ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ।।

10/20/2019 9:29:55 AM

ਅੱਜ ਦੇ ਇਸ ਤੇਜ਼-ਤਰਾਰ ਯੁੱਗ ਵਿਚ ਇਨਸਾਨ ਅੰਦਰ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਪੈਸੇ ਦੀ ਅੰਨ੍ਹੀ ਦੌੜ ਵਿਚ ਅਸੀਂ ਮਨੁੱਖੀ ਕਦਰਾਂ-ਕੀਮਤਾਂ ਨੂੰ ਭੁੱਲਦੇ ਜਾ ਰਹੇ ਹਾਂ। ਮਨ ਦੇ ਟਿਕਾਅ ਲਈ ਜ਼ਰੂਰੀ ਹੈ ਕਿ ਆਪਣੇ ਫ਼ਰਜ਼ ਪਛਾਣਦੇ ਹੋਏ ਓਸ ਅਵਸਥਾ ਨੂੰ ਬਣਾਈ ਰੱਖਿਆ ਜਾਵੇ ਜਿਹੜੀ ਸਾਨੂੰ ਕੁਦਰਤ ਨੇ ਮੁਫ਼ਤ ਵਿਚ ਦਿੱਤੀ ਹੈ। ਓਹ ਅਵਸਥਾ ਹੈ ਸਹਿਜ ਦੀ, ਸੰਤੋਖ ਦੀ, ਸਹਿਣਸ਼ੀਲਤਾ ਦੀ, ਆਤਮ ਨਿਰਭਰਤਾ ਦੀ।

ਹਉਮੈ ਜਾਇ ਸਬਦਿ ਮਲੁ ਧੋਵਹਿ।।
ਸਮਝਿ ਸੂਝਿ ਸਹਜ ਘਰਿ ਹੋਵਹਿ।। (ਅੰਗ ੪੧੩)


ਅਸੀਂ ਸਹਿਜ ਅਵਸਥਾ ਦੇ ਅਨੁਭਵ ਬਾਰੇ ਪੜ੍ਹਿਆ ਹੈ, ਸੁਣਿਆ ਹੈ ਪਰ ਕੀਤਾ ਨਹੀਂ ਕਿਉਂਕਿ ਜਿਸ ਸਹਿਜ ਅਵਸਥਾ ਦੇ ਰਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਾਪਤ ਕੀਤਾ ਹੈ ਉਸ ਰਸ ਲਈ ਸਾਡੇ ਮਾਨਸਿਕ ਬਰਤਨ ਬਹੁਤ ਹੀ ਛੋਟੇ ਹਨ। ਅਤੇ ਨਿਰਸੰਦੇਹ ਗੁਰੂ ਸਾਹਿਬ ਸਾਡੇ ਇਨ੍ਹਾਂ ਬਹੁਤ ਹੀ ਛੋਟੇ ਬਰਤਨਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਉਨ੍ਹਾਂ ਦੀ ਪਕੜ ਵਿਚ ਸਮਾਜ ਦੀ ਨਬਜ਼ ਸੀ। ਉਨ੍ਹਾਂ ਨੂੰ ਸਾਡੇ ਹਾਜ਼ਮੇ ਦਾ ਗਿਆਨ ਸੀ। ਉਹ ਜਾਣਦੇ ਸਨ ਸਾਡੀ ਸਮਝ (Mental capacity) ਨੂੰ। ਗੁਰੂ ਗ੍ਰੰਥ ਸਾਹਿਬ ਜੀ ਦੇ ਫੁਰਮਾਨ ਸਹਿਜ ਅਵਸਥਾ ਦੇ ਸੰਧਰਭ ਵਿਚ ਮਨੁੱਖੀ ਪ੍ਰਾਪਤੀ ਨੂੰ ਕੁੱਝ ਇੰਝ ਬਿਆਨ ਕਰਦੇ ਹਨ :-

ਕਹਨ ਕਹਾਵਨ ਕਉ ਕਈ ਕੇਤੈ ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ।।੧।। ਰਹਾਉ(ਗੁਰੂ ਗ੍ਰੰਥ, ਪੰਨਾ ੧੩੦੨)

ਮਨ ਦੀ ਸਹਿਜ, ਅਡੋਲ ਅਤੇ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਸ੍ਰੀ ਗੁਰੂ ਨਾਨਕ ਦੇ ਵਰਗੇ ਪਾਤਿਸ਼ਾਹ ਮਾਨਵਤਾ ਪ੍ਰਤੀ ਚਿੰਤਤ ਸਨ। ਮੰਨਿਆ ਜਾਂਦਾ ਹੈ ਮਨ ਦੀ ਐਸੀ ਉੱਚ ਅਵਸਥਾ ਵਿਚ ਚਿੰਤਾ ਜਿਹੀ ਚੀਜ਼ ਦਾ ਕੋਈ ਸਥਾਨ ਨਹੀਂ ਹੁੰਦਾ। ਇਹ ਤਾਂ ਇੱਕ ਪੂਰਨ ਆਨੰਦ ਦੀ ਅਵਸਥਾ ਹੁੰਦੀ ਹੈ ਪਰ ਪੂਰਨ ਆਨੰਦ ਦੀ ਅਵਸਥਾ ਅਤੇ ਨਾਨਕ ਦੇ ਹਿਰਦੇ ਵਿਚ ਸਰਬੱਤ ਪ੍ਰਤੀ ਚਿੰਤਾ ਦੇ ਇਸ ਗੱਠਜੋੜ ਨੂੰ ਕੇਵਲ ਆਪ ਪਾਤਿਸ਼ਾਹ ਹੀ ਜਾਣ ਸਕਦੇ ਹੋਣਗੇ।

ਭਗਤ ਕਬੀਰ ਜੀ ਵੀ ਇਨਸਾਨ ਨੂੰ ਸਮਝਾ ਰਹੇ ਹਨ ਕਿ ਸਹਿਜ ਦੀ ਅਵਸਥਾ ਬਣਾਈ ਰੱਖਣ ਲਈ ਮਨ 'ਤੇ ਕਾਬੂ ਜ਼ਰੂਰੀ ਹੈ।

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ।।
ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ।।੧।। ਰਹਾਉ (੪੭੮)


ਮਨ ਦੀ ਸੁਚੇਤ ਤੇ ਜਾਗਦੀ ਅਵਸਥਾ ਜਾਗ੍ਰਤ ਹੈ। ਮਨ ਦੀ ਨੀਂਦ ਵੇਲੇ ਅਵਸਥਾ ਸੁਪਨ ਅਵਸਥਾ ਹੈ। ਸੁਪਨੇ ਰਹਿਤ ਸੁੱਤਾ ਮਨ ਸਖੋਪਿਤ ਅਵਸਥਾ ਵਿਚ ਹੁੰਦਾ ਹੈ। ਸਹਿਜ ਅਵਸਥਾ ਵਿਚ ਜੀਵ ਦਾ ਮਨ ਟਿਕਾਉ ਤੇ ਇਕਾਗਰਤਾ ਵਿਚ ਹੁੰਦਾ ਹੈ । ਸਤਿਸੰਗ ਤੇ ਭਗਤੀ ਭਾਵਨਾ ਇਸ ਟਿਕਾਉ ਤੇ ਇਕਾਗਰਤਾ ਨੂੰ ਸਥਾਈ ਬਣਾਉਣ ਵਿਚ ਸਹਾਈ ਹੁੰਦੇ ਹਨ। ਸਹਿਜ ਅਵਸਥਾ ਵਿਚ ਮਨੁੱਖ ਜੋ ਗਿਆਨ ਪ੍ਰਾਪਤ ਕਰਦਾ ਹੈ, ਉਸ ਨੂੰ ਪਦ ਗਿਆਨ ਜਾਂ ਸਹਿਜ ਗਿਆਨ ਆਖਿਆ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਦੀ ਸਹਿਜ-ਯੋਗ ਸਬੰਧੀ ਉਪਰੋਕਤ ਭਾਵਨਾ, ਅਸਲ ਵਿਚ ਪ੍ਰੰਪਰਿਕ ਯੋਗ ਦਾ ਸਹਿਜੀਕ੍ਰਿਤ ਰੂਪ ਹੈ। ਭੱਟਾਂ ਨੇ ਆਪਣੇ ਸਵੈਯਆਂ ਵਿਚ ਗੁਰੂ ਨਾਨਕ ਦੇਵ ਜੀ ਦੀ ਸਾਧਨਾ ਨੂੰ 'ਸਹਿਜ-ਯੋਗ' ਦਾ ਨਾਂ ਦਿੱਤਾ ਹੈ—

ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ।। (ਗੁ.ਗ੍ਰੰ.1390)। ਇਸੇ ਪ੍ਰਸੰਗ ਵਿਚ ਇਸ ਦਾ ਇਕ ਨਾਮਾਂਤਰ 'ਰਾਜ-ਜੋਗ' ਵੀ ਦਸਿਆ ਗਿਆ ਹੈ ਠੀਕ ਤਰੀਕੇ ਨਾਲ ਕੀਤੀ ਧਰਮ-ਸਾਧਨਾ ਹੀ ਸਹਿਜ-ਯੋਗ ਦੀ ਭੂਮਿਕਾ ਨਿਭਾਉਂਦੀ ਹੈ ।

ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ।। (ਅੰਗ ੬੦ ਸਿਰੀਰਾਗ ਮਹਲਾ੧)

ਸਹਜ ਅਵਸਥਾ ਅਸਲ ਵਿਚ ਇਕ ਰੂਹਾਨੀ ਅਹਿਸਾਸ ਹੈ ਜਿਸ ਵਿਚ ਮਨੁੱਖ ਗਮ, ਫਿਕਰ, ਸੋਚ, ਬੋਝ, ਰਹਿਤ ਅਗੰਮੀ ਮੌਜ ਵਿਚ ਰਹਿੰਦਾ ਹੇ। ਇਹ ਅਵਸਥਾ ਅਕਾਲ ਪੁਰਖ ਦੇ ਧਿਆਨ ਵਿਚ ਹਉਮੈ ਤੋਂ ਛੁਟਕਾਰਾ ਪਾ, ਸੱਚਾ ਜੀਵਨ ਜੀਅ ਕੇ ਹੀ ਹਾਸਿਲ ਕੀਤੀ ਜਾ ਸਕਦੀ ਹੈ।

ਸਹਜ ਇਕ ਅਜਿਹੀ ਹਾਲਤ ਹੈ ਜਿਸ ਵਿਚ ਇਨਸਾਨ ਹਉਮੈ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ ਅਤੇ ਇਸ ਤੇ ਕੁਦਰਤੀ ਅਰਾਮ ਤੇ ਸਕੂਨ ਦਾ ਮਹੌਲ ਛਾ ਜਾਂਦਾ ਹੈ। ਸਹਜ ਦੇ ਮੁਕਾਮ 'ਤੇ ਪਹੁੰਚਣ ਵਾਸਤੇ ਇਨਸਾਨ ਨੂੰ ਨਾ ਤਾਂ ਦੁਨੀਆ ਛੱਡਣ ਅਤੇ ਨਾ ਹੀ ਕਿਸੇ ਕਰਮਕਾਂਡ ਨੂੰ ਨਿਭਾਉਣ ਦੀ ਲੋੜ ਹੁੰਦੀ ਹੈ।

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ।।੧੮।।(੯੧੯)

ਅਗਨੀ, ਯੱਗ, ਮੂਰਤੀ ਪੂਜਾ ਆਦਿਕ ਧਰਮ ਦੇ ਨਾਂ 'ਤੇ ਕੀਤੇ ਕਰਮਕਾਂਡਾਂ ਨਾਲ ਸੱਚਾ ਗਿਆਨ ਪ੍ਰਾਪਤ ਨਹੀਂ ਹੁੰਦਾ। ਬਾਣੀ ਦਾ ਪੜ੍ਹਨਾ ਸੁਣਨਾ ਫਿਰ ਮੰਨ ਕੇ ਅਮਲ ਕਰਨਾ ਮਨੁੱਖ ਦੀ ਜ਼ਿੰਦਗੀ ਦੀ ਸਹਿਜ ਅਵਸਥਾ ਹੈ। ਸਰੀਰਕ ਅਤੇ ਮਾਨਸਿਕ ਸੰਤੁਲਨ ਬਣਾ ਕੇ ਸਹੀ ਦਿਸ਼ਾ ਵਲ ਕ੍ਰਿਆਸ਼ੀਲ ਹੋਣ ਦਾ ਬਲ ਬਖਸ਼ਦੀ ਹੈ। ਉਸਨੂੰ ਰੋਮ-ਰੋਮ ਵਿਚ ਰਚਾਉਣਾ ਅਤੇ ਮਨ ਨੂੰ ਗੁਰੂ ਸ਼ਬਦ ਦੇ ਅਰਥ ਵਿਚ ਰੂਪਾਂਤਰਿਕ ਕਰ ਦੇਣ ਨਾਲ ਉਸਦੀ ਜਨਮਾਂ ਦੀ ਮੈਲ ਖਤਮ ਹੋ ਜਾਂਦੀ ਹੈ ਤੇ ਸਿੱਖ ਪ੍ਰਮਾਤਮੀ ਜੋਤਿ ਵਿਚ ਇਕ-ਮਿੱਕ ਹੋ ਜਾਂਦਾ ਹੈ।

ਸਭਿ ਗੁਣ ਤੇਰੇ, ਮੈ ਨਾਹੀ ਕੋਇ।।
ਵਿਣੁ ਗੁਣ ਕੀਤੇ, ਭਗਤਿ ਨ ਹੋਇ।।


ਗੁਰੂ ਗ੍ਰੰਥ ਸਾਹਿਬ ਜੀ ਦੇ ਫੁਰਮਾਨ ਸਹਿਜ ਅਵਸਥਾ ਦੇ ਸੰਧਰਭ ਵਿਚ ਮਨੁੱਖੀ ਪ੍ਰਾਪਤੀ ਨੂੰ ਬਿਆਨ ਕਰਦੇ ਹਨ:-

ਕਹਨ ਕਹਾਵਨ ਕਉ ਕਈ ਕੇਤੈ ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ।।੧।।ਰਹਾਉ (ਗੁਰੂ ਗ੍ਰੰਥ, ਪੰਨਾ ੧੩੦੨)

ਗੁਰੂ ਸਾਹਿਬ ਕਹਿੰਦੇ ਹਨ ਕਿ ਅਜਿਹਾ ਕੋਈ ਵਿਰਲਾ ਸੰਤ-ਜਨ ਹੈ, ਕੋਈ ਵਿਰਲਾ ਸੇਵਕ ਹੈ, ਜਿਹੜਾ ਜਗਤ-ਦੇ-ਮੂਲ ਪਰਮਾਤਮਾ ਦੇ ਮਿਲਾਪ ਨੂੰ ਮਾਣਦਾ ਹੈ। ਜ਼ਬਾਨੀ ਆਖਣ ਅਖਵਾਣ ਵਾਲੇ ਤਾਂ ਅਨੇਕਾਂ ਹੀ ਹਨ।

ਜੀਵਨ ਮੁਕਤੁ ਗੁਰਮੁਖਿ ਕੋ ਹੋਈ ਪਰਮ ਪਦਾਰਥੁ ਪਾਵੈ ਸੋਈ ਪਰਮ ਪਦਾਰਥੁ ਪਾਵੈ ਸੋਈ ਤ੍ਰੈ ਗੁਣ ਮੇਟੇ ਨਿਰਮਲੁ ਹੋਈ ਸਹਜੇ ਸਾਚਿ ਮਿਲੈ ਪ੍ਰਭੁ ਸੋਈ।।੩।। (ਗੁਰੂ ਗ੍ਰੰਥ, ਪੰਨਾ ੨੩੨)

ਇਸ ਅਵਸਥਾ ਵਿਚ ਰਹਿ ਕੇ ਜੀਵਨ ਨੂੰ ਸੁਖਦਾਇਕ ਬਣਾਉਣਾ ਅੱਜ ਦੇ ਆਧੁਨਿਕ ਜੀਵਨ ਵਿਚ ਬਹੁਤ ਜ਼ਰੂਰੀ ਹੈ।

ਕੋਈ ਵਿਰਲਾ ਮਨੁੱਖ ਜਿਹੜਾ ਗੁਰੂ ਦੀ ਸਰਨ ਪੈਂਦਾ ਹੈ ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਭੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਉਹੀ ਮਨੁੱਖ ਸਾਰੇ ਪਦਾਰਥਾਂ ਤੋਂ ਸ੍ਰੇਸ਼ਟ ਨਾਮ-ਪਦਾਰਥ ਹਾਸਲ ਕਰਦਾ ਹੈ, ਉਹ ਮਨੁੱਖ (ਆਪਣੇ ਅੰਦਰੋਂ ਮਾਇਆ ਦੇ) ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲੈਂਦਾ ਹੈ ਤੇ ਪਵਿੱਤਰ-ਆਤਮਾ ਬਣ ਜਾਂਦਾ ਹੈ। ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜੇ ਰਹਿਣ ਕਰ ਕੇ ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ।

ਆਓ! ਸਾਰੇ ਪ੍ਰਣ ਕਰੀਏ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ਼ਾ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਦੀ ਗੁਰਬਾਣੀ ਨੂੰ ਆਪਣਾ ਜੀਵਨ ਸਮਰਪਤ ਕਰਦੇ ਹੋਏ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਵਿਚ ਸੱਚੀ-ਸੁੱਚੀ ਕਿਰਤ ਕਰੀਏ ਅਤੇ ਸਦਭਾਵਨਾ ਵਿਚ ਰਹਿ ਕੇ ਆਪਣਾ ਜੀਵਨ ਬਸਰ ਕਰਦੇ ਹੋਏ ਸਰਬੱਤ ਦੇ ਭਲੇ ਲਈ ਇਕਜੁੱਟ ਹੋ ਕੇ ਤੰਦਰੁਸਤ ਸਮਾਜ ਸਿਰਜ ਕੇ ਆਪਣਾ ਫਰਜ਼ ਨਿਭਾਈਏ।

-ਡਾ. ਕਮਲਜੀਤ ਕੌਰ
ਪ੍ਰਿੰਸੀਪਲ ਖਾਲਸਾ ਕਾਲਜ ਆਫ ਨਰਸਿੰਗ
ਅੰਮ੍ਰਿਤਸਰ 84270-09817


Baljeet Kaur

Edited By Baljeet Kaur