ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ 'ਤੇ ਵਿਸ਼ੇਸ਼
8/25/2020 12:27:46 PM
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਭਾਰਤ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨਿਰਾਸ਼ਾਜਨਕ ਸਨ। ਸਾਰਾ ਦੇਸ਼ ਜਾਤ-ਪਾਤ, ਉੱਚ-ਨੀਚ ਅਤੇ ਈਰਖਾ ਦੀ ਅੱਗ ਵਿਚ ਸੜ ਰਿਹਾ ਸੀ। ਗੁਰੂ ਜੀ ਨੂੰ ਵੱਡੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਰਹਿਣ ਲਈ ਭੇਜ ਦਿੱਤਾ ਗਿਆ, ਜਿਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ’ਚ ਨੌਕਰੀ ਦਿਵਾ ਦਿੱਤੀ।
ਬਾਬਾ ਜੀ ਦੀ ਮੰਗਣੀ
18 ਸਾਲ ਦੀ ਉਮਰ ਵਿਚ ਗੁਰੂ ਜੀ ਦੀ ਮੰਗਣੀ ਬਟਾਲੇ ਦੇ ਰਹਿਣ ਵਾਲੇ ਖੱਤਰੀ ਮੂਲ ਚੰਦ ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਸੁਲੱਖਣੀ ਨਾਲ ਹੋ ਗਈ। ਭਾਦੋਂ ਸਦੀ ਸੱਤਵੀਂ ਸੰਮਤ 1544 ਨੂੰ ਗੁਰੂ ਜੀ ਬਰਾਤੀਆਂ ਸਮੇਤ, ਜਿਨ੍ਹਾਂ ’ਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਇ ਜੀ ਅਤੇ ਨਵਾਬ ਦੌਲਤ ਖਾਂ ਅਤੇ ਸੱਜਣਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪੂਰੇ ਸੱਜ-ਧੱਜ ਕੇ ਸੁਲਤਾਨਪੁਰ ਲੋਧੀ ਤੋਂ ਬਰਾਤ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਇਤਿਹਾਸਕ ਸ਼ਹਿਰ ਬਟਾਲੇ ਬਰਾਤ ਦੇ ਰੂਪ ’ਚ ਪਹੁੰਚੇ। ਗੁਰੂ ਜੀ ਦੀ ਬਰਾਤ ਦਾ ਬਟਾਲਾ ਪਹੁੰਚਣ ’ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਰਿਸ਼ਤੇਦਾਰਾਂ ਵਲੋਂ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਅਜਿੱਤਾ ਰੰਧਾਵਾ ਜੀ ਵੀ ਸ਼ਾਮਲ ਸਨ, ਜ਼ੋਰਦਾਰ ਸਵਾਗਤ ਕੀਤਾ ਗਿਆ।
ਬਰਾਤ ਦਾ ਉਤਾਰਾ ਜਿਸ ਜਗ੍ਹਾ ’ਤੇ ਕੀਤਾ ਗਿਆ, ਉਹ ਗੁਰਦੁਆਰਾ ‘ਸ੍ਰੀ ਕੰਧ ਸਾਹਿਬ’ ਜੀ ਦੇ ਅਸਥਾਨ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਜਿਸ ਜਗ੍ਹਾ ’ਤੇ ਗੁਰੂ ਜੀ ਵਲੋਂ ਲਾਵਾਂ-ਫੇਰਿਆਂ ਦੀ ਰਸਮ ਅਦਾ ਕੀਤੀ ਗਈ, ਉਹ ਅਸਥਾਨ ਗੁਰਦੁਆਰਾ ‘ਡੇਹਰਾ ਸਾਹਿਬ’ ਜੀ ਦੇ ਨਾ ਨਾਲ ਪ੍ਰਸਿੱਧ ਹੈ। ਜਿਸ ਅਸਥਾਨ ’ਤੇ ਬਰਾਤ ਦਾ ਉਤਾਰਾ ਕੀਤਾ ਗਿਆ, ਉਹ ਅਸਥਾਨ ਹਵੇਲੀ ਭਾਈ ਜਮੀਤ ਰਾਇ ਬੰਸੀ ਦੀ ਸੀ। ਜਦੋਂ ਗੁਰੂ ਜੀ ਦੀ ਬਾਰਾਤ ਆਈ ਤਾਂ ਉਸ ਸਮੇਂ ਭਾਰੀ ਬਾਰਿਸ਼ ਹੋ ਰਹੀ ਦੱਸੀ ਜਾਂਦੀ ਹੈ। ਇਥੇ ਹੀ ਇਕ ਕੱਚੀ ਕੰਧ ਸੀ। ਜਿਸ ਹੇਠ ਗੁਰੂ ਜੀ ਨੇ ਕੁਝ ਚਿਰ ਨਿਵਾਸ ਕੀਤਾ ਸੀ।
ਇਸ ਦੌਰਾਨ ਇਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਕੱਚੀ ਕੰਧ ਹੈ, ਜੋ ਢਹਿਣ ਵਾਲੀ ਹੈ। ਇਥੋਂ ਉੱਠ ਕੇ ਪਰ੍ਹਾਂ ਹੋ ਜਾ ਤਾਂ ਗੁਰੂ ਜੀ ਨੇ ਕਿਹਾ ਕਿ ‘ਮਾਤਾ ਭੋਲੀਏ, ਇਹ ਕੰਧ ਜੁਗਾਂ-ਜੁਗਾਤਰਾਂ ਤੱਕ ਕਾਇਮ ਰਹੇਗੀ ਅਤੇ ਇਹ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ’। ਇਹ ਕੱਚੀ ਕੰਧ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫ੍ਰੇਮ ’ਚ ਅੱਜ ਵੀ ਸੁਰੱਖਿਅਤ ਹੈ। ਲੱਖਾਂ ਸੰਗਤਾਂ ਅੱਜ ਵੀ ਇਸ ਪਵਿੱਤਰ ਕੰਧ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਬਾਅਦ ’ਚ ਮਹਾਰਾਜਾ ਨੌਨਿਹਾਲ ਨੇ ਇਸ ਅਸਥਾਨ ’ਤੇ ਪੱਕਾ ਗੁਰੂ ਅਸਥਾਨ ਬਣਵਾਇਆ ਸੀ।
ਵਿਆਹ ਪੁਰਬ ਨਾਲ ਸੰਬੰਧਤ ਜੋੜ ਮੇਲਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸੰਬੰਧਤ ਜੋੜ ਮੇਲਾ ਹਰ ਸਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੁਨੀਆਂ ਭਰ ’ਚੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਇਸ ਅਸਥਾਨ ’ਤੇ ਆ ਕੇ ਹਾਜ਼ਰੀ ਭਰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ। ਜਿਥੇ ਲੱਖਾਂ ਦੀ ਗਿਣਤੀ ’ਚ ਪਹੁੰਚਣ ਵਾਲੀ ਸੰਗਤ ਦੇ ਠਹਿਰਣ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਗੁਰੂ ਜੀ ਨੂੰ ਸਮਰਪਿਤ ਦੋ ਵਿੱਦਿਅਕ ਅਦਾਰੇ ਗੁਰੂ ਨਾਨਕ ਕਾਲਜ ਅਤੇ ਗੁਰੂ ਦੇਵ ਅਕੈਡਮੀ ਵੀ ਖੋਲ੍ਹੀ ਹੋਈ ਹੈ।
ਬਟਾਲਾ ਵਿਖੇ ਹੋਰ ਪ੍ਰਸਿੱਧ ਧਾਰਮਿਕ ਅਸਥਾਨ
ਗੁਰਦੁਆਰਾ ਸ੍ਰੀ ਸਤਿ ਕਰਤਾਰੀਆਂ
ਇਸ ਪਵਿੱਤਰ ਅਸਥਾਨ ’ਤੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ 1681 ਵਿਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ। ਇਥੇ ਹੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਭਾਈ ਰਾਮਾ ਮੱਲ ਖੱਤਰੀ ਜੀ ਦੀ ਸਪੁੱਤਰੀ ਅਨੰਤੀ ਜੀ ਨਾਲ ਹੋਇਆ ਸੀ। ਜਿਸ ਤੋਂ ਧੀਰ ਮੱਲ ਅਤੇ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਜੀ ਦਾ ਜਨਮ ਹੋਇਆ ਸੀ। ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਨੂੰ ਜਾਣ ਵਾਲਾ ਮਾਰਗ ਬਟਾਲਾ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ 1.5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਅਸਥਾਨ ਸ਼ਹਿਰ ਦੇ ਹਰ ਪਾਸੇ ਤੋਂ ਸੜਕੀ ਆਵਾਜਾਈ ਨਾਲ ਜੁੜਿਆ ਹੋਇਆ ਹੈ।
ਬਾਬਾ ਜੀ ਦਾ ਵਿਆਹ ਸਮਾਗਮ
ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੜੇ ਚਾਵਾ ਅਤੇ ਧੂਮ-ਧਾਮ ਨਾਲ ਵੱਡੇ ਪੱਧਰ ’ਤੇ ਜੋੜ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਸਾਲ ਵਿਆਹ ਸਮਾਗਮ 25 ਅਗਸਤ, 2020 ਦਿਨ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਕਹਿਰ ਦੇ ਸਦਕਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਨਾਇਆ ਜਾਵੇਗਾ।
ਸਾਹਿਲ ਮਹਾਜਨ