ਸ਼ਰਾਧਾਂ ’ਚ ਪੂਰਵਜਾਂ ਨੂੰ ਖੁਸ਼ ਕਰਨ ਲਈ ਜ਼ਰੂਰ ਕਰੋ ਇਹ ਕੰਮ, ਘਰ ’ਚ ਆਵੇਗੀ ਖ਼ੁਸ਼ਹਾਲੀ
9/17/2022 4:06:23 PM
ਜਲੰਧਰ (ਬਿਊਰੋ) - ਪਿੱਤਰੂ ਪੱਖ ਦੇ ਸ਼ਰਾਧ 10 ਸਤੰਬਰ ਤੋਂ ਸ਼ੁਰੂ ਹੋ ਚੁੱਕੇ ਹਨ, ਜੋ 25 ਸਤੰਬਰ ਤੱਕ ਜਾਰੀ ਰਹਿਣਗੇ। ਮੰਨਿਆ ਜਾਂਦਾ ਹੈ ਕਿ ਪਿੱਤਰੂ ਪੱਖ ਦੌਰਾਨ ਵੱਡੇ-ਵਡੇਰੇ ਧਰਤੀ 'ਤੇ ਆਉਂਦੇ ਹਨ ਅਤੇ ਆਪਣੇ ਪਰਿਵਾਰ ਨੂੰ ਆਸ਼ੀਰਵਾਦ ਦਿੰਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਪਿੱਤਰੂ ਪੱਖ ਸ਼ਰਾਧ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਵਾਲੇ ਦਿਨ ਸ਼ੁਰੂ ਹੁੰਦੇ ਹਨ। ਇਸ ਦੌਰਾਨ ਜੇਕਰ ਤੁਸੀਂ ਆਪਣੇ ਪਿੱਤਰਾਂ ਦਾ ਆਸ਼ੀਰਵਾਦ ਲੈਣਾ ਚਾਹੁੰਦੇ ਹੋ ਤਾਂ ਕੁਝ ਖ਼ਾਸ ਉਪਾਅ ਕਰ ਸਕਦੇ ਹੋ। ਵਾਸਤੂ ਸ਼ਾਸਤਰ ਵਿੱਚ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ ਤੁਹਾਡੇ ਪਿੱਤਰ ਖ਼ੁਸ਼ ਹੋ ਸਕਦੇ ਹਨ ਅਤੇ ਘਰ ’ਚ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਆਉਂਦੀ ਹੈ....
ਦੱਖਣ ਦਿਸ਼ਾ ਵਿੱਚ ਲਗਾਓ ਪਿੱਤਰਾਂ ਦੀ ਤਸਵੀਰ
ਵਾਸਤੂ ਮਾਨਤਾਵਾਂ ਮੁਤਾਬਕ ਜੇਕਰ ਤੁਸੀਂ ਘਰ 'ਚ ਆਪਣੇ ਵੱਡੇ-ਵਢੇਰਿਆਂ ਦੀ ਤਸਵੀਰ ਲਗਾਉਂਦੇ ਹੋ ਤਾਂ ਉਸ ਨੂੰ ਸਹੀ ਦਿਸ਼ਾ 'ਚ ਲਗਾਓ। ਗਲਤ ਦਿਸ਼ਾ ਵਿੱਚ ਤਸਵੀਰ ਲਗਾਉਣ ਨਾਲ ਮਾੜਾ ਪ੍ਰਭਾਵ ਪੈ ਸਕਦਾ ਹੈ। ਤੁਸੀਂ ਉਨ੍ਹਾਂ ਦੀ ਤਸਵੀਰ ਘਰ ਦੀ ਦੱਖਣ ਦਿਸ਼ਾ ਵਿੱਚ ਲਗਾ ਸਕਦੇ ਹੋ, ਜਿਸ ਨੂੰ ਸ਼ੁਭ ਮੰਨਿਆ ਜਾਂਦਾ ਹੈ।
ਬ੍ਰਾਹਮਣਾਂ ਨੂੰ ਕਰਵਾਓ ਭੋਜਨ
ਪਿੱਤਰੂ ਪੱਖ ਸ਼ਰਾਧਾਂ ’ਚ ਬ੍ਰਾਹਮਣਾਂ ਨੂੰ ਭੋਜਨ ਕਰਵਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਭੋਜਨ ਤੁਸੀਂ ਸਾਤਵਿਕ ਅਤੇ ਧਾਰਮਿਕ ਵਿਚਾਰ ਰੱਖਣ ਵਾਲੇ ਬ੍ਰਾਹਮਣਾਂ ਨੂੰ ਹੀ ਕਰਵਾਓ। ਇਸ ਤੋਂ ਇਲਾਵਾ ਪਿੱਤਰੂ ਪੱਖ ਸ਼ਰਾਧਾਂ ਵਿੱਚ ਪਸ਼ੂਆਂ-ਪੰਛੀਆਂ ਨੂੰ ਪਾਣੀ ਦੇਣਾ ਵੀ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਪਿੱਤਰਗਣ ਤੁਹਾਡੇ ਤੋਂ ਸੰਤੁਸ਼ਟ ਹੋ ਜਾਂਦੇ ਹਨ।
ਰੋਜ਼ ਦੀਵਾ ਜਗਾਓ
ਪਿੱਤਰ ਪੱਖ ਸ਼ਰਾਧਾਂ ’ਚ ਤੁਸੀਂ ਰੋਜ਼ਾਨਾ ਸਵੇਰੇ ਆਪਣੇ ਘਰ ਦੇ ਮੁੱਖ ਦੁਆਰ 'ਤੇ ਘੀ ਦਾ ਦੀਵਾ ਜਗਾਓ। ਸ਼ਾਮ ਦੇ ਸਮੇਂ ਤੁਸੀਂ ਇਹ ਦੀਵਾ ਘਰ ਦੀ ਦੱਖਣੀ ਦਿਸ਼ਾ ਵਿੱਚ ਜਗਾਓ। ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖੋ ਅਤੇ ਰੋਜ਼ ਮੁੱਖ ਦਰਵਾਜ਼ੇ 'ਤੇ ਜਲ ਚੜ੍ਹਾਓ।
ਵਾਲ ਨਾ ਕਟਵਾਓ
ਪਿੱਤਰ ਪੱਖ ਸ਼ਰਾਧਾਂ ’ਚ ਵਾਲਾਂ ਨੂੰ ਕਟਵਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਰਾਧਾਂ ਦੇ ਦਿਨਾਂ ’ਚ ਕੋਈ ਵੀ ਨਵਾਂ ਕੰਮ ਜਾਂ ਮੰਗਲ ਕਾਰਜ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਪਿੱਤਰ ਨਾਰਾਜ਼ ਹੋ ਸਕਦੇ ਹਨ।