ਗੁਰਦਵਾਰਾ ਸ੍ਰੀ ਤੰਬੂ ਸਾਹਿਬ

7/12/2019 10:21:48 AM

ਦਰਸ਼ਨ-ਏ-ਗੁਰਧਾਮ-10

ਹਰ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਪੁੱਤ ਜਦੋਂ ਜਵਾਨ ਹੋ ਜਾਵੇ ਤਾਂ ਉਹ ਕੋਈ ਕਾਰੋਬਾਰ ਕਰੇ ਤਾਂ ਜੋ ਅੱਗੇ ਜਾ ਕੇ ਉਸ ਦੇ ਵਿਆਹੁਤਾ ਜੀਵਨ ਵਿਚ ਕਿਸੇ ਵੀ ਕਿਸਮ ਦੀ ਕੋਈ ਤੰਗੀ ਪੇਸ਼ੀ ਨਾ ਹੋਵੇ।

ਗੁਰੂ ਨਾਨਕ ਪਾਤਸ਼ਾਹ ਨਾਲ ਵੀ ਇਸੇ ਤਰ੍ਹਾਂ ਹੋਇਆ ਕਿਉਂਕਿ ਰਾਇ ਬੁਲਾਰ ਜੀ ਅਤੇ ਭੈਣ ਨਾਨਕੀ ਹੀ ਗੁਰੂ ਨਾਨਕ ਸਾਹਿਬ ਨੂੰ ਇਕ ਇਲਾਹੀ ਰੂਪ ਵਜੋਂ ਦੇਖਦੇ ਸਨ ਪਰ ਪਿਤਾ ਕਲਿਆਣ ਦਾਸ ਜੀ ਇਨ੍ਹਾਂ ਗੱਲਾਂ ’ਤੇ ਯਕੀਨ ਨਹੀਂ ਸਨ ਕਰਦੇ। ਉਹ ਖੁਦ ਮਿਹਨਤੀ ਸਨ ਅਤੇ ਉਨ੍ਹਾਂ ਦੀ ਵੀ ਇਹੋ ਇੱਛਾ ਸੀ ਕਿ ਨਾਨਕ ਵੀ ਉਸ ਵਾਂਗ ਕੋਈ ਕੰਮਕਾਰ ਕਰੇ। ਜੇਕਰ ਪੜ੍ਹਨੇ ਪਾਇਆ ਤਾਂ ਉੱਥੇ ਪਾਂਧੇ, ਮੌਲਵੀ ਸਭ ਨੂੰ ਪੜ੍ਹਨੇ ਪਾਉਣ ਵਾਲੇ ਨਾਨਕ ਸਾਹਿਬ ਪਿਤਾ ਦੀਆਂ ਨਜ਼ਰਾਂ ਵਿਚ ਅਜੇ ਤਕ ਨਾਲਾਇਕ ਹੀ ਸਾਬਤ ਹੋਏ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਨੂੰ ਨਾਲਾਇਕ ਸਮਝਦੇ ਹਨ ਇਹ ਤਾਂ ਨਾਲਾਇਕਾਂ ਨੂੰ ਹੁਸ਼ਿਆਰ ਕਰਨ ਆਇਆ ਹੈ, ਦੁਖੀਆਂ ਦੇ ਦੁੱਖ ਦੂਰ ਕਰਨ, ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਉਣ ਆਇਆ ਹੈ।

ਪਿਤਾ ਕਲਿਆਣ ਦਾਸ ਜੀ ਨੇ ਰਾਇ ਬੁਲਾਰ ਜੀ ਨਾਲ ਸਲਾਹ-ਮਸ਼ਵਰਾ ਕਰ ਕੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦਿੱਤੇ ਅਤੇ ਨਾਲ ਹੀ ਕਿਹਾ ਕਿ ਨਾਨਕ ਇਸ ਮਾਇਆ ਨਾਲ ਤੂੰ ਕੋਈ ਸੱਚਾ ਸੌਦਾ ਕਰਨਾ ਹੈ।

ਉਸ ਸਮੇਂ 20 ਰੁਪਏ ਵੀ ਵੱਡੀ ਰਕਮ ਵਜੋਂ ਦੇਖੇ ਜਾਂਦੇ ਸਨ।

ਗੁਰੂ ਸਾਹਿਬ ਨੇ ਆਪਣੇ ਨਾਲ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਅਤੇ ਨਨਕਾਣਾ ਸਾਹਿਬ ਤੋਂ ਕੋਈ 35 ਕੁ ਮੀਲ ਦੂਰ ਚੂੜਕਾਨਾ ਮੰਡੀ ਵਿਖੇ ਸੱਚਾ ਸੌਦਾ ਕਰਨ ਤੁਰ ਪਏ। ਗੁਰੂ ਸਾਹਿਬ ਜਦੋਂ ਸੌਦਾ ਕਰਨ ਜਾ ਰਹੇ ਸਨ ਤਾਂ ਰਸਤੇ ਵਿਚ ਕੁਝ ਭੁੱਖੇ ਸਾਧੂ ਮਿਲ ਗਏ।

ਇਹ ਸਾਧੂ ਰੱਬ ਦੀ ਭਾਲ ਵਿਚ ਕੁਰਾਹੇ ਪੈ ਗਏ ਸਨ ਪਰ ਇਨ੍ਹਾਂ ਦੀ ਖੁਸ਼ਕਿਸਮਤੀ ਕਿ ਇਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਿਲ ਪਏ। ਗੁਰੂ ਜੀ ਨੇ ਇਨ੍ਹਾਂ ਨੂੰ ਆਦਰ ਨਾਲ ਬੁਲਾਇਆ ਤੇ ਪੁੱਛਿਆ ਕਿ ਉਹ ਜੰਗਲ ਵਿਚ ਕਿਵੇਂ ਵਿਚਰ ਰਹੇ ਹਨ। ਉਨ੍ਹਾਂ ਸਾਧੂਆਂ ਨੇ ਦੱਸਿਆ ਕਿ ਉਹ ਪ੍ਰਮਾਤਮਾ ਦੀ ਖੋਜ ਵਿਚ ਵਿਚਰ ਰਹੇ ਹਨ। ਇਸ ਸਬੰਧੀ ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਰੱਬ ਦੀ ਭਾਲ ਵਿਚ ਜੰਗਲ ਵਿਚ ਇਸ ਤਰ੍ਹਾਂ ਫਿਰ ਰਹੇ ਹੋ ਜਿਵੇਂ ਉਹ ਇਸ ਜੰਗਲ ਵਿਚ ਕਿਤੇ ਗੁਆਚਿਆ ਹੋਇਆ ਹੋਵੇ। ਧੂਣੀਆਂ ਤਪਾ ਕੇ, ਪੁੱਠੇ ਲਟਕ ਕੇ, ਜੋਗ ਆਸਣ ਆਦਿ ਔਖੇ ਤੋਂ ਔਖੇ ਢੰਗ ਅਪਣਾ ਕੇ, ਆਪਣੀ ਅਜਿਹੀ ਦੁਰਦਸ਼ਾ ਕਰ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਸਮਝਦੇ ਹੋ ਕਿ ਰੱਬ ਬਹੁਤ ਜ਼ਿੱਦੀ ਹੈ, ਉਸ ਨੂੰ ਇਸ ਤਰ੍ਹਾਂ ਦੇ ਕਸ਼ਟ ਉਠਾ ਕੇ ਹੀ ਮਨਾਇਆ ਜਾ ਸਕਦਾ ਹੈ। ਰੱਬ ਦੇ ਬੰਦਿਓ, ਪ੍ਰਮਾਤਮਾ ਤਾਂ ਬੜਾ ਦਿਆਲੂ ਕਿਰਪਾਲੂ ਹੈ, ਉਹ ਕਦੋਂ ਚਾਹੇਗਾ ਕਿ ਉਸ ਦੇ ਬੱਚੇ ਉਸ ਦਾ ਨਿੱਘ ਮਾਣਨ ਲਈ ਇਸ ਤਰ੍ਹਾਂ ਦੇ ਕਸ਼ਟ ਝੱਲਣ ਤੇ ਉਸ ਨੂੰ ਲੱਭਣ ਲਈ ਥਾਂ-ਥਾਂ ਟੱਕਰਾਂ ਮਾਰਦੇ ਫਿਰਨ। ਤੁਸੀਂ ਬਹੁਤ ਬਿਖੜੇ ਰਾਹੇ ਪੈ ਗਏ ਹੋ ਪਰ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਦੱਸੋ ਕਿ ਇਥੇ ਤੁਹਾਡਾ ਰੋਜ਼ੀ ਭਾਵ ਖਾਣ-ਪੀਣ ਦਾ ਕੀ ਪ੍ਰਬੰਧ ਹੈ? ਤਾਂ ਉਨ੍ਹਾਂ ਨੇ ਦੱਸਿਆ ਕਿ ਰੋਜ਼ੀ ਦਾ ਤਾਂ ਕੋਈ ਪ੍ਰਬੰਧ ਨਹੀਂ, ਜੋ ਮਿਲ ਜਾਏ ਖਾ ਲਈਦਾ ਹੈ। ਇਸ ਵੇਲੇ ਕਈ ਦਿਨਾਂ ਤੋਂ ਭੁੱਖੇ ਹਾਂ। ਗੁਰੂ ਜੀ ਨੂੰ ਇਹ ਸਭ ਚੰਗਾ ਨਾ ਲੱਗਾ ਕਿ ਉਹ ਇਸ ਤਰ੍ਹਾਂ ਭੁੱਖੇ ਰਹਿ ਕੇ ਭਗਤੀ ਕਰਨ। ਗੁਰੂ ਜੀ ਕੋਲ ਜੋ 20 ਰੁਪਏ ਸੱਚਾ ਸੌਦਾ ਕਰਨ ਲਈ ਸਨ, ਉਹ ਉਨ੍ਹਾਂ ਨੇ ਸਾਧੂਆਂ ਅੱਗੇ ਰੱਖ ਦਿੱਤੇ। ਪੈਸੇ (ਮਾਇਆ) ਦੇਖ ਕੇ ਉਨ੍ਹਾਂ ਨੇ ਅੱਖਾਂ ਮੀਟ ਲਈਆਂ ਤੇ ਕਿਹਾ, ਜਿਸ ਨਾਗਣ ਮਾਇਆ ਤੋਂ ਭੱਜ ਕੇ ਘਰ ਘਾਟ ਛੱਡ ਕੇ ਅਸੀਂ ਆਏ ਹਾਂ, ਉਹ ਸਾਡੇ ਅੱਗੇ ਰੱਖ ਦਿੱਤੀ ਹੈ, ਅਸੀਂ ਤਾਂ ਇਸ ਨੂੰ ਹੱਥ ਨਹੀਂ ਲਾ ਸਕਦੇ। ਗੁਰੂ ਜੀ ਮੁਸਕਰਾ ਪਏ। ਉਨ੍ਹਾਂ ਕਿਹਾ ਕਿ ਪਹਿਲਾਂ ਖਾਣੇ ਦਾ ਪ੍ਰਬੰਧ ਕਰ ਲਈਏ, ਹੋਰ ਗੱਲਾਂ ਫਿਰ ਕਰਾਂਗੇ। ਆਮ ਕਹਾਵਤ ਹੈ, ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ।’ ਗੁਰੂ ਜੀ ਨੇ ਆਪਣੇ ਸਾਥੀ ਨੂੰ ਪੈਸੇ ਦੇ ਕੇ ਰਾਸ਼ਨ (ਰਸਦ) ਲਿਆਉਣ ਲਈ ਕਿਹਾ ਤੇ ਰਸਦ ਲਿਆ ਕੇ ਉਨ੍ਹਾਂ ਨੂੰ ਦੇ ਦਿੱਤੀ। ਉਨ੍ਹਾਂ ਨੇ ਰੋਟੀ ਤਿਆਰ ਕੀਤੀ ਤੇ ਸਭ ਨੇ ਖਾਧੀ। ਰੋਟੀ ਖਾ ਕੇ ਸਭ ਪ੍ਰਸੰਨ ਹੋ ਗਏ।

ਜਦੋਂ ਗੁਰੂ ਜੀ ਘਰ ਨੂੰ ਵਾਪਸ ਗਏ ਤਾਂ ਉਨ੍ਹਾਂ ਨੇ ਸਾਰੀ ਵਿਥਿਆ ਪਿਤਾ ਜੀ ਨੂੰ ਦੱਸੀ ਕਿ ਅਸੀਂ ਭੁੱਖੇ ਸਾਧੂ ਲੋਕਾਂ ਨੂੰ ਉਨ੍ਹਾਂ ਪੈਸਿਆਂ ਦਾ ਭੋਜਨ ਛਕਾ ਦਿੱਤਾ ਹੈ ਤਾਂ ਪਿਤਾ ਜੀ ਨਾਰਾਜ਼ ਹੋ ਗਏ, ਉਨ੍ਹਾਂ ਨੇ ਕਾਫੀ ਝਿੜਕਾਂ ਗੁਰੂ ਸਾਹਿਬ ਨੂੰ ਮਾਰੀਆਂ। ਗੁਰੂ ਜੀ ਵੀ ਘਰੋਂ ਬਾਹਰ ਜਾ ਕੇ ਇਕ ਵਣ ਦੇ ਤੰਬੂ ਵਾਂਗ ਬਣੇ ਰੁੱਖ ਹੇਠ ਜਾ ਕੇ ਬਹਿ ਗਏ।

ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਜਨਮ ਅਸਥਾਨ ਵੱਲ ਜਾਂਦਿਆਂ ਜਨਮ ਅਸਥਾਨ ਤੋਂ ਕੋਈ ਇਕ ਕਿਲੋਮੀਟਰ ਪਹਿਲਾਂ ਸੱਜੇ ਹੱਥ ਉਤੇ ਇਹ ਗੁਰਦੁਆਰਾ ਤੰਬੂ ਸਾਹਿਬ ਹੈ। ਇਹ ਦਰੱਖਤ ਅੱਜ ਵੀ ਮੌਜੂਦ ਹੈ ਅਤੇ ਤੰਬੂ ਵਾਂਗ ਤਣਿਆ ਹੋਇਆ ਹੈ।

ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮੋਈ ਬੈਠਾ ਇਹ ਦਰੱਖਤ ਦੇਖ ਕੇ ਉਨ੍ਹਾਂ ਦਿਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਇਸ ਰੁੱਖ ਥੱਲੇ ਬੈਠ ਕੇ ਆਰਾਮ ਫਰਮਾ ਕੇ ਇਸ ਧਰਤੀ ਨੂੰ ਭਾਗ ਲਾਏ।

ਇਸ ਜਗ੍ਹਾ ’ਤੇ ਅੱਜਕਲ ਇਕ ਸੁੰਦਰ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ।

-ਅਵਤਾਰ ਸਿੰਘ ਆਨੰਦ

98551-20287