10 ਨਵੰਬਰ ਨੂੰ ਮਨਾਇਆ ਜਾਵੇਗਾ 'ਧਨਤੇਰਸ' ਦਾ ਤਿਉਹਾਰ, ਜਾਣੋ ਕੀ ਖ਼ਰੀਦਣਾ ਹੁੰਦਾ ਹੈ ਸ਼ੁੱਭ ਅਤੇ ਅਸ਼ੁੱਭ

11/8/2023 6:57:10 PM

ਜਲੰਧਰ (ਬਿਊਰੋ) - ਦੇਸ਼-ਵਿਦੇਸ਼ ਦੇ ਲੋਕ ਦੀਵਾਲੀ ਦੇ ਤਿਉਹਾਰ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਧਨਤੇਰਸ ਤੋਂ ਸ਼ੁਰੂ ਹੋ ਕੇ ਪੰਜ ਦਿਨ ਚੱਲਣ ਵਾਲਾ ਦੀਵਾਲੀ ਦਾ ਤਿਉਹਾਰ ਭਾਈ ਦੂਜ ਵਾਲੇ ਦਿਨ ਖ਼ਤਮ ਹੁੰਦਾ ਹੈ। ਦੀਵਾਲੀ ਤੋਂ ਦੋ ਦਿਨ ਪਹਿਲਾਂ ਆਉਣ ਵਾਲਾ ਧਨਤੇਰਸ ਦਾ ਤਿਉਹਾਰ ਇਸ ਵਾਰ 10 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਕਾਰਤਿਕ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਵਲੋਂ ਵਿਸ਼ੇਸ਼ ਤੌਰ ’ਤੇ ਭਗਵਾਨ ਧਨਵੰਤਰੀ ਜੀ ਦੀ ਅਤੇ ਧਨ ਦੇ ਦੇਵਤੇ ਕੁਬੇਰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਇਸ ਦਿਨ ਸੋਨਾ, ਚਾਂਦੀ, ਪਿੱਤਲ, ਭਾਂਡੇ ਆਦਿ ਖ਼ਰੀਦਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਧਨਤੇਰਸ ਵਾਲੇ ਦਿਨ ਕੀ ਖ਼ਰੀਦਣਾ ਚੰਗਾ ਹੁੰਦਾ ਹੈ ਅਤੇ ਕੀ ਨਹੀਂ....

ਸਾਬੁਤ ਧਨੀਆ
ਹਰ ਸਾਲ ਧਨਤੇਰਸ 'ਤੇ ਲੋਕ ਕੁਝ ਨਾ ਕੁਝ ਜ਼ਰੂਰ ਖ਼ਰੀਦਦੇ ਪਰ ਬਾਵਜੂਦ ਇਸ ਦੇ ਉਨ੍ਹਾਂ ਨੂੰ ਕਈ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਤੁਸੀਂ ਇਸ ਦਿਨ ਸਿਰਫ਼ 5 ਰੁਪਏ ਦਾ ਸਾਬੁਤ ਧਨੀਆ ਖ਼ਰੀਦੋ। ਧਨਤੇਰਸ ਵਾਲੇ ਦਿਨ ਧਨੀਆ ਖ਼ਰੀਦ ਕੇ ਤੁਸੀਂ ਆਰਥਿਕ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ।

PunjabKesari

ਲਕਸ਼ਮੀ ਅਤੇ ਗਣੇਸ਼ ਜੀ ਦੀ ਮੂਰਤੀ ਖ਼ਰੀਦੋ
ਧਨਤੇਰਸ ਦੇ ਮੌਕੇ ਲਕਸ਼ਮੀ ਮਾਤਾ ਜੀ ਅਤੇ ਗਣੇਸ਼ ਜੀ ਦੀ ਮੂਰਤੀ ਜ਼ਰੂਰ ਖ਼ਰੀਦੋ ਅਤੇ ਇਸਨੂੰ ਘਰ ਦੇ ਮੰਦਰ ਵਿੱਚ ਸਥਾਪਿਤ ਕਰੋ। ਅਜਿਹਾ ਕਰਨ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਤੁਹਾਡੇ ਧਨ ’ਚ ਹਮੇਸ਼ਾ ਵਾਧਾ ਹੋਵੇਗਾ।

ਧਨਤੇਰਸ ਦੇ ਦਿਨ ਝਾੜੂ ਖ਼ਰੀਦਣਾ ਹੁੰਦਾ ਸ਼ੁੱਭ
ਧਨਤੇਰਸ ਵਾਲੇ ਦਿਨ ਝਾੜੂ ਖ਼ਰੀਦਣ ਦਾ ਰਿਵਾਜ ਹੈ। ਕਿਹਾ ਜਾਂਦਾ ਹੈ ਕਿ ਝਾੜੂ ਖ਼ਰੀਦਣ ਨਾਲ ਗਰੀਬੀ ਦੂਰ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਝਾੜੂ ਖ਼ਰੀਦਣ ਨਾਲ ਲਕਸ਼ਮੀ ਮਾਤਾ ਜੀ ਘਰ ਵਿਚ ਰਹਿੰਦੇ ਹਨ। ਆਰਥਿਕ ਤੌਰ 'ਤੇ ਤੰਗ ਹੋਏ ਘਰ ਵਿਚ ਖੁਸ਼ਹਾਲੀ ਆਉਂਦੀ ਹੈ। ਇਸ ਤੋਂ ਇਲਾਵਾ ਝਾੜੂ ਨਾਲ ਬੰਨ੍ਹਿਆ ਚਿੱਟਾ ਧਾਗਾ ਲਿਆਉਣ ਦਾ ਵੀ ਰਿਵਾਜ ਹੈ ਤਾਂ ਜੋ ਲਕਸ਼ਮੀ ਤੁਹਾਡੇ ਘਰ ਵਿਚ ਰਹੇ।

PunjabKesari

ਸੋਨੇ ਅਤੇ ਚਾਂਦੀ ਦੇ ਸਿੱਕੇ
ਧਨਤੇਰਸ ਵਾਲੇ ਦਿਨ ਤੁਸੀਂ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਂ ਭਾਂਡੇ ਖ਼ਰੀਦ ਸਕਦੇ ਹੋ। ਇਸ ਦਿਨ ਖ਼ਰੀਦੇ ਗਏ ਗਹਿਣੇ, ਸਿੱਕੇ ਅਤੇ ਭਾਂਡਿਆਂ ਦੀ ਦੀਵਾਲੀ ’ਤੇ ਲਕਸ਼ਮੀ ਅਤੇ ਗਣੇਸ਼ ਜੀ ਦੇ ਨਾਲ ਪੂਜਾ ਵੀ ਕਰੋ। ਅਜਿਹਾ ਕਰਨ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਖੁਸ਼ ਹੋ ਜਾਂਦੀ ਹੈ।

ਇਹ ਚੀਜ਼ਾਂ ਵੀ ਖ਼ਰੀਦ ਸਕਦੇ ਹੋ
ਧਨਤੇਰਸ ਵਾਲੇ ਦਿਨ ਤੁਸੀਂ ਕੱਪੜੇ, ਭਾਂਡੇ ਅਤੇ ਬਿਜਲੀ ਦੇ ਸਾਮਾਨ ਵਾਲੀਆਂ ਚੀਜ਼ਾਂ ਵੀ ਖ਼ਰੀਦ ਸਕਦੇ ਹੋ। ਇਸ ਦਿਨ ਤੁਸੀਂ ਆਪਣੇ ਕੰਮ ਨਾਲ ਸਬੰਧਿਤ ਚੀਜ਼ਾਂ ਵੀ ਖ਼ਰੀਦ ਸਕਦੇ ਹੋ, ਜੋ ਸ਼ੁੱਭ ਹੁੰਦੀਆਂ ਹਨ।

PunjabKesari

ਧਨਤੇਰਸ ਦੇ ਮੌਕੇ ਨਾ ਖਰੀਦੋ ਇਹ ਚੀਜ਼ਾਂ
. ਲੋਹਾ ਸ਼ਨੀ ਦਾ ਕਾਰਨ ਮੰਨਿਆਂ ਜਾਂਦਾ ਹੈ। ਇਸੇ ਲਈ ਇਸ ਦਿਨ ਲੋਹੇ ਦੀ ਕੋਈ ਵੀ ਚੀਜ਼ ਨਾ ਖ਼ਰੀਦੋ। ਇਸ ਨਾਲ ਘਰ ਦੀ ਹਾਲਤ ਮਾੜੀ ਹੋ ਜਾਂਦੀ ਹੈ।
. ਇਸ ਦਿਨ ਚੀਨੀ ਮਿੱਟੀ ਤੋਂ ਬਣੀਆਂ ਚੀਜ਼ਾਂ ਦੀ ਵੀ ਵਰਤੋਂ ਨਾ ਕਰੋ। ਇਸ ਨਾਲ ਘਰ ’ਚੋਂ ਬਰਕਤ ਚੱਲੀ ਜਾਂਦੀ ਹੈ।
. ਕਾਲਾ ਰੰਗ ਜਾਂ ਕੱਚ ਤੋਂ ਬਣੀ ਚੀਜ਼ ਵੀ ਇਸ ਦਿਨ ਘਰ ਨਹੀਂ ਲਿਆਉਣੀ ਚਾਹੀਦੀ। ਇਹ ਅਸ਼ੁੱਭ ਹੁੰਦੀਆਂ ਹਨ।
. ਇਸ ਤੋਂ ਇਲਾਵਾ ਧਨਤੇਰਸ ਵਾਲੇ ਦਿਨ ਐਲੂਮਿਨੀਅਮ ਦਾ ਭਾਂਡਾ ਖਰੀਦਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ।
 


rajwinder kaur

Content Editor rajwinder kaur