ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖ ਜਾਇ ॥

7/14/2020 12:04:49 PM

ਸਤਿਗੁਰੂ ਦੀ ਸਿਫਤ ਵਿੱਚ ਗੁਰਬਾਣੀ ਵਾਕ ਹੈ :-

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥
ਭਾਵ ਮੈਂ ਆਪਣੇ ਗੁਰੂ ਤੋਂ ਸਦਾ ਬਲਿਹਾਰੀ ਜਾਂਦਾ ਹੈਂ ਜਿੰਨੇ ਮਨੁੱਖ ਨੂੰ ਦੇਵਤਾ ਬਣਾ ਦਿੱਤਾ ਤੇ ਇਸ ਕਾਰਜ ਲਈ ਬਹੁਤਾ ਸਮਾ ਨਹੀਂ ਲਗਾਇਆ।
ਸਿੱਖ ਕੌਮ ਦੇ ਅੱਠਵੇ ਗੁਰੂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਐਸੇ ਹੀ ਗੁਰੂ ਸਨ ਜਿੰਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਨੂੰ ਵੇਖਦੇ ਹੋਏ ਵਾਰ ਵਾਰ ਉਨਾਂ ਤੋਂ ਬਲਿਹਾਰ ਜਾਣ ਨੂੰ ਜੀਅ ਕਰਦਾ ਹੈ। 
ਜਿਸ ਢੰਗ ਨਾਲ ਉਨਾਂ ਨੇ ਮਾਨਵਤਾ ਦੇ ਦੁੱਖਾਂ ਨੂੰ ਦੂਰ ਕਰਦਿਆਂ ਆਪਣਾ ਜੀਵਨ ਲਾਇਆ ਉਨ੍ਹਾਂ ਨੂੰ ਦੇਖਦਿਆਂ ਬਾਣੀ ਦੇ ਇਹ ਬਚਨ ਯਾਦ ਆਉਂਦੇ ਹਨ..

ਮੇਰਾ ਬੈਦੁ ਗੁਰੂ ਗੋਵਿੰਦਾ ।।
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ।।
ਅਸਲ ਵਿਚ ਦੁੱਖ ਕੀ ਹੈ, ਸਤਿਗੁਰੂ ਜੀ ਇਸਨੂੰ ਕਿਵੇਂ ਨਵਿਰਤ ਕਰਦੇ ਹਨ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਰੋਗਾਂ ਦੀ ਵੀਚਾਰ ਆਖੀ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ :-

ਦੁਖ ਵੇਛੋੜਾ ਇਕੁ ਦੁਖੁ ਭੂਖ ।।
ਇਕੁ ਦੁਖੁ ਸਕਤਵਾਰ ਜਮਦੂਤ ।।
ਇਕ ਦੁਖੁ ਰੋਗੁ ਲਗੈ ਤਨਿ ਧਾਇ ।।
ਵੈਦ ਨ ਭੋਲੇ ਦਾਰੂ ਲਾਇ ।।

ਸਭ ਤੋਂ ਵੱਡਾ ਦੁੱਖ ਰੱਬ ਦੇ ਵਿਛੋੜੇ ਦਾ ਹੈ, ਵਿਛੋੜੇ ਕਾਰਨ ਜੂਨਾਂ ਦੀ ਭਟਕਣਾ ਬਣ ਗਈ ਅਤੇ ਜੂਨੀਆਂ ਦੀ ਭਟਕਣਾ ਵੱਡਾ ਦੁੱਖ ਬਣ ਗਿਆ, ਮਨੁੱਖ ਭੁੱਖ ਦੀ ਤ੍ਰਿਪਤੀ ਲਈ ਚੰਗੇ ਮੰਦੇ ਕਰਮ ਕਰਨ ਲੱਗ ਪਿਆ 
ਜਿਸ ਕਰਕੇ ਦੁਨੀਆਂ ਦੇ ਦੁੱਖਾਂ ਮਗਰੋਂ ਜਮਦੂਤਾਂ ਦਾ ਦੁੱਖ ਸਹਾਰਨਾ ਔਖਾ ਹੋ ਗਿਆ, ਹੇ ਭੋਲੇ ਵੈਦ ਇਹਨਾ ਦੁੱਖਾਂ ਦੀ ਨਵਿਰਤੀ ਲਈ ਤੇਰੇ ਕੋਲ ਕੋਈ ਦਵਾਈ ਨਹੀਂ ਹੈ ਇਹ ਵਿਛੋੜਾ ਤਾਂ ਸਤਿਗੁਰੂ ਹੀ ਖਤਮ ਕਰਦੇ ਹਨ।
 ਬਾਲਾ ਪ੍ਰੀਤਮ ਐਸੇ ਸਤਿਗੂਰੂ ਸਨ ਜਿੰਨ੍ਹਾਂ ਨੇ ਲੋਕਾਈ ਦੇ ਦੁਖ ਦੂਰ ਕੀਤੇ ਤੇ ਸੱਚ ਦਾ ਮਾਰਗ ਦਿਖਾਇਆ। ਜਿਸਨੂੰ ਦੇਖਦੇ ਹੋਏ ਅੱਠਵੇਂ ਸਤਿਗੁਰੂ ਬਾਰੇ ਇਹ ਬਚਨ ਅਰਦਾਸ ‘ਚ ਨਿਤਪ੍ਰਤਿ ਦੁਹਰਾਏ ਜਾਂਦੇ ਹਨ ।

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖ ਜਾਇ ।।  

ਲੋਕਾਈ ਦੇ ਦੁੱਖ ਦੂਰ ਕਰਨ ਵਾਲੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਪਿਤਾ ਗੁਰੂ ਹਰਿਰਾਏ ਸਾਹਿਬ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ । ਆਪ ਦੇ ਵੱਡੇ ਭਰਾ ਬਾਬਾ ਰਾਮ ਰਾਇ ਜੀ ਸਨ । ਆਪ ਜੀ ਦੀ ਉੱਚੀ ਅਧਿਆਤਮਕ ਅਵਸਥਾ ਕਾਰਨ ਆਪ ਨੂੰ 20 ਅਕਤੂਬਰ 1661 ਈਸਵੀ ਨੂੰ ਗੁਰਤਾਗੱਦੀ ਦੀ ਦਾਤ ਪ੍ਰਾਪਤ ਹੋਈ । ਪੰਜ ਸਾਲ ਦੀ ਛੋਟੀ ਉਮਰ ਵਿਚ ਗੁਰਤਾਗੱਦੀ ਮਿਲ ਜਾਣ ‘ਤੇ ਵਿਰੋਧੀਆਂ ਨੇ ਵਿਰੋਧਤਾ ਕੀਤੀ ਕਿ ਇੰਨੀ ਛੋਟੀ ਉਮਰ ਵਿੱਚ ਕੋਈ ਬੱਚਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਅਗਵਾਈ ਕਿਵੇਂ ਕਰ ਸਕਦਾ ਹੈ । ਵਿਰੋਧੀ ਲੋਕਾਂ ਨੇ ਚਾਲ ਚੱਲੀ, ਇਕ ਕੋਹੜ ਦੇ ਰੋਗੀ ਨੂੰ ਗੁਰੂ ਸਾਹਿਬ ਜੀ ਦੇ ਰਸਤੇ ਵਿਚ ਬਿਠਾ ਦਿੱਤਾ। ਸਤਿਗੁਰੂ ਜੀ ਨੇ ਕਿਰਪਾ ਕਰ ਕੇ ਉਸ ਦਾ ਰੋਗ ਦੂਰ ਕੀਤਾ, ਕੋਹੜੀ ਠੀਕ ਹੋਇਆ ਤੇ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ। ਇਸ ਤਰਾਂ ਛੋਟੀ ਉਮਰੇ ਗੁਰਗੱਦੀ ‘ਤੇ ਬਿਰਾਜਮਾਨ ਹੋਏ ਬਾਲਾ ਪ੍ਰੀਤਮ ਨੇ ਵੱਡੇ ਕਾਰਜ ਕੀਤੇ ਤੇ ਲੋਕਾਈ ਨੂੰ ਸੱਚ ਦਾ ਰਾਹ ਦਿਖਾਇਆ।
ਰੋਪੜ ਦਾ ਰਾਜਾ ਰਾਮ ਗੁਰੂ ਜੀ ਦੇ ਦਰਬਾਰ ਵਿਚ ਆਇਆ ਗੁਰੂ ਸਾਹਿਬ ਨੇ ਮਿਲਣ ਤੋਂ ਨਾਂਹ ਕਰ ਦਿੱਤੀ । ਰਾਜੇ ਨੇ ਪੁੱਛਿਆ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਗੁਰੂ ਨਾਨਕ ਸਾਹਿਬ ਦਾ ਘਰ ਜਿੰਦਗੀ ਦਿੰਦਾ ਹੈ ਤੂੰ ਮੌਤ ਦਿੰਦਾ ਹੈ ਤੂੰ ਆਪਣੇ ਘਰ ਵਿਚ ਨਵ ਜਨਮੀਆਂ ਬੱਚੀਆਂ ਨੂੰ ਮਾਰਦਾ ਹੈ। ਓਸ ਰਾਜੇ ਨੇ ਆਪਣਾ ਗੁਨਾਹ ਕਬੂਲ ਕੀਤਾ ਤੇ ਖਿਮਾ ਮੰਗੀ । ਸਤਿਗੁਰੂ ਜੀ ਨੇ ਕਿਰਪਾ ਕੀਤੀ ਉਸਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ । 
ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਨੂੰ ਜਾਂਦਿਆ ਅੰਬਾਲੇ ਨਜ਼ਦੀਕ ਪੰਜੋਖਰਾ ਸਾਹਿਬ ਦੀ ਧਰਤੀ ਤੇ ਛੱਜੂ ਝੀਵਰ ਨੂੰ ਗਿਆਨ ਬਖਸ਼ਿਸ਼ ਕਰਕੇ ਪੰਡਤ ਲਾਲ ਚੰਦ ਦਾ ਹੰਕਾਰ ਦੂਰ ਕੀਤਾ । ਯਾਦ ਰਹੇ ਭਾਈ ਛੱਜੂ ਜੀ ਨੂੰ ਸਤਿਗੁਰੂ ਜੀ ਵੱਲੋਂ ਉੜੀਸਾ ਦੇ ਇਲਾਕੇ ਵਿਚ ਗੁਰਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਤੇ ਪੰਜ ਪਿਆਰਿਆਂ ‘ਚੋਂ ਭਾਈ ਹਿੰਮਤ ਸਿੰਘ ਜੀ ਭਾਈ ਛੱਜੂ ਜੀ ਦੇ ਪੋਤਰੇ ਸਨ । ਪੰਡਤ ਲਾਲ ਚੰਦ ਨੇ ਲਾਲ ਸਿੰਘ ਬਣਕੇ ਚਮਕੌਰ ਸਾਹਿਬ ਵਿੱਚ ਸ਼ਹੀਦੀ ਪ੍ਰਾਪਤ ਕੀਤੀ ।

ਦਿੱਲੀ ਪਹੁੰਚ ਕੇ ਗੁਰੂ ਸਾਹਿਬ ਨੇ ਰਾਜਾ ਮਿਰਜ਼ਾ ਜੈ ਸਿੰਘ ਦੀ ਰਾਣੀ ਨੂੰ ਉਪਦੇਸ਼ ਦਿੱਤਾ। ਛੋਟੀ ਉਮਰ ਵਿਚ ਗੁਰਤਾਗੱਦੀ ‘ਤੇ ਬੈਠ ਕੇ ਐਸੀ ਨਿੱਡਰਤਾ ਅਤੇ ਦਲੇਰੀ ਦਾ ਸੁਨੇਹਾ ਦਿੱਤਾ ਕਿ ਬਾਦਸ਼ਾਹ ਔਰੰਗਜ਼ੇਬ ਦਰਸ਼ਨਾਂ ਨੂੰ ਤਰਸਦਾ ਰਿਹਾ ਪਰ ਗੁਰੂ ਸਾਹਿਬ ਨੇ “ਨਹਿ ਮਲੇਛ ਕੋ ਦਰਸ਼ਨ ਦੈ ਹੈ” ਆਖ ਕੇ ਇਨਕਾਰ ਕਰ ਦਿੱਤਾ।  
ਜਦੋਂ ਔਰੰਗਜ਼ੇਬ ਨੇ ਆਪਣੇ ਰਾਜ ਮਹਿਲ ਬਾਰੇ ਗੁਰੂ ਸਾਹਿਬ ਦੇ ਵਿਚਾਰ ਪੁੱਛੇ ਤਾਂ ਸਤਿਗੁਰੂ ਜੀ ਨੇ ਰਾਜਾ ਮਿਰਜਾ ਜੈ ਸਿੰਘ ਰਾਹੀ ਸੁਨੇਹਾ ਦਿੱਤਾ ਤੇ ਬਾਣੀ ਦੇ ਬਚਨ ਆਖੇ :-

ਕਿਆ ਖਾਧੈ ਕਿਆ ਪੈਧੈ ਹੋਇ ਜਾ ਮਨਿ ਨਾਹੀ ਸਚਾ ਸੋਇ।।
ਭਾਵ ਪਰਮਾਤਮਾ ਦੀ ਯਾਦ ਤੋਂ ਬਿਨਾਂ ਰਾਜ ਭਾਗ, ਮਹਿਲ ਸਿੰਘਾਸਨ ਸਭ ਵਿਅਰਥ ਹਨ ।
ਇਹਨਾਂ ਹੀ ਦਿਨਾਂ ਵਿਚ ਚੇਚਕ ਦੀ ਬਿਮਾਰੀ ਨੇ ਲੋਕਾਂ ਨੂੰ ਘਰਾਂ ਵਿੱਚੋਂ ਚੁੱਕ ਕੇ ਮੌਤ ਦੇ ਘਰ ਪਹੁੰਚਾ ਦਿੱਤਾ। ਸਾਰੇ ਪਾਸੇ ਮਹਾਮਾਰੀ ਫੈਲ ਗਈ, ਕਈ ਮਾਵਾਂ ਦੀਆਂ ਗੋਦਾਂ ਸੁੱਨੀਆਂ ਹੋ ਗਈਆਂ, ਮੌਤ ਆਪਣੀ ਗੋਦ ਭਰਨ ਲੱਗੀ ਤਾਂ ਸਤਿਗੁਰੂ ਜੀ ਨੇ ਬਿਨਾਂ ਕਿਸੇ ਭੇਦ-ਭਾਵ ਦੇ ਲਾਸ਼ਾਂ ਦਾ ਸਸਕਾਰ ਕਰਵਾਇਆ । ਆਪ ਜੀ ਨੇ ਰੋਗੀਆਂ ਦੇ ਦੁੱਖ ਦੂਰ ਕਰਨ ਲਈ ਦਵਾਈਆਂ ਵੀ ਵੰਡੀਆਂ, ਜਦੋਂ ਬਿਮਾਰੀ ਨੂੰ ਚੰਗੀ ਤਰ੍ਹਾਂ ਠੱਲ੍ਹ ਪਾ ਦਿੱਤੀ ਗਈ ਤਾਂ ਆਪ ਜੀ ਖੁਦ ਇਹਨਾਂ ਰੋਗੀਆਂ ਦੀ ਚਾਦਰ ਬਣ ਗਏ । ਗੁਰੂ ਸਾਹਿਬ ਨੇ ਆਪਣੇ ਸਿਰ ਦੁੱਖ ਲੈ ਕੇ ਉਨ੍ਹਾਂ ਲੋਕਾਂ ਦੇ ਘਰ ਵਸਾ ਦਿੱਤੇ, ਜਿਹਨਾਂ ਨੂੰ ਉਜਾੜਨ ਦਾ ਮੌਤ ਨੇ ਬਿਮਾਰੀ ਨਾਲ ਮਿਲ ਕੇ ਤਹੱਈਆ ਕੀਤਾ ਸੀ।  ਆਖਰ ਨਿੱਕੀ ਉਮਰੇ ਵਡੇਰੇ ਕਾਰਜ ਕਰਨ ਵਾਲੇ ਚੋਜੀ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਜੀ ਨੇ ਅੰਤਿਮ ਸਮਾਂ ਨੇੜੇ ਆਇਆ ਜਾਣ ਕੇ ਸੇਵਕਾਂ ਨੂੰ ਹੁਕਮ ਕੀਤਾ ਕਿ ਗੁਰਿਆਈ ਦੀ ਸਮੱਗਰੀ ਤਿਆਰ ਕਰੋ ਅਤੇ ਇਹ ਬਚਨ ਆਖੇ:- “ਬਾਬਾ ਬਸੇ ਗ੍ਰਾਮ ਬਕਾਲੇ” 
ਭਾਵ ਉਨ੍ਹਾਂ ਨੇ ਆਪਣੇ ਜੋਤੀ ਜੋਤਿ ਸਮਾਉਂਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨੌਵੇਂ ਗੁਰੂ ਥਾਪ ਦਿੱਤਾ ਤੇ ਆਪ ਸੱਚਖੰਡ ਪਿਆਨਾ ਕਰ ਗਏ।   

ਗਿ. ਗੁਰਦੀਪ ਸਿੰਘ, ਕਪੂਰਥਲਾ

 

 


Harnek Seechewal

Content Editor Harnek Seechewal