ਬੁਰਾਈ ਦੀਆਂ ਜੜ੍ਹਾਂ ਮਜ਼ਬੂਤ ਨਾ ਹੋਣ ਦਿਓ

2/24/2020 9:05:31 AM

ਇਕ ਅਮੀਰ ਆਦਮੀ ਸੀ। ਉਸ ਦਾ ਇਕੋ ਬੋਟਾ ਸੀ, ਜਿਸ ਦੀਆਂ ਬਹੁਤ ਸਾਰੀਆਂ ਮਾੜੀਆਂ ਆਦਤਾਂ ਸਨ। ਜਦੋਂ ਵੀ ਉਸ ਦਾ ਪਿਤਾ ਬੇਟੇ ਨੂੰ ਮਾੜੀਆਂ ਆਦਤਾਂ ਛੱਡਣ ਲਈ ਕਹਿੰਦਾ ਤਾਂ ਉਹ ਇਕੋ ਜਵਾਬ ਦਿੰਦਾ-ਅਜੇ ਤਾਂ ਮੈਂ ਛੋਟਾ ਹਾਂ, ਵੱਡਾ ਹੋਣ ’ਤੇ ਛੱਡ ਦੇਵਾਂਗਾ। ਕੁਝ ਦਿਨ ਬਾਅਦ ਉਨ੍ਹਾਂ ਦੇ ਨਗਰ ਵਿਚ ਇਕ ਮਹਾਤਮਾ ਜੀ ਆਏ। ਬੇਟੇ ਦੀਆਂ ਆਦਤਾਂ ਤੋਂ ਪਰੇਸ਼ਾਨ ਪਿਤਾ ਨੂੰ ਪਤਾ ਲੱਗਾ ਤਾਂ ਇਹ ਮਹਾਤਮਾ ਜੀ ਕੋਲ ਗਿਆ ਅਤੇ ਉਨ੍ਹਾਂ ਨੂੰ ਆਪਣੇ ਬੇਟੇ ਦੀਆਂ ਮਾੜੀਆਂ ਆਦਤਾਂ ਬਾਰੇ ਦੱਸਿਆ। ਮਹਾਤਮਾ ਜੀ ਬੋਲੇ,‘ਤੁਸੀਂ ਕੱਲ ਉਸ ਨੂੰ ਲੈ ਕੇ ਮੇਰੇ ਕੋਲ ਆਉਣਾ।’’ ਅਗਲੇ ਦਿਨ ਸਵੇਰੇ ਪਿਤਾ ਆਪਣੇ ਬੇਟੇ ਨੂੰ ਲੈ ਕੇ ਮਹਾਤਮਾ ਜੀ ਕੋਲ ਪਹੁੰਚ ਗਿਆ। ਮਹਾਤਾਮਾ ਜੀ ਉਸ ਨੂੰ ਲੈ ਕੇ ਬਗੀਚੇ ਵਿਚ ਚਲੇ ਗਏ। ਰਸਤੇ ਵਿਚ ਉਨ੍ਹਾਂ ਨੂੰ ਛੋਟਾ ਜਿਹਾ ਬੂਟਾ ਨਜ਼ਰ ਆਇਆ। ਮਹਾਤਮਾ ਜੀ ਨੇ ਮੁੰਡੇ ਨੂੰ ਉਹ ਬੂਟਾ ਉਖਾੜਨ ਲਈ ਕਿਹਾ। ਮੁੰਡਾ ਤੁਰੰਤ ਗਿਆ ਤੇ ਬੂਟਾ ਉਖਾੜ ਕੇ ਸੁੱਟ ਦਿੱਤਾ।
ਥੋੜ੍ਹੀ ਦੂਰ ਜਾਣ ’ਤੇ ਇਕ ਛੋਟਾ ਦਰੱਖਤ ਦਿਸਿਆ। ਮਹਾਤਮਾ ਜੀ ਨੇ ਉਸ ਨੂੰ ਵੀ ਉਖਾੜ ਕੇ ਸੁੱਟਣ ਲਈ ਕਿਹਾ। ਮੁੰਡੇ ਨੇ ਉਹ ਵੀ ਉਖਾੜ ਦਿੱਤਾ। ਮੁੰਡੇ ਦੇ ਪਿਤਾ ਜੀ ਇਹ ਸਭ ਬੜੇ ਧਿਆਨ ਨਾਲ ਦੇਖ ਰਹੇ ਸਨ। ਕੁਝ ਦੂਰ ਹੋਰ ਜਾਣ ’ਤੇ ਇਕ ਵੱਡਾ ਤੇ ਮਜ਼ਬੂਤ ਦਰੱਖਤ ਨਜ਼ਆ ਆਇਆ। ਮਹਾਤਮਾ ਜੀ ਨੇ ਮੁੰਡੇ ਨੂੰ ਕਿਹਾ ਕਿ ਇਸ ਨੂੰ ਉਖਾੜ ਦੇ। ਉਹ ਤੇਜ਼ੀ ਨਾਲ ਗਿਆ ਪਰ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਸ ਦਰੱਖਤ ਨੂੰ ਉਖਾੜ ਨਾ ਸਕਿਆ ਕਿਉਂਕਿ ਉਹ ਮਜ਼ਬੂਤ ਹੋ ਗਿਆ ਸੀ। ਫਿਰ ਮਹਾਤਮਾ ਜੀ ਨੇ ਉਸ ਮੁੰਡੇ ਨੂੰ ਸੱਦਿਆ ਅਤੇ ਕਿਹਾ ਕਿ ਜਿਸ ਤਰ੍ਹਾਂ ਤੂੰ ਇਸ ਵੱਡੇ ਦਰੱਖਤ ਨੂੰ ਨਹੀਂ ਉਖਾੜ ਸਕਿਆ, ਉਸੇ ਤਰ੍ਹਾਂ ਤੂੰ ਆਪਣੀਆਂ ਮਾੜੀਆਂ ਆਦਤਾਂ ਵੱਡਾ ਹੋਣ ’ਤੇ ਨਹੀਂ ਬਦਲ ਸਕਦਾ ਕਿਉਂਕਿ ਉਸ ਵੇਲੇ ਤੱਕ ਉਨ੍ਹਾਂ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੋ ਜਾਂਦੀਆਂ ਹਨ। ਉਹ ਬੋਲੇ ਕਿ ਬੁਰਾਈਆਂ ਦੇ ਦਰੱਖਤ ਨੂੰ ਵੱਡਾ ਨਾ ਹੋਣ ਦਿਓ। ਮੁੰਡਾ ਮਹਾਤਮਾ ਜੀ ਦੀ ਗੱਲ ਸਮਝ ਗਿਆ ਅਤੇ ਉਸ ਨੇ ਮਾੜੀਆਂ ਆਦਤਾਂ ਛੱਡਣ ਦਾ ਫੈਸਲਾ ਕਰ ਲਿਆ।


manju bala

Edited By manju bala