ਗੁਰੂ ਨਾਨਕ ਜੀ ਇਕ ਵੱਡੇ ਸਮਾਜ ਸੁਧਾਰਕ
7/29/2019 2:43:31 PM

ਭਾਰਤ ਦੇ ਉਘੇ ਸਪੂਤ ਮਹਾਨ ਕਵੀ ਅਤੇ ਚਿੰਤਕ ਸਿੱਖ ਮੱਤ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ 550ਵਾਂ ਆਗਮਨ ਦਿਵਸ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਤੌਰ 'ਤੇ ਸਾਰੇ ਸੰਸਾਰ 'ਚ ਨਾਨਕ ਨਾਮ ਲੇਵਾ ਜਗਤ ਮਨਾ ਰਿਹਾ ਹੈ। ਸਾਨੂੰ ਉਨ੍ਹਾਂ ਦੇ ਜੀਵਨ ਕਾਲ ਅਤੇ ਉਸ ਤੋਂ ਪਹਿਲੇ ਦੇ ਸਮੇਂ 'ਚ ਵਾਪਰੀਆਂ ਲੋਕ ਲਹਿਰਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਉਨ੍ਹਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦਾ ਅੰਤਰੀਵ ਭਾਵ ਸਮਝ ਕੇ ਸਾਰਥਕ ਸਿੱਟੇ 'ਤੇ ਪਹੁੰਚ ਸਕਦੇ ਹਾਂ।
ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਕਈ ਦਹਾਕੇ ਪੰਜਾਬ ਕਿਸਾਨ ਲਹਿਰ ਦੀ ਜਕੜ 'ਚ ਰਿਹਾ, ਇਹ ਉਹ ‘ਸਮਾਂ ਸੀ ਜਦੋਂ ਮੱਧਕਾਲ ਵਲੋਂ ਆਧੁਨਿਕ ਸਮੇਂ ਵੱਲ ਆਉਣ ਦਾ ਅਮਲ ਸ਼ੁਰੂ ਹੋਇਆ। Îਇਹ ਅਮਲ ਲੋਕਾਂ ਦੀਆਂ ਵਿਸ਼ਾਲ ਜ਼ਮਹੂਰੀ ਲਹਿਰਾਂ 'ਚ ਪ੍ਰਗਟ ਹੋਇਆ, ਦੱਖਣ 'ਚ ਧਾਰਮਿਕ-ਸੁਧਾਰਕ ਲਹਿਰ ਦਾ ਵਿਚਾਰਦਾਤਾ ਪ੍ਰਸਿੱਧ ਕਵੀ ਨਾਮਦੇਵ 1270-1350 ਹੋਇਆ। ਉਸ ਨੇ ਆਪਣੀ ਰਚਨਾ ਆਪਣੀ ਮਾਤਭਾਸ਼ਾ ਮਰਾਠੀ 'ਚ ਲਿਖੀ, ਨੀਵੀਂ ਜਾਤ ਦੇ ਦਰਜ਼ੀ ਦਾ ਬੇਟਾ ਸੀ। ਉਸ ਨੇ ਪ੍ਰਮਾਤਮਾ ਦੇ ਹਜ਼ੂਰ ਸਭ ਦੇ ਬਰਾਬਰ ਹੋਣ ਦਾ ਐਲਾਨ ਕੀਤਾ ਅਤੇ ਦ੍ਰਿੜਤਾ ਨਾਲ ਜਾਤ-ਪਾਤ ਦੇ ਖਿਲਾਫ ਨਿਤਰਿਆ। ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨਾ ਜਾਣੈ ਕੋਇਲਾ।'' ਪੰਜਾਬ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ 'ਚ ਭਗਤੀ ਅਤੇ ਕ੍ਰਾਂਤੀਕਾਰੀ ਲਹਿਰ ਦੀ ਨੀਂਹ ਰੱਖੀ। ਨਾਮਦੇਵ ਜੀ ਦੀ ਇਸ ਸੋਚ ਸਦਕਾ ਗਰੀਬ ਕਾਰੀਗਰ, ਹੇਠਲੀਆਂ ਜਾਤਾਂ ਦੇ ਪ੍ਰਤੀਨਿਧ ਅਤੇ ਅਛੂਤ ਉਨ੍ਹਾਂ ਵੱਲ ਖਿੱਚੇ ਗਏ। 13ਵੀਂ ਸਦੀ 'ਚ ਹੀ ਪੰਜਾਬ 'ਚ ਸੂਫੀ ਮੱਤ ਦਾ ਸਰਗਰਮ ਪ੍ਰਚਾਰ ਹੋਇਆ। ਪਾਕਪਟਨ (ਪਾਕਿਸਤਾਨ) 'ਚ ਸ਼ੇਖ ਫਰੀਦ ਸਾਹਿਬ ਨੇ ਆਪਣੀ ਖਾਨਗਾਹ ''ਜਮਾਤਖਾਨਾ'' ਕਾਇਮ ਕੀਤੀ, ਜਿੱਥੇ ਹਰ ਲੋੜਵੰਦ ਨੂੰ ਰਿਹਾਇਸ਼ ਅਤੇ ਖਾਣਾ ਮਿਲ ਸਕਦਾ ਸੀ। ਜਮਾਤਖਾਨੇ 'ਚ ਹਰ ਇਕ ਨੂੰ ਬਰਾਬਰੀ ਦੇ ਆਧਾਰ 'ਤੇ ਕੰਮ ਕਰਨਾ ਪੈਂਦਾ, ਕਿਸੇ ਨੂੰ ਕੋਈ ਤਰਜੀਹ ਨਹੀਂ ਸੀ ਦਿੱਤੀ ਜਾਂਦੀ। ਸਭ ਨੂੰ ਖਾਣਾ ਇਕੋ ਜਿਹਾ ਵੰਡਿਆ ਜਾਂਦਾ ਸੀ।
15ਵੀਂ ਸਦੀ ਤੋਂ 16ਵੀਂ ਸਦੀ ਦਾ ਪਹਿਲੇ ਅੱਧ ਦਾ ਸਮਾਂ ਭਾਰਤ ਦੇ ਇਤਿਹਾਸ 'ਚ ਸਾਮੰਤ ਵਿਰੋਧੀ ਘੋਲਾਂ ਦਾ ਬੇਹੱਦ ਤੀਖਣ ਹੋਣ ਕਰ ਕੇ ਉਘੜਵਾਂ ਹੈ। ਇਸ ਘੋਲ 'ਚ ਵੱਖ-ਵੱਖ ਸਮਾਜਿਕ ਵਰਗ, ਕਿਸਾਨ, ਵਪਾਰੀ, ਕਾਰੀਗਰ, ਸ਼ਹਿਰੀ ਲੋਕ ਅਨਿਆਂ ਅਤੇ ਧਕੜਸ਼ਾਹੀ ਤੋਂ ਬੇਹੱਦ ਦੁਖੀ ਸਨ ਅਤੇ ਵਰਗ ਜਾਤ ਵੰਡ ਦੇ ਹੱਥੋਂ ਕਸ਼ਟ ਭੋਗ ਰਹੇ ਸਨ। ਸਿੱਖ ਮੱਤ 15ਵੀਂ ਅਤੇ 16ਵੀਂ ਸਦੀ ਦੀਆਂ ਭਗਤੀ ਲਹਿਰਾਂ 'ਚੋਂ ਇਕ ਸੀ ਅਤੇ ਇਸ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਸੂਫੀ ਵਿਚਾਰਧਾਰਾ ਅਤੇ ਅਮਲ ਦਾ ਭਾਰੀ ਅਸਰ ਪਿਆ। ਕੋਈ ਸਬੱਬੀ ਗੱਲ ਨਹੀਂ ਕਿ ਫਰੀਦ ਸਾਹਿਬ ਅਤੇ ਨਾਮਦੇਵ ਜੀ ਦੀ ਬਾਣੀ ਸਿੱਖਾਂ ਦੇ ਪਵਿੱਤਰ ਗ੍ਰੰਥ ਆਦਿ ਗ੍ਰੰਥ 'ਚ ਸ਼ਾਮਲ ਕਰ ਲਈ ਗਈ। ਸਿੱਖ ਮੱਤ ਇਨ੍ਹਾਂ ਲਹਿਰਾਂ 'ਚ ਸਭ ਤੋਂ ਸ਼ਕਤੀਸ਼ਾਲੀ ਲਹਿਰ ਬਣ ਗਈ। ਧਾਰਮਿਕ ਸੁਧਾਰਕ ਲਹਿਰਾਂ 'ਚ ਵਖਰੇਵੇਂ ਦੇ ਬਾਵਜੂਦ ਜੋ ਗੱਲ ਸਾਂਝੀ ਸੀ ਉਹ ਇਹ ਹੈ ਕਿ ਪ੍ਰਮਾਤਮਾ ਦੇ ਸਾਹਮਣੇ ਸਭ ਲੋਕ ਬਰਾਬਰ ਹਨ, ਭਾਵੇਂ ਉਹ ਕਿਸੇ ਧਰਮ ਦੇ ਵਿਸ਼ਵਾਸੀ ਹੋਣ। ਸਮਾਜਿਕ ਨਾ ਬਰਾਬਰੀ ਦੇ ਖਿਲਾਫ ਰੋਸ ਅਤੇ ਇਸ ਨਾ ਬਰਾਬਰੀ ਤੋਂ ਛੁਟਕਾਰਾ ਪਾਉਣ ਦਾ ਨਾਅਰਾ ਗੁਰੂਆਂ ਦੀ ਸਿੱਖਿਆ 'ਚ ਪ੍ਰਗਟ ਹੋਇਆ ਮਿਲਦਾ ਹੈ। ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੀ ਜਮਹੂਰੀ ਸਿੱਖਿਆ ਨੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਮਗਰਲੇ ਕਈ ਦਹਾਕਿਆਂ ਦੌਰਾਨ ਧਰਮ ਦੀ ਥਾਂ ਪ੍ਰਾਪਤ ਕਰ ਲਈ। ਉਨ੍ਹਾਂ ਦੀ ਸਿੱਖਿਆ ਮੁਸਲਮਾਨਾਂ ਅਤੇ ਹਿੰਦੂ ਸਾਮੰਤ ਸ਼ਾਹਾਂ ਦੇ ਖਿਲਾਫ ਪੰਜਾਬ ਦੇ ਕਿਸਾਨ ਅਤੇ ਕਾਰੀਗਰ ਵਰਗ ਦੇ ਘੋਲ ਬਣ ਗਏ। ਗੁਰੂ ਸਾਹਿਬ ਦੇ ਵਿਚਾਰ ਲੋਕਾਂ 'ਚ ਮਜ਼•ਬੀ ਫੁੱਟ ਨੂੰ ਦੂਰ ਕਰਨ ਅਤੇ ਆਖਰ ਪੰਜਾਬੀ ਲੋਕਾਂ ਨੂੰ ਮਜ਼ਬੂਤ ਕਰਨ 'ਚ ਸਹਾਈ ਹੋਏ। ਇਹ ਹਾਂ-ਪੱਖੀ ਰੋਲ ਬਾਅਦ 'ਚ ਅੰਗਰੇਜ਼ ਬਸਤੀਵਾਦੀ ਦੇ ਖਿਲਾਫ ਘੋਲ 'ਚ ਭਾਰਤ ਦੀ ਆਜ਼ਾਦੀ ਜਿੱਤਣ 'ਚ ਪੰਜਾਬੀਆਂ ਨੇ ਅਦਾ ਕੀਤਾ।
ਗੁਰੂ ਨਾਨਕ ਸਾਹਿਬ ਦਾ ਜਨਮ 1469 'ਚ ਪੰਜਾਬ 'ਚ ਲਾਹੌਰ ਦੇ ਨੇੜੇ ਇਕ ਛੋਟੀ ਜਿਹੀ ਥਾਂ ਤਲਵੰਡੀ 'ਚ ਇਕ ਛੋਟੇ ਵਪਾਰੀ ਦੇ ਪਰਿਵਾਰ 'ਚ ਹੋਇਆ। ਜਵਾਨੀ 'ਚ ਹੀ ਨਾਨਕ ਦੇਵ ਜੀ ਧਰਮ ਦੇ ਸਵਾਲਾਂ 'ਚ ਡੂੰਘੀ ਦਿਲਚਸਪੀ ਰੱਖਦੇ ਸਨ। ਮਗਰੋਂ ਘਰ ਅਤੇ ਕੰਮ ਛੱਡ ਕੇ ਉਹ ਮਰਦਾਨਾ ਨਾਂ ਦੇ ਮੁਸਲਮਾਨ ਨੂੰ ਨਾਲ ਲੈ ਕੇ ਭਾਰਤ ਦਾ ਰਟਨ ਕਰਦੇ ਰਹੇ। ਉਹ ਇਸ ਦੀਆਂ ਹੱਦਾਂ ਤੋਂ ਬਾਹਰ ਵੀ ਗਏ। ਨਾਨਕ ਸਾਹਿਬ ਜੀਵਨ ਦੇ ਆਖਰੀ ਸਾਲ ਕਰਤਾਰਪੁਰ ਆ ਵਸੇ ਜਿੱਥੇ ਉਹ ਆਪਣੀ ਸਿੱਖਿਆ ਦਾ ਉਪਦੇਸ਼ ਦਿੰਦੇ ਰਹੇ। ਪੰਜਾਬ ਦਾ ਦੂਜਾ ਮਹੱਤਵਪੂਰਨ ਹਿੱਸਾ ਲਾਹੌਰ ਸ਼ਹਿਰ ਅਤੇ ਸੂਬਾ ਗਜ਼ਨਵੀਆਂ ਦੀ ਰਾਜਧਾਨੀ ਰਿਹਾ ਅਤੇ ਭਾਰਤੀ ਇਸਲਾਮ ਦਾ ਕੇਂਦਰ ਸੀ। ਇਹ ਵੀ ਹੋਰਨਾਂ ਸ਼ਹਿਰਾਂ ਵਾਂਗ ਕੁਝ ਦੇਰ ਬਾਅਦ ਦਿੱਲੀ ਦੇ ਸ਼ਾਸ਼ਕਾਂ ਦੇ ਪ੍ਰਬੰਧ ਹੇਠ ਆ ਗਿਆ। ਇਸ ਤਰ੍ਹਾਂ ਪੰਜਾਬ ਸਾਰਾ ਲਗਭਗ ਦਿੱਲੀ ਦੇ ਥਾਪੇ ਸੁਲਤਾਨਾਂ ਹੇਠ ਆ ਗਿਆ। 15ਵੀਂ ਸਦੀ ਦੇ ਅਖੀਰ 'ਚ ਪੰਜਾਬ ਪ੍ਰਤੱਖ ਤੌਰ 'ਤੇ ਸਿੱਖ ਪ੍ਰਚਾਰ ਦਾ ਅਤੇ ਮਗਰੋਂ ਹਥਿਆਰਬੰਦ ਘੋਲ ਦਾ ਕੇਂਦਰ ਬਣ ਗਿਆ। ਇਹ ਘੋਲ ਆਜ਼ਾਦ ਸਿੱਖ ਰਾਜ ਕਾਇਮ ਕਰਨ ਵੱਲ ਲੈ ਗਿਆ।
ਉਸ ਵੇਲੇ ਪੰਜਾਬ ਕੋਈ ਰਾਜਨੀਤਿਕ ਇਕਾਈ ਨਹੀਂ ਸੀ। ਇਸਦੇ ਵੱਖ-ਵੱਖ ਹਿੱਸੇ ਜਿਵੇਂ ਸੂਬਾ ਸੁਲਤਾਨ, ਸੂਬਾ ਲਾਹੌਰ, ਸੂਬਾ ਜਲੰਧਰ ਅਤੇ ਪਹਾੜੀ ਰਾਜ ਸੂਦ ਦਾ ਜ਼ਿਕਰ ਇਤਿਹਾਸ 'ਚ ਮਿਲਦਾ ਹੈ। 1530-1555 ਤੱਕ ਹੋਈਆਂ ਜੰਗਾਂ 'ਚ ਉੱਤਰੀ ਭਾਰਤ ਦੇ ਹੋਰ ਇਲਾਕਿਆਂ 'ਚ ਪੰਜਾਬ ਵੀ ਜੰਗੀ ਸਰਗਰਮੀਆਂ ਦਾ ਅਖਾੜਾ ਬਣ ਗਿਆ। ਬਾਬਰ ਦੇ ਹਮਲੇ ਦੇ ਸਮੇਂ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਕਲਮਬੰਦ ਕੀਤਾ ਹੈ। ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋਂ। ਬਾਬਰ ਦੇ ਬੇਟੇ ਹਮਾਯੂੰ ਦੀ ਜਿੱਤ ਮਗਰੋਂ ਪੰਜਾਬ ਮੁਗਲ ਸਲਤਨਤ ਦਾ ਹਿੱਸਾ ਬਣ ਗਈ। ਲੜਾਈਆਂ ਕਾਰਣ ਕਿਸਾਨਾਂ ਅਤੇ ਸ਼ਹਿਰਾਂ ਦੀਆਂ ਵਪਾਰੀ ਅਤੇ ਕਾਰੀਗਰ ਸ਼੍ਰੇਣੀਆਂ ਦੀ ਹਾਲਤ ਦਿਨੋਂ ਦਿਨ ਭੈੜੀ ਹੁੰਦੀ ਗਈ। ਉਹ ਸਿਰਫ ਕਾਨੂੰਨੀ ਲਗਾਨ ਰਾਹੀਂ ਹੁੰਦੀ ਲੁੱਟ ਨੂੰ ਹੀ ਭੋਗ ਰਹੀਆਂ ਸਨ। ਰਾਹਦਾਰੀ (ਟੈਕਸ) ਤੋਂ ਇਲਾਵਾ ਚੁੰਗੀ-ਏ-ਗਲਾ, ਦਲਾਲੀ ਏ-ਬਾਜ਼ਾਰ ਇਥੋਂ ਤੱਕ ਕਿ ਪੇਂਜਿਆ, ਤੇਲੀਆਂ ਅਤੇ ਨੱਚਣ ਗਾਉਣ ਵਾਲਿਆਂ ਤੋਂ ਵੀ ਕਰ (ਟੈਕਸ) ਲਿਆ ਜਾਂਦਾ। ਅਦਾਲਤਾਂ ਤੋਂ ਇਨਸਾਫ ਲੈਣ ਲਈ ਇਨਸਾਫ ਕਰਨ ਵਾਲੇ ਅਧਿਕਾਰੀਆਂ ਨੂੰ ਨਜ਼ਰਾਨੇ ਅਤੇ ਕੁਝ ਹੋਕ ਨਜ਼ਰਾਨੇ ਵੀ ਪੇਸ਼ ਕਰਨੇ ਪੈਂਦੇ। ਕਿਸਾਨ ਦੀ ਫਸਲ ਦਾ ਲਗਾਨ 3/4 ਹੁੰਦਾ ਸੀ ਅਤੇ ਬੜੀ ਸਖਤੀ ਨਾਲ ਇਸ ਦੀ ਵਸੂਲੀ ਕੀਤੀ ਜਾਂਦੀ ਸੀ।
ਗੁਰੂ ਨਾਨਕ ਸਾਹਿਬ ਨੇ ਮਨੁੱਖਾਂ ਵਿਚਕਾਰ ਸਬੰਧਾਂ ਦੀ ਬੁਨਿਆਦ ਵਜੋਂ ਤਰਸ ਅਤੇ ਸ਼ੁੱਭ- ਕਰਮਾਂ ਦੇ ਸੋਹਲੇ ਗਾਏ। ਉਨ੍ਹਾਂ ਨੂੰ ਕਿਰਤ ਨੂੰ ਇਕ ਲਾਜ਼ਮੀ ਸ਼ੱਭ ਕਰਮ ਦੱਸਿਆ, ਜਿਹੜਾ ਹਰ ਸਿੱਖ ਲਈ ਕਰਨਾ ਲਾਜ਼ਮੀ ਹੈ, ਉਨ੍ਹਾਂ ਲਿਖਿਆ, ''ਘਾਲਿ ਖਾਇ ਕਿਛੁ ਹਥਉ ਦੇਇ, ਨਾਨਕ ਰਾਹ ਪਛਾਣਹਿ ਸੇਇ।'' ਕਿਰਤ ਕਰਨ 'ਚ ਸਰਗਰਮ ਹਿੱਸਾ ਲੈਣ ਦੇ ਵਿਚਾਰ ਨੂੰ ਗੁਰੂ ਨਾਨਕ ਸਾਹਿਬ ਸਦਾਚਾਰ ਦਾ ਮਹੱਤਵਪੂਰਨ ਅੰਸ਼ ਸਮਝਦੇ ਹਨ। ਉਨ੍ਹਾਂ ਦੇ ਵਿਚਾਰਾਂ ਨੂੰ ਵਪਾਰੀਆਂ, ਦਸਤਕਾਰਾਂ ਅਤੇ ਕਿਸਾਨਾਂ ਦੀਆਂ ਵਿਸ਼ਾਲ ਸਫਾਂ ਤੋਂ ਹੁੰਗਾਰਾ ਮਿਲਿਆ। ਨਾਨਕ ਸਾਹਿਬ ਦੀ ਰਚਨਾ ਆਪਣੇ ਲੋਕਾਂ ਦੇ ਜੀਵਨ ਨਾਲ ਉਨ੍ਹਾਂ ਦੀ ਮੁਸ਼ਕਲ ਹੋਣੀ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਸੀ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਿੱਖ ਮੱਤ ਦੇ ਉਪਦੇਸ਼ਕ ਦੀ ਕਵਿਤਾ ਵਿਚ ਉਸ ਸਮੇਂ ਦੀਆਂ ਰਾਜਸੀ ਘਟਨਾਵਾਂ ਸਾਮੰਤੀ-ਅਰਾਜਕਤਾ ਅਤੇ ਭਰਮਾਰ, ਤਬਾਹ ਕੁੰਨ ਜੰਗਾਂ ਦਾ ਪ੍ਰਗਟਾਅ ਹੋਇਆ ਮਿਲਦਾ ਹੈ।
''ਕਲਿ ਕਾਤੀ ਰਾਜੇ ਕਸਾਈ, ਧਰਮ ਪੰਖ ਕਰਿ ਉਡਰਿਆ''।
ਸੜ ਰਹੇ ਅਤੇ ਮਰ ਰਹੇ ਸਾਧਾਰਨ ਲੋਕਾਂ ਬਾਰੇ ਨਾਨਕ ਜੀ ਦੀ ਬਾਣੀ ਭਰੀ ਪਈ ਹੈ, ਜਿਹੜੀ ਸਾਧਾਰਨ ਮਨੁੱਖ ਦੀ ਹਮਦਰਦੀ ਦਾ ਕਾਰਮ ਬਣੀ। ਗੁਰੂ ਨਾਨਕ ਸਾਹਿਬ ਨੂੰ ਇੰਨਾ ਜ਼ਿਆਦਾ ਦੁੱਖ ਹੁੰਦਾ ਹੈ ਕਿ ਉਹ ਆਪਣੇ ਪਿਆਰੇ ਪ੍ਰਮਾਤਮਾ ਨੂੰ ਕੌੜੇ ਲਫਜ਼ਾਂ ਵਿਚ ਬੁਰਾ-ਬੁਰਾ ਕਹੇ ਬਿਨਾਂ ਨਹੀਂ ਰਹਿ ਸਕੇ। ''ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ।'' ਗੁਰੂ ਨਾਨਕ ਦੇ ਜੀਵਨ ਬਾਰੇ ਜਾਣਕਾਰੀ ਦਾ ਮੁੱਖ ਸੋਮਾ ਜਨਮ ਸਾਖੀਆਂ ਅਤੇ 'ਆਦਿ ਗੰਥ' ਵਿਚ ਸ਼ਾਮਲ ਉਨ੍ਹਾਂ ਦੀਆਂ ਵਿਚਾਰਧਾਰਕ ਕਿਰਤਾਂ ਹੀ ਹਨ। ਇਹ ਗੱਲ ਸ਼ਾਇਦ 15ਵੀਂ ਸਦੀ ਦੇ ਆਖਰੀ ਦਹਾਕੇ ਦੀ ਹੈ, ਜਦੋਂ ਸੁਲਤਾਨਪੁਰ ਰਹਿੰਦਿਆਂ ਉਨ੍ਹਾਂ ਨੂੰ ਰੱਬੀ ਸ਼ਬਦ ਸੁਣਾਈ ਦਿੱਤਾ ਅਤੇ ਸ਼ਾਇਦ ਉਸ ਸਮੇਂ ਤੋਂ ਜਵਾਨੀ ਦੇ ਦਿਨਾਂ ਵਿਚ ਭਾਰਤ ਦੀ ਅਤੇ ਇਸ ਤੋਂ ਬਾਹਰ ਵੀ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੇ ਅਖੀਰ ਵਿਚ ਕਿਸੇ ਧਨਾਢ ਨੇ ਜਿਸਨੇ ਆਪਣੀ ਜ਼ਿੰਦਗੀ ਦੇ ਕਿਸੇ ਪੜਾਅ ਉਤੇ ਸਿੱਖ ਧਰਮ ਗ੍ਰਹਿਣ ਕਰ ਲਿਆ ਸੀ ਅਤੇ ਗੁਰੂ ਨਾਨਕ ਸਾਹਿਬ ਨੂੰ ਰਾਵੀ ਦਰਿਆ ਦੇ ਸੱਜੇ ਕੰਢੇ ਇਕ ਜ਼ਮੀਨ ਦਾ ਟੋਟਾ ਭੇਟ ਕੀਤਾ। ਜਿਸ ਮਗਰੋਂ ਇਹ ਪਿੰਡ ਕਰਤਾਰਪੁਰ ਬਣਿਆ। ਕਰਤਾਰਪੁਰ ਰਹਿੰਦਿਆਂ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਤੌਰ 'ਤੇ ਕਈ ਸਿੱਖ ਬਣ ਗਏ, ਉਨ੍ਹਾਂ ਦੇ ਸਿੱਖਾਂ ਦੀ ਬਣਤਰ ਵੀ ਸਰਬ ਵਿਆਪਕਤਾ ਵੱਲ ਨੂੰ ਰੁਝਾਣ ਪ੍ਰਗਟ ਕਰਦੀ ਹੈ। ਉਨ੍ਹਾਂ 'ਚ ਉਨ੍ਹਾਂ ਦੇ ਆਪਣੇ ਪਿੰਡ ਦੇ ਮੁਖੀ ਰਾਏ ਬੁਲਾਰ, ਆਪਣੇ ਪਿੰਡ ਦਾ ਮੁਸਲਮਾਨ ਮਰਾਸੀ ਮਰਦਾਨਾ, ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ, ਸੁਲਤਾਨਪੁਰ ਦਾ ਨਵਾਬ ਦੌਲਤ ਖਾਨ, ਤਰਖਾਣ ਲਾਲੋ, ਤੁਲੰਬਾ ਦਾ ਸ਼ੇਖ ਸੱਜਣ, ਬਨਾਰਸ ਦੇ ਦੋ ਪੰਡਿਤ ਕ੍ਰਿਸ਼ਨ ਲਾਲ ਅਤੇ ਹਰ ਲਾਲ, ਆਸਾਮ ਦੀ ਮੁਸਲਮਾਨ ਰਾਣੀ ਨੂਰ ਸ਼ਾਹ, ਸਿਆਲਕੋਟ ਦਾ ਮੂਲ ਚੰਦ, ਲਾਹੌਰ ਦਾ ਦੁਨੀ ਚੰਦ, ਕੱਥੂਨੰਗਲ ਦਾ ਬੁੱਢਾ, ਲੋਕਾਂ ਦਾ ਰਾਜਾ ਸ਼ਿਵ ਨਾਥ, ਲੁਹਾਰ ਹਰਸ਼ੂ, ਛੀਬਾ ਸਿਹਾਨ, ਕਸ਼ਮੀਰ ਦਾ ਬ੍ਰਹਮ ਦਾਸ, ਮਰਦਾਨੇ ਦਾ ਬੇਟਾ ਜਿਹੜਾ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੱਕ ਉਨ੍ਹਾਂ ਨਾਲ ਹੀ ਰਿਹਾ ਆਦਿ।
ਸਵੇਰੇ ਕਰਨ ਵਾਲੇ ਪਾਠ ''ਜਪੁਜੀ'' ਵਿਚ ਜੋ ਨਾਨਕ ਸਾਹਿਬ ਦੀ ਮੁੱਖ ਕ੍ਰਿਤ ਹੈ ਅਸੀਂ ਪੜ੍ਹਦੇ ਹਾਂ:
ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ: ਗੁਰੂ ਪ੍ਰਸਾਦਿ।
ਆਪਣੇ ਬਣੇ ਰੂਪਾਂ ਵਿਚ ਇਹ ਸੰਸਾਰ, ਸ੍ਰਿਸ਼ਟੀ, ਪ੍ਰਮਾਤਮਾ ਦੀ ਰਚਨਾ ਹੈ, ਗੁਰੂ ਨਾਨਕ ਸਾਹਿਬ ਦੀ ਸਿੱਖਿਆ ਡੂੰਘੀ ਮਾਨਵਤਾ ਵਾਲੀ ਹੈ। ''ਅਕਾਲ ਪੁਰਖ'' ਔਰਤ ਵਿਚ ਓਨਾ ਹੀ ਹੈ ਜਿੰਨਾ ਆਦਮੀ ਵਿਚ, ਸਭ ਲੋਕ ਬਰਾਬਰ ਹਨ, ''ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ'' ਭਾਵੇਂ ਉਨ੍ਹਾਂ ਦਾ ਪੇਸ਼ਾ ਜਾਂ ਜਾਤ ਕੋਈ ਵੀ ਹੋਵੇ। ਸੰਸਾਰ ਦਾ ਧਨ ਸਭ ਦਾ ਸਾਂਝਾ ਹੋਣਾ ਚਾਹੀਦਾ ਹੈ। ਕਿਰਤ ਦਾ ਮੰਤਵ ਸਭ ਦੀ ਭਲਾਈ ਹੋਣਾ ਚਾਹੀਦਾ ਹੈ, ਜਬਰ ਕੋਈ ਨਹੀਂ ਹੋਣਾ ਚਾਹੀਦਾ। ਆਸ ਤੱਕ ਉਸਨੂੰ ਹੀ ਸਮਝਣਾ ਚਾਹੀਦਾ ਹੈ, ਜਿਹੜਾ ਲੋਕਾਂ ਨੂੰ ਬਰਾਬਰ ਸਮਝਦਾ ਹੈ ''ਸਭੈ ਸਾਂਝੀਵਾਲ ਸਦਾਇਣ, ਕੋਈ ਨਾ ਦਿਸੇ ਬਾਹਰਾ ਜੀਓ'' ਦੇ ਉਪਰੋਕਤ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਨੂੰ ਅਮਲ ਵਿਚ ਲਿਆ ਕੇ ਹੀ ਅਸੀਂ ਸਹੀ ਅਰਥਾਂ ਵਿਚ ਉਨ੍ਹਾਂ ਦਾ 550ਵਾਂ ਆਗਮਨ ਦਿਵਸ ਮਨਾ ਰਹੇ ਹੋਵਾਂਗੇ।
—ਗਿ: ਗੁਰਦੀਪ ਸਿੰਘ 'ਕੰਬੋਜ'
(9855844033)