ਗੁਰਦੁਆਰਾ ‘ਗੁਰੂ ਕੇ ਬਾਗ’ ਦਾ ਇਤਿਹਾਸ ਅਤੇ ਮੋਰਚਾ

8/13/2020 10:40:04 AM

ਗੁਰਦੁਆਰਾ ਗੁਰੂ ਕਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉੱਤਰ ਦਿਸ਼ਾ ਵੱਲ 21 ਕਿਲੋਮੀਟਰ ਦੂਰੀ 'ਤੇ ਪਿੰਡ ਘੁੱਕੇਵਾਲੀ 'ਚ ਸੁਭਾਇਮਾਨ ਹੈ। ਇਹ ਸਥਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ । ਇਸ ਸਥਾਨ ਦਾ ਪੁਰਾਣਾ ਨਾਂ ਗੁਰੂ ਕੀ ਰੌੜ ਸੀ, ਜੋ ਗੁਰੂ ਅਰਜਨ ਦੇਵ ਜੀ ਦੇ ਇਸ ਬੇਅਬਾਦ ਥਾਂ 'ਤੇ ਟਿਕਾਣਾ ਕਰਨ ਕਰਕੇ ਪ੍ਰਚਲਤ ਹੋਇਆ ਸੀ । ਰੌੜ ਦਾ ਅਰਥ ਹੈ 'ਰੜਾ ਮੈਦਾਨ' । ਇਲਾਕੇ ਦੀ ਜ਼ਮੀਨ ਵਿੱਚ ਕੱਲਰ ਹੋਣ ਕਰਕੇ ਇਥੇ ਕੋਈ ਰੁੱਖ ਜਾਂ ਫਸਲ ਨਹੀਂ ਹੁੰਦੀ ਸੀ ਤੇ ਸਹਿੰਸਰੇ ਪਿੰਡ ਦੇ ਆਸ-ਪਾਸ ਦਾ ਇਹ ਇਲਾਕਾ ਰੜਾ ਮੈਦਾਨ ਸੀ । ਸੰਨ 1585 ਈ ਨੂੰ ਪਿੰਡ ਸਹਿੰਸਰੇ ਦੀ ਸੰਗਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਪਣੇ ਪਿੰਡ 'ਚ ਭਰਦੇ ਸਲਾਨਾ ਮੇਲੇ ਵਿਚ ਲੈ ਗਈ ਤਾਂ ਗੁਰੂ ਜੀ ਨੇ ਇਥੇ ਰੌੜ 'ਚ ਟਿਕਾਣਾ ਕੀਤਾ । ਇਥੇ ਹੀ ਮੰਡੀ ਦਾ ਰਾਜਾ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ । 

ਮਹਾਰਾਜ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਤੇ ਉਸ ਦੀ ਚੌਰਾਸੀ ਕੱਟੀ । ਰੜੇ ਥਾਂ 'ਤੇ ਟਿਕਾਣਾ ਕਰਨ ਕਰਕੇ ਇਸ ਸਥਾਨ ਦਾ ਨਾਂ ਗੁਰੂ ਕੀ ਰੌੜ” ਪ੍ਰਚਲਤ ਹੋ ਗਿਆ । ਪਰ “ਜਿਥੇ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ” ਦੇ ਮਹਾਵਾਕਾਂ ਅਨੁਸਾਰ ਜਿਸ ਥਾਂ ਤੇ ਪਾਤਸ਼ਾਹ ਦੇ ਚਰਨ ਪੈ ਜਾਣ ਉਹ ਧਰਤੀ ਰੌੜ ਨਹੀਂ ਰਹਿੰਦੀ ਉਥੇ ਫੁੱਲ, ਬਨਸਪਤੀ, ਬਾਗ ਮਹਿਕਣ ਲਗਦੇ ਹਨ । ਨੌਵੇਂ ਜਾਮੇ ਵਿਚ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਾਅਦ ਪਿੰਡ ਵਲੇ ਗਏ ਤੇ ਫਿਰ ਇਸ ਸਥਾਨ 'ਤੇ  ਟਿਕਾਣਾ ਕੀਤਾ । ਇਥੇ “ਗੁਰੂ ਕੀ ਰੌੜ” ਦੀ ਥਾਂ ਅੰਬਾਂ ਦਾ ਬਾਗ ਲਗਵਾਇਆ । ਉਸ ਦਿਨ ਪਿੱਛੋਂ ਇਸ ਸਥਾਨ ਦਾ ਨਾਂ ਗੁਰੂ ਕਾ ਬਾਗ ਹੋਇਆ। ਗੁਰੂ ਕੀ ਰੋੜ ਕਹਿਣਾ ਬੰਦ ਕਰ ਦਿੱਤਾ ਗਿਆ ਤੇ ਇਕ ਕਥਨ ਇਉਂ ਪ੍ਰਚਲਤ ਹੋਇਆ : “ਜਿਹੜਾ ਆਖੇ ਗੁਰੂ ਕੀ ਰੌੜ, ਉਹਦਾ ਹੋਵੇ ਝੁੱਗਾ ਚੌੜ, ਜਿਹੜਾ ਆਖੇ ਗੁਰੂ ਕਾ ਬਾਗ, ਉਹਨੂੰ ਲੱਗਣ ਦੂਣੇ ਭਾਗ”।  

ਗੁਰੂ ਘਰ ਦੇ ਸੇਵਾਦਾਰ ਭਾਈ ਘੁੱਖਾ ਜੀ ਨੇ ਨੇੜੇ ਪਿੰਡ ਘੁੱਕੇਵਾਲੀ ਬੰਨਿਆ ਤੇ ਗੁਰੂ ਸਾਹਿਬ ਜੀ ਦੀ ਯਾਦ 'ਚ ਇਮਾਰਤ ਤਾਮੀਰ ਕਰਵਾਈ। ਇਸ ਸਥਾਨ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਮਾ ਸਮਾਂ ਟਿਕਾਣਾ ਕਰਕੇ ਇਕ ਬਾਉਲੀ ਖੁਦਵਾਈ ਅਤੇ ਬਾਗ ਵਿਚ ਖੂਹ ਲਗਵਾਇਆ ।

ਜਿਵੇਂ ਪ੍ਰਕਾਸ਼ ਅਤੇ ਹਨੇਰੇ ਦਾ, ਸਤਿ ਅਤੇ ਕੂੜ ਦਾ ਆਪਸ ਵਿਚ ਵਿਰੋਧ ਹੈ, ਉਸੇ ਤਰ੍ਹਾਂ ਗੁਰੂ ਘਰ ਅਤੇ ਉਸ ਸਮੇਂ ਦੇ ਹਾਕਮਾਂ ਦੀ ਆਪਸ ਵਿਚ ਕਦੇ ਨਹੀਂ ਬਣੀ। ਸੱਚੇ ਤਖਤ ਨਾਲ ਝੂਠੇ ਹੁਕਮਰਾਨਾਂ ਦਾ ਮੁੱਢੋਂ ਵੈਰ ਰਿਹਾ। ਪਿੰਡ ਚਮਿਆਰੀ ਦੇ ਮੁਸਲਮਾਨ ਹਾਕਮ ਨੇ ਗੁਰਦੁਆਰਾ ਸਾਹਿਬ ਤੋੜਨ ਦੀ ਵਾਹ ਲਾਈ ਪਰ ਕੁਝ ਨਾ ਵਿਗਾੜ ਸਕੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰੂ-ਯਾਦ ਵਿਚ ਇਸ ਸਥਾਨ ’ਤੇ ਸੁੰਦਰ ਗੁਰਦੁਆਰਾ ਸਾਹਿਬ ਦੀ ਤਮੀਰ ਕੀਤੀ ਤੇ ਗੁਰਦੁਆਰੇ ਦੇ ਨਾਂ ਜਗੀਰ ਲਵਾਈ । ਇਸ ਅਸਥਾਨ 'ਤੇ ਪੱਕੇ ਸਰੋਵਰ ਦੀ ਸੇਵਾ ਸ. ਲਹਿਣਾ ਸਿੰਘ ਮਜੀਠੀਆ ਨੇ ਕਰਵਾਈ । ਗੁਰੂ ਕਾਲ ਤੋਂ ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਉਦਾਸੀ ਮਹਾਪੁਰਖ ਸੰਭਾਲਦੇ ਆ ਰਹੇ ਸਨ । ਸਮੇਂ ਨਾਲ ਉਨ੍ਹਾਂ ਦੇ ਆਚਰਨ 'ਚ ਭਾਰੀ ਵਿਗਾੜ ਪੈਦਾ ਹੋ ਗਿਆ । ਅੰਗਰੇਜ ਸਰਕਾਰ ਦੀ ਸਿਆਸੀ ਸ਼ਹਿ ਹੋਣ ਕਰਕੇ ਕੁਝ ਮਹੰਤ ਮਨਮਾਨੀਆਂ ਕਰਨ ਲੱਗੇ । ਗੁਰੂ ਕੇ ਬਾਗ ਵਿਖੇ ਮਹੰਤ ਜਨ ਪਿਤਾ ਪੁਰਖੀ ਪ੍ਰਬੰਧ ਸੰਭਾਲਦੇ ਆ ਰਹੇ ਸਨ । 

ਵੀਹਵੀਂ ਸਦੀ ਦੇ ਮੁਢਲੇ ਸਾਲਾਂ 'ਚ ਮਹੰਤ ਸੁੰਦਰ ਦਾਸ ਮਾੜੇ ਕਿਰਦਾਰ ਵਾਲਾ ਬੰਦਾ ਗੁਰਦੁਆਰਾ ਸਾਹਿਬ 'ਤੇ ਕਾਬਜ਼ ਸੀ । ਅਕਾਲੀ ਲਹਿਰ ਦੌਰਾਨ ਜਦੋਂ ਹੋਰਨਾਂ ਅਨੇਕਾਂ ਗੁਰਦੁਆਰਿਆਂ ਦੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈ ਲਏ ਤਾਂ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ 'ਚ ਇਕ ਜਥਾ ਮਹੰਤ ਕੋਲੋਂ ਪ੍ਰਬੰਧ ਲੈਣ ਲਈ ਪਹੁੰਚਿਆ। 31 ਜਨਵਰੀ 1921 ਨੂੰ ਮਹੰਤ ਸੁੰਦਰ ਦਾਸ ਗੁਰਦੁਆਰਾ ਮੁਕਾਮੀ ਕਮੇਟੀ ਦੇ ਹਵਾਲੇ ਕਰਕੇ 120 ਰੁਪਏ ਪੈਨਸ਼ਨ ਲੈਣ ਲਈ ਮੰਨ ਗਿਆ ਪਰ ਅੰਦਰੋਂ ਸਿੱਖਾਂ ਨਾਲ ਵੈਰ ਭਾਵ ਰੱਖਣ ਲੱਗਾ।  

ਗੁਰੂ ਘਰ ਦਾ ਪ੍ਰਬੰਧ ਦੇਣ ਦੇ ਬਾਵਜੂਦ ਵੀ ਸੁੰਦਰ ਦਾਸ ਗੁਰਦੁਆਰੇ ਦੀ ਜ਼ਮੀਨ ਅਤੇ ਬਾਗ 'ਤੇ ਕਾਬਜ ਰਿਹਾ। ਗੁਰਦੁਆਰਾ ਸਾਹਿਬ  ਵਿਖੇ ਪੱਕਦੇ ਲੰਗਰ ਲਈ ਨਿੱਤ ਕਿਰਿਆ ਅਨੁਸਾਰ ਕੁਝ ਸਿੰਘ ਬਾਗ ਵਿਚ ਲੱਕੜਾਂ ਲੈਣ ਗਏ ਤਾਂ ਮਹੰਤ ਦੇ ਕਹਿਣ 'ਤੇ ਅੰਗਰੇਜ ਪੁਲਸ ਨੇ ਉਨ੍ਹਾਂ ਨੂੰ 9 ਅਗਸਤ 1922 ਨੂੰ ਗ੍ਰਿਫਤਾਰ ਕਰ ਲਿਆ ਤੇ ਛੇ-ਛੇ ਮਹੀਨੇ ਦੀ ਸਜ਼ਾ ਸੁਣਾ ਦਿੱਤੀ। ਸਿੱਖਾਂ ਨੇ ਲੰਗਰ ਲਈ ਲੱਕੜਾਂ ਲਿਜਾਣੀਆਂ ਜਾਰੀ ਰੱਖੀਆਂ ਅਤੇ ਗ੍ਰਿਫ਼ਤਾਰੀਆਂ ਲਈ ਆਪਣੇ ਆਪ ਨੂੰ ਪੇਸ਼ ਕਰਨ ਲੱਗੇ। ਪਹਿਲਾਂ ਕੁਝ ਦਿਨ ਪੰਜ ਸਿੰਘ ਰੋਜ਼ਾਨਾ ਜਾਂਦੇ ਅਤੇ ਗ੍ਰਿਫ਼ਤਾਰੀਆਂ ਦਿੰਦੇ ਪਰ ਪਿੱਛੋਂ ਇਨ੍ਹਾਂ ਦੀ ਗਿਣਤੀ ਵਧਦੀ ਗਈ। ਮੋਰਚਾ ਸ਼ੁਰੂ ਹੋ ਗਿਆ ਤੇ ਹਰ ਰੋਜ 100 ਸਿੰਘਾਂ ਦਾ ਜਥਾ ਗ੍ਰਿਫ਼ਤਾਰੀ ਲਈ ਪਹੁੰਚਣ ਲੱਗਾ। ਇਨ੍ਹਾਂ ਦੀ ਗਿਣਤੀ 25 ਅਗਸਤ ਤੱਕ 210 ਹੋ ਗਈ ।

ਮੋਰਚੇ ਵਿਚ ਸਿੱਖਾਂ ਦਾ ਵਧਦਾ ਉਤਸ਼ਾਹ ਵੇਖ ਕੇ ਸਰਕਾਰ ਨੇ ਇਸ ਨੂੰ ਸਿਆਸੀ ਲਹਿਰ ਐਲਾਨ ਕੇ ਬੇਹੱਦ ਸਖ਼ਤੀ ਕਰ ਦਿੱਤੀ। ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਸਿੱਖ ਤਖਤ ਸਾਹਿਬ 'ਤੇ ਅਰਦਾਸ ਕਰਦੇ ਤੇ ਸ਼ਾਂਤਮਈ ਰਹਿ ਕੇ ਗੁਰੂ ਕੇ ਬਾਗ ਪਹੁੰਚਦੇ। ਮੌਕੇ ਦਾ ਅਫ਼ਸਰ ਐੱਸ. ਜੀ. ਐੱਸ. ਬੀਟੀ.  ਮੋਰਚੇ 'ਚ ਸ਼ਾਮਲ ਹੋਣ ਵਾਲੇ ਸਿੱਖਾਂ 'ਤੇ ਅੰਨਾ ਤਸ਼ੱਦਦ ਢਾਹੁੰਦਾ। ਅਕਾਲੀ ਸਿੱਖਾਂ ਨੂੰ ਡਾਂਗਾਂ ਨਾਲ ਉਦੋਂ ਤੱਕ ਕੁਟਿਆ ਜਾਂਦਾ ਜਦੋਂ ਤੱਕ ਉਹ ਬੇਹੋਸ਼ ਹੋ ਕੇ ਡਿੱਗ ਨਾ ਪੈਂਦੇ। ਫੇਰ ਉਨ੍ਹਾਂ ਨੂੰ ਕੇਸਾਂ ਤੋਂ ਧੂਹ ਕੇ ਨੇੜਲੇ ਛੱਪੜ 'ਚ ਸੁੱਟ ਦਿੱਤਾ ਜਾਂਦਾ ।

ਇਸ ਤਸ਼ੱਦਦ ਬਾਰੇ ਦੇਸੀ ਅਤੇ ਵਿਦੇਸੀ ਮੀਡੀਏ ਨੇ ਖਬਰਾਂ ਵੀ ਛਾਪੀਆਂ । ਇਕ ਅਮਰੀਕੀ ਏ. ਐਲ ਵਰਗੀਜ ਨੇ ਇਸ ਘਟਨਾਂ ਦੀ ਵੀਡੀਉ ਵੀ ਬਣਾਈ । ਇਸਾਈ ਮਿਸ਼ਨਰੀ ਸੀ.ਐੱਫ ਐਨਡਰਿਊ ਨੇ ਇਹ ਤਸ਼ੱਦਦ ਹੁੰਦਾ ਤੱਕਿਆ ਤਾਂ ਗਵਰਨਰ ਨੂੰ ਲਿਖ ਭੇਜਿਆ ਕਿ ਇਥੇ ਹਰ ਰੋਜ ਸੈਂਕੜੇ ਮਸੀਹੇ ਸੂਲੀ 'ਤੇ ਚੜ੍ਹਾਏ ਜਾ ਰਹੇ ਨੇ” । ਐਨਡਰਿਊ ਦੇ ਕਹਿਣ 'ਤੇ ਗਵਰਨਰ ਐਡਵਰਡ ਮੈਕਲਾਗਨ  ਗੁਰੂ ਕੇ ਬਾਗ ਪਹੁੰਚਿਆ ਤੇ ਇਹ ਜ਼ੁਲਮ ਬੰਦ ਕਰਨ ਦਾ ਹੁਕਮ ਦਿੱਤਾ ਪਰ ਗ੍ਰਿਫਤਾਰੀਆਂ ਜਾਰੀ ਰਹੀਆਂ। 17 ਨਵੰਬਰ 1922 ਤੱਕ 5605 ਅਕਾਲੀ ਸਿੰਘ ਗ੍ਰਿਫ਼ਤਾਰ ਕਰਕੇ ਜੇਲ੍ਹਾਂ 'ਚ ਸੁੱਟੇ ਗਏ । ਗ੍ਰਿਫਤਾਰੀਆਂ ਲਈ ਤਿਆਰ ਸਿੱਖਾਂ ਦਾ ਲੰਮਾ ਕਾਫਲਾ ਵੇਖ ਕੇ ਅੰਗਰੇਜ ਸਰਕਾਰ ਨੇ ਸਮਝੌਤੇ ਦਾ ਰਾਹ ਲੱਭਿਆ । ਰਿਟਾਇਰਡ ਇੰਜੀਨੀਅਰ ਸਰ ਗੰਗਾ ਰਾਮ ਲਾਹੌਰ ਨੇ ਮਹੰਤ ਕੋਲੋਂ ਜ਼ਮੀਨ ਠੇਕੇ 'ਤੇ ਲੈ ਲਈ ਅਤੇ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਕਿ ਉਸ ਨੂੰ ਸਿੱਖਾਂ ਵੱਲੋਂ ਗੁਰੂ ਕੇ ਲੰਗਰ ਲਈ ਬਾਗ ਵਿਚੋਂ ਲੱਕੜਾਂ ਲਿਜਾਣ 'ਤੇ ਕੋਈ ਇਤਰਾਜ਼ ਨਹੀਂ । ਇਉਂ 18 ਨਵੰਬਰ 1922 ਨੂੰ ਮੋਰਚਾ ਫਤਿਹ ਹੋ ਗਿਆ। ਗੁਰਦੁਆਰਾ ਗੁਰੂ ਬਾਗ ਵਿਖੇ ਅੱਜ ਵੀ 35 ਕਨਾਲ ਜ਼ਮੀਨ ਵਿੱਚ ਇਤਿਹਾਸਕ ਬਾਗ ਮੌਜੂਦ ਹੈ ।              

ਸਰਬਜੀਤ ਸਿੰਘ 'ਢੋਟੀਆਂ'
(ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ) ਕਮੇਟੀ 
ਮੋ: 8872002809


rajwinder kaur

Content Editor rajwinder kaur