ਗੁਰਦੁਆਰਾ ਸ੍ਰੀ ਹੱਟ ਸਾਹਿਬ ਪਾਤਸ਼ਾਹੀ ਪਹਿਲੀ
6/7/2019 12:20:26 PM

ਜਨਮ-ਸਾਖੀ ਸਾਹਿਤ ਦੀ ਗੱਲ ਕਰੀਏ ਤਾਂ ਪਤਾ ਚਲਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 'ਪਾਰਬ੍ਰਹਮ ਦਾ ਨਜਿ ਭਗਤ' ਸਮਝਿਆ ਜਾਂਦਾ ਸੀ। ਪਾਂਧੇ ਪਾਸ ਪੜ੍ਹਨ ਵੇਲੇ 'ਵੱਡਾ ਭਗਤ' ਹੋਣ ਦਾ ਪ੍ਰਭਾਵ ਦਿੰਦੇ ਸਨ। ਵਿਲੱਖਣ ਘਟਨਾਵਾਂ ਦੇ ਘਟਣ ਵੇਲੇ ਲੋਕ ਆਪ ਨੂੰ 'ਮਹਾਪੁਰਖ' ਕਹਿੰਦੇ ਸਨ ਜੋ ਬ੍ਰਹਮਜੋਤਿ ਨਾਲ ਭਰਪੂਰ ਅਤੇ ਅੰਤਰਜਾਮੀ ਸਨ, ਜਿਨ੍ਹਾਂ ਦਾ ਮਕਸਦ ਇਕੋ ਸੀ ਕਿ ਦੁਨੀਆ ਵਿਚ ਫੈਲਿਆ ਕੂੜ ਦਾ ਪਸਾਰਾ ਖਤਮ ਕੀਤਾ ਜਾਣਾ ਚਾਹੀਦਾ ਹੈ।
ਸਾਖੀਕਾਰਾਂ ਨੇ ਆਪ ਨੂੰ ਵਿਚਿਤ੍ਰ ਕਰਾਮਾਤੀ ਰੂਪ ਵਿਚ ਵੀ ਚਿਤਰਿਆ ਹੈ। ਆਪ ਦੇ ਸੰਕੇਤ ਤੋਂ ਅਸੰਭਵ ਘਟਨਾਵਾਂ ਵਾਪਰਦੀਆਂ ਹਨ, ਉਜੜਿਆ ਖੇਤ ਹਰਾ ਹੋ ਜਾਂਦਾ ਹੈ, ਦਰਖ਼ਤ ਦੀ ਛਾਇਆ ਸਥਿਰ ਹੋ ਜਾਂਦੀ ਹੈ, ਕੌੜੇ ਰੀਠੇ ਮਿੱਠੇ ਹੋ ਜਾਂਦੇ ਹਨ। ਸਪੱਸ਼ਟ ਹੈ ਕਿ ਗੁਰੂ ਜੀ ਦਾ ਨਾਸ਼ ਅਤੇ ਸਿਰਜਨ ਦੀਆਂ ਸ਼ਕਤੀਆਂ ਉਤੇ ਪੂਰਾ ਅਧਿਕਾਰ ਹੈ।
ਆਪ ਨਾਲ ਸਬੰਧਤ ਕਾਵਿ-ਸਮੱਗਰੀ ਵਿਚ ਵੀ ਆਪ ਦੇ ਵਿਅਕਤੀਤਵ ਦੀ ਝਲਕ ਮਿਲ ਜਾਂਦੀ ਹੈ। ਇਸ ਸਬੰਧ ਵਿਚ ਭਾਈ ਗੁਰਦਾਸ ਦੀਆਂ ਵਾਰਾਂ ਵਿਸ਼ੇਸ਼ ਉਲੇਖ ਯੋਗ ਹਨ। ਪਹਿਲੀ ਵਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਪਰਮਾਤਮਾ ਨੂੰ ਅਭਿੰਨ ਦੱਸਿਆ ਗਿਆ ਹੈ—ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਗੁਰੂ ਪਰਮੇਸਰ ਇਕ ਹੈ ਸੱਚਾ ਸਾਹ ਜਗਤ ਵਣਜਾਰਾ, ਪਾਰਬ੍ਰਹਮ ਪੂਰਨ ਬ੍ਰਹਮ ਕਲਜੁਗ ਅੰਦਰ ਇਕ ਦਿਖਾਇਆ। ਭੱਟਾਂ ਦੇ ਸਵੈਇਆਂ ਵਿਚ ਵੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਅਵਤਾਰੀ ਸ਼ਕਤੀ ਦੇ ਰੂਪ ਵਿਚ ਹੋਈ ਹੈ। ਆਪ ਨੂੰ ਸੱਚਾ ਪਾਤਸ਼ਾਹ ਮੰਨ ਕੇ ਲੋਕਾਂ ਦੇ ਭਵਬੰਧਨ ਕੱਟਣ ਵਾਲਾ ਦੱਸਿਆ ਗਿਆ ਹੈ।
ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿਚ ਜੀਜਾ ਜੈ ਰਾਮ ਨੇ ਨੌਕਰੀ 'ਤੇ ਲਵਾ ਦਿੱਤਾ। ਕਿਉਂਕਿ ਜੀਜਾ ਜੈ ਰਾਮ ਦੀ ਨਵਾਬ ਦੌਲਤ ਖਾਂ ਚੰਗੀ ਮੰਨਦਾ ਸੀ। ਜੀਜਾ ਜੈ ਰਾਮ ਉਨ੍ਹਾਂ ਦਾ ਮੁਨੀਮ ਸੀ। ਗੁਰੂ ਸਾਹਿਬ ਨੂੰ ਮੋਦੀ ਖਾਨੇ 'ਚ ਸੌਦਾ ਦੇਣ ਦਾ ਕੰਮ ਦਿੱਤਾ ਗਿਆ। ਗੁਰੂ ਨਾਨਕ ਦੇਵ ਜੀ ਨੇ ਮਾਘ ਸੁਦੀ ਚਉਦਸ਼ 1540 ਬਿਕਰਮੀ ਨੂੰ ਮੋਦੀਖਾਨੇ ਦਾ ਕੰਮ ਸੰਭਾਲਿਆ।
ਗੁਰੂ ਸਾਹਿਬ ਨੇ ਤਨਦੇਹੀ ਨਾਲ ਕੰਮ ਕਰਨ ਦਾ ਕੰਮ ਸ਼ੁਰੂ ਕੀਤਾ। ਦੱਸਦੇ ਹਨ ਕਿ ਗੁਰੂ ਸਾਹਿਬ ''ਤੇਰਾ ਤੇਰਾ'' ਤੋਲਣ ਲੱਗ ਪਏ। ਲੋਕਾਂ ਨੇ ਸ਼ਿਕਾਇਤ ਦੌਲਤ ਖਾਂ ਦੇ ਕੋਲ ਕਰ ਦਿੱਤੀ। ਮੋਦੀ ਖਾਨਾ ਚੈੱਕ ਕੀਤਾ ਗਿਆ ਤਾਂ ਸਾਰਾ ਸੌਦਾ ਅਤੇ ਹਿਸਾਬ-ਕਿਤਾਬ ਠੀਕ ਨਿਕਲਿਆ। ਇਸ ਤਰ੍ਹਾਂ ਦੋ ਵਾਰ ਹੋਇਆ ਪਰ ਅੰਤ ਗੁਰੂ ਸਾਹਿਬ ਨੇ ਮੋਦੀਖਾਨੇ ਦੀ ਨੌਕਰੀ ਤਿਆਗ ਦਿੱਤੀ। ਜਿੱਥੇ ਗੁਰੂ ਸਾਹਿਬ ਨੇ ਮੋਦੀਖਾਨੇ ਦੀ ਨੌਕਰੀ ਕੀਤੀ, ਉੱਥੇ ਅੱਜਕਲ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਿਨ੍ਹਾਂ ਵੱਟਿਆਂ ਨਾਲ ਗੁਰੂ ਸਾਹਿਬ ਸੌਦਾ ਤੋਲਿਆ ਕਰਦੇ ਸਨ, ਉਹ ਵੱਟੇ ਅੱਜ ਵੀ ਮੌਜੂਦ ਹਨ। ਪੱਥਰ ਦੇ ਛੋਟੇ-ਵੱਡੇ 11 ਵੱਟੇ ਹਨ ਜਿਨ੍ਹਾਂ ਨਾਲ ਗੁਰੂ ਜੀ ਤੋਲਦੇ ਸਨ। ਰਿਆਸਤ ਕਪੂਰਥਲਾ ਵੱਲੋਂ ਇਸ ਗੁਰਦੁਆਰੇ ਨੂੰ 20 ਘੁਮਾਊ ਜ਼ਮੀਨ ਅਤੇ 81 ਨਕਦ ਰੁਪਏ ਲਗਵਾਏ ਗਏ।
ਨਾਲ ਹੀ ਗੁਰਦੁਆਰਾ ਕੋਠੜੀ ਸਾਹਿਬ ਮੌਜੂਦ ਹੈ। ਇਹ ਉਹ ਅਸਥਾਨ ਹੈ, ਜਿਥੇ ਨਵਾਬ ਦੇ ਮੁਨਸ਼ੀਆਂ ਨੇ ਗੁਰੂ ਸਾਹਿਬ ਤੋਂ ਲੇਖਾ ਲਿਆ ਸੀ। ਰਿਆਸਤ ਵਲੋਂ ਤਿੰਨ ਘੁਮਾਊ ਜ਼ਮੀਨ ਇਸ ਗੁਰਦੁਆਰੇ ਨਾਂ ਲਗਵਾਈ ਗਈ।
ਅਵਤਾਰ ਸਿੰਘ ਆਨੰਦ
98551-20287