤਾਲਾਪ ਸੁਣੀ ਜਾਂਦੇ ਹਨ ਤੇ ਨਾਲ ਅੱਗ ਉੱਪਰ ਤਿਲ ਸੁੱਟੀ ਜਾਂਦੇ ਹਨ। ਬਲਦੀ ਲੋਹੜੀ 'ਤੇ ਤਿਲ ਸੁੱਟਣ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ। ਕਹਾਵਤ ਹੈ ਕਿ ਜਿੰਨੇ ਜਠਾਣੀ ਤਿਲ ਸੁੱਟੇਗੀ, ਓਨੇ ਦਰਾਣੀ ਪੁੱਤ ਜਣੇਗੀ।
ਇਹ ਤਿਉਹਾਰ ਸਮੂਹ ਪੰਜਾਬੀਆਂ ਲਈ ਖੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਉਂਦਾ ਹੈ। ਅੱਜਕਲ ਜਾਗਰੂਕਤਾ ਕਾਰਨ ਕੁੜੀਆਂ ਦੀਆਂ ਲੋਹੜੀਆਂ ਵੀ ਬੜੇ ਚਾਵਾਂ ਨਾਲ ਮਨਾਈਆਂ ਜਾਣ ਲੱਗੀਆਂ ਹਨ। ਇਹ ਤਿਉਹਾਰ ਸਮੁੱਚੇ ਪੰਜਾਬੀਆਂ ਦੀ ਭਾਵਾਤਮਕ ਏਕਤਾ ਦਾ ਪ੍ਰਤੀਕ ਹੈ।


manju bala

Edited By manju bala