ਗੁਰੂ ਨਾਨਕ ਦੇਵ ਜੀ ਦਾ ਸੰੰਦੇਸ਼

6/18/2019 11:49:48 AM

ਡਾ. ਬਲਕਾਰ ਸਿੰਘ
9316301328


ਸੰਦੇਸ਼ ਨੂੰ ਕਿਸੇ ਵੀ ਸਮਕਾਲ ਤੱਕ ਸੀਮਿਤ ਕਰਕੇ ਵੇਖਣ ਦੀ ਕੋਸ਼ਿਸ਼ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੇ ਧਰਮ-ਸੰਸਥਾਪਕ ਨਾਲ ਨਿਆਂ ਨਹੀਂ ਕਰ ਸਕਦੀ। ਇਸ 'ਚ ਤਾਂ ਕੋਈ ਸ਼ੱਕ ਨਹੀਂ ਰਿਹਾ ਕਿ ਗੁਰੁ ਨਾਨਕ ਪਾਤਸ਼ਾਹ ਜੀ ਦਾ ਸੰਦੇਸ਼ ਕਿਸੇ ਸਮੇਂ ਦੀ ਸੀਮਾ 'ਚ ਜਾਂ ਕਿਸੇ ਇਲਾਕੇ ਦੀ ਸੀਮਾਂ 'ਚ ਰੱਖ ਕੇ ਵੇਖੇ ਵਾਸਤੇ ਨਹੀਂ ਸੀ। ਉਨ੍ਹਾਂ ਨੇ ਜਿਹੜੀਆਂ ਗੱਲਾਂ 16ਵੀਂ ਸਦੀ 'ਚ ਕਹੀਆਂ ਸਨ, ਉਹ ਅੱਜ ਵੀ ਓਸੇ ਤਰ੍ਹਾਂ ਰਾਹ ਵਿਖਾਉਣ 'ਚ ਸਹਾਇਤਾ ਕਰ ਸਕਦੀਆਂ ਹਨ। ਬਾਬਾ ਨਾਨਕ ਦੇ ਸੰਦੇਸ਼ ਦਾ ਸਬੰਧ ਸਿੱਧਾ ਬੰਦੇ ਦੀ ਰੂਹ ਨਾਲ ਹੈ। ਬੰਦੇ ਦੀ ਰੂਹ ਨਹੀਂ ਬਦਲਦੀ, ਬੰਦੇ ਦੇ ਹਾਲਾਤ ਬਦਲਦੇ ਹਨ।ਬੰਦੇ ਨੂੰ ਬਦਲਣ ਲਈ, ਬੰਦੇ ਦੇ ਹਾਲਾਤ ਨੂੰ ਬਦਲਣ ਦੀ ਲੋੜ ਹੈ ਅਤੇ ਰਹੇਗੀ। ਹਾਲਾਤ ਨੂੰ ਬਦਲਣ ਦੀ ਪ੍ਰੇਰਨਾਂ ਨੂੰ ਬਾਣੀ 'ਚ ਜੋਤਿ ਕਿਹਾ ਗਿਆ ਹੈ ਅਤੇ ਜੋਤਿ ਨੂੰ ਅਮਲ 'ਚ ਲਿਆਉਣ ਦੀ ਵਿਧੀ ਨੂੰ ਜੁਗਤਿ ਕਿਹਾ ਗਿਆ ਹੈ। ਜੋਤਿ ਅਤੇ ਜੁਗਤਿ ਦਾ ਨਿਸਤਾਰਾ ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤਾ ਸੀ। ਇਸ ਨਾਲ ਇਹ ਗੱਲ ਸਾਹਮਣੇ ਆ ਗਈ ਸੀ ਕਿ ਨਾਨਕ-ਸੰਦੇਸ਼ ਦੇ ਵਾਰਸਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੋਤਿ ਅਤੇ ਜੁਗਤਿ ਦੀ ਗੁਰੁ-ਦਾਤ ਨੂੰ ਪਹਿਲਾਂ ਆਪ ਹੰਢਾਉਣ ਅਤੇ ਫਿਰ ਦੂਜਿਆਂ ਤੱਕ ਇਸ ਅਹਿਸਾਸ ਨੂੰ ਪਹੁੰਚਾਉਣ ਲਈ ਸੰਭਵ ਯਤਨ ਕਰਨ। ਏਸੇ ਨੂੰ “ਆਪਿ ਜਪੈ ਅਵਰਾ ਨਾਮ ਜਪਾਵੈ'' ਰਾਹੀਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ। ਇਹ ਸਭ ਕੁਝ ਬਾਣੀ ਨਾਲ ਜੁੜਿਆਂ ਹੀ ਸੰਭਵ ਹੋ ਸਕਦਾ ਹੈ। ਸਿੱਖੀ ਦੀ ਜ਼ਬਾਨ 'ਚ ਬਾਣੀ ਨਾਲੋਂ ਟੁਟਣ ਨਾਲ ਅਗਿਆਨੀ ਅਤੇ ਵਿਕਾਰੀ ਸੁਭਾ ਦਾ ਬੋਲਬਾਲਾ ਹੋ ਜਾਂਦਾ ਹੈ।

ਆਪਾਧਾਪੀ ਦੇ ਮਾਹੌਲ 'ਚ ਪੈਦਾ ਹੋ ਰਹੀਆਂ ਦੁਸ਼ਚਾਰੀਆਂ “ਪਰਮੇਸਰ ਤੇ ਭੁਲਿਆਂ ਵਿਆਪਨ ਸਭੈ ਰੋਗ“ ਦੇ ਹਵਾਲੇ ਨਾਲ ਸਮਝੀਆਂ ਜਾ ਸਕਦੀਆਂ ਹਨ। ਜੋ ਸਿਧਾਂਤ ਦੀ ਸੋਝੀ ਤੋਂ ਮਹਿਰੂਮ ਹੁੰਦਾ ਹੈ, ਉਸ ਨੂੰ ਹਾਲਾਤ ਦੀ ਗੁਲਾਮੀ, ਬੰਦੇ ਦਾ ਬੰਦਾ ਹੋ ਜਾਣ ਵੱਲ ਧੱਕ ਦੇਂਦੀ ਹੈ। ਇਸ ਤੋਂ ਬਚਣ ਦੀ ਜੁਗਤਿ ਨੂੰ ਹੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਰੂਪ 'ਚ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਣੀ ਦੇ ਵਿਦਿਆਰਥੀ ਵਜੋਂ ਇਹ ਵਿਸ਼ਵਾਸ਼ ਪੱਕਾ ਹੋ ਸਕਦਾ ਹੈ ਕਿ ਧਰਮ ਤੋ ਬਿਨਾਂ ਬਾਕੀ ਸਾਰੀਆ ਜੁਗਤਾਂ, ਗੁਲਾਮੀ ਨੂੰ ਕਿਸੇ ਦੂਜੀ ਗੁਲਾਮੀ ਨਾਲ ਬਦਲਣ ਦਾ ਰਾਹ ਤਾਂ ਦੱਸਦੀਆਂ ਹਨ ਪਰ ਗੁਲਾਮੀ ਤੋਂ ਮੁਕਤੀ ਦਾ ਰਾਹ ਉਸ ਤਰ੍ਹਾਂ ਨਹੀ ਦੱਸਦੀਆਂ, ਜਿਵੇਂ ਗੁਰਮਤਿ 'ਚ ਦੱਸਿਆ ਹੋਇਆ ਹੈ। ਕੁਲ ਲੁਕਾਈ ਲਈ ਸਾਂਝਾ ਸੰਦੇਸ਼ ਹੋਰਨਾਂ ਮਹਾਂਪੁਰਸ਼ਾਂ ਨੇ ਦਿੱਤਾ ਪਰ ਜਿਸ ਤਰ੍ਹਾਂ ਨਾਨਕ ਪਾਤਸ਼ਾਹ ਨੇ ਜੋ ਕਿਹਾ ਹੈ ਅਤੇ ਉਸੇ ਨੂੰ ਜਿਵੇਂ ਆਪ ਜੀਵਿਆ ਸੀ ਅਤੇ ਬੰਦੇ ਵਲੋਂ ਜੀਵੇ ਜਾਣ ਨੂੰ, ਧਰਮ ਦੀ ਮੁਢਲੀ ਲੋੜ ਮੰਨਿਆ ਹੈ, ਉਹ ਨਾ ਕੇਵਲ ਵੱਖਰੇ ਧਰਮ ਦੀ ਸਥਾਪਨਾ ਹੈ, ਸਗੋਂ ਸਾਰਿਆਂ ਸਮਿਆਂ ਦੀ ਲੋੜ ਬਣ ਗਿਆ ਹੈ। ਕਿਸੇ ਵੀ ਮਹਾਂਪੁਰਸ਼ ਦਾ ਸੰਦੇਸ਼ ਤਾਂ ਹੀ ਠੀਕ ਹੁੰਦਾ ਹੈ ਜੇਕਰ ਉਹ ਧਾਰਮਿਕ-ਕਟੜਤਾ ਲਈ ਨਾ ਵਰਤਿਆ ਹੁੰਦਾ। ਕਿਸੇ ਵੀ ਮਹਾਂਪੁਰਖ ਦੇ ਪੈਰੋਕਾਰ ਜੇ ਉਸ ਸੰਦੇਸ਼ ਨੂੰ, ਅਮਲ 'ਚ ਜਿਊਂ ਸਕਣ ਦੀ ਸਮਰਥਾ ਤੋਂ ਵਿਰਵੇ ਰਹਿ ਜਾਣ ਤਾਂ ਉਹ ਸੰਦੇਸ਼ ਦੀ ਖੁਬਸੂਰਤੀ ਨਾਲੋ ਹੀ ਟੁੱਟ ਜਾਂਦੇ ਹਨ। ਗੁਰੁ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੱਕ ਇਹੋ ਕੁਝ ਵਾਪਰ ਰਿਹਾ ਸੀ। ਇਸ 'ਚੋਂ ਬਾਹਰ ਕੱਢਣ ਲਈ ਗੁਰੁ ਨਾਨਕ ਦੇਵ ਜੀ ਦੇ ਸੰਦੇਸ਼ ਨੇ ਜੋ ਕੁਝ ਕੀਤਾ, ਉਸੇ ਨੂੰ ਸਿੱਖ ਧਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਸ 'ਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ, ਕੋਈ ਵਿਅਕਤੀ ਨਹੀਂ ਸੀ, ਸਗੋਂ ਅਕਾਲ ਪੁਰਖ ਦੀ ਸਿਫਤ ਸਲਾਹ ਵਾਲਾ ਸ਼ਬਦ-ਗੁਰੂ ਹੀ ਸੀ। ਏਸੇ ਕਰਕੇ ਗੁਰੁ ਨਾਨਕ ਦੇਵ ਜੀ ਜਨਮ ਤੋਂ ਗੁਰੂ ਸਨ।ਅਕਾਲ ਪੁਰਖ ਦਾ ਪ੍ਰਗਟਾਵਾ ਉਨ੍ਹਾਂ ਨੇ ਜਪੁਜੀ ਸਾਹਿਬ ਦੇ ਮੂਲ ਮੰਤ੍ਰ ''ੴ ਤੋਂ ਗੁਰ ਪ੍ਰਸਾਦਿ'' ਵਲੋਂ ਕਰ ਦਿੱਤਾ ਸੀ ਅਤੇ ਇਸੇ ਨੂੰ “ਗੁਰੁ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਜੀਉ£'' ਕਿਹਾ ਹੈ।ਇਹੀ ਗੱਲ ਉਸ ਵੇਲੇ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਜਦੋਂ ਉਨ੍ਹਾਂ ਨੇ ਸਿੱਧ ਗੋਸ਼ਟਿ 'ਚ ਸਿਧਾਂ ਜੋਗੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਆਪ ਹੀ ਕਿਹਾ ਹੈ ਕਿ ਉਨ੍ਹਾਂ ਦਾ ਗੁਰੂ, ਸ਼ਬਦ (ਬਾਣੀ) ਹੈ ਅਤੇ ਇਹ ਰਿਸ਼ਤਾ ਉਨ੍ਹਾਂ ਨੇ ਸ਼ਬਦ 'ਚ ਸੁਰਤ ਜੋੜ ਕੇ ਪ੍ਰਾਪਤ ਕੀਤਾ ਹੈ। ਸੋ ਇਸ 'ਚ ਗੁਰੂ-ਸੰਦੇਸ਼ ਉਹੀ ਹੈ, ਜਿਸ ਬਾਰੇ ਅਰਦਾਸ ਕਰਦਿਆਂ, ਹਰ ਸਿੱਖ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ “ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ'' ਦਾ ਧਿਆਨ ਧਰਕੇ ਹੀ ਜਿਊਣਾ ਹੈ। ਲੋਕ ਸਿਮਰਤੀ 'ਚ ਇਹ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਗੁਰੁ ਬਿਨਾਂ ਗਤਿ ਨਹੀਂ। ਬਾਬਾ ਨਾਨਕ ਨੇ ਕਿਸੇ ਦੇਹਧਾਰੀ-ਗੁਰੂ ਦੀ ਥਾਂ ਸ਼ਬਦ-ਗੁਰੂ ਨੂੰ ਗੁਰੂ ਮੰਨਿਆ ਹੈ- ''ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ''£ (943)

ਇਸ ਹਵਾਲੇ ਨਾਲ ਨਿਰਸੰਦੇਹ ਉਹ ਜਨਮ ਤੋਂ ਗੁਰੂ ਹੋ ਗਏ ਸਨ ਪਰ ਇਸ ਗੱਲ ਦਾ ਐਲਾਨ ਉਨ੍ਹਾਂ ਨੇ ਉਨਾਂ ਚਿਰ ਨਹੀਂ ਕੀਤਾ ਸੀ, ਜਿੰਨਾਂ ਚਿਰ ਉਹ ਇਸ ਅਵਸਥਾ ਨੂੰ ਸਿਮਰਨ ਦੀ ਵਿਧੀ ਰਾਹੀਂ ਅਮਲ 'ਚ ਨਹੀਂ ਉਤਾਰ ਸਕੇ ਸਨ।ਉਨ੍ਹਾਂ ਨੇ ਆਪਣੇ ਗੁਰੁ-ਮਿਸ਼ਨ ਦਾ ਐਲਾਨ ਵੀ ਵੱਖਰੇ ਢੰਗ ਨਾਲ ਕੀਤਾ ਸੀ ਅਤੇ ਇਹ 'ਵੇਈਂ ਨਦੀ ਪਰਵੇਸ਼' ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਉਨ੍ਹਾਂ ਨੇ ਕੇਵਲ ਇੰਨਾ ਹੀ ਕਿਹਾ ਕਿ ਧਰਮ, ਜਨਮ ਤੋਂ ਨਹੀਂ ਹੁੰਦਾ- ''ਨ ਕੋ ਹਿੰਦੂ ਨ ਕੋ ਮੁਸਲਮਾਨ''।ਇਸੇ ਨੂੰ ਪੰਥਕ ਸੁਰ 'ਚ ਤੀਸਰ ਪੰਥ ਦੇ ਰੂਪ 'ਚ ਵੀ ਵੇਖਿਆ ਗਿਆ। ਅੱਜ ਦੇ ਸਮੇਂ, ਜਦੋਂ ਸਿੱਖ ਭਾਈਚਾਰਾ ਆਮ ਕਰਕੇ ਪਤਿਤਪੁਣੇ ਦੀ ਸਮੱਸਿਆ 'ਚ ਘਿਰਿਆ ਹੋਇਆ ਹੈ ਤਾਂ ਇਹੀ ਸੰਦੇਸ਼ ਇਕ ਭਵਿਖਮੁਖੀ ਵੰਗਾਰ ਦੀ ਭੁਮਿਕਾ ਨਿਭਾ ਰਿਹਾ ਪ੍ਰਤੀਤ ਹੁੰਦਾ ਹੈ। ਇਹੋ ਕਿਹਾ ਜਾ ਰਿਹਾ ਹੈ ਕਿ ਗੁਰੁ ਜੀ ਦਾ ਸੰਦੇਸ਼ ਸ਼ਬਦ ਰੂਪ 'ਚ ਪ੍ਰਾਪਤ ਹੈ ਅਤੇ ਇਸ ਦਾ ਲਾਹਾ ਸੁਰਤਿ ਨੂੰ ਸ਼ਬਦ ਨਾਲ ਜੋੜਿਆਂ ਪ੍ਰਾਪਤ ਹੋ ਸਕਦਾ ਹੈ। ਪਤਿਤਪੁਣੇ ਦੀ ਵਬਾਅ, ਬਾਣੀ (ਸ਼ਬਦ) ਨਾਲੋਂ ਟੁੱਟਣ ਕਾਰਨ ਹੀ ਫੈਲੀ ਹੈ ਅਤੇ ਇਸ ਤੋਂ ਬਾਣੀ ਨਾਲ ਜੁੜ ਕੇ ਹੀ ਬਚਿਆ ਜਾ ਸਕਦਾ ਹੈ। ਗੁਰੁ ਨਾਨਕ ਪਾਤਸ਼ਾਹ ਜੀ ਦੇ 550ਵੇਂ ਗੁਰਪੁਰਬ 'ਤੇ ਜੇ ਇਹ ਸੰਦੇਸ਼ ਦਿਲਾਂ 'ਚ ਵਸਾਅ ਲਿਆ ਜਾਵੇ ਤਾਂ ਸਿੱਖ, ਸਿੱਖ ਹੋਣ ਦੇ ਫਖਰ ਦਾ ਵਾਰਸ ਕਹਾਉਣ ਦਾ ਅਧਿਕਾਰੀ ਵੀ ਹੋ ਸਕਦਾ ਹੈ ਅਤੇ ਗੁਰੁ ਦੇ ਸੰਦੇਸ਼ ਨੂੰ ਲੋੜਵੰਦਾਂ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਨਿਭਾ ਸਕਦਾ ਹੈ।

ਇਹ ਖੁਸ਼ੀ ਦੀ ਗੱਲ ਹੈ ਕਿ ਨਾਨਕ ਨਾਮਲੇਵਾ ਸਾਰੀ ਦੁਨੀਆਂ 'ਚ ਫੈਲ ਗਏ ਹਨ ਅਤੇ ਇਸ ਨਾਲ ਸਿੱਖੀ ਦਾ ਸੰਦੇਸ਼ ਸਾਰੀ ਦੁਨੀਆ 'ਚ ਕਿਸੇ ਨ ਕਿਸੇ ਢੰਗ ਨਾਲ ਪਹੁੰਚ ਵੀ ਗਿਆ ਹੈ। ਵਿਦੇਸ਼ਾਂ 'ਚ ਵੱਸਦਾ ਹਰ ਸਿੱਖ ਸਿੱਖੀ ਦਾ ਰਾਜਦੂਤ ਹੋ ਗਿਆ ਹੈ। ਇਹ ਜ਼ਰੂਰੀ ਹੋ ਗਿਆ ਹੈ ਕਿ ਹਰ ਸਿੱਖ ਸਿੱਖੀ ਬਾਰੇ ਦੂਜਿਆਂ ਨੂੰ ਦੱਸ ਸਕਣ ਦੀ ਵੀ ਸਮਰਥਾ ਕਰੇ ਅਤੇ ਸਿੱਖੀ ਸਰੂਪ ਨਾਲ ਨਿਭਣ ਲਈ ਲੋੜੀਂਦੀ ਦ੍ਰਿੜ੍ਹਤਾ ਅਤੇ ਫਖਰ ਵੀ ਪੈਦਾ ਕਰੇ।ਇਹ ਗੱਲ ਸਾਨੂੰ ਆਪੋ-ਆਪਣੇ ਘਰਾਂ ਅਤੇ ਬੱਚਿਆਂ ਤੋਂ ਸ਼ੁਰੂ ਕਰ ਲੈਣੀ ਚਾਹੀਦੀ ਹੈ।ਅਮਰੀਕਨ ਸਿੰਘਾਂ ਨੂੰ ਵੇਖ ਕੇ ਮੈਨੂੰ ਵਿਸ਼ਵਾਸ਼ ਹੋ ਗਿਆ ਕਿ ਪੱਛਮੀ ਦੇਸ਼ਾਂ 'ਚ ਸਿੱਖੀ ਸਰੂਪ ਦੀ ਪਾਲਣਾ ਏਨੀ ਔਖੀ ਨਹੀਂ, ਜਿੰਨੀ ਬਹੁਤੇ ਸਿੱਖਾਂ ਨੇ ਸਮਝ ਲਈ ਹੈ। ਦੁਨੀਆਂ ਦਿਨੋ-ਦਿਨ ਛੋਟੀ ਹੁੰਦੀ ਜਾ ਰਹੀ ਹੈ ਅਤੇ ਇਸੇ ਲਈ ਦੁਨੀਆਂ ਨੂੰ ਗਲੋਬਲ ਪਿੰਡ ਕਿਹਾ ਜਾਣ ਲਗ ਪਿਆ ਹੈ। ਇਸ ਪ੍ਰਸੰਗ 'ਚ ਸੌੜੀ ਬਿਰਤੀ ਵਾਲੇ ਧਾਰਮਿਕ ਭਾਈਚਾਰਿਆਂ ਨੂੰ ਸ਼ੱਕ ਨਾਲ ਵੇਖਿਆ ਜਾਣ ਲਗ ਪਿਆ ਹੈ।ਜੇ ਇਸ ਸੌੜੀ ਬਿਰਤੀ ਦੀ, ਕੋਈ ਧਰਮ ਵਕਾਲਤ ਕਰਦਾ ਹੈ, ਤਾਂ ਉਸ ਨੂੰ ਵੀ ਵਰਤਮਾਨ 'ਚ ਇਜ਼ਤ ਨਾਲ ਨਹੀਂ ਵੇਖਿਆ ਜਾਂਦਾ। ਖੁਸ਼ੀ ਦੀ ਗੱਲ ਹੈ ਕਿ ਕਿਸੇ ਸਿੱਖ ਨੂੰ ਆਪਣੇ ਧਰਮ ਨੂੰ ਲੈ ਕੇ ਕਸੂਤੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਪੈਂਦੇ। ਸਿੱਖਾਂ ਦੀ ਸਿੱਖਿਆ ਅਤੇ ਸਿੱਖਾਂ ਦਾ ਇਤਿਹਾਸ, ਗੈਰਸਿੱਖਾਂ ਲਈ ਦਿਲਚਸਪੀ ਦਾ ਵਿਸ਼ਾ ਵੀ ਬਣਦਾ ਜਾ ਰਿਹਾ ਹੈ। ਦੁਨੀਆ ਦੇ ਧਰਮਾਂ ਦੀ ਜੋ ਪਾਰਲੀਮੈਂਟ ਸਪੇਨ ਦੇ ਸ਼ਹਿਰ ਬਰਸੇਲੋਨਾਂ 'ਚ 7-13 ਜੁਲਾਈ 2004 ਨੂੰ ਹੋਈ ਸੀ, ਉਸ 'ਚ ਲਿਆ ਗਿਆ ਮੂਲ ਵਿਸ਼ਾ ਜਪੁਜੀ ਸਾਹਿਬ ਦੀਆਂ ਸੁਣੀਐ ਅਤੇ ਮੰਨੀਐ ਦੀਆਂ ਪੌੜੀਆਂ ਨਾਲ ਬਹੁਤ ਮਿਲਦਾ ਜੁਲਦਾ ਸੀ।ਸਾਡੇ ਸਹਿਯੋਗ ਤੋਂ ਬਿਨਾਂ ਵਾਪਰ ਰਹੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਨਾਨਕ-ਸੰਦੇਸ਼ ਵਾਸਤੇ ਸਪੇਸ ਪੈਦਾ ਹੋ ਰਹੀ ਹੈ। ਇਸ ਦੀ ਅਹਿਮੀਅਤ ਉਸ ਵੇਲੇ ਹੋਰ ਵਧ ਲੱਗਣ ਲੱਗ ਪੈਂਦੀ ਹੈ, ਜਦੋਂ ਬਾਬਾ ਨਾਨਕ ਦੀ 550ਵੀਂ ਸ਼ਤਾਬਦੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਸ਼ਤਾਬਦੀ ਵਰ੍ਹੇ ਨਾਲ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਗੱਲ ਕਰਣ ਦਾ ਜੋ ਮੌਕਾ ਪੈਦਾ ਹੋ ਗਿਆ ਹੈ, ਇਸ ਦਾ ਲਾਹਾ ਲੈਣ ਲਈ ਨਾਨਕ-ਨਾਮਲੇਵਿਆਂ ਦਾ ਫਰਜ਼ ਬਣਦਾ ਹੈ ਕਿ ਉਹ ਦੁਨੀਆ ਨੂੰ ਦੱਸਣ ਕਿ ਸਿੱਖੀ ਨਾਲ ਹਰ ਕੋਈ ਜੁੜ ਸਕਦਾ ਹੈ।ਜਿਹੜੇ ਵਾਰਸ ਮਿਲੇ ਹੋਏ ਮੌਕਿਆਂ ਦਾ ਲਾਹਾ ਨਹੀਂ ਲੈ ਸਕਦੇ, ਉਹ ਸਮੇਂ ਨਾਲ ਪੈਰ ਮਿਲਾਕੇ ਨਹੀਂ ਤੁਰ ਸਕਦੇ। ਸਮੇਂ ਦੇ ਹਾਣ ਦਾ ਹੋਕੇ ਚੱਲਣ ਲਈ, ਸਾਨੂੰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹਿਲਾਂ ਆਪਣੇ ਪਰਿਵਾਰ ਨਾਲ ਸਾਂਝਾ ਕਰਣਾ ਚਾਹੀਦਾ ਹੈ।ਫਿਰ ਸਿੱਖ ਭਾਈਚਾਰੇ ਨਾਲ ਸਾਂਝਾ ਕਰਨਾ ਚਾਹੀਦਾ ਹੈ।ਫਿਰ ਜਿਸ ਸਭਿਆਚਾਰ ਜਾਂ ਸਮਾਜ 'ਚ ਅਸੀਂ ਰਹਿ ਰਹੇ ਹਾਂ, ਉਸ ਨਾਲ ਸਾਂਝਾ ਕਰਨ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਇਸੇ 'ਚ ਅਸੀਂ ਗੁਰੂ-ਮੁਖ ਹੋ ਕੇ ਤੁਰਨ ਦਾ ਫਖਰ ਹਾਸਲ ਕਰ ਸਕਦੇ ਹਾਂ ਅਤੇ ਬਾਬਾ ਨਾਨਕ ਦੀ ਵਿਰਾਸਤ ਦੇ ਵਾਰਸ ਹੋ ਸਕਣ ਦਾ ਬਿਰਦ ਪਾਲਣ ਦੀ ਕੋਸ਼ਿਸ਼ ਕਰ ਰਹੇ ਹੋਵਾਂਗੇ।ਕਿਸੇ ਵੀ ਸੰਦੇਸ਼ ਦੀ ਇਹੀ ਸਦ-ਤਾਜ਼ਗੀ ਹੁੰਦੀ ਹੈ।


ਚਿੱਤਰ ਹਵਾਲਾ- ਗੁਰਪ੍ਰੀਤ ਆਰਟਿਸਟ ਬਠਿੰਡਾ


rajwinder kaur

Edited By rajwinder kaur