ਘਰ 'ਚ ਆਵੇਗੀ ਬਰਕਤ ਅਤੇ ਸੁੱਖ-ਸ਼ਾਂਤੀ, ਨਰਾਤਿਆਂ ਦੇ ਪਹਿਲੇ ਦਿਨ ਕਰੋ ਇਹ ਖਾਸ ਉਪਾਅ
3/12/2026 9:56:33 AM
ਵੈੱਬ ਡੈਸਕ - ਸਨਾਤਨ ਧਰਮ 'ਚ ਚੇਤ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ, ਜੋ ਇਸ ਸਾਲ 19 ਮਾਰਚ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸ਼ੁਕਲ ਪੱਖ ਦੀ ਪ੍ਰਤਿਪਦਾ ਤਿਥੀ ਤੋਂ ਸ਼ੁਰੂ ਹੋ ਕੇ ਇਹ ਮਹਾਪਰਵ 27 ਮਾਰਚ ਤੱਕ ਚੱਲੇਗਾ। ਇਨ੍ਹਾਂ ਨੌਂ ਦਿਨਾਂ ਦੌਰਾਨ ਮਾਂ ਦੁਰਗਾ ਦੇ ਨੌਂ ਵੱਖ-ਵੱਖ ਸਰੂਪਾਂ ਦੀ ਪੂਜਾ ਕੀਤੀ ਜਾਵੇਗੀ ਅਤੇ ਨੌਮੀ ਵਾਲੇ ਦਿਨ ਮਾਤਾ ਸਿੱਧੀਦਾਤਰੀ ਦੀ ਪੂਜਾ ਦੇ ਨਾਲ-ਨਾਲ ਪ੍ਰਭੂ ਸ੍ਰੀ ਰਾਮ ਦਾ ਜਨਮ ਉਤਸਵ (ਰਾਮ ਨੌਮੀ) ਵੀ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।
ਸੁੱਖ-ਸਮ੍ਰਿੱਧੀ ਲਈ ਵਾਸਤੂ ਉਪਾਅ
ਧਾਰਮਿਕ ਮਾਨਤਾਵਾਂ ਅਤੇ ਵਾਸਤੂ ਸ਼ਾਸਤਰ ਅਨੁਸਾਰ, ਨਵਰਾਤਰੀ ਦਾ ਸਮਾਂ ਘਰ 'ਚੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਅਤੇ ਸਕਾਰਾਤਮਕਤਾ ਲਿਆਉਣ ਲਈ ਸਭ ਤੋਂ ਉੱਤਮ ਹੁੰਦਾ ਹੈ। ਮਾਹਿਰਾਂ ਅਨੁਸਾਰ ਘਰ 'ਚ ਖੁਸ਼ਹਾਲੀ ਬਣਾਈ ਰੱਖਣ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ :--
ਕਲਸ਼ ਸਥਾਪਨਾ ਅਤੇ ਅਖੰਡ ਜੋਤ
- ਨਰਾਤਿਆਂ ਦੇ ਪਹਿਲੇ ਦਿਨ ਉੱਤਰ-ਪੂਰਬ ਦਿਸ਼ਾ (ਈਸ਼ਾਨ ਕੋਣ) 'ਚ ਕਲਸ਼ ਦੀ ਸਥਾਪਨਾ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਅਖੰਡ ਜੋਤ ਨੂੰ ਪੂਰਬ ਜਾਂ ਅਗਨੇਯ ਕੋਣ (ਦੱਖਣ-ਪੂਰਬ) 'ਚ ਜਗਾਉਣਾ ਚਾਹੀਦਾ ਹੈ, ਜੋ ਸੌਭਾਗ 'ਚ ਵਾਧਾ ਕਰਦੀ ਹੈ।
ਮੁੱਖ ਦੁਆਰ ਦੀ ਸਜਾਵਟ
- ਘਰ ਦੇ ਮੁੱਖ ਦਰਵਾਜ਼ੇ 'ਤੇ ਅੰਬ ਜਾਂ ਅਸ਼ੋਕ ਦੇ ਪੱਤਿਆਂ ਦਾ ਤੋਰਨ ਲਗਾਓ ਅਤੇ ਦੋਵਾਂ ਪਾਸਿਆਂ 'ਤੇ ਸਵਾਸਤਿਕ ਦਾ ਚਿੰਨ੍ਹ ਬਣਾਓ। ਇਸ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।
ਸਫਾਈ ਅਤੇ ਤੁਲਸੀ ਦੀ ਪੂਜਾ
- ਨਰਾਤਿਆਂ ਤੋਂ ਪਹਿਲਾਂ ਘਰ ਦੀ ਚੰਗੀ ਤਰ੍ਹਾਂ ਸਫਾਈ ਕਰੋ ਅਤੇ ਟੁੱਟੀਆਂ-ਫੁੱਟੀਆਂ ਚੀਜ਼ਾਂ ਜਿਵੇਂ ਕਿ ਟੁੱਟਿਆ ਸ਼ੀਸ਼ਾ, ਰੁਕੀ ਹੋਈ ਘੜੀ ਜਾਂ ਫਟੇ ਪੁਰਾਣੇ ਜੁੱਤੇ ਘਰੋਂ ਬਾਹਰ ਕੱਢ ਦਿਓ। ਉੱਤਰ-ਪੂਰਬ ਦਿਸ਼ਾ 'ਚ ਤੁਲਸੀ ਦਾ ਪੌਦਾ ਲਗਾ ਕੇ ਰੋਜ਼ਾਨਾ ਦੀਵਾ ਜਗਾਉਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ।
ਸ਼ੰਖ ਦੀ ਧੁਨੀ
- ਪੂਜਾ ਦੌਰਾਨ ਸ਼ੰਖ ਵਜਾਉਣਾ ਬਹੁਤ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀ ਆਵਾਜ਼ ਨਾਲ ਘਰ 'ਚ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ।
ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
ਨਰਾਤਿਆਂ ਦੌਰਾਨ ਪੂਰੀ ਤਰ੍ਹਾਂ ਸਾਤਵਿਕ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਸ਼ਾਸਤਰਾਂ ਅਨੁਸਾਰ ਇਨ੍ਹਾਂ ਦਿਨਾਂ 'ਚ ਮਾਸ ਅਤੇ ਸ਼ਰਾਬ ਦਾ ਸੇਵਨ ਵਰਜਿਤ ਹੈ। ਇਸ ਤੋਂ ਇਲਾਵਾ, ਗੁੱਸੇ ਅਤੇ ਮੰਦੇ ਬੋਲ ਬੋਲਣ ਤੋਂ ਬਚਣਾ ਚਾਹੀਦਾ ਹੈ। ਦੇਵੀ ਦੀ ਪੂਜਾ ਤੋਂ ਬਾਅਦ ਸੂਰਜ ਦੇਵਤਾ ਨੂੰ ਹਲਦੀ ਜਾਂ ਚੰਦਨ ਮਿਲਾ ਕੇ ਜਲ ਚੜ੍ਹਾਉਣ ਨਾਲ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਪ੍ਰਸੰਨ ਹੁੰਦੇ ਹਨ, ਜਿਸ ਨਾਲ ਘਰ ਵਿੱਚ ਸੁੱਖ-ਸ਼ਾਂਤੀ ਆਉਂਦੀ ਹੈ।
