Diwali 2024 : ਮਾਂ ਲਕਸ਼ਮੀ ਜੀ ਦੇ ਸਵਾਗਤ ਲਈ ਘਰ ’ਚ ਇੰਝ ਬਣਾਓ ਖੂਬਸੂਰਤ 'ਰੰਗੋਲੀ'
10/31/2024 2:43:02 PM
ਵੈੱਬ ਡੈਸਕ- ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਇਸ ਸਾਲ ਅੱਜ ਭਾਵ 31 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਕ ਆਪਣੀਆਂ ਦੁਕਾਨਾਂ, ਘਰ ਅਤੇ ਦਫ਼ਤਰ ਦੀ ਸਾਫ਼-ਸਫ਼ਾਈ ਅਤੇ ਸਜਾਵਟ ਕਰਦੇ ਹਨ। ਦੀਵਾਲੀ 'ਤੇ ਰੰਗੋਲੀ ਬਣਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹ ਪ੍ਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ। ਮੰਨਿਆ ਜਾਂਦਾ ਹੈ ਕਿ ਮਾਂ ਲਕਸ਼ਮੀ ਜੀ ਦੇ ਸਵਾਗਤ ਲਈ ਬਣਾਈ ਗਈ ਰੰਗੋਲੀ ਨਾਲ ਸੁੱਖ-ਸਮ੍ਰਿਧੀ ਦਾ ਵਾਸ ਹੁੰਦਾ ਹੈ ਅਤੇ ਨਾਂਹ-ਪੱਖੀ ਊਰਜਾ ਘਰ ਤੋਂ ਦੂਰ ਹੋ ਜਾਂਦੀਆਂ ਹਨ। ਪਹਿਲਾਂ ਲੋਕ ਚੌਲ, ਹਲਦੀ, ਸਿੰਦੂਰ ਅਤੇ ਲੱਕੜੀ ਦੇ ਬੂਰੇ, ਰੰਗ-ਬਿਰੰਗੇ ਫੁੱਲਾਂ ਨਾਲ ਰੰਗੋਲੀ ਬਣਾਉਂਦੇ ਸਨ ਪਰ ਅੱਜਕਲ ਤੁਹਾਨੂੰ ਮਾਰਕੀਟ 'ਚੋਂ ਰੰਗੋਲੀ ਦੇ ਬਹੁਤ ਸਾਰੇ ਰੰਗ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਦੀਵਾ ਰੰਗੋਲੀ, ਗਲਿਟਰੀ ਰੰਗਾਂ ਵਾਲੀ ਰੰਗੋਲੀ ਵੀ ਬਣਾ ਸਕਦੇ ਹੋ।
ਇਹ ਵੀ ਪੜ੍ਹੋ- 'ਪਿੱਤਰ ਦੋਸ਼' ਤੋਂ ਮੁਕਤੀ ਪਾਉਣ ਲਈ ਇਸ Diwali ਤੇ ਕਰੋ ਇਹ ਕੰਮ, ਮਿਲੇਗਾ ਆਸ਼ੀਰਵਾਦ
ਚੌਲਾਂ ਦੀ ਰੰਗੋਲੀ
ਕਿਸੇ ਵੀ ਸ਼ੁੱਭ ਕੰਮ ਦੀ ਸ਼ੁਰੂਆਤ ਲਈ ਚੌਲ ਦੀ ਵਰਤੋਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਦੀਵਾਲੀ ਦੇ ਮੌਕੇ ਤੁਸੀਂ ਚੌਲਾਂ ਨਾਲ ਰੰਗੋਲੀ ਬਣਾ ਸਕਦੇ ਹੋ। ਵੱਖ-ਵੱਖ ਰੰਗ ਪਾਉਣ ਲਈ ਚੌਲਾਂ ਨੂੰ ਹਲਦੀ, ਸਿੰਦੂਰ ਤੇ ਹੋਰ ਰੰਗਾਂ ਵਿਚ ਭਿਓਂ ਕੇ ਸੁਕਾ ਲਓ। ਹੁਣ ਚੌਲਾਂ ਨਾਲ ਆਪਣੀ ਮਨਪਸੰਦ ਡਿਜ਼ਾਈਨਿੰਗ ਕਰਕੇ ਰੰਗੋਲੀ ਬਣਾ ਲਓ।
ਆਟੇ, ਹਲਦੀ ਤੇ ਸਿੰਦੂਰ ਦੀ ਰੰਗੋਲੀ
ਪੁਰਾਣੇ ਜ਼ਮਾਨੇ 'ਚ ਲੋਕ ਆਟੇ, ਹਲਦੀ ਦੀ ਮਦਦ ਨਾਲ ਰੰਗੋਲੀ ਤਿਆਰ ਕਰਦੇ ਸਨ। ਤੁਸੀਂ ਇਨ੍ਹਾਂ ਰੰਗਾਂ ਦੀ ਵਰਤੋਂ ਕਰ ਕੇ ਰੰਗੋਲੀ ਤਿਆਰ ਕਰ ਸਕਦੇ ਹੋ। ਗ੍ਰੀਨ ਰੰਗ ਲਈ ਤੁਸੀਂ ਹਿਨਾ ਪਾਊਡਰ ਦੀ ਵਰਤੋਂ ਕਰ ਸਕਦੇ ਹੋ।
ਰੰਗ-ਬਿਰੰਗੇ ਫੁੱਲਾਂ ਵਾਲੀ ਰੰਗੋਲੀ
ਪਹਿਲਾਂ ਚਾਕ ਦੀ ਮਦਦ ਨਾਲ ਰੰਗੋਲੀ ਦਾ ਡਿਜ਼ਾਈਨ ਤਿਆਰ ਕਰ ਲਓ। ਫਿਰ ਉਸ 'ਚ ਰੰਗ-ਬਿਰੰਗੇ ਫੁੱਲਾਂ ਨੂੰ ਕੱਟ ਕੇ ਇਸ ਨੂੰ ਕੰਟ੍ਰਾਸਟ ਜਾਂ ਆਪਣੀ ਪਸੰਦ ਦੇ ਹਿਸਾਬ ਨਾਲ ਭਰਦੇ ਜਾਓ। ਲੱਕੜੀ ਦੇ ਬੂਰੇ ਦੀ ਰੰਗੋਲੀ ਬਹੁਤ ਵਧੀਆ ਬਣਦੀ ਹੈ। ਬਾਜ਼ਾਰ 'ਚੋਂ ਮਿਲਣ ਵਾਲੇ ਵੱਖ-ਵੱਖ ਰੰਗਾਂ ਦੇ ਬੂਰੇ ਨਾਲ ਤੁਸੀਂ ਰੰਗੋਲੀ ਬਣਾ ਸਕਦੇ ਹੋ।
ਇਹ ਵੀ ਪੜ੍ਹੋ- Diwali 'ਤੇ ਕਿੰਝ ਕਰੀਏ 'ਘਰ ਦੀ ਲਾਈਟਿੰਗ'? ਬਣੇਗੀ ਰਹੇਗੀ ਸੁੱਖ-ਸ਼ਾਂਤੀ
ਸਟਿੱਕਰ ਰੰਗੋਲੀ
ਜੇ ਤੁਹਾਡੇ ਕੋਲ ਰੰਗੋਲੀ ਬਣਾਉਣ ਦਾ ਸਮਾਂ ਨਹੀਂ ਹੈ ਤਾਂ ਇਸ ਨੂੰ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਸਟਿੱਕਰ ਰੰਗੋਲੀ। ਬਾਜ਼ਾਰ 'ਚੋਂ ਬਣੀ-ਬਣਾਈ ਸਟਿੱਕਰ ਰੰਗੋਲੀ ਆਸਾਨੀ ਨਾਲ ਮਿਲ ਜਾਂਦੀ ਹੈ। ਬਸ ਜਿਥੇ ਤੁਸੀਂ ਰੰਗੋਲੀ ਬਣਾਉਣੀ ਹੈ, ਸਟਿੱਕਰ 'ਤੇ ਚਿਪਕੇ ਕਾਗਜ਼ ਨੂੰ ਵੱਖ ਕਰੋ ਅਤੇ ਇਸ ਨੂੰ ਜ਼ਮੀਨ ਤੇ ਦੀਵਾਰਾਂ 'ਤੇ ਚਿਪਕਾਉਂਦੇ ਜਾਓ।
ਕੁੰਦਨ ਰੰਗੋਲੀ
ਅੱਜਕਲ ਦੀਵਾਰਾਂ 'ਤੇ ਰੰਗੋਲੀ ਬਣਾਉਣ ਦਾ ਖੂਬ ਟ੍ਰੈਂਡ ਚੱਲ ਰਿਹਾ ਹੈ। ਕੁੰਦਨ ਰੰਗੋਲੀ ਇਸ ਦੇ ਲਈ ਬੈਸਟ ਆਪਸ਼ਨ ਹੈ। ਡਰਾਇੰਗ ਰੂਮ ਦੀਆਂ ਦੀਵਾਰਾਂ 'ਤੇ ਰੰਗ-ਬਿਰੰਗੇ ਕੁੰਦਨ ਨਾਲ ਜੜੀ ਰੰਗੋਲੀ ਨਾਲ ਘਰ ਦੀ ਖ਼ੂਬਸੂਰਤੀ ਹੋਰ ਵੀ ਵਧ ਜਾਏਗੀ।
ਫੈਂਸੀ ਰੰਗੋਲੀ
ਇਸ ਕਿਸਮ ਦੀ ਰੰਗੋਲੀ 'ਚ ਸਜਾਵਟੀ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਚ ਗੋਟੇ ਨਾਲ ਕੁੰਦਨ, ਬੀਡਸ, ਨਗ, ਘੁੰਗਰੂ, ਛੋਟੇ ਆਰਟੀਫਿਸ਼ੀਅਲ ਨਾਰੀਅਲ, ਡਿਜ਼ਾਈਨਰ ਕੈਂਡਲਸ ਭਾਵ ਮੋਮਬੱਤੀਆਂ ਆਦਿ ਵੀ ਵਰਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ- 'ਪਿੱਤਰ ਦੋਸ਼' ਤੋਂ ਮੁਕਤੀ ਪਾਉਣ ਲਈ ਇਸ Diwali ਤੇ ਕਰੋ ਇਹ ਕੰਮ, ਮਿਲੇਗਾ ਆਸ਼ੀਰਵਾਦ
ਕਲੇਅ ਰੰਗੋਲੀ
ਮਾਰਕੀਟ 'ਚ ਕਈ ਤਰ੍ਹਾਂ ਦੀਆਂ ਕਲੇਅ ਕਿੱਟਾਂ ਮਿਲ ਜਾਂਦੀਆਂ ਹਨ। ਕਲੇਅ ਭਾਵ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ੍ਹਦਿਆਂ ਰੰਗੋਲੀ ਦਾ ਡਿਜ਼ਾਈਨ ਤਿਆਰ ਕਰੋ ਅਤੇ ਉਸ ਨੂੰ ਰੰਗ-ਬਿਰੰਗੇ ਮੋਤੀਆਂ, ਨਗਾਂ, ਸ਼ੰਖ ਅਤੇ ਲੇਸ ਨਾਲ ਸਜਾਓ। ਇਸ ਰੰਗੋਲੀ ਨੂੰ ਬਣਾਉਣ ਦਾ ਇਕ ਫ਼ਾਇਦਾ ਇਹ ਹੈ ਕਿ ਇਸ ਨੂੰ ਬਣਾਉਣ 'ਤੇ ਥਾਂ ਸਾਫ਼ ਰਹਿੰਦੀ ਹੈ ਅਤੇ ਇਕ ਥਾਂ ਸੈੱਟ ਹੋ ਜਾਂਦੀ ਹੈ। ਤੁਸੀਂ ਕਲੇਅ ਰੰਗੋਲੀ 'ਚ ਵੱਖ-ਵੱਖ ਡਿਜ਼ਾਈਨ ਜਿਵੇਂ ਕਿ ਮੋਰ, ਫੁੱਲ, ਤਿਤਲੀ ਜਾਂ ਦੀਵਾ ਆਦਿ ਬਣਾ ਕੇ ਉਨ੍ਹਾਂ ਨੂੰ ਸਜਾ ਵੀ ਸਕਦੇ ਹੋ।
ਇਸ ਗੱਲ ਦਾ ਰੱਖੋ ਧਿਆਨ
ਦੀਵਾਲੀ ਦੇ ਖ਼ਾਸ ਮੌਕੇ ’ਤੇ ਰੰਗੋਲੀ ਬਣਾਉਣ ਸਮੇਂ ਲਾਲ, ਹਰੇ, ਗੁਲਾਬੀ ਰੰਗਾਂ ਦੀ ਵਰਤੋਂ ਕਰਨੀ ਸ਼ੁੱਭ ਹੁੰਦੀ ਹੈ। ਰੰਗੋਲੀ 'ਚ ਕਾਲੇ ਅਤੇ ਨੀਲੇ ਰੰਗ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ