ਹਨੂਮਾਨ ਜਯੰਤੀ: ਆਪਣੀ ਹਰ ਪ੍ਰੇਸ਼ਾਨੀ ਨੂੰ ਖਤਮ ਕਰਨ ਲਈ ਇਸ ਵਿਧੀ ਨਾਲ ਕਰੋ ਪੂਜਾ

4/16/2019 11:43:00 AM

ਜਲੰਧਰ(ਬਿਊਰੋ)— ਇਸ ਮਹੀਨੇ ਦੀ 19 ਅਪ੍ਰੈਲ ਨੂੰ ਹਨੂਮਾਨ ਜਯੰਤੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਬਜਰੰਗਬਲੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਕਹਿੰਦੇ ਹਨ ਕਿ ਜੋ ਵੀ ਵਿਅਕਤੀ ਇਸ ਦਿਨ ਸੰਕਟਮੋਚਨ ਹਨੂਮਾਨ ਨੂੰ ਖੁਸ਼ ਕਰਦਾ ਹੈ, ਉਸ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ ਪਰ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪੂਜਾ ਕਰਨ ਦਾ ਮੌਕਾ ਨਹੀਂ ਮਿਲ ਪਾਉਂਦਾ ਜਾਂ ਇੰਝ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ ਪੂਜਾ ਵਿਧੀ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਜਿਸ ਕਾਰਨ ਉਨ੍ਹਾਂ ਨੂੰ ਹਨੂਮਾਨ ਜੀ ਦੀ ਕ੍ਰਿਪਾ ਪ੍ਰਾਪਤ ਨਹੀਂ ਹੋ ਪਾਉਂਦੀ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਹਨੂਮਾਨ ਜਯੰਤੀ ਦੇ ਇਸ ਖਾਸ ਮੌਕੇ 'ਤੇ ਹਨੂਮਾਨ ਜੀ ਦੇ ਜਨਮ ਕਥਾ ਬਾਰੇ ਅਤੇ ਪੂਜਾ ਵਿਧੀ ਬਾਰੇ।
ਹਨੂਮਾਨ ਜੀ ਦੀ ਜਨਮ ਕਥਾ
ਮਾਨਤਾਵਾਂ ਅਨੁਸਾਰ ਹਨੂਮਾਨ ਜੀ ਭਗਵਾਨ ਸ਼ਿਵ ਦਾ 11ਵਾਂ ਅਵਤਾਰ ਮੰਨੇ ਗਏ ਹਨ। ਇਨ੍ਹਾਂ ਦੇ ਜਨਮ ਨਾਲ ਜੁੜੀਆਂ ਕਥਾਵਾਂ ਅਨੁਸਾਰ ਅਮਰਤਵ ਦੀ ਪ੍ਰਾਪਤੀ ਲਈ ਜਦੋਂ ਦੇਵਤਾਵਾਂ ਅਤੇ ਅਸੂਰਾਂ ਨੇ ਸਮੁੰਦਰ ਮੰਥਨ ਕੀਤਾ ਸੀ ਤਾਂ ਉਸ 'ਚੋਂ ਨਿਕਲੇ ਅਮ੍ਰਿਤ ਨੂੰ ਅਸੂਰਾਂ ਨੇ ਖੋਹ ਲਿਆ ਸੀ ਜਿਸ ਕਾਰਨ ਦੇਵ ਅਤੇ ਦਾਨਵਾਂ ਵਿਚਕਾਰ ਯੁੱਧ ਹੋਇਆ।
ਇਸ ਯੁੱਧ ਨੂੰ ਰੋਕਣ ਲਈ ਸ਼੍ਰੀ ਹਰਿ ਵਿਸ਼ਣੂ ਨੇ ਮੋਹਿਨੀ ਰੂਪ ਧਾਰਨ ਕੀਤਾ, ਜਿਸ ਨੂੰ ਦੇਖ ਕੇ ਦੇਵਤਾਵਾਂ ਅਤੇ ਅਸੂਰਾਂ ਦੇ ਨਾਲ ਭਗਵਾਨ ਸ਼ਿਵ ਵੀ ਕਾਮਾਤੁਰ ਹੋ ਗਏ। ਇਸ ਦੌਰਾਨ ਭਗਵਾਨ ਸ਼ਿਵ ਨੇ ਵੀਰਯ ਤਿਆਰ ਕੀਤਾ, ਜਿਸ ਨੂੰ ਪਵਨਦੇਵ ਨੇ ਵਾਨਰਰਾਜ ਕੇਸਰੀ ਦੀ ਪਤਨੀ ਅੰਜਨਾ ਦੇ ਗਰਭ 'ਚ ਸਵੀਕ੍ਰਿਤ ਕਰ ਦਿੱਤਾ। ਇਸ ਤੋਂ ਬਾਅਦ ਮਾਤਾ ਅੰਜਨਾ ਦੇ ਗਰਭ ਤੋਂ ਬਜਰੰਗਬਲੀ ਜੀ ਦਾ ਜਨਮ ਹੋਇਆ।
ਪੂਜਾ ਦੀ ਵਿਧੀ
ਜੋਤਿਸ਼ ਵਿਦਿਆ ਅਨੁਸਾਰ ਸਵੇਰੇ ਉੱਠ ਕੇ ਪ੍ਰਭੂ ਸ਼੍ਰੀ ਰਾਮ, ਮਾਤਾ ਸੀਤਾ ਅਤੇ ਹਨੂਮਾਨ ਜੀ ਦਾ ਧਿਆਨ ਕਰੋ। ਇਸ ਤੋਂ ਬਾਅਦ ਬ੍ਰਹਮਾ ਮਹੂਰਤ 'ਚ ਹਨੂਮਾਨ ਜੀ ਦੀ ਪ੍ਰਤਿਮਾ ਸਥਾਪਿਤ ਕਰਕੇ ਵਿਧੀ ਅਨੁਸਾਰ ਪੂਜਾ-ਪਾਠ ਕਰੋ ਅਤੇ ਬਜਰੰਗਬਲੀ ਜੀ ਦੀ ਆਰਤੀ ਕਰੋ। ਫਿਰ ਹਨੂਮਾਨ ਚਾਲੀਸਾ ਅਤੇ ਬਜਰੰਗ ਬਾਣ ਦਾ ਪਾਠ ਕਰੋ। ਇਸ ਤੋਂ ਇਲਾਵਾ ਹਨੂਮਾਨ ਜੀ ਨੂੰ ਸੰਧੂਰ ਦਾ ਚੋਲਾ ਚੜ੍ਹਾਉਣ ਨਾਲ ਵੀ ਸਾਰੀਆਂ ਮਨੋਕਾਮਨਾਵਾਂ ਜਲਦੀ ਪੂਰੀਆਂ ਹੁੰਦੀਆਂ ਹਨ। ਪ੍ਰਸਾਦ ਦੇ ਰੂਪ 'ਚ ਗੁੜ, ਭੁੰਨੇ ਹੋਏ ਚਨੇ ਅਤੇ ਬੇਸਣ ਦੇ ਲੱਡੂ ਵੀ ਚੜ੍ਹਾ ਸਕਦੇ ਹਨ। ਇਸ ਨਾਲ ਹਨੂਮਾਨ ਜੀ ਬਹੁਤ ਖੁਸ਼ ਹੁੰਦੇ ਹਨ।


manju bala

Edited By manju bala