ਭਰਤਪੁਰ ਦਾ ਗੰਗਾ ਮਹਾਰਾਣੀ ਮੰਦਰ

12/20/2017 7:15:36 AM

ਭਰਤਪੁਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸਥਾਪਨਾ ਜਾਟ ਸ਼ਾਸਕ ਰਾਜਾ ਸੂਰਜਮੱਲ ਨੇ ਕੀਤੀ ਸੀ ਅਤੇ ਇਹ ਆਪਣੇ ਸਮੇਂ 'ਚ ਜਾਟਾਂ ਦਾ ਗੜ੍ਹ ਹੁੰਦਾ ਸੀ। ਇਥੋਂ ਦੇ ਮੰਦਰ, ਮਹੱਲ ਅਤੇ ਕਿਲੇ ਜਾਟਾਂ ਦੀ ਕਲਾ-ਕੁਸ਼ਲਤਾ ਦੀ ਗਵਾਹੀ ਭਰਦੇ ਹਨ। ਨੈਸ਼ਨਲ ਬਰਡ ਸੈਂਕਚੁਅਰੀ ਤੋਂ ਇਲਾਵਾ ਵੀ ਦੇਖਣ ਲਈ ਇਥੇ ਕਈ ਥਾਵਾਂ ਹਨ। ਇਸ ਦਾ ਨਾਮਕਰਨ ਰਾਮ ਜੀ ਦੇ ਭਰਾ ਭਰਤ ਦੇ ਨਾਂ 'ਤੇ ਕੀਤਾ ਗਿਆ ਹੈ। ਲਕਸ਼ਮਣ ਇਸ ਰਾਜ ਪਰਿਵਾਰ ਦੇ ਕੁਲ ਦੇਵਤਾ ਮੰਨੇ ਜਾਂਦੇ ਹਨ। ਇਸ ਤੋਂ ਪਹਿਲਾਂ ਇਹ ਜਗ੍ਹਾ ਸੋਗਡੀਆ ਜਾਟ ਸਰਦਾਰ ਰੁਸਤਮ ਦੇ ਅਧਿਕਾਰ 'ਚ ਸੀ, ਜਿਸ ਨੂੰ ਮਹਾਰਾਜਾ ਸੂਰਜਮੱਲ ਨੇ ਜਿੱਤਿਆ ਅਤੇ 1733 'ਚ ਭਰਤਪੁਰ ਨਗਰ ਦੀ ਨੀਂਹ ਰੱਖੀ।
ਗੰਗਾ ਮਹਾਰਾਣੀ ਮੰਦਰ : ਇਹ ਮੰਦਰ ਸ਼ਹਿਰ ਦਾ ਸਭ ਤੋਂ ਸੁੰਦਰ ਮੰਦਰ ਹੈ। ਵਾਸਤੂਕਲਾ ਦੀ ਰਾਜਪੂਤ, ਮੁਗਲ ਅਤੇ ਦੱਖਣ ਭਾਰਤੀ ਸ਼ੈਲੀ ਦਾ ਖੂਬਸੂਰਤ ਮਿਸ਼ਰਣ ਗੰਗਾ ਮਹਾਰਾਣੀ ਮੰਦਰ ਦਾ ਨਿਰਮਾਣ ਭਰਤਪੁਰ ਦੇ ਸ਼ਾਸਕ ਮਹਾਰਾਜਾ ਬਲਵੰਤ ਸਿੰਘ ਨੇ ਕਰਵਾਇਆ ਸੀ। ਮੰਦਰ ਦੀਆਂ ਦੀਵਾਰਾਂ ਅਤੇ ਖੰਭਿਆਂ 'ਤੇ ਕੀਤੀ ਗਈ ਬਾਰੀਕ ਤੇ ਸੁੰਦਰ ਨੱਕਾਸ਼ੀ ਦੇਖਣਯੋਗ ਹੈ। ਮੰਦਰ ਨੂੰ ਪੂਰਾ ਹੋਣ 'ਚ 11 ਸਾਲ ਦਾ ਸਮਾਂ ਲੱਗਾ। ਇਥੇ ਪੂਰੇ ਦੇਸ਼ ਅਤੇ ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ।
ਦੇਵੀ ਗੰਗਾ ਦੀ ਮੂਰਤੀ ਤੋਂ ਇਲਾਵਾ ਭਰਤਪੁਰ ਦੇ ਇਸ ਮੰਦਰ 'ਚ ਮਗਰਮੱਛ ਦੀ ਇਕ ਵੱਡੀ ਮੂਰਤੀ ਹੈ, ਜਿਸ ਨੂੰ ਦੇਵੀ ਗੰਗਾ ਦਾ ਵਾਹਨ ਵੀ ਮੰਨਿਆ ਜਾਂਦਾ ਹੈ। ਹਰ ਸਾਲ ਭਗਤ ਹਰਿਦੁਆਰ ਤੋਂ ਗੰਗਾਜਲ ਲਿਆ ਕੇ ਦੇਵੀ ਦੇ ਚਰਨਾਂ ਕੋਲ ਰੱਖੇ ਵੱਡੇ ਬਰਤਨ 'ਚ ਪਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਜਦੋਂ ਦੇਵੀ ਗੰਗਾ ਆਪਣਾ ਦਿਵਯ ਆਸ਼ੀਰਵਾਦ ਇਸ ਜਲ'ਚ ਪਾਉਂਦੀ ਹੈ ਤਾਂ ਉਦੋਂ ਇਹ ਜਲ ਭਗਤਾਂ ਵਿਚਕਾਰ ਪ੍ਰਸ਼ਾਦ ਦੇ ਰੂਪ 'ਚ ਵੰਡ ਦਿੱਤਾ ਜਾਂਦਾ ਹੈ।