ਗੁਰੁ ਨਾਨਕ : ਦੀ ਪਿਲਗ੍ਰਿਮ

5/25/2019 1:50:15 PM

  
'ਗੁਰੁ ਨਾਨਕ-ਦੀ ਪਿਲਗ੍ਰਿਮ' ਜਸਵੰਤ ਸਿੰਘ ਵਲੋਂ ਤਿਆਰ ਕੀਤੀ ਕਲਾ ਕਿਰਤ ਹੈ ਜਿਸ ਨੂੰ ਖਾਸੀ ਪ੍ਰਸਿੱਧੀ ਮਿਲਦੀ ਆ ਰਹੀ ਹੈ। ਪੇਂਟਿਗ ਦਾ ਸਿਰਲੇਖ ਹੀ ਇਸ ਦਾ ਸੰਦਰਭ ਉਜਾਗਰ ਕਰ ਰਿਹਾ ਹੈ।
ਪ੍ਰਬਲ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਇੱਕੋ ਥਾਂ ਰਹਿ ਕੇ ਸੰਭਵ ਨਹੀਂ। ਗੁਰੂ ਜੀ ਨੇ ਇਹਦੇ ਲਈ ਯਾਤਰਾਵਾਂ ਦਾ ਆਸਰਾ ਲਿਆ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਉਦਾਸੀਆਂ ਚਾਰ ਦਿਸ਼ਾਵੀ ਸਨ।

ਪਹਿਲੀ ਉਦਾਸੀ ਸਮੇਂ ਗਰੁ ਜੀ ਨੇ ਮੋਦੀ ਖਾਨੇ ਦਾ ਕੰਮ ਤਿਆਗ ਕੇ ਏਮਨਾਬਾਦ, ਹਰਿਦੁਆਰ, ਦਿੱਲੀ, ਕਾਸ਼ੀ, ਗਯਾ, ਜਗਨ ਨਾਥ ਪੂਰੀ ਤੱਕ ਗਏ। ਦੂਜੀ ਉਦਾਸੀ ਵਿੱਚ ਦੱਖਣ ਦੀਆਂ ਸੇਤੁਬੰਧ, ਰਮੇਸ਼ਵਰਮ, ਸਿੰਹਲਦੀਪ ਥਾਵਾਂ ਸ਼ਾਮਿਲ ਸਨ। ਤੀਜੀ ਉਦਾਸੀ ਸਰਮੌਰ, ਗੜ੍ਹਵਾਲ, ਹੇਮਕੁੰਟ, ਗੋਰਖਪੁਰ, ਸਿੱਕਿਮ, ਭੁਟਾਨ, ਤਿੱਬਤ ਵੱਲ ਦੀ ਸੀ ਜਿਸ ਵਿੱਚ ਬਲੋਚਿਸਤਾਨ ਤੋਂ ਹੋ ਕੇ ਮੱਕਾ ਪਹੁੰਚੇ। ਰੂਮ, ਬਗਦਾਦ, ਇੰਫਾਲ ਤੋਂ ਹੁੰਦੇ ਹੋਏ ਕਾਬੁਲ, ਕੰਧਾਰ ਤੋਂ ਹੁੰਦੇ ਹੋਏ ਹਸਨ ਅਬਦਾਲ ਗਏ। ਇਸ ਉਪਰੰਤ ਕਰਤਾਰ ਪੁਰ ਆ ਕੇ ਟਿਕਾਅ ਕੀਤਾ। ਇਹ ਸਾਰੀਆਂ ਉਦਾਸੀਆਂ ਲਗਭਗ ਪੱਚੀ ਕੁ ਸਾਲਾਂ ਵਿੱਚ ਪੁਰੀਆਂ ਕੀਤੀਆਂ ਗਈਆਂ। ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਬਾਰੇ ਸਭ ਤੋਂ ਪਹਿਲਾਂ ਜ਼ਿਕਰ ਭਾਈ ਗੁਰਦਾਸ ਨੇ ਆਪਣੀਆਂ ਰਚੀਆਂ ਵਾਰਾਂ ਵਿੱਚ ਕੀਤਾ।

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ
ਚੜ੍ਹਿਆ ਸੋਧਣਿ ਧਰਤਿ ਲੁਕਾਈ। ਵਾਰ ੧, ਪਉੜੀ ੪)


ਇਹਦੇ ਬਾਅਦ ਭਿੰਨ ਭਿੰਨ ਸਾਖੀਆਂ ਲਿਖਣ ਵਾਲਿਆਂ ਨੇ ਗੁਰੂ ਜੀ ਦੀਆਂ ਉਦਾਸੀਆਂ ਬਾਰੇ ਲਿਖਿਆ। ਸਮਾਂ ਬੀਤਣ ਦੇ ਨਾਲ ਜਨਮ ਸਾਖੀਆਂ ਨੂੰ ਚਿੱਤਰਾਂ ਨਾਲ ਸਜਾਇਆ ਗਿਆ। ਇਹਦੇ ਬਾਅਦ ਸੁਤੰਤਰ ਲਘੂ-ਚਿੱਤਰਾਂ ਦਾ ਦੌਰ ਸ਼ੁਰੂ ਹੂੰਦਾ ਹੈ। ਸਿੱਖ ਰਾਜ ਸਮੇਂ ਕੰਧ ਚਿੱਤਰ ਰਾਹੀਂ ਗੁਰੂਆਂ ਦਾ ਬਿਰਤਾਂਤ ਦਾਖ਼ਲ ਹੁੰਦਾ ਹੈ। ਅਜੋਕੇ ਸਮੇਂ ਅਨੇਕ ਚਿੱਤਰਕਾਰਾਂ ਨੇ ਗੁਰੁ ਨਾਨਕ ਦੇਵ ਜੀ ਨੂੰ ਭਿੰਨ-ਭਿੰਨ ਰੂਪਾਂ ਅਤੇ ਸਥਿਤੀਆਂ ਵਿੱਚ ਪੇਂਟ ਕੀਤਾ ਹੈ। ਪ੍ਰਚਲਿਤ ਨਾਮ ਸੋਭਾ ਸਿੰਘ ਦਾ ਹੈ, ਪਰ ਜਸਵੰਤ ਸਿੰਘ ਦਾ ਕੰਮ ਹੱਟਵਾਂ ਹੈ। ਇਸ ਪੇਂਟਰ ਦਾ ਪ੍ਰਮੁੱਖ ਕੰਮ 'ਦੀ ਪਿਲਗ੍ਰਿਮ' ਸਵੀਕਾਰਿਆ ਜਾਂਦਾ ਹੈ।

ਜਸਵੰਤ ਸਿੰਘ ਦੀ ਇਸ ਸ਼ੈਲੀ ਨੂੰ ਚਾਰਲਸ ਫਾਂਬਰੀ 'ਸੁਰਿਅਲਿਸਟਿਕ' ਦਾ ਨਾਮ ਦੇਂਦਾ ਹੈ ਅਤੇ ਇਸ ਪੇਂਟਰ ਨੂੰ ਪਹਿਲਾ ਭਾਰਤੀ 'ਸੁਰਿਆਲਿਸਟਿਕ' ਪੇਂਟਰ ਮੰਨਦਾ ਹੈ। 'ਗੁਰੁ ਨਾਨਕ-ਦੀ ਪਿਲਗ੍ਰਿਮ' ਲੰਮੇ ਰੁੱਖ ਤੇਲ ਚਿੱਤਰ ਦਾ ਅਕਾਰ 600x993 MM ਹੈ। ਇਹ ਕੰਮ ਅੱਜ ਕੱਲ੍ਹ ਚੰਡੀਗੜ੍ਹ ਮਿਊਜ਼ਿਅਮ ਵਿੱਚ ਸੁਰੱਖਿਅਤ ਹੈ। ਪੇਂਟਰ ਨੇ ਗੁਰੂ ਜੀ ਦੇ ਚਿਹਰੇ ਦੀ ਰੂਪ ਰਚਨਾ ਦੀ ਬਜਾਏ ਉਹਨਾਂ ਦੀਆਂ ਲੱਤਾਂ ਨੂੰ ਪ੍ਰਤੀਕ ਵਜੋਂ ਲਿਆ ਹੈ। ਉਹਨਾਂ ਭੂਗੋਲਿਕ ਦੂਰੀ ਇਹਨਾਂ ਰਾਹੀਂ ਪੂਰੀ ਕੀਤੀ ਅਤੇ ਮਿੱਥੀ ਜਗ੍ਹਾ ਪੁਹੰਚ ਕੇ ਆਪਣੇ ਵਿਚਾਰਾਂ ਰਾਹੀਂ ਲੋਕਾਂ ਨੂੰ ਜਾਗ੍ਰਿਤ ਕੀਤਾ।
ਦੋਹਾਂ ਲੱਤਾਂ ਵਿੱਚੋਂ ਇੱਕ ਲੱਤ ਨੂੰ ਵੱਧ ਮਹੱਤਵ ਦਿੱਤਾ ਗਿਆ ਹੈ। ਸੱਜਾ ਪੈਰ ਪੂਰੀ ਦ੍ਰਿੜਤਾ ਨਾਲ ਪੱਥਰੀਲੀ ਜ਼ਮੀਨ ਉੱਪਰ ਟਿਕਿਆ ਹੋਇਆ ਹੈ ਜਦ ਖੱਬਾ ਪੈਰ ਪਿੱਛੇ ਵੱਲ ਨੂੰ ਹੈ ਜਿਹੜਾ ਦਿਖਦਾ–ਦਿਖਦਾ ਖਲਾਅ ਵਿੱਚ ਇਕ-ਮਿਕ ਵਿਲੀਨ ਹੋ ਰਿਹਾ ਹੈ। ਇਹਦਾ ਅਰਥ ਹੈ ਕਿ ਵਿਲੀਨ ਹੋਣ ਵਾਲੀ ਕਿਰਿਆ ਦਿਖ ਤਾਂ ਰਹੀ ਹੈ ਐਪਰ ਲਕੀਰੀ ਨਹੀਂ ਜਾ ਸਕਦੀ। ਹੋ ਰਿਹਾ ਅਨੁਭਵ ਬਿਆਨ ਤੋਂ ਪਰ੍ਹਾਂ ਹੈ। ਗੁਰੂ ਨਾਨਕ ਦੇਵ ਜੀ ਦੇ ਪੈਰੀਂ 'ਪਊਆ' (ਲੱਕੜੀ ਦਾ ਬਣਿਆ) ਹੈ। ਸੱਜੀ ਲੱਤ ਉੱਪਰ ਹੀ ਉਹਨਾਂ ਦੇ ਸਾਰੇ ਸਰੀਰ ਦਾ ਭਾਰ ਹੋਂਣ ਕਰਕੇ ਸ੍ਰੁਡੋਲ ਹੈ ਜਦਕਿ ਖੱਬੀ ਲੱਤ ਅਜਿਹਾ ਪ੍ਰਭਾਵ ਨਹੀਂ ਜਗਾਉਂਦੀ। ਜੇ ਗੁਰੂ ਜੀ ਦਾ ਸਰੂਪ ਪੂਰਾ ਨਹੀਂ ਹੈ ਤਾਂ ਪ੍ਰਿਥਵੀ ਵੀ ਉਸੇ ਅਨੁਪਾਤ ਵਿੱਚ ਕੈਨਵਸ ਉੱਪਰ ਚਿੱਤਰਿਤ ਹੋਈ ਹੈ। ਸਥਿਤੀ ਨੂੰ ਦੇਖ ਕੇ ਭਾਈ ਗੁਰਦਾਸ ਜੀ ਦੀ ਬਾਣੀ-ਤੁਕ ਯਾਦ ਆਉਂਦੀ ਹੈ : 

'ਬਾਬੇ ਤਾਰੇ ਚਾਰਿ ਚਕਿ ਨਉਖੰਡਿ ਪ੍ਰਿਥਮੀ ਸਚਾ ਢੋਆ' (ਵਾਰ-੧, ਪਾਉੜੀ-੨੭ ) 

PunjabKesari

ਦੇਖਣ ਨੂੰ ਲਗਦਾ ਹੈ ਪੇਂਟਰ ਨੇ ਪੈਰ ਦੀ ਡੀਟੇਲ ਨਹੀਂ ਬਣਾਈ, ਤਾਂ ਵੀ ਇਹ ਨਿਰਜਿੰਦ ਨਹੀਂ ਲਗਦਾ। ਕਲਾ ਵਿੱਚ ਨਿੱਕੇ-ਨੰਨੇ ਵੇਰਵੇ ਸੰਬੰਧਤ ਵਸਤੂ ਨੂੰ ਜੀਵਤ ਬਣਾ ਦਿੰਦੇ ਹਨ।ਇਸ ਲੱਤ 'ਤੇ ਜੀਵੰਤ ਸਰੀਰ ਦਾ ਹੀ ਭਾਰ ਨਹੀਂ ਬਲਕਿ ਮਿਸ਼ਨ ਅਤੇ ਵਿਚਾਰ ਦਾ ਭਾਰ ਵੀ ਪਿਆ ਹੋਇਆ ਪ੍ਰਤੀਤ ਹੁੰਦਾ ਹੈ। ਇਸ ਦਾ ਅਹਿਸਾਸ ਸੰਪੂਰਨਤਾ ਵਿੱਚ ਹੁੰਦਾ ਹੈ। ਨੀਝ ਨਾਲ ਦੇਖਣ ਤੋਂ ਬਾਅਦ ਪਤਾ ਚਲਦਾ ਹੈ ਕਿ ਜਿਸਮ ਦੇ ਇਸ ਅੰਗ ਉਪਰ ਰਾਹਾਂ ਵਲੋਂ ਦਿੱਤੇ ਜ਼ਖਮਾਂ ਦੇ ਨਿਸ਼ਾਨ ਹਨ।
ਸਾਖੀਆਂ ਅਨੁਸਾਰ ਗ੍ਰੁਰੂ ਜੀ ਦੂਜੀ ਧਿਰ ਦੇ ਸ਼ਖਸ ਨੂੰ ਮਿਲਦੇ ਹਨ, ਉਸ ਨਾਲ ਵਿਚਾਰ ਚਰਚਾ ਕਰਦੇ ਅਤੇ ਅੰਤ ਤੱਕ ਪਹੁੰਚਦਿਆਂ-ਪਹੁੰਚਦਿਆਂ ਉਹ ਗੁਰੂ ਜੀ ਦੇ ਚਰਨੀ ਪੈ ਜਾਂਦਾ ਹੈ। ਸਾਖੀਕਾਰਾਂ ਨੇ ਗੁਰੂ ਜੀ ਦਾ ਵਡੱਪਣ ਪੇਸ਼ ਕਰਨ ਲਈ ਇਹੋ ਤਰੀਕਾ ਆਪਣਿਆ। ਜਸਵੰਤ ਸਿੰਘ ਸ਼ਬਦਾਂ ਨਾਲ ਨਹੀਂ ਬਲਕਿ ਅਕਾਰਾਂ ਅਤੇ ਰੰਗਾਂ ਰਾਹੀਂ ਬਿਰਤਾਂਤ ਰਚਦਾ ਹੈ। ਗੁਰੂ ਜੀ ਪੈਰਾਂ ਥੱਲੇ ਆ ਰਹੀ ਧਰਤ ਉੱਪਰਲੇ ਵਿਅਕਤੀ, ਪਸ਼ੂ-ਪੰਛੀ, ਫੁੱਲ-ਬੂਟੇ ਸਭ ਨਦਾਰਦ ਹਨ। ਗੂਰੂ ਜੀ ਦੀ ਸਿਰਮੌਰਤਾ ਸਿੱਧ ਕਰਨ ਦਾ ਇਹ ਅੰਦਾਜ਼ ਜਸਵੰਤ ਸਿੰਘ ਦਾ ਹੈ।ਪੰਜਾਬੀ ਦਾ ਇੱਕ ਪ੍ਰਚਲਿਤ ਮੂਹਾਵਰਾ ਹੈ- 'ਪੈਰ ਜ਼ਮੀਂਨ ਤੇ ਨਹੀਂ ਲੱਗਦੇ' ਅਸੀਂ ਇਸ ਦੇ ਅਰਥ ਤੋਂ ਭਲੀਭਾਂਤ ਵਾਕਿਫ ਹਾਂ। ਐਪਰ ਇਸ ਚਿੱਤਰ ਵਿੱਚ ਗੁਰੂ ਜੀ ਦਾ ਪੈਰ ਮਜ਼ਬੂਤੀ ਨਾਲ ਲਗਾ ਹੋਇਆ ਹੈ। ਭਾਵ ਉਹ ਧਰਤੀ ਨਾਲ ਜੁੜੇ ਹੋਏ ਹਨ, ਇਥੋਂ ਦੇ ਚਿੰਤਨ ਪ੍ਰਬੰਧ ਨਾਲ ਜੁੜੇ ਹੋਂਏ ਹਨ।

ਚਿੱਤਰ ਅੰਦਰ ਗਜ਼ਬ ਦੀ ਸਥਿਰਤਾ ਅਜਿਹਾ ਕੋਈ ਮੋਟਿਵ ਨਹੀਂ ਜੋ ਕਿਸੇ ਤਰ੍ਹਾਂ ਦੀ ਹਿਲ-ਜੁਲ ਸੰਕੇਤਦਾ ਹੋਵੇ। ਇਹ ਲੱਛਣ ਗੁਰੂ ਜੀ ਦੀ ਅਡੋਲਤਾ, ਨਿਰਪੇਖ ਹੋ ਕੇ ਵਿਚਰਨ, ਸ਼ਾਂਤ ਚਿੱਤ ਦਾ ਪ੍ਰਗਟਾਵਾ ਹੈ। ਗੁਰੂ ਜੀ ਵਲੋਂ ਪਹਿਨੇ ਚੋਲੇ ਤੋਂ ਹਲਕੀ ਹਿੱਲ-ਜੁਲ ਦਾ ਪਤਾ ਲੱਗਦਾ ਹੈ ਪਰ ਇਹ ਬਾਹਰੀ ਨਹੀਂ, ਇਹ ਤਾਂ ਸਰੀਰਕ ਗਤੀਵਿਧੀ ਕਾਰਣ ਹੈ। 'ਦੀ ਪਿਲਗ੍ਰਿਮ' ਪੇਂਟਿੰਗ ਆਕਾਰ ਪੱਖੋਂ ਵੱਡੀ ਨਹੀਂ ਹੈ, ਪਰ ਇਸ ਦੀ ਵਿਉਂਤਬੰਦੀ ਅਜਿਹੀ ਹੈ ਕਿ ਸਾਰਾ ਕੁਝ ਵੱਡਾ-ਵੱਡਾ ਲੱਗਦਾ ਹੈ। ਕਹਿ ਸਕਦੇ ਹਾਂ ਛੋਟੇ ਆਕਾਰ ਦੇ ਕੈਨਵਸ ਰਾਹੀਂ ਵੱਡੇ ਆਕਾਰ ਦੇ ਹੋਣ ਦਾ ਭਰਮ ਪੈਦਾ ਕੀਤਾ ਜਾ ਸਕਦਾ ਹੈ।ਚਿੱਤਰਿਤ ਦ੍ਰਿਸ਼ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਵੰਡ ਲੇਟਵੇਂ ਰੁਖ ਹੈ। ਅੱਧ ਤੋਂ ਥੋੜੀ ਵੱਧ ਥਾਂ ਪਹਾੜਾਂ, ਵਾਦੀਆਂ, ਖੱਡਾਂ, ਹਰਿਆਵਲ ਨੇ ਮੱਲੀ ਹੋਈ ਹੈ। ਇਸ ਦੇ ਉੱਪਰ, ਦੁਮੇਲ ਤਕ, ਖਲਾਅ ਦਾ ਪਾਸਾਰ ਹੈ। ਇਸੇ ਪਿੱਠ ਭੂਮੀ ਦੇ ਅੱਗੇ ਯਾਤਰੀ ਗੁਰੂ ਨਾਨਕ ਦੇਵ ਜੀ ਦਾ ਅਧੂਰਾ ਬਿੰਬ ਹੈ ਜਿਨ੍ਹਾਂ ਭਗਵੇਂ ਰੰਗ ਦਾ ਚੋਲਾ ਪਹਿਨਿਆ ਹੋਇਆ ਹੈ। ਉਹਨਾਂ ਨਾਲ ਜੁੜਿਆ ਇੱਕ ਹੋਰ ਮੋਟਿਫ ਸਿਮਰਨਾ ਦਾ ਹੈ। ਸਿਮਰਨਾ ਪੂਰੀ ਨਹੀਂ ਬਲਕਿ ਅੱਧੀ ਹੀ ਦਿਸ ਆਉਂਦੀ ਹੈ। ਇਸ ਦਾ ਅਨੁਮਾਨ ਇਹੋ ਹੈ ਕਿ ਪੇਂਟਰ ਆਪਣੇ ਵਿਸ਼ੇ ਤੋਂ ਭਟਕਣਾ ਨਹੀਂ ਚਾਹੁੰਦਾ। ਦੂਜਾ ਵੇਰਵਾ ਇਹ ਹੈ ਕਿ ਗੁਰੂ ਜੀ ਨੇ ਲੋਕ ਭਲਾਈ ਲਈ ਉਦਾਸੀਆਂ ਧਾਰਣ ਕੀਤੀਆਂ  ਪਰ ਕਠਿਨ ਮਾਰਗ ਉੱਪਰ ਚਲਦਿਆਂ ਹੋਇਆਂ ਉਹਨਾਂ ਨੇ ਪਰਮਾਤਮਾ ਨੂੰ ਕਦੇ ਨਹੀਂ ਵਿਸਾਰਿਆ, ਸਦਾ ਉਸ ਨੂੰ ਚਿਤਾਰਦੇ ਰਹੇ।
ਚਿੱਤਰ ਦੀ ਬਣਤਰ ਵਿੱਚ ਰੰਗਾਂ ਦੇ ਇਲਾਵਾ ਪ੍ਰਕਾਸ਼ ਦਾ ਆਪਣਾ ਮਹੱਤਵ ਹੈ। ਇਸੇ ਕਾਰਣ ਸਾਰੀ ਖੇਡ ਵਾਪਰ ਰਹੀ ਹੈ। ਚਿਤੇਰੇ ਨੇ ਸਾਰੇ ਸਪੇਸ ਲਈ ਕਿਸੇ ਤੇਜ਼, ਚੁਭਵੇਂ ਰੰਗ ਦੀ ਵਰਤੋਂ ਨਹੀਂ ਕੀਤੀ। ਹਾਂ ਸਿਮਰਨਾ ਦਾ ਰੰਗ ਸਭ ਤੋਂ ਵੱਖਰਾ ਹੈ। ਇਵੇਂ ਕਹਿ ਸਕਦੇ ਹਾਂ ਜਸਵੰਤ ਸਿੰਘ ਦੀ ਇਹ ਕਿਰਤ ਬੌਧਿਕ ਪੱਧਰ ਦੀ ਅਤੇ ਪ੍ਰਸੰਸਾਯੋਗ ਹੈ ਪਰ ਇਹ ਪੂਜਣਯੋਗ ਨਹੀਂ ਹੈ।

ਚਲਦਾ...

ਜਗਤਾਰਜੀਤ ਸਿੰਘ
  9899091186


jasbir singh

Edited By jasbir singh