ਗੁਰਦੁਆਰਾ ਨਾਨਕ ਝੀਰਾ ਸਾਹਿਬ ਜੀ
8/2/2020 2:17:16 PM
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਹੈਦਰਾਬਾਦ ਦੱਖਣ ਦਾ ਇੱਕ ਜ਼ਿਲ੍ਹਾ ਅਤੇ ਉਸ ਦਾ ਪ੍ਰਧਾਨ ਨਗਰ, ਜੋ ਅਬਿਚਲ ਨਗਰ ਤੋਂ 40 ਕੋਹ ਦੱਖਣ ਵੱਲ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਨਾਨਕ ਝੀਰਾ ਪ੍ਰਸਿੱਧ ਹੈ।
ਗੁਰਦੁਆਰਾ ਕੋਸ਼ ਅਨੁਸਾਰ ਇਹ ਅਸਥਾਨ ਅਬਿਚਲ ਨਗਰ ਹਜ਼ੂਰ ਸਾਹਿਬ ਦੇ ਦੱਖਣ ਵੱਲ 65 ਕਿਲੋਮੀਟਰ ਦੂਰ ਹੈ। ਸ੍ਰੀ ਹਜ਼ੂਰ ਸਾਹਿਬ ਵਿਖੇ ਗੋਬਿੰਦ ਲੀਲਾਵਾਂ ਪੁਸਤਕ ਅਨੁਸਾਰ ਇਹ ਅਸਥਾਨ ਤਖ਼ਤ ਸੱਚਖੰਡ ਸਾਹਿਬ ਤੋਂ ਤਕਰੀਬਨ 180 ਕਿਲੋਮੀਟਰ ਦੂਰੀ ’ਤੇ ਕਰਨਾਟਕ ਸਟੇਟ ਵਿੱਚ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸੰਨ 1512 ਈਸਵੀ ਵਿੱਚ ਆਪਣੀ ਦੂਜੀ ਉਦਾਸੀ ਦੱਖਣ ਦਿਸ਼ਾ ਦੀ ਕਰਦਿਆਂ ਕਈ ਭੁੱਲੀਆਂ ਰੂਹਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਇੰਦੌਰ, ਬੁਰਹਾਨਪੁਰ, ਖੰਡਵਾ, ਸ੍ਰੀ ਹਜ਼ੂਰ ਸਾਹਿਬ ਵਲੋਂ ਦੀ ਹੁੰਦੇ ਹੋਏ ਆਏ, ਫਿਰ ਗੁਰੂ ਜੀ ਨੇ ਬਿਦਰ ਦੀ ਧਰਤੀ ’ਤੇ ਚਰਨ ਪਾਏ।
ਸੁੰਦਰ ਪਹਾੜ ਤੇ ਰਮਨੀਕ ਅਸਥਾਨ ਵੇਖ ਕੇ ਬਾਬਾ ਜੀ ਨੇ ਇੱਥੇ ਆਸਣ ਲਾਇਆ। ਗੁਰੂ ਸਾਹਿਬ ਜੀ ਦੇ ਸਮੇਂ ਬਿਦਰ ਬ੍ਰਾਹਮਣੀ ਸਲਤਨਤ ਦੀ ਰਾਜਧਾਨੀ ਸੀ। ਇਸ ਸ਼ਹਿਰ ਵਿੱਚ ਹੀ ਮਹਿਮੂਦ ਗਜ਼ਨਵੀ ਨੇ 1471-1472 ਵਿੱਚ ਇੱਕ ਬਹੁਤ ਵੱਡਾ ਮਦਰੱਸਾ ਬਣਾਇਆ ਸੀ। ਜੋ ਦੱਖਣ ਵਿੱਚ ਅਰਬੀ ਪਤਨ ਦਾ ਮਸ਼ਹੂਰ ਕੇਂਦਰ ਮੰਨਿਆ ਜਾਂਦਾ ਸੀ। ਉਥੇ ਕੁਝ ਫਕੀਰ ਰਹਿੰਦੇ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦਾ ਬਚਨ ਮੰਨ ਕੇ ਭਾਈ ਮਰਦਾਨਾ ਦੇ ਰਬਾਬ ਵਜਾਈ, ਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਤਾਂ ਸਾਰੇ ਫਕੀਰਾਂ ਅਤੇ ਉਨ੍ਹਾਂ ਦੇ ਮੁਖੀ ਫ਼ਕੀਰ ਪੀਰ ਜਲਾਲ-ਉ-ਦੀਨ ਗੁਰੂ ਸਾਹਿਬਾਨ ਜੀ ਦੀ ਬਾਣੀ ਸੁਣਨ ਲਈ ਆਏ ।
ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਨ੍ਹਾਂ ਦੀ ਬਾਣੀ ਸੁਣ ਕੇ ਕਲੇਜੇ ਠੰਢ ਪੈ ਗਈ। ਸਾਰਿਆਂ ਨੇ ਅਰਜੋਈ ਕੀਤੀ ਬਾਬਾ ਜੀ! ਬੜੀ ਅਪਾਰ ਬਖਸ਼ਿਸ਼ ਕੀਤੀ ਹੈ, ਆਪ ਜੀ ਨੇ ਇਸ ਧਰਤੀ ’ਤੇ ਚਰਨ ਪਾਏ ਹਨ। ਇਹ ਧਰਤੀ ਬੜੀ ਅਭਾਗੀ ਹੈ, ਇਸ ਧਰਤੀ ’ਚ ਪਾਣੀ ਨਹੀਂ, ਜੇ ਪਾਣੀ ਹੈ ਤਾਂ ਖਾਰਾ ਹੈ। ਬਖਸ਼ਿਸ਼ ਕਰੋ ਕੋਈ ਮਿੱਠਾ ਜਲ (ਪਾਣੀ) ਦਾ ਪ੍ਰਵਾਹ ਚਲਾਓ। ਇਤਿਹਾਸ ਦੱਸਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਨਾਂ ਪੀਰ ਫਕੀਰਾਂ ਦੀ ਆਈ ਜਨਤਾ ਦੀ ਬੇਨਤੀ ਨੂੰ ਸੁਣ ਕੇ ‘ਸਤਿ ਕਰਤਾਰ’ ਆਖ ਕੇ ਆਪਣੇ ਸੱਜੇ ਪੈਰ ਦੀ ਖੜਾਂ ਇਸ ਪਹਾੜ ਨੂੰ ਛੁਹਾਈ। ਖੜਾਂ ਛੁਹਾਉਣ ਦੀ ਦੇਰ ਸੀ। ਸਾਫ਼ ਪਾਣੀ ਦਾ ਮਿੱਠਾ ਚਸ਼ਮਾ ਫੁੱਟ ਪਿਆ। ਇਸ ਚਸ਼ਮੇ ਨੂੰ ‘ਅੰਮ੍ਰਿਤ ਕੁੰਡ’ ਆਖਦੇ ਹਨ। ਇਹ ਅੰਮ੍ਰਿਤ ਚਸ਼ਮਾ ਅੱਜ ਸ੍ਰੀ ਗੁਰੂ ਨਾਨਕ ਝੀਰਾ ਭਾਰਤ ਦਾ ਪੰਜਾ ਸਾਹਿਬ ਬਣ ਕੇ ਪ੍ਰਸਿੱਧ ਹੈ।
1948 ਤੋਂ ਪਹਿਲਾਂ ਇਹ ਅਸਥਾਨ ਨਾਨਕ ਝੀਰਾ ਮੁਸਲਮਾਨਾਂ ਦੇ ਪ੍ਰਬੰਧ ਹੇਠ ਸੀ। 20 ਨਵੰਬਰ 1950 ’ਚ ਅਦਾਲਤੀ ਫ਼ੈਸਲਾ ਅਨੁਸਾਰ ਪ੍ਰਬੰਧ ਸਿੱਖਾਂ ਕੋਲ ਆ ਗਿਆ। ਪ੍ਰਮੁੱਖ ਗੁਰਦੁਆਰਾ ਸਾਹਿਬ ਦੀ ਇਮਾਰਤ ‘ਹਰਮਿੰਦਰ ਸਾਹਿਬ’ 1966 ਵਿੱਚ ਬਣਿਆ ਹੈ। ਗੁਰਦੁਆਰੇ ਦਾ ਪ੍ਰਬੰਧ ਇੱਕ ਕਮੇਟੀ ਕਰਦੀ ਹੈ, ਜਿਸ ਵਿੱਚ ਬਿੰਦਰ, ਹੈਦਰਾਬਾਦ ਅਤੇ ਮੁੰਬਈ ਦਾ ਮੈਂਬਰ ਸ਼ਾਮਲ ਹਨ। ਗੁਰਦੁਆਰਾ ਨਾਨਕ ਝੀਰਾ ਵਿਖੇ ਸਵੇਰੇ ਸ਼ਾਮ ਗੁਰਬਾਣੀ ਕੀਰਤਨ ਅਤੇ ਅੰਮ੍ਰਿਤ ਕਥਾ ਦਾ ਪ੍ਰਵਾਹ ਚੱਲਦਾ ਹੈ।