ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

6/27/2019 10:29:59 AM

ਸਪਤ ਸ਼ਲੋਕੀ ਗੀਤਾ ਦੇ ਅਰਥ ਅਤੇ ਵੈਰਾਗ
ਅਖੇ ਅੰਨ੍ਹਾ ਕੀ ਚਾਹੇ, ਦੋ ਅੱਖਾਂ। ਪੰਡਤ ਬ੍ਰਿਜ ਨਾਥ ਜੀ ਤਾਂ ਪਹਿਲਾਂ ਹੀ ਤਾਂਘਦੇ ਪਏ ਸਨ ਕਿ ਕਿਸੇ ਤਰੀਕੇ ਬਾਲ ਨਾਨਕ ਜੀ ਮੇਰੇ ਪਾਸ ਪੜ੍ਹਨ ਲਈ ਆਉਣ। ਉਹ ਬਾਲ ਨਾਨਕ ਜੀ ਦੇ ਤਪੱਸਵੀ ਅਤੇ ਅਵਤਾਰੀ ਪੁਰਸ਼ ਹੋਣ ਬਾਰੇ ਆਪਣੇ ਵਿਦਵਾਨ ਸਾਥੀਆਂ, ਪੰਡਿਤ ਹਰਿਦਆਲ ਜੀ ਅਤੇ ਪੰਡਤ ਗੋਪਾਲ ਜੀ ਪਾਸੋਂ ਪਹਿਲਾਂ ਬਹੁਤ ਕੁੱਝ ਸੁਣ ਚੁੱਕੇ ਸਨ। ਨਾਨਕ ਸਾਹਿਬ ਨੂੰ ਲੈ ਕੇ ਉਨ੍ਹਾਂ ਤਿੰਨਾਂ ਦਰਮਿਆਨ ਅਨੇਕ ਵਾਰ ਗੰਭੀਰ ਵਿਚਾਰ-ਚਰਚਾ ਵੀ ਹੋ ਚੁੱਕੀ ਸੀ। ਬਾਲ ਨਾਨਕ ਜੀ ਨੂੰ ਸੰਸਕ੍ਰਿਤ ਪੜ੍ਹਾਉਣ ਦੇ ਬਹਾਨੇ ਪੰਡਿਤ ਬ੍ਰਿਜ ਨਾਥ ਜੀ ਦਰਅਸਲ ਇਕ ਪੰਥ ਦੋ ਕਾਜ ਕਰਨ ਦਾ ਇਰਾਦਾ ਰੱਖਦੇ ਸਨ। ਇਕ ਤਾਂ ਉਹ ਨਾਨਕ ਸਾਹਿਬ ਨੂੰ ਖ਼ੁਦ ਨੇੜਿਓਂ ਵਾਚਣ ਦੀ ਆਪਣੀ ਚਿਰੋਕਣੀ ਰੀਝ ਦੀ ਪੂਰਤੀ ਕਰਨੀ ਲੋਚਦੇ ਸਨ ਅਤੇ ਦੂਸਰਾ ਆਪਣੇ ਪੱਧਰ 'ਤੇ ਇਹ ਨਿਰਣਾ ਵੀ ਕਰਨਾ ਚਾਹੁੰਦੇ ਸਨ ਕਿ ਪੰਡਿਤ ਹਰਿਦਆਲ ਜੀ ਦੁਆਰਾ, ਨਾਨਕ ਜੀ ਬਾਰੇ ਲਾਇਆ ਟੇਵਾ, ਜੋਤਿਸ਼ ਜਾਂ ਅਨੁਮਾਨ ਕਿੰਨਾ ਕੁ ਅਤੇ ਕਿਸ ਹੱਦ ਤੱਕ ਦਰੁਸਤ ਹੈ, ਪ੍ਰਮਾਣਿਕ ਹੈ। ਸੋ ਪੰਡਿਤ ਬ੍ਰਿਜ ਨਾਥ ਜੀ ਨੇ ਬੜੀ ਖੁੱਲ੍ਹ-ਦਿੱਲੀ ਅਤੇ ਪ੍ਰਸੰਨਤਾ ਸਹਿਤ, ਬਾਲ ਨਾਨਕ ਨੂੰ ਆਪਣਾ ਸ਼ਿਸ਼ ਬਣਾਉਣਾ ਸਵੀਕਾਰ ਕਰ ਲਿਆ। ਇਤਿਹਾਸਕਾਰਾਂ ਅਨੁਸਾਰ ਇਹ ਗੱਲ ਅੰਦਾਜ਼ਨ ਸੰਮਤ 1535 ਬਿਕਰਮੀ (1478 ਈਸਵੀ) ਦੀ ਹੈ। ਉਸ ਸਮੇਂ ਬਾਲ ਨਾਨਕ ਨਿਰੰਕਾਰੀ ਜੀ ਦੀ ਉਮਰ ਅੰਦਾਜ਼ਨ 08-09 ਵਰ੍ਹਿਆਂ ਦੀ ਸੀ।

ਪੰਡਤ ਬ੍ਰਿਜ ਨਾਥ ਜੀ ਨੇ ਬਾਲ ਨਾਨਕ ਜੀ ਨੂੰ ਸੰਸਕ੍ਰਿਤ ਦਾ ਗਿਆਨ ਦੇਣਾ ਆਰੰਭ ਕਰ ਦਿੱਤਾ। ਉਸਤਾਦ ਬ੍ਰਿਜ ਨਾਥ ਜੀ ਜੋ ਕੁੱਝ ਵੀ ਦੱਸਦੇ, ਉਸ ਨੂੰ ਸ਼ਿਸ਼ ਨਾਨਕ ਜੀ, ਬਿਨਾਂ ਦੇਰੀ, ਬੜੀ ਤੇਜ਼ੀ ਨਾਲ ਸਿੱਖ ਜਾਂਦੇ। ਸ਼ਿਸ਼ ਦੀ ਤੇਜ਼ੀ, ਬੁੱਧੀਮਾਨੀ, ਕਾਰਜ-ਕੁਸ਼ਲਤਾ ਅਤੇ ਕਮਾਲ ਦੀ ਸਿੱਖਣ-ਯੋਗਤਾ ਵੇਖ, ਪਾਂਧੇ ਗੋਪਾਲ ਜੀ ਵਾਂਗ, ਪੰਡਤ ਬ੍ਰਿਜ ਨਾਥ ਜੀ ਵੀ ਡਾਢੇ ਅਸਚਰਜ ਹੋਏ। ਨਾਨਕ ਸਾਹਿਬ ਦੇ ਉੱਠਣ-ਬੈਠਣ, ਬੋਲਣ, ਤੱਕਣ, ਚੁੱਪ ਹੋ ਜਾਣ, ਮੱਥੇ ਦੇ ਤੇਜਸਵੀ ਪ੍ਰਭਾਵ ਅਤੇ ਸੁੱਖ ਦੇਣ ਵਾਲੀ ਚੁੰਬਕੀ ਸ਼ਖ਼ਸੀਅਤ ਨੇ ਉਨ੍ਹਾਂ ਨੂੰ ਦਿਨਾਂ ਵਿਚ ਹੀ ਪੂਰੀ ਤਰ੍ਹਾਂ ਕੀਲ ਲਿਆ। ਨਾਨਕ ਸਾਹਿਬ ਦੀ ਹਾਜ਼ਰੀ ਵਿਚ ਉਹ ਆਪਣੇ-ਆਪ ਨੂੰ ਤਾਜ਼ੇ-ਤਾਜ਼ੇ, ਸੌਖੇ-ਸੌਖੇ ਅਤੇ ਭਰੇ-ਭਰੇ ਮਹਿਸੂਸਦੇ। ਕੁੱਝ ਕੀਮਤੀ, ਅਨੋਖਾ ਅਤੇ ਅਕਹਿ ਮਿਲ ਜਾਣ ਦਾ ਸ਼ਿੱਦਤੀ ਅਹਿਸਾਸ ਹੁੰਦਾ।ਪੰਡਤ ਬ੍ਰਿਜ ਨਾਥ ਜੀ ਕੋਲੋਂ ਸਿੱਖਿਅਤ ਹੋਣ ਦੇ ਸਮੇਂ ਦੌਰਾਨ ਇਕ ਦਿਨ ਬਾਲ ਨਾਨਕ ਜੀ ਘਰ ਵਿਚ ਏਕਾਂਤ ਬੈਠੇ, ਬੜੇ ਧਿਆਨ ਨਾਲ ਕੋਈ ਪੋਥੀ ਵਾਚ ਰਹੇ ਸਨ। ਪਿਤਾ ਮਹਿਤਾ ਕਾਲੂ ਜੀ ਨੇ ਤੱਕਿਆ। ਪੁੱਤਰ ਨੂੰ ਅਧਿਐਨ ਵਿਚ ਖੁੱਭਿਆ ਵੇਖ ਬੜੇ ਪ੍ਰਸੰਨ ਅਤੇ ਹੈਰਾਨ ਹੋਏ। ਜਾਣਨ ਦੀ ਇੱਛਾ ਜਾਗੀ। ਨੇੜੇ ਆ ਪੁੱਛਿਆ, ਬੇਟਾ ਜੀਉ ਇਹ ਕੀ ਲਈ ਫਿਰਦੇ ਹੋ? ਆਪ ਨੇ ਦੱਸਿਆ, ਪਿਤਾ ਜੀ! “ਸਪਤ ਸ਼ਲੋਕੀ ਗੀਤਾ” ਹੈ। ਪਿਤਾ ਪੁੱਛਿਆ, ਵਾਚ ਲੈਂਦੇ ਹੋ ਅਤੇ ਅਰਥ ਵੀ ਕਰ ਲੈਂਦੇ ਹੋ? ਆਤਮ-ਵਿਸ਼ਵਾਸ ਦੇ ਨੂਰ ਨਾਲ ਸਰਸ਼ਾਰ ਨਾਨਕ ਜੀ ਬੋਲੇ, 'ਹਾਂ' ਪਿਤਾ ਜੀ।

ਪਿਤਾ ਮਹਿਤਾ ਕਾਲੂ ਜੀ ਬੜੇ ਹੈਰਾਨ ਹੋਏ। ਅਸਚਰਜਤਾ ਅਤੇ ਬੇਯਕੀਨੀ ਦੇ ਭਾਵਾਂ ਨਾਲ ਇੰਨੇ ਗੜੁੱਚ ਹੋਏ ਕਿ ਪੁੱਤਰ ਨੂੰ ਨਾਲ ਲੈ, ਸਿੱਧੇ ਪੰਡਤ ਬ੍ਰਿਜ ਨਾਥ ਜੀ ਪਾਸ ਜਾ ਪੁੱਜੇ। ਆਖਣ ਲੱਗੇ, ਪੰਡਿਤ ਜੀ! “ਲਾਲ ਇਹ ਪੱਤ੍ਰਿਕਾ/ਪੋਥੀ ਲਈ ਫਿਰਦਾ ਹੈ। ਆਖਦਾ ਹੈ ਕਿ ਇਹ “ਸਪਤ ਸ਼ਲੋਕੀ ਗੀਤਾ” ਹੈ ਅਤੇ ਮੈਂ ਇਸ ਦੇ ਅਰਥ ਵੀ ਕਰਨੇ ਜਾਣਦਾ ਹਾਂ। ਮੈਨੂੰ ਤਾਂ ਯਕੀਨ ਨਹੀਂ ਆਉਂਦਾ। ਤੁਸੀਂ ਸੁਣੋ ਅਤੇ ਦੱਸੋ ਕਿ ਇੰਨੀ ਛੇਤੀ ਇਹ ਵਿੱਦਿਆ ਕਿੱਥੋਂ ਪਾ ਗਿਆ ਹੈ? ਤੁਸਾਂ ਕ੍ਰਿਪਾ ਕੀਤੀ ਹੈ ਕਿ ਇਸ ਦੀ ਮਤ ਹੀ ਉੱਜਲ ਹੈ? ਅਸਚਰਜ ਹੋ ਪੰਡਿਤ ਬ੍ਰ੍ਰਿਜ ਨਾਥ ਜੀ ਕੋਲ ਬਹਾ ਸੁਣਨ ਲੱਗੇ। ਜਗਤ ਦੇ ਉਸਤਾਦ, ਸ਼ਿਸ਼ ਨਾਨਕ ਨੇ ਸਹਿਜ ਸੁਭਾਵਕ ਸਪਤ ਸ਼ਲੋਕੀ ਗੀਤਾ ਨਾ ਕੇਵਲ ਪੜ੍ਹ ਹੀ ਦਿੱਤੀ ਸਗੋਂ ਇਸ ਦੇ ਅਰਥ ਵੀ ਕਰ ਦਿੱਤੇ। ਪੜ੍ਹਦਿਆਂ ਅਤੇ ਅਰਥ ਕਰਦਿਆਂ ਪੰਡਤ ਜੀ ਟਿਕਟਿਕੀ ਲਗਾ, ਆਪਣੇ ਸ਼ਿਸ਼ ਨੂੰ ਧਿਆਨ ਪੂਰਵਕ ਦੇਖਦੇ ਅਤੇ ਸੁਣਦੇ ਰਹੇ। ਤੱਕਦਿਆਂ ਅਤੇ ਸੁਣਦਿਆਂ ਇੰਨੇ ਹੈਰਾਨ, ਪ੍ਰਭਾਵਿਤ ਅਤੇ ਆਨੰਦ-ਵਿਭੋਰ ਹੋਏ ਕਿ ਥਾਏਂ ਕੀਲੇ ਗਏ। ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ। ਸਮਾਂ ਰੁਕ ਗਿਆ। ਪੰਡਿਤ ਬ੍ਰਿਜ ਨਾਥ ਜੀ ਦਾ ਉਪਰ ਦਾ ਸਾਹ ਉੱਪਰ ਅਤੇ ਥੱਲੇ ਦਾ ਸਾਹ ਥੱਲੇ ਰੁੱਕ ਗਿਆ। ਦੇਰ ਬਾਅਦ ਉਨ੍ਹਾਂ ਇਕ ਲੰਮਾ ਸੁਖਦਾਈ ਸਾਹ ਲਿਆ। ਪਥਰਾਏ ਨੈਣ ਝਪਕੇ ਅਤੇ ਮਿਟੇ। ਹੱਥ ਆਪਮੁਹਾਰੇ ਸ਼ਿਸ਼ ਨਾਨਕ ਅੱਗੇ ਜੁੜ ਗਏ। ਕੁੱਝ ਬੋਲਣ ਦੀ, ਕੋਈ ਲੋੜ ਨਾ ਰਹੀ। ਸਾਦਰ ਪ੍ਰਣਾਮ ਕਰਦਿਆਂ, ਨਮਨ ਕਰਦਿਆਂ, ਚਰਨੀਂ ਢਹਿ ਪਏ।

ਇਸ ਤੋਂ ਪਹਿਲਾਂ ਕਿ ਪੰਡਿਤ ਬ੍ਰਿਜ ਨਾਥ ਜੀ ਸਿਜਦੇ ਦੀ ਅਨੋਖੀ ਥਰਥਰਾਹਟ ਭਰਪੂਰ ਅਵਸਥਾ 'ਚੋਂ ਬਾਹਰ ਆਉਂਦੇ, ਨੇਤਰ ਖੋਲ੍ਹਦੇ, ਸ਼ਿਸ਼ ਨਾਨਕ ਜੀ ਅੱਖ ਦੇ ਪਲਕਾਰੇ ਵਿਚ, ਬਿਜਲਈ ਤੇਜ਼ੀ ਨਾਲ ਉਥੋਂ ਨਿਕਲ ਗਏ। ਉਸਤਾਦ ਅਤੇ ਪਿਤਾ, ਦੋਵੇਂ ਇਕ-ਦੂਜੇ ਵੱਲ ਤੱਕਦੇ ਰਹਿ ਗਏ। ਹੋਏ ਇਸ ਅਸਚਰਜਮਈ ਘਟਨਾਕ੍ਰਮ ਉਪਰੰਤ ਠਠੰਬਰੇ ਹੋਏ ਮਹਿਤਾ ਕਾਲੂ ਜੀ ਜਦੋਂ ਵਾਪਸ ਘਰ ਆਏ ਤਾਂ ਕੀ ਵੇਖਦੇ ਹਨ ਕਿ ਨਾਨਕ ਸਾਹਿਬ ਆਪਣੇ ਹਾਣੀ ਬਾਲਕਾਂ ਅਤੇ ਦੋਸਤਾਂ-ਮਿੱਤਰਾਂ ਨਾਲ, ਆਪਣੀ ਮੌਜ ਅੰਦਰ, ਮਾਸੂਮ ਅਦਾ ਅੰਦਰ ਇਵੇਂ ਹੱਸ-ਨੱਸ ਅਤੇ ਖੇਡ ਰਹੇ ਸਨ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ। ਪੁੱਤਰ ਦਾ ਇਹ ਨਵਾਂ ਰੰਗ, ਨਵਾਂ ਰੂਪ ਅਤੇ ਬੇਲਾਗਤਾ ਵਾਲਾ ਨਵਾਂ ਅੰਦਾਜ਼ ਵੇਖ, ਪਹਿਲਾਂ ਤੋਂ ਹੀ ਹੈਰਾਨ ਪਿਓ, ਹੋਰ ਵੀ ਵੱਧ ਹੈਰਾਨ ਹੋਇਆ।ਮਨ ਵਿਚ ਪੈਦਾ ਹੋਏ ਹੈਰਾਨੀ ਦੇ ਤੀਬਰ ਅਤੇ ਗਹਿਰੇ ਭਾਵਾਂ ਨੇ, ਮਹਿਤਾ ਕਾਲੂ ਜੀ ਨੂੰ ਸੰਤੁਸ਼ਟ ਅਤੇ ਚਿੰਤਾ-ਮੁਕਤ ਕਰਨ ਦੀ ਥਾਂ, ਹੋਰ ਉਲਝਾ ਅਤੇ ਚੱਕਰ ਵਿਚ ਪਾ ਦਿੱਤਾ। ਕੋਈ ਰਹੱਸ ਖੁੱਲ੍ਹਦਾ-ਖੁੱਲ੍ਹਦਾ ਸਗੋਂ ਹੋਰ ਗਹਿਰਾ ਹੋ ਗਿਆ ਪ੍ਰਤੀਤ ਹੋਣ ਲੱਗਾ। ਕੋਈ ਗੱਲ ਪੱਲੇ ਪੈਂਦੀ ਨਾ ਵੇਖ, ਉਹ ਚੁੱਪ-ਚਾਪ ਹੋ ਗਏ। ਆਪਣੇ ਕੰਮੀਂ ਰੁੱਝ ਗਏ।

“ਸਪਤ ਸ਼ਲੋਕੀ ਗੀਤਾ” ਦੇ ਪੜ੍ਹਨ ਅਤੇ ਅਰਥ ਕਰਨ ਦੇ ਪ੍ਰਸੰਗ ਵਿਚ, ਉਸਤਾਦ ਬ੍ਰਿਜ ਨਾਥ ਜੀ ਨਾਲ ਹੋਈ ਓਜਮਈ ਅਤੇ ਰਮਜ਼ਮਈ ਵਾਰਤਾਲਾਪ ਪਿੱਛੋਂ ਨਾਨਕ ਸਾਹਿਬ ਪਹਿਲਾਂ ਤੋਂ ਚਲਦੇ ਨਿਤਨੇਮ ਅਨੁਸਾਰ ਇਸ ਤਰ੍ਹਾਂ ਪੂਰੀ ਸਹਿਜਤਾ ਨਾਲ ਉਨ੍ਹਾਂ ਪਾਸ ਪੜ੍ਹਨ ਲਈ ਜਾਂਦੇ ਰਹੇ, ਜਿਵੇਂ ਅਤੀਤ ਵਿਚ ਕੁੱਝ ਵੱਖਰਾ ਜਾਂ ਨਿਆਰਾ ਵਾਪਰਿਆ ਹੀ ਨਾ ਹੋਵੇ। ਇਹ ਬਿਰਤਾਂਤ, ਇਹ ਘਟਨਾਕ੍ਰਮ ਅਰਥ ਭਰਪੂਰ ਅਤੇ ਰਮਜ਼ਮਈ ਇਸ਼ਾਰਾ ਇਹ ਦਿੰਦਾ ਹੈ ਕਿ ਬਾਲ ਨਾਨਕ ਜੀ ਅਸਾਧਾਰਣ ਅਤੇ ਪ੍ਰਤਿਭਾਵਾਨ ਬਾਲ/ਸ਼ਿਸ਼ ਹੁੰਦਿਆਂ ਹੋਇਆਂ ਵੀ ਕਿੰਨੇ ਸਾਧਾਰਨ ਅਤੇ ਸਾਦ-ਮੁਰਾਦੇ ਸਨ ਅਤੇ ਸਾਧਾਰਨ ਅਤੇ ਸਿੱਧ-ਪੱਧਰੇ ਹੁੰਦਿਆਂ ਵੀ ਕਿੰਨੇ ਅਸਾਧਾਰਨ, ਅਨੋਖੇ, ਰੰਗ-ਰੰਗਲੇ ਅਤੇ ਕੌਤਕੀ ਸਨ।

ਜਗਜੀਵਨ ਸਿੰਘ (ਡਾ.)


rajwinder kaur

Edited By rajwinder kaur