Dussehra 2021 : ਅੱਜ ਮਨਾਇਆ ਜਾਵੇਗਾ ਦੁਸਹਿਰਾ ਦਾ ਤਿਉਹਾਰ, ਜਾਣੋ ਸ਼ੁੱਭ ਮਹੂਰਤ ਅਤੇ ਮਹੱਤਵ
10/15/2021 9:14:22 AM
ਜਲੰਧਰ (ਬਿਊਰੋ) - ਦੁਸਹਿਰਾ, ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹੈ। ਇਸ ਨੂੰ ਵਿਜੈਦਸ਼ਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਨਰਾਤਿਆਂ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਸਾਲ 2021 ’ਚ ਦੁਸਹਿਰੇ ਦਾ ਤਿਉਹਾਰ 15 ਅਕਤੂਬਰ ਸ਼ੁੱਕਰਵਾਰ ਵਾਲੇ ਦਿਨ ਮਨਾਇਆ ਜਾਵੇਗਾ। ਦਸਮ ਤਿਥੀ 14 ਅਕਤੂਬਰ 2021 ਨੂੰ ਸ਼ਾਮ 6.52 ਵਜੇ ਸ਼ੁਰੂ ਹੋਵੇਗੀ ਤੇ 15 ਅਕਤੂਬਰ 2021 ਨੂੰ ਸ਼ਾਮ 6.02 ਵਜੇ ਸਮਾਪਤ ਹੋਵੇਗੀ। ਇਸ ਸਾਲ ਵਿਜੈ ਮਹੂਰਤ ਦੁਪਹਿਰੇ 2.02 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰੇ 2.48 ਵਜੇ ਤਕ ਚੱਲੇਗਾ। ਉੱਥੇ ਹੀ ਅਪਰਨਾ ਪੂਜਾ ਦਾ ਮਹੂਰਤਾ ਦੁਪਹਿਰੇ 1.16 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰੇ 3.34 ਵਜੇ ਸਮਾਪਤ ਹੋਵੇਗਾ।
ਦੁਸਹਿਰਾ 2021 ਦਾ ਮਹੱਤਵ
ਦੁਸਹਿਰਾ, ਮਹਾਂਕਾਵਿ ਰਾਮਾਇਣ ਵਿੱਚ ਲੰਕਾ ਦੇ ਰਾਜਾ ਰਾਵਣ ਉੱਤੇ ਭਗਵਾਨ ਰਾਮ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ। ਰਾਵਣ ਨੂੰ ਭਗਵਾਨ ਰਾਮ ਨੇ ਹਰਾ ਦਿੱਤਾ ਅਤੇ ਉਸਦੀ ਪਤਨੀ ਸੀਤਾ ਨੂੰ ਰਾਵਣ ਦੀ ਕੈਦ ਤੋਂ ਛੁਡਾਇਆ ਗਿਆ।ਦੁਸਹਿਰਾ ਸ਼ਬਦ ਦੋ ਸੰਸਕ੍ਰਿਤ ਸ਼ਬਦਾਂ ਤੋਂ ਬਣਿਆ ਹੈ: 'ਦਸ' ਜੋ ਰਾਵਣ ਦੇ ਦਸ ਸਿਰਾਂ ਨੂੰ ਦਰਸਾਉਂਦਾ ਹੈ ਅਤੇ 'ਹਰਾ' ਜਿਸਦਾ ਅਰਥ ਹੈ 'ਹਾਰਨਾ'। ਇਸ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦਾ ਹੈ।
ਦੁਸਹਿਰੇ ਦੀ ਪੂਜਾ ਵਿਧੀ
ਦੁਸਹਿਰੇ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ, ਨਹਾ-ਧੋ ਕੇ ਸਾਫ਼ ਕੱਪੜੇ ਪਾ ਕੇ ਅਤੇ ਕਣਕ ਜਾਂ ਚੂਨੇ ਨਾਲ ਦੁਸਹਿਰੇ ਦੀ ਪ੍ਰਤਿਮਾ ਬਣਾਓ। ਗਊਂ ਦੇ ਗੋਹੇ ਨਾਲ 9 ਗੋਲੇ ਤੇ 2 ਕਟੋਰੀਆ ਬਣਾ ਕੇ, ਇਕ ਕਟੋਰੀ 'ਚ ਸਿੱਕੇ ਅਤੇ ਦੂਸਰੀ ਕਟੋਰੀ 'ਚ ਰੋਲੀ, ਚਾਵਲ, ਜੌਂ ਤੇ ਫਲ਼ ਰੱਖੋ। ਹੁਣ ਮੂਰਤੀ ਨੂੰ ਕੇਲੇ, ਜੌਂ, ਗੁੜ ਤੇ ਮੂਲੀ ਚੜ੍ਹਾਓ। ਜੇਕਰ ਬਹੀਖਾਤਿਆਂ ਜਾਂ ਸ਼ਸਤਰਾਂ ਦੀ ਪੂਜਾ ਕਰ ਰਹੇ ਹੋ ਤਾਂ ਉਨ੍ਹਾਂ 'ਤੇ ਵੀ ਇਹ ਸਮੱਗਰੀ ਜ਼ਰੂਰ ਚੜ੍ਹਾਓ। ਇਸ ਤੋਂ ਬਾਅਦ ਆਪਣੀ ਸਮਰੱਥਾ ਅਨੁਸਾਰ ਦਾਨ-ਦਕਸ਼ਿਣਾ ਕਰੋ ਤੇ ਗ਼ਰੀਬਾਂ ਨੂੰ ਭੋਜਨ ਕਰਵਾਓ। ਰਾਵਣ ਦਹਿਨ ਤੋਂ ਬਾਅਦ ਸ਼ਮੀ ਦਰੱਖਤ ਦੀਆਂ ਪੱਤੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਉ। ਅਖੀਰ ਵਿਚ ਵੱਡੇ-ਬਜ਼ੁਰਗਾਂ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਅਸ਼ੀਰਦਵਾਦ ਪ੍ਰਾਪਤ ਕਰੋ।
ਕਈ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ ਦੁਸਹਿਰਾ
ਵੱਖ-ਵੱਖ ਥਾਵਾਂ 'ਤੇ ਦੁਸਹਿਰੇ ਦਾ ਤਿਉਹਾਰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਸ਼ਸਤਰਾਂ ਦੀ ਵਰਤੋਂ ਕਰਨ ਵਾਲੇ ਭਾਈਚਾਰਾ ਇਸ ਦਿਨ ਸ਼ਸਤਰ ਪੂਜਨ ਕਰਦੇ ਹਨ। ਉੱਥੇ ਹੀ ਕਈ ਲੋਕ ਇਸ ਦਿਨ ਆਪਣੀਆਂ ਪੁਸਤਕਾਂ, ਵਾਹਨ ਆਦਿ ਦੀ ਵੀ ਪੂਜਾ ਕਰਦੇ ਹਨ। ਕਿਸੇ ਨਵੇਂ ਕੰਮ ਨੂੰ ਸ਼ੁਰੂ ਕਰਨ ਲਈ ਇਹ ਦਿਨ ਸਭ ਤੋਂ ਜ਼ਿਆਦਾ ਸੁੱਭ ਮੰਨਿਆ ਜਾਂਦਾ ਹੈ। ਕਈ ਥਾਵਾਂ 'ਤੇ ਦੁਸਹਿਰੇ ਵਾਲੇ ਦਿਨ ਨਵਾਂ ਸਾਮਾਨ ਖਰੀਦਣ ਦੀ ਵੀ ਪਰੰਪਰਾ ਹੈ। ਜ਼ਿਆਦਾਤਰ ਥਾਵਾਂ 'ਤੇ ਇਸ ਦਿਨ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ, ਉੱਥੇ ਹੀ ਜਦੋਂ ਪੁਰਸ਼ ਰਾਵਣ ਦਹਿਨ ਤੋਂ ਬਾਅਦ ਘਰ ਜਾਂਦੇ ਹਨ ਤਾਂ ਕੁਝ ਥਾਵਾਂ 'ਤੇ ਜਨਾਨੀਆਂ ਉਨ੍ਹਾਂ ਦੀ ਆਰਤੀ ਉਤਾਰਦੀਆਂ ਹਨ ਤੇ ਟਿੱਕਾ ਲਾਉਂਦੀਆਂ ਹਨ।