ਗੁਰਦੁਆਰਾ ਕਰਤਾਰਪੁਰ ਸਾਹਿਬ

6/10/2019 11:53:39 AM

ਦਰਿਆ ਰਾਵੀ ਸਾਡੇ ਸਾਹਮਣੇ ਹਰੇ ਕਚੂਰ ਖੇਤਾਂ 'ਚ ਨਾਗ ਵਾਂਗ ਵਲ਼ ਖਾਂਦਾ ਵਹਿ ਰਿਹਾ ਸੀ। ਅੰਬਰ ਤੇ ਕਾਲੀ ਘਟਾ ਛਾਈ ਹੋਈ ਸੀ, ਕਿਉਂਕਿ ਅਗੇਤੀ ਮਾਨਸੂਨ ਦੇ ਬੱਦਲ ਇਕ ਵਾਰ ਫਿਰ ਵਰੂੰ-ਵਰੂੰ ਕਰ ਰਹੇ ਸਨ। ਥੋੜ੍ਹੀ ਦੇਰ ਪਹਿਲਾਂ ਹੀ ਗੁਰਦੁਆਰੇ ਦੇ ਬਾਹਰ ਲੱਗੇ ਆਰਜ਼ੀ ਕੈਂਪਾਂ 'ਚ ਬੈਠਿਆਂ ਮੈਂ ਮੁਲਕ ਦੇ ਵੱਖੋ-ਵੱਖ ਹਿੱਸਿਆਂ 'ਚ ਆਏ ਹੜ੍ਹ ਦੀਆਂ ਖ਼ਬਰਾਂ ਦੇਖ ਰਿਹਾ ਸੀ। ਆਖ਼ਰ ਕਈ ਸਾਲਾਂ ਦੀਆਂ ਸੱਧਰਾਂ ਪੂਰੀਆਂ ਹੋਈਆਂ ਅਤੇ ਮੈਨੂੰ ਉਸ ਥਾਂ ਦੀ ਜ਼ਿਆਰਤ ਕਰਨ ਦਾ ਮੌਕਾ ਮਿਲਿਆ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਅੰਤਲੇ ਪੜਾਅ 'ਤੇ ਪੁੱਜ ਕੇ ਆਰਾਮ ਫ਼ਰਮਾਇਆ ਸੀ। ਮੇਰੀ ਮੁਰਾਦ ਉਸ ਛੋਟੇ ਜਿਹੇ ਪਿੰਡ ਕਰਤਾਰਪੁਰ ਤੋਂ ਹੈ, ਜੋ ਨਾਰੋਵਾਲ ਤੋਂ ਘੰਟੇ ਕੁ ਦੀ ਵਿੱਥ 'ਤੇ ਹੈ।

''ਪਤੈ, ਮੁਕਾਮੀ ਲੋਕਾਂ 'ਚ ਰਾਵੀ ਅਤੇ ਗੁਰੂ ਨਾਨਕ ਨਾਲ ਵਾਬਸਤਾ ਇਸ ਗੁਰਦੁਆਰੇ ਨੂੰ ਲੈ ਕੇ ਇਕ ਦੰਦ ਕਥਾ ਪ੍ਰਚੱਲਤ ਏ?'' ਅੱਧਖੜ ਉਮਰ ਦੇ ਪਾਕਿਸਤਾਨੀ ਸਿੱਖ ਇੱਦਰਜੀਤ ਸਿੰਘ ਨੇ ਮੈਨੂੰ ਖ਼ਿਆਲਾਂ 'ਚ ਗਵਾਚਿਆ ਦੇਖ ਦਰਿਆ ਵੱਲ ਟਿਕਟਿਕੀ ਲਾਉਂਦਿਆਂ ਹੌਲ਼ੀ ਜਿਹੇ ਕਿਹਾ। ਇੰਦਰਜੀਤ ਇਸ ਗੁਰਦੁਆਰੇ ਦਾ ਇੰਤਜ਼ਾਮ ਦੇਖਣ ਤੋਂ ਇਲਾਵਾ ਲੰਗਰ ਹਾਲ ਅਤੇ ਸਰੋਵਰ ਦੀ ਉਸਾਰੀ ਦੀ ਨਿਗਰਾਨੀ ਲਈ ਹਾਲ ਹੀ 'ਚ ਇੱਥੇ ਆਇਆ ਸੀ। ਕਹਿੰਦੇ ਹਨ ਕਿ ਹਰ ਵੀਹ ਕੁ ਸਾਲ ਬਾਅਦ ਦਰਿਆ 'ਚ ਹੜ੍ਹ ਆਉਂਦੈ 'ਤੇ ਗੁਰਦੁਆਰੇ ਤੱਕ ਪਹੁੰਚ ਜਾਂਦੈ। ਇਸ ਤਰ੍ਹਾਂ ਦਰਿਆ ਇੱਥੇ ਮੱਥਾ ਟੇਕਣ ਆਉਂਦੈ।'' ਜਦੋਂ ਕਿ ਸਚਾਈ ਇਹ ਹੈ ਕਿ ਗੁਰੂ ਜੀ ਦੀ ਮੌਤ ਤੋਂ ਕੁੱਝ ਸਾਲ ਬਾਅਦ ਦਰਿਆ ਨੇ ਗੁਰਦੁਆਰੇ ਦਾ ਖੁਰਾ ਖੋਜ ਮਿਟਾ ਦਿੱਤਾ ਸੀ। ਇਸ ਨੂੰ ਫਿਰ ਦਰਿਆ ਦੇ ਪੱਛਮੀ ਸਾਹਿਲ 'ਤੇ ਦੁਬਾਰਾ ਬਣਾਇਆ ਗਿਆ ਸੀ, ਜਿੱਥੇ ਇਹ ਇਨ੍ਹੀਂ ਦਿਨੀਂ ਮੁਕੀਮ ਹੈ।'' ਕੋਈ ਤਿੰਨ ਦਹਾਕੇ ਦੁਨੀਆ ਦੀ ਸੈਰ ਕਰਨ ਉਪਰੰਤ ਗੁਰੂ ਨਾਨਕ ਇੱਥੇ ਆ ਕੇ ਆਪਣੇ ਟੱਬਰ ਸਮੇਤ ਵੱਸ ਗਏ। ਅਠਾਰਾਂ ਸਾਲ ਉਨ੍ਹਾਂ ਨੇ ਖੇਤੀ ਕੀਤੀ। ਸ਼ਾਮੀਂ ਉਹ ਆਪਣੇ ਸ਼ਰਧਾਲੂਆਂ ਦੀ ਸੰਗਤ ਨੂੰ ਕੀਰਤਨ ਸੁਣਾਉਂਦੇ। ਹਰ ਰੋਜ਼ ਸਵੇਰੇ ਉਹ ਰਾਵੀ 'ਚ ਇਸ਼ਨਾਨ ਕਰਦੇ।

''ਇਸ ਥਾਂ ਤੇ ਸੱਪ ਬਹੁਤ ਨੇ,'' ਇੰਦਰਜੀਤ ਨੇ ਦੱਸਿਆ, ''ਮੇਰੇ ਆਉਣ ਤੋਂ ਦੋ ਕੁ ਦਿਨ ਪਹਿਲਾਂ ਇੱਥੇ ਖੇਤਾਂ 'ਚ ਦੋ ਬੰਦਿਆਂ ਦੇ ਬਰੋਬਰ ਦਾ ਸੱਪ ਫਿਰਦਾ ਦੇਖਿਆ ਲੋਕਾਂ ਨੇ। ਇਹ ਸੱਪ ਨਾ, ਗੁਰੂ ਜੀ ਨੂੰ ਮੱਥਾ ਟੇਕਣ ਆਉਂਦੇ ਨੇ। ਇਸ ਲਈ ਅਸੀਂ ਇਨ੍ਹਾਂ ਨੂੰ ਚੁੱਕ ਕੇ ਗੁਰੂਘਰ ਕੋਲ ਛੱਡ ਦਿੰਦੇ ਹਾਂ। ਬਸ ਉਹ ਦਰਸ਼ਨ ਕਰ ਕੇ ਚਲੇ ਜਾਂਦੇ ਨੇ।'' ਦੇਸ਼-ਵੰਡ ਵੇਲ਼ੇ ਉੱਜੜਿਆ ਇਹ ਗੁਰਦੁਆਰਾ ਸਮੱਗਲਰਾਂ ਦਾ ਅੱਡਾ ਬਣ ਗਿਆ ਸੀ, ਜਿਨ੍ਹਾਂ ਦਾ ਦੋਵਾਂ ਮੁਲਕਾਂ ਦਰਮਿਆਨ ਤੋਰਾ ਫੇਰਾ ਸੀ। ਕੌਮਾਂਤਰੀ ਸਰਹੱਦ ਇੱਥੋਂ ਬਸ ਕੁੱਝ ਕੁ ਕਿਲੋਮੀਟਰ ਦੇ ਫ਼ਾਸਲੇ 'ਤੇ ਹੈ। ਅੱਸੀਵਿਆਂ ਅਤੇ ਨੱਬੇਵਿਆਂ ਦੌਰਾਨ ਜਦੋਂ ਇਸਲਾਮੀ ਤਾਨਾਸ਼ਾਹ ਜ਼ਿਆ ਉਲ ਹੱਕ ਦੀਆਂ ਨੀਤੀਆਂ ਸਦਕਾ ਪਾਕਿਸਤਾਨ ਦੀਆਂ ਗਲੀਆਂ 'ਚ ਹੈਰੋਇਨ ਆਮ ਵਹਿੰਦੀ ਸੀ, ਉਦੋਂ ਤਹਿਜ਼ੀਬ ਦੀ ਨਜ਼ਰ ਤੋਂ ਉਹਲੇ ਇਹ ਗੁਰਦਵਾਰਾ ਨਸ਼ੇੜੀਆਂ ਦੀ ਸ਼ਰਨਗਾਹ ਬਣ ਗਿਆ ਸੀ। ਖ਼ਸਤਾ ਹਾਲਤ ਹੋਣ ਦੇ ਬਾਵਜੂਦ ਗੁਰੂ ਨਾਨਕ ਦੇ ਕੁੱਝ ਮੁਸਲਿਮ ਸ਼ਰਧਾਲੂ ਉਨ੍ਹਾਂ ਦੀ ਕਬਰ 'ਤੇ ਸਜਦਾ ਕਰਨ ਆਉਂਦੇ ਰਹੇ। ਸਾਖੀ ਦੇ ਮੁਤਾਬਕ ਗੁਰੂ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਹਿੰਦੂ ਤੇ ਮੁਸਲਮਾਨ ਸ਼ਰਧਾਲੂਆਂ ਦਰਮਿਆਨ ਝਗੜਾ ਹੋ ਗਿਆ। ਮੁਸਲਮਾਨ ਉਨ੍ਹਾਂ ਦੀ ਦੇਹ ਨੂੰ ਦਫ਼ਨਾਉਣਾ ਚਾਹੁੰਦੇ ਸਨ, ਜਦੋਂ ਕਿ ਗੁਰੂ ਜੀ ਦੇ ਹਿੰਦੂ ਪਰਿਵਾਰ 'ਚ ਪੈਦਾ ਹੋਣ ਕਰਕੇ ਹਿੰਦੂ ਦਾਹ ਸੰਸਕਾਰ ਕਰਕੇ ਉਨ੍ਹਾਂ ਦੀ ਸਮਾਧੀ ਬਣਾਉਣਾ ਚਾਹੁੰਦੇ ਸਨ। ਕਹਿੰਦੇ ਹਨ ਕਿ ਗੁਰੂ ਜੀ ਨੇ ਇੱਕ ਕੌਤਕ ਦਿਖਾਇਆ। ਉਹ ਇਕ ਬਜ਼ੁਰਗ ਦੇ ਰੂਪ 'ਚ ਆਪਣੇ ਭਗਤਾਂ ਨੂੰ ਦਿਖਾਈ ਦਿੱਤੇ ਪਰ ਉਹ ਉਨ੍ਹਾਂ ਨੂੰ ਪਛਾਣ ਨਾ ਸਕੇ। ਉਨ੍ਹਾਂ ਨੇ ਅੰਤਮ ਰਸਮਾਂ ਸਵੇਰ ਤੱਕ ਟਾਲਣ ਦਾ ਸੁਝਾਅ ਦਿੱਤਾ। ਕਹਾਣੀ ਕਹਿੰਦੀ ਹੈ ਕਿ ਸਵੇਰੇ ਗੁਰੂ ਜੀ ਦਾ ਸਰੀਰ ਅਲੋਪ ਗਿਆ ਤੇ ਉਸ ਦੀ ਥਾਂ 'ਤੇ ਫੁੱਲਾਂ ਦਾ ਢੇਰ ਪਿਆ ਦਿਖਾਈ ਦਿੱਤਾ। ਇੰਜ ਅੱਧੇ ਫੁੱਲਾਂ ਨੂੰ ਮੁਸਲਿਮ ਰਹੁਰੀਤ ਅਨੁਸਾਰ ਦਫ਼ਨਾਇਆ ਗਿਆ ਜਦੋਂਕਿ ਅੱਧਿਆਂ ਨੂੰ ਅਗਨੀ ਭੇਂਟ ਕਰਕੇ ਉੱਥੇ ਗੁਰੂ ਜੀ ਦੀ ਸਮਾਧ ਬਣਾ ਦਿੱਤੀ ਗਈ।

ਇਸ ਗੁਰਦੁਆਰਾ 'ਚ ਹੁਣ ਸਮਾਧ ਵੀ ਹੈ ਅਤੇ ਕਬਰ ਵੀ। ਬਾਹਰ ਵਿਹੜੇ 'ਚ ਖੁੱਲ੍ਹੀ ਥਾਂ ਤੇ ਕਬਰ ਬਣੀ ਹੋਈ ਹੈ ਅਤੇ ਸਮਾਧ ਇਮਾਰਤ ਦੇ ਅੰਦਰ ਬਣਾਈ ਗਈ ਹੈ, ਜਿੱਥੇ ਮੁੱਖ ਤੌਰ 'ਤੇ ਸੰਗਤ ਜੁੜਦੀ ਹੈ। ਇੰਦਰਜੀਤ ਨਾਲ ਗੱਲਬਾਤ ਕਰਦਿਆਂ ਮੇਰੀ ਨਜ਼ਰ ਇਕ ਮੁਸਲਮਾਨ ਪਰਿਵਾਰ ਤੇ ਪਈ। ਇਕ ਬਜ਼ੁਰਗ ਮਰਦ ਅਤੇ ਔਰਤ ਕਬਰ ਨੂੰ ਸਜਦਾ ਕਰ ਕੇ ਗੁਰੂ ਜੀ ਦੀ ਅਸੀਸ ਲੈ ਰਹੇ ਸਨ। ਬਹੁਤ ਸਾਰੇ ਹੋਰਨਾਂ ਵਾਂਗੂੰ ਉਨ੍ਹਾਂ ਦੀ ਨਜ਼ਰ 'ਚ ਗੁਰੂ ਨਾਨਕ ਇਕ ਸੂਫ਼ੀ ਦਰਵੇਸ਼ ਸਨ। ਇਕ ਰੂਹਾਨੀ ਪੁਰਖ, ਜੋ ਉਨ੍ਹਾਂ ਲਈ ਪਰਮ ਸੱਤਾ ਨਾਲ ਸੰਪਰਕ ਕਰ ਸਕਦਾ ਸੀ। ਕਰੀਬ ਪੰਜਾਹ ਸਾਲਾਂ ਤੋਂ ਜਦੋਂ ਨਾਨਕ ਦੇ ਸਿੱਖ ਅਤੇ ਹਿੰਦੂ ਪੈਰੋਕਾਰਾਂ ਨੇ ਇਸ ਗੁਰਦੁਆਰਾ ਨੂੰ ਸਮੱਗਲਰਾਂ ਅਤੇ ਨਸ਼ੇੜੀਆਂ ਦਾ ਅੱਡਾ ਸਮਝ ਕੇ ਛੱਡ ਦਿੱਤਾ ਸੀ ਤਾਂ ਵੀ ਕੁੱਝ ਕੁ ਮੁਸਲਿਮ ਪੈਰੋਕਾਰ ਇੱਥੇ ਆ ਕੇ ਕਬਰ ਤੇ ਸਜਦਾ ਕਰਦੇ ਰਹੇ ਅਤੇ ਇਸ ਦੀ ਪਾਕੀਜ਼ਗੀ ਨੂੰ ਬਣਾਈ ਰੱਖਿਆ। ਉਨ੍ਹਾਂ ਲਈ ਇਹ ਗੁਰਦਵਾਰਾ ਅੱਜ ਵੀ ਉੱਨਾ ਹੀ ਮੁਕੱਦਸ ਹੈ। ਹੁਣ ਇਸ ਨੂੰ ਮੁਕੰਮਲ ਗੁਰਦਵਾਰੇ ਦਾ ਰੂਪ ਦੇ ਦਿੱਤਾ ਗਿਆ ਹੈ, ਜਿੱਥੇ ਹਰ ਸਾਲ ਸੈਂਕੜੇ ਹੀ ਸਿੱਖ ਦਰਸ਼ਨ ਕਰਨ ਆਉਂਦੇ ਹਨ।

''ਗੁਰਦੁਆਰੇ ਦਾ ਮੌਜੂਦਾ ਢਾਂਚਾ 2001 'ਚ ਉਸਾਰਿਆ ਗਿਆ ਸੀ,'' ਇੰਦਰਜੀਤ ਨੇ ਦੱਸਿਆ, ''ਇਹ ਵੀ ਉਦੋਂ ਜਦੋਂ ਅਸੀਂ ਮੁਲਕ ਦੀ ਤਕਸੀਮ ਤੋਂ ਬਾਅਦ ਇੱਥੇ ਪਹਿਲੀ ਵਾਰ ਲੰਗਰ ਤਿਆਰ ਕੀਤਾ। ਹੁਣ ਨਾਲ ਵਾਲੇ ਪਿੰਡਾਂ 'ਚੋਂ ਕਿੰਨੇ ਸਰਦੇ ਪੁੱਜਦੇ ਪਰਿਵਾਰ ਸਾਨੂੰ ਲੰਗਰ ਤਿਆਰ ਕਰਨ ਲਈ ਮਾਇਕ ਮਦਦ ਦਿੰਦੇ ਨੇ। ਇਹ ਉਨ੍ਹਾਂ ਦਾ ਇਸ ਪਵਿੱਤਰ ਗੁਰਦੁਆਰੇ ਲਈ ਯੋਗਦਾਨ ਏ। ਲੰਗਰ ਲਈ ਲੱਕੜਾਂ ਸਰਹੱਦੀ ਇਲਾਕੇ ਦੀ ਗਸ਼ਤ ਕਰਨ ਵਾਲੇ ਰੇਂਜਰਾਂ ਵਲੋਂ ਮੁਹੱਈਆ ਕਰਾਈਆਂ ਜਾਂਦੀਆਂ ਨੇ।''

''ਕੀ ਇੱਥੇ ਮੁਸਲਮਾਨ ਸ਼ਰਧਾਲੂ ਲੰਗਰ ਛਕਦੇ ਨੇ?'' ਮੈਂ ਪੁੱਛਿਆ।
ਮੁਲਕ ਦੇ ਬਹੁਤ ਸਾਰੇ ਮੁਸਲਮਾਨ ਸ਼ਰਧਾਲੂ ਸੋਚਦੇ ਹਨ ਕਿ ਕਾਫ਼ਰਾਂ ਨਾਲ ਬਹਿ ਕੇ ਖਾਣ ਪੀਣ ਨਾਲ ਉਨ੍ਹਾਂ ਦਾ ਈਮਾਨ ਖ਼ਰਾਬ ਹੋ ਜਾਵੇਗਾ। ਨਨਕਾਣਾ ਸਾਹਿਬ ਰਹਿਣ ਵਾਲੇ ਸਿੱਖਾਂ ਦੀ ਜ਼ਿੰਦਗੀ ਨੂੰ ਕਵਰ ਕਰਨ ਮੈਂ ਕੁੱਝ ਰੈਸਟੋਰੈਂਟਾਂ ਤੇ ਗਿਆ ਜਿੱਥੇ ਹਿੰਦੂ ਤੇ ਸਿੱਖ ਗਾਹਕਾਂ ਨੂੰ ਭੋਜਨ ਨਹੀਂ ਕਰਾਇਆ ਜਾਂਦਾ ਸੀ ਜਾਂ ਫਿਰ ਉਨ੍ਹਾਂ ਲਈ ਵੱਚਰੇ ਗਿਲਾਸ ਤੇ ਪਲੇਟਾਂ ਰੱਖੇ ਜਾਂਦੇ ਸਨ। ਲਾਹੌਰ ਵਰਗੇ ਛੋਟੇ ਸ਼ਹਿਰਾਂ 'ਚ ਹਾਲਤ ਕੋਈ ਵੱਖਰੀ ਨਹੀਂ। ''ਪਹਿਲਾਂ ਇੰਜ ਨਹੀਂ ਸੀ। ਉਹ ਸਿੱਖਾਂ ਦਾ ਬਣਿਆ ਭੋਜਨ ਨਹੀਂ ਖਾਂਦੇ ਸਨ। ਉਨ੍ਹਾਂ ਦੇ ਮਨ 'ਚ ਕਈ ਤਰ੍ਹਾਂ ਦੇ ਭਰਮ ਸਨ ਕਿ ਪਤਾ ਨਹੀਂ ਅਸੀਂ ਕਿਵੇਂ ਖਾਣਾ ਬਣਾਉਂਦੇ ਹਾਂ। ਸਾਡੇ ਕੋਲ ਆ ਕੇ ਉਹ ਅਜੀਬੋ ਗਰੀਬ ਸਵਾਲ ਪੁੱਛਦੇ। ਪਰ ਸਮੇਂ ਦੇ ਨਾਲ ਨਾਲ ਇਹ ਭਰਮ ਦੂਰ ਹੋ ਗਏ ਅਤੇ ਉਹ ਇੱਥੇ ਲੰਗਰ ਛਕਣ ਲੱਗੇ। ਅੱਜ ਇੱਥੇ ਸਿੱਖ ਘੱਟ ਤੇ ਮੁਸਲਮਾਨ ਜ਼ਿਆਦਾ ਲੰਗਰ ਛਕਦੇ ਨੇ।''

ਨਾਨਕ ਵੀ ਤਾਂ ਇਹੋ ਚਾਹੁੰਦੇ ਸਨ ਕਿ ਬਿਨਾ ਜਾਤ ਪਾਤ ਦੇ ਭੇਦ ਭਾਵ ਤੋਂ ਸਾਰੇ ਇਕੱਠੇ ਬਹਿ ਕੇ ਭੋਜਨ ਛਕਣ। ਜਿੱਥੇ ਵੀ ਇਹ ਆਦਰਸ਼ ਵਰਤਾਰਾ ਅਮਲ ਵਿੱਚ ਆ ਜਾਵੇ ਉਹੋ ਥਾਂ ਰੱਬ ਦਾ ਘਰ ਜਾਂ ਗੁਰਦਵਾਰਾ ਹੋਵੇਗਾ। ਪਾਕਿਸਤਾਨ ਵਿੱਚ ਜਿੱਥੇ ਹੁਣ ਬਹੁਤ ਥੋੜੇ ਗੁਰਦੁਆਰੇ ਕਾਰਜਸ਼ੀਲ ਹਨ, ਕਰਤਾਰਪੁਰ ਹੀ ਅਜਿਹਾ ਗੁਰਦੁਆਰਾ ਹੈ, ਜਿੱਥੇ ਇਹ ਮੁਮਕਿਨ ਹੋ ਰਿਹਾ ਹੈ। ਬਾਕੀ ਸਾਰੇ ਗੁਰਦੁਆਰਿਆਂ 'ਚ ਸੁਰੱਖਿਆ ਪੱਖੋਂ ਮੁਸਲਮਾਨਾਂ ਦਾ ਦਾਖ਼ਲਾ ਮਨ੍ਹਾ ਹੈ। ਚੰਗੀ ਗੱਲ ਇਹ ਹੈ ਕਿ ਇਸ ਥਾਂ ਤੇ ਗੁਰੂ ਨਾਨਕ ਦੇ ਮੁਸਲਮਾਨ ਸ਼ਰਧਾਲੂਆਂ ਦੀ ਜ਼ਿਆਰਤ ਕਾਇਮ ਹੈ ਯਾਨੀ ਗੁਰੂ ਜੀ ਦੀ ਵਿਰਾਸਤ ਸਹੀ ਅਰਥਾਂ ਵਿੱਚ ਲਾਗੂ ਹੈ।


rajwinder kaur

Edited By rajwinder kaur