ਸਾਉਣ ਮਹੀਨੇ ਦੇ 'ਸੋਮਵਾਰ ਵਰਤ' 'ਚ ਸ਼ਿਵਲਿੰਗ 'ਤੇ ਚੜ੍ਹਾਓ ਇਹ ਚੀਜ਼ਾਂ, ਭੋਲੇ ਨਾਥ ਜੀ ਹੋਣਗੇ ਖ਼ੁਸ਼

7/21/2024 2:05:32 PM

ਜਲੰਧਰ (ਬਿਊਰੋ)- ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਹ ਮਹੀਨਾ ਭੋਲੇਨਾਥ ਨੂੰ ਬਹੁਤ ਪਿਆਰਾ ਹੈ ਅਤੇ  ਹਿੰਦੂ ਧਰਮ ਵਿਚ ਬਹੁਤ ਮਹਿਮਾ ਹੈ। ਭਗਵਾਨ ਸ਼ਿਵ ਜੀ ਤੋਂ ਮਨਪੰਸਦ ਜੀਵਨ ਸਾਥੀ ਦੀ ਮੰਗ ਨੂੰ ਲੈ ਕੇ ਅਣਵਿਆਹੀਆਂ ਕੁੜੀਆਂ ਸਾਉਣ ਦੇ ਮਹੀਨੇ ਸੋਮਵਾਰ ਦੇ ਵਰਤ ਰੱਖਦੀਆਂ ਹਨ। ਇਸ ਸਾਲ ਸਾਉਣ ਦਾ ਪਹਿਲਾ ਵਰਤ 22 ਜੁਲਾਈ ਨੂੰ ਹੈ। ਮਾਨਤਾਵਾਂ ਅਨੁਸਾਰ, ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲੈਣ ਲਈ ਸੋਮਵਾਰ ਦਾ ਵਰਤ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦਿਨ ਭਗਵਾਨ ਸ਼ਿਵ ਦੀ ਵਿਧੀ-ਵਿਧਾਨ ਮੁਤਾਬਕ ਪੂਜਾ ਕੀਤੀ ਜਾਂਦੀ ਹੈ।

ਸ਼ਰਧਾਲੂ ਸਵੇਰ ਸਮੇਂ ਮੰਦਰਾਂ 'ਚ ਜਾ ਕੇ ਕਰਦੇ ਨੇ ਭਗਵਾਨ ਸ਼ਿਵ ਜੀ ਦੀ ਪੂਜਾ
ਇਸ ਦਿਨ ਸ਼ਰਧਾਲੂ ਸਵੇਰ ਦੇ ਸਮੇਂ ਮੰਦਰਾਂ ਵਿਚ ਜਾਂਦੇ ਹਨ ਅਤੇ ਸ਼ਿਵਲਿੰਗ ਨੂੰ ਦੁੱਧ, ਪਾਣੀ ਅਤੇ ਬੇਲ ਪੱਤੇ ਚੜ੍ਹਾਉਂਦੇ ਹਨ। ਵਿਸ਼ਵਾਸਾਂ ਅਨੁਸਾਰ ਜਿਹੜੇ ਭਗਤ ਸਾਉਣ ਸੋਮਵਾਰ ਨੂੰ ਸੱਚੇ ਦਿਲੋਂ ਵਰਤ ਰੱਖਦੇ ਹਨ ਅਤੇ ਭਗਵਾਨ ਸ਼ਿਵ ਜੀ ਦੀ ਸਹੀ ਢੰਗ ਨਾਲ ਪੂਜਾ ਕਰਦੇ ਹਨ, ਉਨ੍ਹਾਂ ਭਗਤਾਂ 'ਤੇ ਭੋਲੇਸ਼ੰਕਰ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦੀ ਕਿਰਪਾ ਬਣੀ ਰਹਿੰਦੀ ਹੈ। ਜਿਹੜੇ ਕੁਆਰੇ ਲੋਕ ਸਾਉਣ ਦੇ ਮਹੀਨੇ ਦੇ ਵਰਤ ਰੱਖਦੇ ਹਨ, ਉਨ੍ਹਾਂ ਲਈ ਇਹ ਵਰਤ 16 ਸੋਮਵਾਰ ਦੇ ਵਰਤ ਦੇ ਬਰਾਬਰ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਮਨਚਾਹੇ ਜੀਵਨ ਸਾਥੀ ਦੀ ਪ੍ਰਾਪਤੀ ਹੁੰਦੀ ਹੈ।

ਭਗਵਾਨ ਸ਼ਿਵ ਜੀ ਨੂੰ ਖ਼ੁਸ਼ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ
ਸਾਉਣ ਦੇ ਪਹਿਲੇ ਸੋਮਵਾਰ ਨੂੰ ਭਗਵਾਨ ਸ਼ਿਵ ਜੀ ਦੀ ਪੂਜਾ ਲਈ ਕੋਈ ਕ੍ਰਿਸਟਲ ਦੇ ਸ਼ਿਵਲਿੰਗ ਜਾਂ ਮਿੱਟੀ ਦੇ ਸ਼ਿਵਲਿੰਗ ਵੀ ਲੈ ਸਕਦੇ ਹੋ। ਫੁੱਲ, ਪੰਜ ਫਲ, ਪੰਜ ਮੇਵੇ,ਰਤਨ, ਸੋਨਾ, ਚਾਂਦੀ, ਦਕਸ਼ਿਨਾ, ਪੂਜਾ ਦੇ ਭਾਂਡੇ, ਦਹੀਂ, ਸ਼ੁੱਧ ਦੇਸੀ ਘਿਓ, ਸ਼ਹਿਦ, ਗੰਗਾ ਜਲ, ਪਵਿੱਤਰ ਜਲ, ਪੰਚ ਰਸ, ਅਤਰ, ਗੰਧ ਰੋਲੀ, ਮੌਲੀ ਜਨੇਊ, ਪੰਚ ਮਠਿਆਈਆਂ, ਬੇਲਪਤਰ, ਧਤੂਰਾ, ਭੰਗ,ਬੇਰ, ਆਮਰ ਮੰਜਰੀ, ਜੌਂ ਵਾਲ, ਤੁਲਸੀ ਦਲ, ਮੰਦਾਰ ਦਾ ਫੁੱਲ, ਗਾਂ ਦਾ ਕੱਚਾ ਦੁੱਧ, ਗੰਨੇ ਦਾ ਰਸ, ਕਪੂਰ, ਧੂਪ, ਦੀਵੇ, ਰੂੰ, ਮਲਿਆਗੀਰੀ, ਚੰਦਨ, ਸ਼ਿਵ ਅਤੇ ਮਾਂ ਪਾਰਵਤੀ ਦੀ ਸ਼ਿੰਗਾਰ ਸਮੱਗਰੀ ਲੈ ਸਕਦੇ ਹੋ।

ਸਾਉਣ ਸੋਮਵਾਰ ਵਰਤ ਰੱਖਣ ਦਾ ਤਰੀਕਾ

ਸਾਉਣ ਸੋਮਵਾਰ ਦੇ ਦਿਨ ਜਲਦੀ ਉੱਠੋ ਅਤੇ ਇਸ਼ਨਾਨ ਕਰੋ।
ਇਸ ਤੋਂ ਬਾਅਦ ਭਗਵਾਨ ਸ਼ਿਵ ਜੀ ਦਾ ਜਲਭਿਸ਼ੇਕ ਕਰੋ।
ਇਸ ਤੋਂ ਇਲਾਵਾ ਮਾਤਾ ਪਾਰਵਤੀ ਜੀ ਅਤੇ ਨੰਦੀ ਨੂੰ ਵੀ ਗੰਗਾਜਲ ਜਾਂ ਦੁੱਧ ਭੇਟ ਕਰੋ।
ਪੰਚਾਮ੍ਰਿਤ ਨਾਲ ਰੁਦਰਭਿਸ਼ੇਕ ਕਰੋ ਅਤੇ ਬੇਲ ਪੱਤੇ ਚੜ੍ਹਾਓ।
ਧਤੁਰਾ, ਭੰਗ, ਆਲੂ, ਚੰਦਨ, ਚਾਵਲ ਸ਼ਿਵਲਿੰਗ 'ਤੇ ਭੇਟ ਕਰੋ ਅਤੇ ਸਾਰਿਆਂ ਨੂੰ ਤਿਲਕ ਲਗਾਓ।
ਪ੍ਰਸ਼ਾਦ ਦੇ ਰੂਪ ਵਿਚ ਭਗਵਾਨ ਸ਼ਿਵ ਨੂੰ ਘਿਓ-ਸ਼ੱਕਰ ਦਾ ਭੋਗ ਲਗਾਓ।
ਧੂਪ, ਦੀਵੇ ਨਾਲ ਗਣੇਸ਼ ਜੀ ਦੀ ਆਰਤੀ ਕਰੋ।
ਆਖ਼ਿਰ ਵਿਚ ਭਗਵਾਨ ਸ਼ਿਵ ਦੀ ਆਰਤੀ ਕਰੋ ਅਤੇ ਪ੍ਰਸ਼ਾਦ ਵੰਡੋ।


Tarsem Singh

Content Editor Tarsem Singh