Diwali 2025 : ਦੀਵਾਲੀ ਦੀ ਰਾਤ ਕਿਉਂ ਖੋਲ੍ਹ ਕੇ ਰੱਖੇ ਜਾਂਦੇ ਹਨ ਘਰਾਂ ਦੇ ਦਰਵਾਜ਼ੇ? ਜਾਣੋ ਇਸ ਦੇ ਪਿੱਛੇ ਦਾ ਰਹੱਸ
10/21/2025 10:47:14 AM

ਵੈੱਬ ਡੈਸਕ- ਦੀਵਾਲੀ ਦਾ ਤਿਉਹਾਰ ਕਾਰਤਿਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਲਈ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਇਸ ਰਾਤ ਵਿਧੀ-ਵਿਧਾਨ ਨਾਲ ਪੂਜਾ ਕਰਨ ਵਾਲੇ ਘਰਾਂ 'ਚ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ ਅਤੇ ਖ਼ੁਸ਼ਹਾਲੀ ਦਾ ਆਸ਼ੀਰਵਾਦ ਦਿੰਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਕਿਉਂ ਰੱਖਦੇ ਹਨ? ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਕਹਾਣੀ।
ਦੀਵਾਲੀ ਦੀ ਰਾਤ ਦਰਵਾਜ਼ੇ ਖੁੱਲ੍ਹੇ ਰੱਖਣ ਦਾ ਕਾਰਨ
ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਇਸ ਲਈ ਖੁੱਲ੍ਹੇ ਰੱਖਦੇ ਹਨ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਰਾਤ ਮਾਤਾ ਲਕਸ਼ਮੀ ਧਰਤੀ 'ਤੇ ਆਉਂਦੀ ਹੈ। ਉਹ ਉਨ੍ਹਾਂ ਘਰਾਂ 'ਚ ਪ੍ਰਵੇਸ਼ ਕਰਦੀ ਹੈ ਜੋ ਸਾਫ਼-ਸੁਥਰੇ, ਰੌਸ਼ਨੀ ਨਾਲ ਚਮਕਦੇ ਅਤੇ ਭਗਤੀ ਭਾਵ ਨਾਲ ਭਰੇ ਹੋਏ ਹੁੰਦੇ ਹਨ।
ਇਸ ਲਈ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ ਤਾਂ ਜੋ ਮਾਤਾ ਦਾ ਸਵਾਗਤ ਕੀਤਾ ਜਾ ਸਕੇ ਅਤੇ ਉਹ ਘਰ 'ਚ ਆ ਸਕਣ। ਮਾਨਤਾ ਹੈ ਕਿ ਦੇਵੀ-ਦੇਵਤਾ ਹਨ੍ਹੇਰੇ ਵਾਲੇ ਘਰਾਂ 'ਚ ਪ੍ਰਵੇਸ਼ ਨਹੀਂ ਕਰਦੇ, ਇਸ ਲਈ ਦੀਵੇ ਜਗਾਉਣਾ ਅਤੇ ਦਰਵਾਜ਼ੇ ਖੋਲ੍ਹਣਾ ਲਕਸ਼ਮੀ ਜੀ ਦੇ ਸਵਾਗਤ ਦਾ ਪ੍ਰਤੀਕ ਹੈ।
ਪੌਰਾਣਿਕ ਕਹਾਣੀ
ਕਿਹਾ ਜਾਂਦਾ ਹੈ ਕਿ ਇਕ ਵਾਰ ਕਾਰਤਿਕ ਮੱਸਿਆ ਦੀ ਰਾਤ, ਮਾਤਾ ਲਕਸ਼ਮੀ ਧਰਤੀ ‘ਤੇ ਦੌਰੇ ਲਈ ਨਿਕਲੀ। ਉਸ ਸਮੇਂ ਚਾਰੇ ਪਾਸੇ ਹਨ੍ਹੇਰਾ ਫੈਲਿਆ ਹੋਇਆ ਸੀ, ਜਿਸ ਕਾਰਨ ਮਾਤਾ ਰਸਤਾ ਭਟਕ ਗਈ। ਉਨ੍ਹਾਂ ਨੇ ਫੈਸਲਾ ਲਿਆ ਕਿ ਉਹ ਇਹ ਰਾਤ ਮ੍ਰਿਤਊਲੋਕ (ਧਰਤੀ) ‘ਤੇ ਹੀ ਬਿਤਾਏਗੀ। ਜਦੋਂ ਮਾਤਾ ਹਰ ਘਰ ਗਈ ਤਾਂ ਸਾਰਿਆਂ ਦੇ ਦਰਵਾਜ਼ੇ ਬੰਦ ਸਨ। ਸਿਰਫ਼ ਇਕ ਘਰ ਨੂੰ ਛੱਡ ਕੇ। ਉਹ ਘਰ ਇਕ ਬਜ਼ੁਰਗ ਔਰਤ ਦਾ ਸੀ, ਜਿਸ ਨੇ ਦੀਵੇ ਜਗਾਏ ਹੋਏ ਸਨ ਅਤੇ ਉਹ ਕੰਮ 'ਚ ਰੁਝੀ ਸੀ।
ਜਦੋਂ ਮਾਤਾ ਨੇ ਰਾਤ ਨੂੰ ਰੁਕਣ ਦਾ ਸਥਾਨ ਮੰਗਿਆ ਤਾਂ ਉਸ ਔਰਤ ਨੇ ਉਨ੍ਹਾਂ ਨੂੰ ਸ਼ਰਨ ਦਿੱਤੀ ਅਤੇ ਆਪਣੇ ਘਰ ਠਹਿਰਾਇਆ।
ਸਵੇਰੇ ਜਦੋਂ ਔਰਤ ਜਾਗੀ, ਤਾਂ ਉਸ ਨੇ ਦੇਖਿਆ ਕਿ ਉਸ ਦਾ ਘਰ ਮਹਿਲ 'ਚ ਬਦਲ ਚੁੱਕਾ ਸੀ, ਹਰ ਪਾਸੇ ਰਤਨ ਅਤੇ ਸੋਨਾ ਚਮਕ ਰਿਹਾ ਸੀ। ਉਦੋਂ ਉਸਨੂੰ ਅਹਿਸਾਸ ਹੋਇਆ ਕਿ ਰਾਤ ਨੂੰ ਆਈ ਮਹਿਮਾਨ ਕੋਈ ਹੋਰ ਨਹੀਂ ਸਗੋਂ ਮਾਤਾ ਲਕਸ਼ਮੀ ਆਪ ਸਨ।
ਪਰੰਪਰਾ ਦੀ ਸ਼ੁਰੂਆਤ
ਇਸ ਘਟਨਾ ਤੋਂ ਬਾਅਦ ਹੀ ਇਹ ਪਰੰਪਰਾ ਸ਼ੁਰੂ ਹੋਈ ਕਿ ਦੀਵਾਲੀ ਦੀ ਰਾਤ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਜਾਣ, ਤਾਂ ਜੋ ਮਾਤਾ ਲਕਸ਼ਮੀ ਦਾ ਸਵਾਗਤ ਕੀਤਾ ਜਾ ਸਕੇ। ਲੋਕ ਇਸ ਰਾਤ ਆਪਣੇ ਘਰਾਂ ਨੂੰ ਚਮਕਦਾਰ ਦੀਆਂ ਨਾਲ ਰੌਸ਼ਨ ਕਰਦੇ ਹਨ ਅਤੇ ਮਾਤਾ ਤੋਂ ਧਨ, ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8