ਅਖੀਰਲੇ ਸਰਾਧ ''ਚ ਲੋਕ ਜ਼ਰੂਰ ਦਾਨ ਕਰਨ ਇਹ ਚੀਜ਼ਾਂ, ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ

10/13/2023 10:45:32 AM

ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਸਰਾਧਾਂ ਦਾ ਖ਼ਾਸ ਮਹੱਤਵ ਹੈ। ਸਰਾਧਾਂ 'ਚ ਪਿੱਤਰਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਹੜੇ ਪੂਰਵਜ ਇਸ ਦੁਨੀਆ 'ਚ ਹੁਣ ਨਹੀਂ ਹਨ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਰਾਧਾਂ 'ਚ ਤਰਪਣ ਕੀਤਾ ਜਾਂਦਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਸਾਲ ਸਰਾਧ 29 ਸਤੰਬਰ ਤੋਂ ਸ਼ੁਰੂ ਹੋਏ ਸਨ, ਜੋ 14 ਅਕਤੂਬਰ ਨੂੰ ਖ਼ਤਮ ਹੋਣਗੇ। ਵੱਡੇ-ਵੱਡੇਰਿਆਂ ਦੀ ਆਤਮਾ ਦੀ ਸ਼ਾਂਤੀ ਲਈ ਲੋਕ ਸਰਾਧ ਕਰਦੇ ਹਨ, ਜਿਸ ਨਾਲ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਸ਼ਾਸਤਰਾਂ ਮੁਤਾਬਕ, ਜੇਕਰ ਕੋਈ ਸਰਾਧ ਨਹੀਂ ਕਰ ਪਾਉਂਦਾ ਤਾਂ ਉਸ ਦੇ ਘਰ ਅਸ਼ਾਂਤੀ ਦੇ ਨਾਲ-ਨਾਲ ਕਈ ਮੁਸੀਬਤਾਂ ਆ ਜਾਂਦੀਆਂ ਹਨ। ਸਰਾਧਾਂ 'ਚ ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਨਾਲ ਸਾਡੇ ਪੁਰਵਜਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਅਖੀਰਲੇ ਸਰਾਧ ’ਚ ਕਿਹੜੀਆਂ ਚੀਜ਼ਾਂ ਦਾ ਦਾਨ ਕਰਨਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.... 

1. ਤਿੱਲ ਦਾਨ ਕਰੋ
ਸਰਾਧਾਂ ਦੇ ਦਿਨਾਂ ’ਚ ਕਾਲੇ ਤਿੱਲਾਂ ਦਾ ਦਾਨ ਕਰਨਾ ਚਾਹੀਦਾ ਹੈ, ਜੋ ਸ਼ੁਭ ਹੁੰਦਾ ਹੈ। ਕਾਲੇ ਤਿੱਲਾਂ ਨੂੰ ਦਾਨ ਕਰਨ ਨਾਲ ਵਿਅਕਤੀ ਦੇ ਸਾਰੇ ਦੁੱਖ, ਦਰਦ ਦੂਰ ਹੋਣ ਦੇ ਨਾਲ-ਨਾਲ ਪਰੇਸ਼ਾਨੀਆਂ ਤੋਂ ਹਮੇਸ਼ਾ ਲਈ ਮੁਕਤੀ ਮਿਲਦੀ ਹੈ। 

2. ਕੱਪੜੇ ਦਾਨ ਕਰੋ
ਪਿੱਤਰੂ ਪੱਖ ਸਰਾਧਾਂ ਦੇ ਦਿਨਾਂ ’ਚ ਕੱਪੜੇ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਦਾਨ ਕੀਤੇ ਜਾਣ ਵਾਲੇ ਕੱਪੜੇ ਪੁਰਾਣੇ ਨਹੀਂ ਹੋਣੇ ਚਾਹੀਦੇ। ਬ੍ਰਾਹਮਣ ਜਾਂ ਕਿਸੇ ਲੋੜਵੰਦ ਨੂੰ ਸਾਫ਼ ਅਤੇ ਨਵੇਂ ਕਪੜੇ ਦਾਨ ਕਰਨੇ ਚਾਹੀਦੇ ਹਨ।

3. ਗੁੜ ਦਾਨ ਕਰੋ
ਪਿੱਤਰੂ ਪੱਖ ਸਰਾਧਾਂ ’ਚ ਗੁੜ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਮਾਨਤਾ ਹੈ ਕਿ ਗੁੜ ਦਾਨ ਕਰਨ ਨਾਲ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸ ਨਾਲ ਕਲੇਸ਼ ਦੂਰ ਹੁੰਦਾ ਹੈ ਅਤੇ ਘਰ ’ਚ ਸੁੱਖ ਸ਼ਾਂਤੀ ਦੇ ਨਾਲ-ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ।

4. ਅਨਾਜ ਦਾਨ ਕਰੋ
ਸਰਾਧਾਂ ’ਚ ਅਨਾਜ ਦਾਨ ਕਰਨਾ ਪਵਿੱਤਰ ਕਰਮ ਮੰਨਿਆ ਜਾਂਦਾ ਹੈ। ਪਿੱਤਰੂ ਪੱਖ ਸਰਾਧਾਂ ਵਿੱਚ ਕਣਕ ਅਤੇ ਚਾਵਲ ਦਾ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦੌਰਾਨ ਤੁਸੀਂ ਕੋਈ ਹੋਰ ਅਨਾਜ ਵੀ ਦਾਨ ਕਰ ਸਕਦੇ ਹੋ। ਅਜਿਹਾ ਮੰਨਿਆ ਜਾਂਦਾ ਹੈ ਕਿ ਸੰਕਲਪ ਲੈ ਕੇ ਭੋਜਨ ਦਾਨ ਕਰਨ ਨਾਲ ਮਨਚਾਹਾ ਫਲ ਮਿਲਦਾ ਹੈ।

5. ਧੰਨ ਕਰੋ ਦਾਨ 
ਸਰਾਧਾਂ ਦੇ ਦਿਨਾਂ ’ਚ ਧੰਨ ਦਾਨ ਕਰਨਾ ਵੀ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। 

6. ਘਿਓ ਦਾਨ ਕਰੋ
ਇਨ੍ਹੀਂ ਦਿਨੀਂ ਘਿਓ ਦਾ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਨਾਲ ਪਰਿਵਾਰ ’ਚ ਖੁਸ਼ੀਆਂ ਆਉਂਦੀਆਂ ਹਨ ਅਤੇ ਆਰਥਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।

7. ਭੂਮੀ ਕਰੋ ਦਾਨ 
ਭੂਮੀ ਜਾਂ ਇਸ ਦੀ ਅਣਹੋਂਦ ’ਚ ਸਿਰਫ਼ ਮਿੱਟੀ ਦਾ ਦਾਨ ਕਰਨ ਨਾਲ ਇਹ ਦਾਨ ਪੂਰਾ ਹੋ ਜਾਂਦਾ ਹੈ। ਇਸ ਨਾਲ ਆਰਥਿਕ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।

ਘਰ 'ਚ ਸਰਾਧ ਕਰਨ ਦੀ ਵਿਧੀ :-
ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਘਰ ਦੀ ਸਫ਼ਾਈ ਚੰਗੇ ਤਰੀਕੇ ਨਾਲ ਕਰੋ। ਗੰਗਾਜਲ ਨੂੰ ਪੂਰੇ ਘਰ 'ਚ ਛਿੜਕੋ। ਇਸ ਤੋਂ ਬਾਅਦ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਅਤੇ ਖੱਬੇ ਪੈਰ ਨੂੰ ਮੋੜਕੇ ਬੈਠ ਜਾਓ। ਤਾਂਬੇ ਦੇ ਬਰਤਨ 'ਚ ਤਿੱਲ, ਦੁੱਧ, ਗੰਗਾਜਲ ਤੇ ਪਾਣੀ ਰੱਖੋ। ਉਸ ਜਲ ਨੂੰ ਹੱਥਾਂ 'ਚ ਭਰ ਕੇ ਸਿੱਧੇ ਹੱਥ ਦੇ ਅੰਗੂਠੇ ਨਾਲ ਉਸੇ ਬਰਤਨ 'ਚ ਵਾਪਸ ਪਾ ਦਿਓ। ਪਿੱਤਰਾਂ ਦਾ ਧਿਆਨ ਕਰਦੇ ਹੋਏ ਅਜਿਹਾ ਲਗਾਤਾਰ 11 ਵਾਰ ਕਰੋ।


rajwinder kaur

Content Editor rajwinder kaur