ਦੂਰੀਆਂ ਵਧਾਉਂਦਾ ਹੈ ਗੁੱਸਾ

1/15/2020 2:20:14 PM

ਜਲੰਧਰ(ਬਿਊਰੋ)- ਇਕ ਸਾਧੂ ਮਹਾਰਾਜ ਬੱਚਿਆਂ ਨੂੰ ਸਿੱਖਿਆ ਦੇ ਰਹੇ ਸਨ। ਉਹ ਦੱਸ ਰਹੇ ਸਨ ਕਿ ਸਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਕਿਨ੍ਹਾਂ-ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਸਾਨੂੰ ਅੱਗੇ ਹੀ ਵਧਦੇ ਰਹਿਣਾ ਚਾਹੀਦਾ ਹੈ। ਤਾਂ ਹੀ ਅਸੀਂ ਆਪਣੀ ਮੰਜ਼ਿਲ ਨੂੰ ਹਾਸਲ ਕਰ ਸਕਦੇ ਹਾਂ। ਉਸੇ ਵੇਲੇ ਉਸ ਆਸ਼ਰਮ ਨੇੜੇ ਇਕ ਔਰਤ ਤੇ ਆਦਮੀ ਲੜਦੇ ਹੋਏ ਆਏ। ਉਹ ਬਹੁਤ ਜ਼ੋਰ-ਜ਼ੋਰ ਨਾਲ ਬੋਲ ਰਹੇ ਸਨ। ਸਾਧੂ ਮਹਾਰਾਜ ਨੇ ਆਪਣੇ ਚੇਲਿਆਂ ਨੂੰ ਕਿਹਾ,‘‘ਇਹ ਦੋਵੇਂ ਔਰਤ ਤੇ ਮਰਦ ਇਕੱਠੇ ਹਨ, ਫਿਰ ਵੀ ਬਹੁਤ ਜ਼ੋਰ-ਜ਼ੋਰ ਨਾਲ ਬੋਲ ਰਹੇ ਹਨ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਕੀ ਤੁਹਾਡੇ ਵਿਚੋਂ ਕੋਈ ਵੀ ਚੇਲਾ ਮੈਨੂੰ ਜਵਾਬ ਦੇਵੇਗਾ?’’
ਇਕ ਚੇਲਾ ਬੋਲਿਆ,‘‘ਮਹਾਰਾਜ, ਇਹ ਇਸ ਲਈ ਝਗੜਾ ਕਰ ਰਹੇ ਹਨ ਅਤੇ ਜ਼ੋਰ-ਜ਼ੋਰ ਨਾਲ ਬੋਲ ਰਹੇ ਹਨ ਕਿਉਂਕਿ ਇਹ ਆਪਣਾ ਗੁੱਸਾ ਬਾਹਰ ਕੱਢਣਾ ਚਾਹੁੰਦੇ ਹਨ।’’ ਇਸੇ ਤਰ੍ਹਾਂ ਬਹੁਤ ਸਾਰੇ ਚੇਲਿਆਂ ਨੇ ਸਾਧੂ ਮਹਾਰਾਜ ਨੂੰ ਕਈ ਤਰ੍ਹਾਂ ਦੇ ਜਵਾਬ ਦਿੱਤੇ ਪਰ ਸਾਧੂ ਮਹਾਰਾਜ ਕਿਸੇ ਵੀ ਗੱਲ ਤੋਂ ਸੰਤੁਸ਼ਟ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਅਸੀਂ ਗੁੱਸਾ ਬਾਹਰ ਕੱਢਣਾ ਚਾਹੁੰਦੇ ਹਾਂ। ਜੇ ਅਸੀਂ ਇਕ-ਦੂਜੇ ਦੇ ਸਾਹਮਣੇ ਹੁੰਦੇ ਹੋਏ ਵੀ ਬਹੁਤ ਜ਼ੋਰ ਨਾਲ ਗੱਲਾਂ ਕਰਦੇ ਹਾਂ ਤਾਂ ਇਸ ਨਾਲ ਸਾਡੇ ਦਰਮਿਆਨ ਦੂਰੀਆਂ ਵਧਦੀਆਂ ਹਨ ਕਿਉਂਕਿ ਜਿਵੇਂ-ਜਿਵੇਂ ਅਸੀਂ ਜ਼ੋਰ ਨਾਲ ਬੋਲਦੇ ਜਾਂਦੇ ਹਾਂ, ਦੂਜਾ ਇਨਸਾਨ ਪਿੱਛੇ ਹਟਦਾ ਜਾਂਦਾ ਹੈ। ਇਸ ਨਾਲ ਸਾਡੇ ਆਪਸੀ ਰਿਸ਼ਤਿਆਂ ਵਿਚ ਦੂਰੀ ਬਣੀ ਰਹਿੰਦੀ ਹੈ, ਜਿਸ ਕਾਰਨ ਬਹੁਤ ਸਾਰੇ ਮਨ-ਮੁਟਾਅ ਹੋ ਜਾਂਦੇ ਹਨ ਅਤੇ ਜੀਵਨ-ਸ਼ੈਲੀਆਂ ਨੂੰ ਚਲਾਉਣਾ ਵੀ ਮੁਸ਼ਕਲ ਹੁੰਦਾ ਜਾਂਦਾ ਹੈ।

ਜੇ ਅਸੀਂ ਕਿਸੇ ਨਾਲ ਨਾਰਾਜ਼ ਹਾਂ ਅਤੇ ਉਹ ਵਿਅਕਤੀ ਸਾਹਮਣੇ ਹੈ ਤਾਂ ਅਸੀਂ ਅਾਰਾਮ ਨਾਲ ਗੱਲ ਕਰ ਸਕਦੇ ਹਾਂ ਕਿਉਂਕਿ ਅਾਰਾਮ ਨਾਲ ਗੱਲ ਕਰਨ ਨਾਲ ਸਾਡੇ ਵਿਚਕਾਰ ਦੀਆਂ ਦੂਰੀਆਂ ਨਹੀਂ ਵਧਣਗੀਆਂ। ਜੇ ਅਸੀਂ ਬਹੁਤ ਜ਼ੋਰ ਨਾਲ ਬੋਲਾਂਗੇ ਤਾਂ ਇਸ ਨਾਲ ਸਾਨੂੰ ਦਿਮਾਗੀ ਪ੍ਰੇਸ਼ਾਨੀਆਂ ਵੀ ਹੋਣਗੀਆਂ ਅਤੇ ਸਾਡੇ ਵਿਚਕਾਰ ਦੇ ਰਿਸ਼ਤੇ ਵੀ ਖਰਾਬ ਹੋਣਗੇ। ਇਸ ਗੱਲ ਦਾ ਜਵਾਬ ਸੁਣ ਕੇ ਚੇਲੇ ਸਮਝ ਗਏ ਕਿ ਸਾਨੂੰ ਜ਼ਿੰਦਗੀ ਵਿਚ ਕਦੇ ਗੁੱਸਾ ਨਹੀਂ ਕਰਨਾ ਚਾਹੀਦਾ।


manju bala

Edited By manju bala