ਸਾਉਣ ਮਹੀਨੇ ਅਪਣਾਓ ਇਹ ਵਾਸਤੂ ਟਿਪਸ, ਪੂਰੇ ਪਰਿਵਾਰ 'ਤੇ ਬਣੀ ਰਹੇਗੀ ਭੋਲੇਨਾਥ ਜੀ ਦੀ ਕਿਰਪਾ
7/31/2023 11:51:31 AM
ਜਲੰਧਰ - ਇਨ੍ਹੀਂ ਦਿਨੀਂ ਸਾਉਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਇਹ ਮਹੀਨਾ ਭਗਵਾਨ ਸ਼ਿਵ ਦੇ ਭਗਤਾਂ ਲਈ ਬਹੁਤ ਖ਼ਾਸ ਹੈ। ਸਾਉਣ ਦੇ ਮਹੀਨੇ ਸ਼ਿਵ ਜੀ ਦੇ ਭਗਤ ਪੂਰੇ ਰੀਤੀ-ਰਿਵਾਜਾਂ ਨਾਲ ਸ਼ਿਵਲਿੰਗ 'ਤੇ ਜਲ ਚੜ੍ਹਾ ਕੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਹਨ। ਸ਼ਾਸਤਰਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਾਉਣ ਮਹੀਨੇ ਵਿਚ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਸ਼ਿਵ ਭਗਤਾਂ ਨੂੰ ਸ਼ਕਤੀ, ਬੁੱਧੀ, ਵਿਦਿਆ ਸਮੇਤ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਸਾਉਣ 'ਚ ਕੁਝ ਨਿਯਮਾਂ ਦਾ ਪਾਲਣ ਕਰਨ ਨਾਲ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਬਾਰੇ...
ਸਾਫ਼-ਸਫ਼ਾਈ ਦਾ ਰੱਖੋ ਧਿਆਨ
ਸ਼ਾਸਤਰਾਂ ਅਨੁਸਾਰ ਸਾਉਣ ਦੇ ਮਹੀਨੇ ਘਰ ਅਤੇ ਮੰਦਰ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸਾਉਣ ਮਹੀਨੇ ਸਮੇਂ-ਸਮੇਂ 'ਤੇ ਘਰ ਦੇ ਮੰਦਰਾਂ ਅਤੇ ਸਾਰੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਦੀ ਸਫ਼ਾਈ ਕਰਦੇ ਰਹੋ। ਇਸ ਨਾਲ ਤੁਹਾਡੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਵੇਗੀ।
ਸ਼ਿਵ ਜੀ ਦੇ ਪੂਰੇ ਪਰਿਵਾਰ ਦੀ ਤਸਵੀਰ
ਸਾਉਣ ਦੇ ਮਹੀਨੇ ਘਰ ਵਿੱਚ ਸ਼ਿਵ ਜੀ ਦੇ ਪੂਰੇ ਪਰਿਵਾਰ ਦੀ ਤਸਵੀਰ ਲਗਾਉਣੀ ਸ਼ੁੱਭ ਮੰਨੀ ਜਾਂਦੀ ਹੈ। ਜੇਕਰ ਤੁਸੀਂ ਸਾਉਣ ਮਹੀਨੇ ਆਪਣੇ ਘਰ 'ਚ ਭਗਵਾਨ ਸ਼ਿਵ ਜੀ ਦੀ ਤਸਵੀਰ ਲਗਾ ਰਹੇ ਹੋ ਤਾਂ ਧਿਆਨ ਰੱਖੋ ਕਿ ਤਸਵੀਰ ਸ਼ਿਵ ਜੀ ਦੇ ਪੂਰੇ ਪਰਿਵਾਰ ਦੀ ਹੋਵੇ। ਮਾਨਤਾਵਾਂ ਅਨੁਸਾਰ, ਇਸ ਨਾਲ ਤੁਹਾਡੇ 'ਤੇ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਬਣੀ ਰਹਿੰਦੀ ਹੈ।
ਘਰ 'ਚ ਨਾ ਲਗਾਓ ਸ਼ਿਵ ਜੀ ਦੀ ਗੁੱਸੇ ਵਾਲੀ ਮੂਰਤੀ
ਸਾਉਣ ਮਹੀਨੇ ਭਗਵਾਨ ਸ਼ਿਵ ਦੀ ਅਜਿਹੀ ਮੂਰਤੀ ਘਰ 'ਚ ਕਦੇ ਨਾ ਲਗਾਓ, ਜਿਸ 'ਚ ਉਹ ਗੁੱਸੇ 'ਚ ਵਿਖਾਈ ਦਿੰਦੇ ਹੋਣ। ਮਾਨਤਾਵਾਂ ਮੁਤਾਬਕ ਅਜਿਹੀ ਮੂਰਤੀ ਨੂੰ ਘਰ 'ਚ ਲਗਾਉਣ ਨਾਲ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਧਣ ਲੱਗਦਾ ਹੈ ਅਤੇ ਘਰ ਦੇ ਮੈਂਬਰਾਂ ਨੂੰ ਭਗਵਾਨ ਸ਼ਿਵ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਲਈ ਘਰ ਵਿੱਚ ਹਮੇਸ਼ਾ ਹੱਸਦੇ ਅਤੇ ਮੁਸਕਰਾਉਂਦੇ ਹੋਏ ਭਗਵਾਨ ਸ਼ਿਵ ਜੀ ਦੀ ਤਸਵੀਰ ਲਗਾਉਣੀ ਚਾਹੀਦੀ ਹੈ।
ਉੱਤਰ ਦਿਸ਼ਾ 'ਚ ਨਾ ਲਗਾਓ ਸ਼ਿਵ ਜੀ ਦੀ ਮੂਰਤੀ
ਵਾਸਤੂ ਸ਼ਾਸਤਰ ਅਨੁਸਾਰ ਭਗਵਾਨ ਸ਼ਿਵ ਦੀ ਮੂਰਤੀ ਨੂੰ ਕਦੇ ਵੀ ਉਸ ਜਗ੍ਹਾ ਨਹੀਂ ਲਗਾਉਣਾ ਚਾਹੀਦਾ, ਜਿੱਥੇ ਭਗਵਾਨ ਸ਼ਿਵ ਰਹਿੰਦੇ ਹਨ। ਕੈਲਾਸ਼ ਪਰਬਤ ਭਗਵਾਨ ਸ਼ਿਵ ਦਾ ਨਿਵਾਸ ਹੈ ਅਤੇ ਕੈਲਾਸ਼ ਪਰਬਤ ਉੱਤਰ ਦਿਸ਼ਾ ਵਿੱਚ ਸਥਿਤ ਹੈ। ਅਜਿਹੇ 'ਚ ਭਗਵਾਨ ਸ਼ਿਵ ਦੀ ਮੂਰਤੀ ਨੂੰ ਕਦੇ ਵੀ ਉੱਤਰ ਦਿਸ਼ਾ 'ਚ ਨਹੀਂ ਲਗਾਉਣਾ ਚਾਹੀਦਾ।